ਅਮਰੀਕਾ ਮੇਰੇ ਲਈ ਹੁਣ ਚੰਡੀਗੜ੍ਹ ਪਟਿਆਲੇ ਜਾਣ ਵਾਂਗ ਹੈ। ਜਦੋਂ ਤੋਂ ਕੈਨੇਡਾ ਦਾ ਪਰਵਾਸੀ ਬਣਿਆ ਹਾਂ ਸਾਲ `ਚ ਚਾਰ ਪੰਜ ਗੇੜੇ ਅਮਰੀਕਾ ਦੇ ਲੱਗ ਜਾਂਦੇ ਹਨ। ਕਦੇ ਨਿਊਯਾਰਕ, ਕਦੇ ਸਿਆਟਲ, ਕਦੇ ਸ਼ਿਕਾਗੋ ਤੇ ਕਦੇ ਕੈਲੇਫੋਰਨੀਆ। ਕਬੱਡੀ ਮੇਲੇ ਕਰਾਉਣ ਵਾਲੇ ਅਕਸਰ ਸੱਦਦੇ ਰਹਿੰਦੇ ਹਨ। ਉਥੇ ਰਿਸ਼ਤੇਦਾਰ ਵੀ ਹਨ, ਦੋਸਤ ਮਿੱਤਰ ਵੀ ਤੇ ਮੇਰੇ ਪੁਰਾਣੇ ਵਿਦਿਆਰਥੀ ਵੀ ਹਨ। ਖੇਡਾਂ ਰਾਹੀਂ ਜੁੜੇ ਸੱਜਣ ਬੇਲੀ ਤੇ ਮੇਰੀਆਂ ਲਿਖਤਾਂ ਦੇ ਪਾਠਕ ਵੀ ਕਾਫੀ ਹਨ। ਅਮਰੀਕਾ ਜਾਣ ਵੇਲੇ ਲੱਗਦਾ ਹੀ ਨਹੀਂ ਕਿ ਕਿਸੇ ਬਿਗਾਨੇ ਮੁਲਕ ਚੱਲਿਆ ਹਾਂ। ਕਈ ਟਿਕਾਣੇ ਤਾਂ ਅਜਿਹੇ ਹਨ ਜਿਵੇਂ ਬਾਹਰਲਾ ਘਰ ਹੋਵੇ। ਪਹਿਲੀ ਵਾਰ ਅਮਰੀਕਾ ਜਾਣ ਵੇਲੇ ਬਹੁਤ ਕੁੱਝ ਓਪਰਾ ਸੀ। ਪਰਦੇਸ ਦੀ ਸੈਰ ਕਰਨ ਦਾ ਚਾਅ ਤਾਂ ਸੀ ਤੇ ਪਰ ਸਫ਼ਰ ਦੀਆਂ ਮੁਸ਼ਕਲਾਂ ਤੋਂ ਅਣਜਾਣ ਸਾਂ।
ਨਿੱਕਾ ਹੁੰਦਾ ਜਦੋਂ ਪਾਂਡੇ ਨੂੰ ਹੱਥ ਵਿਖਾਉਂਦਾ ਸਾਂ ਤਾਂ ਉਹ ਹੋਰਨਾਂ ਗੱਲਾਂ ਦੇ ਨਾਲ ਇਹ ਵੀ ਦੱਸ ਦਿੰਦਾ ਸੀ, “ਤੇਰੇ ਕਰਮਾਂ `ਚ ਫਾਰਨ ਟੂਰ ਲਿਖਿਆ ਹੋਇਐ।” ਹੱਥ ਵੇਖਣ ਵਾਲਿਆਂ ਦਾ ਕੀ ਸੀ, ਉਹ ਤਾਂ ਹਰ ਇੱਕ ਨੂੰ ਫਾਰਨ ਟੂਰ ਲੁਆਈ ਜਾਂਦੇ ਸਨ ਤੇ ਹਰੇਕ ਦੇ ਈ ਦੋ ਦੋ ਵਿਆਹ ਦੱਸੀ ਜਾਂਦੇ ਸਨ। ਦੋ ਇਸ ਕਰਕੇ ਦੱਸਦੇ ਸਨ ਕਿ ਉਦੋਂ ਇੱਕ ਵਿਆਹ ਦੀ ਵਿਧ ਹੀ ਮਸਾਂ ਬਣਦੀ ਸੀ ਤੇ ਫਾਰਨ ਟੂਰ ਤਾਂ ਲੱਗਦਾ ਹੀ ਕਿਸੇ ਵਿਰਲੇ ਵਾਂਝੇ ਦਾ ਸੀ। ਪਰ ਮੇਰੀ ਬਿਧ ਸੱਚਮੁੱਚ ਹੀ ਬਣ ਗਈ। ਮੇਰਾ ਭਰਾ ਭਜਨ 1983 ਵਿੱਚ ਵਿਆਹ ਕਰਵਾ ਕੇ 84 ਵਿੱਚ ਅਮਰੀਕਾ ਦਾ ਪੱਕਾ ਵਾਸੀ ਬਣ ਗਿਆ ਸੀ। ਸਿਟੀਜ਼ਨ ਬਣ ਕੇ 89 ਵਿੱਚ ਉਸ ਨੇ ਮੈਨੂੰ ਤੇ ਹਰਜੀਤ ਨੂੰ ਅਮਰੀਕਾ ਵਿਜ਼ਟ ਕਰਨ ਲਈ ਸਪੋਰਟ ਆਫ਼ ਐਫੀਡੈਵਿਟ ਭੇਜ ਦਿੱਤਾ। ਇਸ ਦਾ ਮਤਲਬ ਸੀ ਕਿ ਉਹ ਸਾਡੇ ਰਹਿਣ ਸਹਿਣ ਤੇ ਖਰਚ ਖੇਚਲ ਦਾ ਜ਼ਿੰਮੇਵਾਰ ਸੀ।
ਮਈ ਜੂਨ ਵਿੱਚ ਗਰਮੀਆਂ ਦੀਆਂ ਛੁੱਟੀਆਂ ਸਨ। ਕਾਗਜ਼ ਪੱਤਰ ਲੈ ਕੇ ਅਸੀਂ ਦਿੱਲੀ ਗਏ ਤੇ ਵੀਜ਼ੇ ਦੇ ਅਰਜ਼ੀ ਫਾਰਮ ਭਰ ਕੇ ਅਮਰੀਕਾ ਅੰਬੈਸੀ ਦੀ ਲਾਈਨ ਵਿੱਚ ਲੱਗ ਗਏ। ਸਾਨੂੰ ਭੁਲੇਖਾ ਸੀ ਕਿ ਸਾਡੇ ਵਰਗੇ ਨੌਕਰੀ ਪੇਸ਼ਾ ਤੇ ਪੜ੍ਹੇ ਲਿਖਿਆਂ ਨੂੰ ਤਾਂ ਵੀਜ਼ਾ ਜਾਂਦਿਆਂ ਹੀ ਮਿਲ ਜਾਵੇਗਾ। ਸਾਡੀ ਵਾਰੀ ਆਈ ਤਾਂ ਖਿੜਕੀ ਪਿੱਛੇ ਉੱਚਾ ਲੰਮਾ ਗੋਰਾ ਖੜ੍ਹਾ ਸੀ। ਉਸ ਨੇ ਦੋ ਚਾਰ ਰਸਮੀ ਸੁਆਲ ਪੁੱਛੇ ਤੇ ਦੋ ਮਿੰਟਾਂ `ਚ ਕਹਿ ਦਿੱਤਾ ਕਿ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾ ਸਕਦਾ। ਕਾਰਨ ਪੁੱਛਿਆ ਤਾਂ ਇੱਕ ਕਾਗਜ਼ ਹੱਥ ਫੜਾ ਦਿੱਤਾ। ਸਾਡਾ ਮਾਵਾ ਮਿੰਟਾਂ `ਚ ਲਹਿ ਗਿਆ। ਅਸੀਂ ਬੱਸ ਚੜ੍ਹ ਕੇ ਪਿੰਡ ਪਰਤ ਆਏ। ਰਾਹ `ਚ ਉਤੋਂ ਉਤੋਂ ਹੱਸਦੇ ਰਹੇ, “ਚਲੋ ਚੰਗਾ ਹੋਇਆ ਹਵਾਈ ਜਹਾਜ਼ ਦਾ ਕਿਰਾਇਆ ਤਾਂ ਬਚਿਆ!”
ਕੁਝ ਦਿਨਾਂ ਬਾਅਦ ਮੈਨੂੰ ਗਿਆਨੀ ਦੇ ਪਰਚੇ ਵੇਖਣ ਚੰਡੀਗੜ੍ਹ ਜਾਣਾ ਪਿਆ। ਉਥੇ ਡਾ.ਦਵਿੰਦਰ ਸਿੰਘ ਮਿਲਿਆ। ਉਹਦੇ ਇੱਕ ਫੋਟੋ ਨੂੰ ਏਅਰ ਇੰਡੀਆ ਵੱਲੋਂ ਦਿੱਲੀ ਤੋਂ ਨਿਊਯਾਰਕ ਦੀ ਉਡਾਣ ਤੇ ਪੰਦਰਾਂ ਦਿਨਾਂ ਦੀ ਸੈਰ ਦਾ ਇਨਾਮ ਮਿਲਿਆ ਸੀ। ਪਰ ਉਸ ਨੂੰ ਵੀਜ਼ਾ ਇਸ ਕਰਕੇ ਨਹੀਂ ਸੀ ਦਿੱਤਾ ਗਿਆ ਕਿ ਇੰਟਰਵਿਊ ਸਮੇਂ ਉਹਦੇ ਕੋਲ ਉਹ ਫੋਟੋ ਨਹੀਂ ਸੀ। ਉਸ ਨੇ ਮੈਨੂੰ ਦੱਸਿਆ ਕਿ ਭਲਕੇ ਉਹ ਫੋਟੋ ਲੈ ਕੇ ਵੀਜ਼ਾ ਲੈਣ ਜਾਵੇਗਾ। ਉਹ ਤੀਜੇ ਦਿਨ ਪਰਚੇ ਵੇਖਣ ਆਇਆ ਤਾਂ ਵੀਜ਼ਾ ਲੱਗਾ ਪਾਸਪੋਰਟ ਉਹਦੀ ਜੇਬ ਵਿੱਚ ਸੀ। ਮੈਂ ਆਪਣੀ ਕਹਾਣੀ ਦੱਸੀ ਤਾਂ ਉਸ ਨੇ ਤਾਕੀਦ ਕੀਤੀ ਕਿ ਤੁਹਾਨੂੰ ਦੁਬਾਰਾ ਅਰਜ਼ੀ ਦੇਣੀ ਚਾਹੀਦੀ ਹੈ।
ਦੂਜੀ ਵਾਰ ਅਸੀਂ ਪੂਰੀ ਤਿਆਰੀ ਨਾਲ ਗਏ। ਮੈਂ ਬੰਬਈ ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਤੇ ਦਿੱਲੀ ਏਸ਼ੀਆਡ ਕਵਰ ਕਰਨ ਦੇ ਐਕਰਿਡਟੇਸ਼ਨ ਕਾਰਡ ਅਤੇ ਪੁਸਤਕਾਂ ਨੂੰ ਮਿਲੇ ਪੁਰਸਕਾਰ ਪੱਤਰ ਫਾਈਲ ਵਿੱਚ ਰੱਖੇ। ਆਪਣੇ ਨਾਂ ਦੀ ਜ਼ਮੀਨ ਦਾ ਹਲਫ਼ਨਾਮਾ, ਬੈਂਕ ਕਾਪੀ, ਸਰਕਾਰੀ ਨੌਕਰੀ ਦਾ ਸਬੂਤ, ਰਿਟਾਇਰ ਹੋਣ ਦੀ ਮਿਤੀ, ਪ੍ਰਾਵੀਡੈਂਟ ਫੰਡ ਦੀ ਪੂੰਜੀ ਤੇ ਮਹਿਕਮੇ ਵੱਲੋਂ ‘ਇਤਰਾਜ਼ ਨਹੀਂ’ ਦੇ ਸਰਟੀਫਿਕੇਟ ਵੀ ਨਾਲ ਲੈ ਲਏ। ਸਾਨੂੰ ਇੰਟਰਵਿਊ ਲਈ `ਵਾਜ਼ ਵੱਜੀ ਤਾਂ ਖਿੜਕੀ ਪਿੱਛੇ ਸਮੱਧਰ ਜਿਹਾ ਗੋਰਾ ਖੜ੍ਹਾ ਸੀ ਜਿਸ ਦੇ ਮੂੰਹ ਉਤੇ ਨਿੱਕੇ ਨਿੱਕੇ ਦਾਗ਼ ਸਨ। ਮੈਂ ਕਾਗਜ਼ਾਂ ਦਾ ਪੁਲੰਦਾ ਉਹਦੇ ਵੱਲ ਵਧਾਉਣ ਹੀ ਲੱਗਾ ਸਾਂ ਕਿ ਉਹਨੇ ਵੀਜ਼ਾ ਅਰਜ਼ੀ ਨਿਹਾਰਦਿਆਂ ਸਾਡੇ ਬੱਚਿਆਂ ਬਾਰੇ ਪੁੱਛਿਆ। ਮੈਂ ਆਖਿਆ, “ਸਾਡੇ ਦੋ ਬੱਚੇ ਹਨ। ਵੱਡਾ ਕਾਲਜ ਪੜ੍ਹਦਾ ਹੈ ਤੇ ਛੋਟਾ ਸਕੂਲ। ਅਸੀਂ ਖੁਦ ਟੀਚਰ ਹਾਂ। ਛੁੱਟੀਆਂ ਦੌਰਾਨ ਅਸੀਂ ਅਮਰੀਕਾ ਜਾਣਾ ਚਾਹੁੰਦੇ ਹਾਂ। ਉਥੇ ਮੇਰਾ ਭਰਾ ਹੈ। ਉਹਦੇ ਕੋਲ ਰਹਾਂਗੇ ਤੇ ਮਿਲ ਗਿਲ ਆਵਾਂਗੇ।”
ਇਸ ਉੱਤਰ ਨਾਲ ਵੀਜ਼ਾ ਅਫਸਰ ਦੀ ਤਸੱਲੀ ਹੋ ਗਈ ਕਿ ਇਸ ਜੋੜੇ ਦਾ ਪਿੱਛੇ ਬੱਚਿਆਂ ਪਾਸ ਮੁੜਨਾ ਜ਼ਰੂਰੀ ਹੈ ਤੇ ਇਹ ਅਮਰੀਕਾ `ਚ ਤਿਲ੍ਹਕਣ ਵਾਲਾ ਨਹੀਂ। ਫਿਰ ਜਿਵੇਂ ਸਾਨੂੰ ਵੀਜ਼ਾ ਲੱਗੇ ਪਾਸਪੋਰਟ ਮਿਲੇ ਉਹਦਾ ਵਿਸਥਾਰ ਮੈਂ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਨਜ਼ਾਰੇ ਨਾਲ ਪੇਸ਼ ਕੀਤਾ ਹੈ। ਲਿਖਿਆ ਹੈ:
-ਬੜੀ ਸੋਹਣੀ ਕੁੜੀ ਖਿੜਕੀ ਪਿੱਛੇ ਬੈਠੀ ਸੀ। ਸੁਨਹਿਰੀ ਧੁੱਪ ਵਰਗਾ ਰੰਗ, ਨੀਲੀਆਂ ਬਲੌਰੀ ਅੱਖਾਂ, ਪਤਲੇ ਗੁਲਾਬੀ ਬੁੱਲ੍ਹ ਤੇ ਲੰਮੇ ਖੁੱਲ੍ਹੇ ਵਾਲ। ਖਿੜਕੀ `ਚੋਂ ਖੁਸ਼ਬੋ ਦੇ ਬੁੱਲੇ ਆ ਰਹੇ ਸਨ। ਉਹ ਹਰ ਇੱਕ ਨਾਲ ਮੁਸਕਰਾ ਕੇ ਗੱਲ ਕਰਦੀ। ਕਦੇ ਕਦੇ ਨਿੱਕਾ ਜਿਹਾ ਹਾਸਾ ਵੀ ਝਾਂਜਰ ਵਾਂਗ ਛਣਕ ਜਾਂਦਾ …। ਉਸ ਨੇ ਮੁਸਕਰਾ ਕੇ ਕਿਹਾ ਸੀ, “ਮਿਸਟਰ ਸਿੰਘ, ਤੁਹਾਨੂੰ ਉਡੀਕ ਕਰਨੀ ਪਏਗੀ।” ਮੈਂ ਪੁੱਛਿਆ ਸੀ, “ਕਿੰਨੀ ਕੁ?” ਉਹ ਫਿਰ ਮੁਸਕਰਾਈ ਸੀ, “ਏਹੋ ਕੋਈ ਦਸ ਵੀਹ ਮਿੰਟ।” ਮੇਰੇ ਮਚਲੇ ਮਨ ਨੇ ਕਿਹਾ ਸੀ, “ਲੈ ਕਿੱਡੀ ਛਾਲ ਮਾਰੀ ਐ! ਤੂੰ ਤਾਂ ਦਸ ਵੀਹ ਸਾਲ ਕਹਿੰਦੀ ਤਾਂ ਵੀ ਅਸੀਂ ਸ਼ੁਕਰ ਕਰਨਾ ਸੀ! !”
ਆਪਣਾ ਸਫ਼ਰਨਾਮਾ ਮੈਂ ਉਪ੍ਰੋਕਤ ਸ਼ਬਦਾਂ ਨਾਲ ਸ਼ੁਰੂ ਕੀਤਾ ਸੀ। ਜਦੋਂ ਉਹ ਕਿਤਾਬ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਚੋਣਵੇਂ ਵਿਸ਼ੇ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਲੱਗੀ ਤਾਂ ਕੁੱਝ ਕਾਲਜਾਂ ਵਿੱਚ ਮੈਥੋਂ ਆਪਣੇ ਸਫ਼ਰਨਾਮੇ ਬਾਰੇ ਲੈਕਚਰ ਕਰਵਾਏ ਗਏ। ਮੇਰੀ ਲਿਖਣ ਸ਼ੈਲੀ ਬਾਰੇ ਸੁਆਲ ਪੁੱਛੇ ਜਾਂਦੇ ਤਾਂ ਮੈਂ ਕਹਿੰਦਾ, “ਤੁਸੀਂ ਮੇਰੇ ਸਫ਼ਰਨਾਮੇ ਦੀ ਸ਼ੁਰੂਆਤ ਵੇਖੋ। ਮੈਂ ਜਾਣ ਬੁੱਝ ਕੇ ਪਾਠਕਾਂ ਨੂੰ ਆਪਣੀ ਲਿਖਤ ਵੱਲ ਖਿੱਚਣ ਦੀਆਂ ਜੁਗਤਾਂ ਵਰਤੀਆਂ ਹਨ। ਭਲਾ ਸੋਹਣੀ ਕੁੜੀ ਨੂੰ ਵੇਖਣਾ ਕੀਹਨੂੰ ਚੰਗਾ ਨਹੀਂ ਲੱਗੂ? ਤੇ ਵੇਖਣਾ ਵੀ ਖਿੜਕੀ ਵਿਚੋਂ। ਅਲੰਕਾਰਾਂ ਦਾ ਵੀ ਸਹਾਰਾ ਲਿਆ ਹੈ। ਰਸਾਂ ਦਾ ਖ਼ਿਆਲ ਰੱਖਿਆ ਹੈ। ਮੈਂ ਕਬੱਡੀ ਦੇ ਜਾਫੀ ਵਾਂਗ ਪਾਠਕ ਨੂੰ ਹਰ ਪਾਸੇ ਤੋਂ ਪਕੜਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਮੇਰੀ ਲਿਖਤ ਦੇ ਜੱਫੇ `ਚੋਂ ਨਿਕਲ ਨਾ ਸਕੇ।”
ਮੈਂ ਵਿਸਥਾਰ ਨਾਲ ਦੱਸਦਾ, “ਮੇਰੇ ਪਹਿਲੇ ਫਿਕਰੇ ਵਿੱਚ ਸਿਰਫ਼ ਸੱਤ ਸ਼ਬਦ ਹਨ। ਕੋਈ ਬੋਝਲ ਸ਼ਬਦ ਨਹੀਂ ਤਾਂ ਕਿ ਫਿਕਰਾ ਰਵਾਂ ਰਹੇ। ਸ਼ੁਰੂ `ਚ ਈ ਸੋਹਣੀ ਕੁੜੀ ਵਿਖਾਈ ਹੈ ਤੇ ਉਹ ਵੀ ਖਿੜਕੀ ਵਿਚੋਂ। ਖਿੜਕੀ `ਚੋਂ ਵੇਖਣ ਦਾ ਆਪਣਾ ਨਜ਼ਾਰਾ ਹੁੰਦੈ। ਇਸ਼ਤਿਹਾਰਬਾਜ਼ੀ ਕਰਨ ਵਾਲੇ ਸੋਹਣੀਆਂ ਕੁੜੀਆਂ ਦੀਆਂ ਤਸਵੀਰਾਂ ਐਵੇਂ ਨਹੀਂ ਵਿਖਾਉਂਦੇ ਫਿਰਦੇ। ਫਿਰ ੜਾੜੇ ਅੱਖਰ ਦੀ ਵਰਤੋਂ ਵੇਖੋ। ਬੜੀ, ਕੁੜੀ ਤੇ ਖਿੜਕੀ ਵਿਚਲੇ ੜਾੜੇ ਰਾਹੀਂ ਖ਼ਾਸ ਧੁਨੀ ਪੈਦਾ ਕੀਤੀ ਹੈ। ਦੂਜੇ ਫਿਕਰੇ ਵਿੱਚ ਰਾਰੇ ਤੇ ਲੱਲੇ ਅੱਖਰਾਂ ਦੀਆਂ ਧੁਨੀਆਂ ਸਰਵਣ ਕਰੋ। ਨਾਲੇ ਰੰਗ ਵੇਖੋ, ਅਲੰਕਾਰ ਵੇਖੋ, ਵੇਖੋ ਪਤਲੇ ਗੁਲਾਬੀ ਬੁੱਲ੍ਹ ਤੇ ਲੰਮੇ ਖੁੱਲ੍ਹੇ ਵਾਲ। ਵੇਖੋ ਲੱਲੇ ਦੀ ਹਰ ਸ਼ਬਦ ਵਿੱਚ ਵਰਤੋਂ। ਇਹ ਸੁਤੇ ਸਿੱਧ ਨਹੀਂ ਸਗੋਂ ਜਾਣ ਬੁੱਝ ਕੇ ਲੱਲੇ ਵਾਲੇ ਸ਼ਬਦ ਚੁਣੇ ਹਨ। ਵਾਰਤਕ ਦਾ ਆਪਣਾ ਪਿੰਗਲ ਹੈ। ਜਿਵੇਂ ਕਵਿਤਾ `ਚ ਤੋਲ ਤੁਕਾਂਤ ਦਾ ਧਿਆਨ ਰੱਖਿਆ ਜਾਂਦੈ ਉਵੇਂ ਵਾਰਤਕ ਵਿੱਚ ਵੀ ਵੇਖੀਦਾ ਕਿ ਕਿਸੇ ਵਾਕ `ਚ ਝੋਲ ਨਾ ਪੈ-ਜੇ। ਹੁਣ ਸੁੰਘੋ ਖਿੜਕੀ `ਚੋਂ ਆਉਂਦੇ ਖੁਸ਼ਬੋ ਦੇ ਬੁੱਲੇ ਤੇ ਸੁਣੋ ਸੋਹਣੀ ਕੁੜੀ ਦੇ ਹਾਸੇ ਦੀ ਝਾਂਜਰ। ਨੱਕ ਲਈ ਸੁਗੰਧੀ ਹੈ ਤੇ ਕੰਨ ਲਈ ਸੰਗੀਤ ਹੈ। ਮਚਲੇ ਮਨ ਨਾਲ ਕਹੀ ਗੱਲ `ਚ ਹਾਸ ਰਸ ਹੈ। ਮੁਸਕ੍ਰਾਹਟ `ਚ ਖਿੱਚ ਹੈ। ਵਧੀਆ ਵਾਰਤਕ ਸ਼ੈਲੀ ਉਹ ਹੁੰਦੀ ਹੈ ਜੀਹਦੇ `ਚ ਅੱਖਾਂ ਲਈ ਰੰਗ ਤੇ ਆਕਾਰ ਹੋਣ, ਕੰਨਾਂ ਲਈ ਧੁਨਾਂ ਹੋਣ, ਨੱਕ ਲਈ ਸੁਗੰਧ, ਜੀਭ ਲਈ ਜ਼ਾਇਕਾ ਤੇ ਜਿਸਮ ਲਈ ਸਪੱਰਸ਼ ਹੋਵੇ। ਵਾਕ ਮੀਢੀਆਂ ਵਾਂਗ ਗੁੰਦੇ ਤੇ ਦੌਣ ਵਾਂਗ ਕਸੇ ਹੋਣ। ਵਧੀਆ ਵਾਰਤਕ ਲਿਖਣੀ ਵਧੀਆ ਕਵਿਤਾ ਲਿਖਣ ਦੇ ਤੁੱਲ ਹੈ …।”
ਜਦੋਂ ਮੈਂ ਕਿਸੇ ਲੇਖਕ ਦਾ ਸਫ਼ਰਨਾਮਾ ਪੜ੍ਹਦਾ ਸਾਂ ਤਾਂ ਮੇਰੇ ਮਨ `ਚ ਰੀਝ ਜਾਗਦੀ ਸੀ ਕਦੇ ਮੈਨੂੰ ਵੀ ਲੰਮੇ ਸਫ਼ਰ ਦਾ ਮੌਕਾ ਮਿਲੇ ਤਾਂ ਮੈਂ ਵੀ ਸਫ਼ਰਨਾਮਾ ਲਿਖਾਂ। ਬਲਵੰਤ ਗਾਰਗੀ ਦੇ ਸਫ਼ਰਨਾਮੇ ‘ਪਤਾਲ ਦੀ ਧਰਤੀ’ ਨੇ ਮੈਨੂੰ ਬੜਾ ਟੁੰਬਿਆ ਸੀ। ਲਾਲ ਸਿੰਘ ਕਮਲਾ ਅਕਾਲੀ ਦੇ ‘ਮੇਰਾ ਵਲਾਇਤੀ ਸਫ਼ਰਨਾਮਾ’ ਤੋਂ ਲੈ ਕੇ ਨਰਿੰਦਰ ਸਿੰਘ ਕਪੂਰ ਦੇ ‘ਸੱਚੋ ਸੱਚ’ ਤਕ ਮੈਂ ਪੰਜਾਬੀ ਦੇ ਲਗਭਗ ਸਾਰੇ ਸਫ਼ਰਨਾਮੇ ਪੜ੍ਹੇ ਸਨ। ਮੇਰੀ ਧਰਤੀ ਦਾ ਦੂਜਾ ਪਾਸਾ ਵੇਖਣ ਦੀ ਰੀਝ ਪੂਰੀ ਹੋ ਰਹੀ ਸੀ। ਪਾਂਡੇ ਨੇ ਸੱਚ ਹੀ ਦੱਸਿਆ ਸੀ ਕਿ ਮੇਰੇ ਕਰਮਾਂ `ਚ ਫਾਰਨ ਦਾ ਟੂਰ ਸੀ।
ਵੀਜ਼ਾ ਸਾਨੂੰ ਇੱਕ ਸਾਲ ਲਈ ਮਿਲਿਆ ਸੀ। ਅੱਧੀਆਂ ਛੁੱਟੀਆਂ ਲੰਘ ਚੁੱਕੀਆਂ ਸਨ। ਜੇ ਉਦੋਂ ਹੀ ਜਾਂਦੇ ਤਾਂ ਸਿਰਫ਼ ਇੱਕ ਮਹੀਨੇ ਲਈ ਜਾਇਆ ਜਾ ਸਕਦਾ ਸੀ। ਰੁਕ ਕੇ ਜਾਂਦੇ ਤਾਂ ਦੋ ਮਹੀਨਿਆਂ ਲਈ ਜਾ ਸਕਦੇ ਸਾਂ। ਅਸੀਂ ਸਾਲ ਰੁਕ ਜਾਣਾ ਹੀ ਮੁਨਾਸਿਬ ਸਮਝਿਆ। ਤਦ ਤਕ ਅਮਰੀਕਾ ਕੈਨੇਡਾ ਬਾਰੇ ਬਹੁਤ ਕੁੱਝ ਜਾਣਿਆ ਜਾ ਸਕਦਾ ਸੀ ਤੇ ਤਿਆਰੀ ਵੀ ਨਿੱਠ ਕੇ ਕੀਤੀ ਜਾ ਸਕਦੀ ਸੀ। ਮਈ 90 ਵਿੱਚ ਅਸੀਂ ਦਿੱਲੀਓਂ ਜਹਾਜ਼ ਚੜ੍ਹੇ ਅਤੇ ਬੈਂਕਾਕ ਤੇ ਟੋਕੀਓ ਵਿੱਚ ਦੀ ਲਾਸ ਏਂਜਲਸ ਅੱਪੜੇ। ਅਮਰੀਕਨ ਡਾਲਰ ਉਦੋਂ ਵੀਹਾਂ ਰੁਪਿਆਂ ਦਾ ਸੀ ਜੋ ਪੰਜਾਹਾਂ ਦਾ ਹੋ ਕੇ ਪਿੱਛੇ ਮੁੜਿਆ ਤੇ ਫਿਰ ਚੜ੍ਹਿਆ। ਵੀਹ ਰੁਪਏ ਇਸ ਕਰਕੇ ਯਾਦ ਹਨ ਕਿ ਜਦੋਂ ਵੀ ਅਸੀਂ ਡਾਲਰਾਂ ਨਾਲ ਕੁੱਝ ਖਰੀਦਦੇ ਤਾਂ ਤੁਰਤ ਵੀਹਾਂ ਨਾਲ ਜ਼ਰਬ ਦੇ ਲੈਂਦੇ। ਟੋਕੀਓ ਦੇ ਹਵਾਈ ਅੱਡੇ `ਤੇ ਮੈਂ ਬੀਅਰ ਪੀਣੀ ਚਾਹੁੰਦਾ ਸਾਂ ਪਰ ਪੰਜ ਡਾਲਰਾਂ ਨੂੰ ਵੀਹਾਂ ਨਾਲ ਜ਼ਰਬ ਦੇ ਕੇ ਬਿਨਾਂ ਪੀਤੇ ਮੁੜ ਆਇਆ ਸਾਂ।
ਦਿੱਲੀ ਹਵਾਈ ਅੱਡੇ ਉਤੇ ਮਿਲਿਆ ਇੱਕ ਬਜ਼ੁਰਗ ਮੈਨੂੰ ਅਜੇ ਤਕ ਯਾਦ ਹੈ। ਉਹਦਾ ਖੁੱਲ੍ਹਾ ਦਾੜ੍ਹਾ ਦੋ-ਰੰਗਾ ਸੀ। ਜੜ੍ਹਾਂ ਤੋਂ ਦਾੜ੍ਹੀ ਬੱਗੀ ਸੀ ਤੇ ਅੱਗੋਂ ਨਸਵਾਰੀ ਸੀ। ਉਹ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਸਿਪਾਹੀਆਂ ਮੇਰੀ ਟਿਕਟ ਰੱਖ ਲਈ ਆ, ਹੁਣ ਮੈਂ ਜਹਾਜ਼ ਕਿੱਦਾਂ ਚੜ੍ਹਾਂਗਾ?” ਉਹ ਯੂਬਾ ਸਿਟੀ ਚੱਲਿਆ ਸੀ। ਮੈਂ ਉਹਦੇ ਨਾਲ ਸਕਿਉਰਿਟੀ ਵਾਲਿਆਂ ਕੋਲ ਗਿਆ ਤੇ ਉਹਦੀ ਪਰੇਸ਼ਾਨੀ ਦੱਸੀ। ਕਾਰਨ ਪਤਾ ਲੱਗਾ ਕਿ ਉਹਦੇ ਬੈਗ ਵਿੱਚ ਰੰਬੇ ਦਾਤੀਆਂ ਸਨ ਜੋ ਬੋਰਡਿੰਗ ਪਾਸ ਨਾਲ ਜਹਾਜ਼ੀ ਅਮਲੇ ਨੂੰ ਦਿੱਤੇ ਜਾਣੇ ਸਨ ਤੇ ਸਾਂਫ੍ਰਾਂਸਿਸਕੋ ਉਤਰਨ ਸਮੇਂ ਉਸ ਨੂੰ ਮਿਲ ਜਾਣੇ ਸਨ। ਬੋਰਡਿੰਗ ਪਾਸ ਵੀ ਬਜ਼ੁਰਗ ਨੂੰ ਜਹਾਜ਼ ਚੜ੍ਹਨ ਵੇਲੇ ਮਿਲ ਜਾਣਾ ਸੀ।
ਮੈਂ ਪੁੱਛਿਆ, “ਭਾਈਆ, ਓਧਰ ਰੰਬੇ ਦਾਤੀਆਂ ਨਹੀਂ ਮਿਲਦੇ?” ਉਹਨੇ ਖੰਘੂਰਾ ਮਾਰਿਆ, “ਦੇਸ ਵਰਗੇ ਕਾਹਨੂੰ ਮਿਲਦੇ ਆ ਓਧਰ। ਐਵੇਂ ਦੋ ਕੁ ਉਂਗਲਾਂ ਦੀ ਰੰਬੀ ਜਿਹੀ ਹੁੰਦੀ ਆ। ਕੀ ਬਣਦਾ ਉਹਦੇ ਨਾਲ? ਆਖਿਆ ਦੇਸੋਂ ਲੈ ਚੱਲੀਏ, ਸੌਖੇ ਰਹਾਂਗੇ। ਪਰ ਅਹਿ ਕਜੀਏ ਦਾ ਪਤਾ ਹੁੰਦਾ ਤਾਂ ਕਾਹਨੂੰ ਚੁੱਕਣੇ ਸੀ?” ਮੇਰੀ ਪਤਨੀ ਕੋਲ ਬੈਠੀ ਇੱਕ ਮਾਈ ਵੀ ਬੋਲ ਪਈ, “ਧੀਏ, ਰੰਬੇ ਦਾਤੀਆਂ ਤਾਂ ਮੈਂ ਵੀ ਲੈ ਚੱਲੀ ਆਂ। ਪਰ ਉਹ ਟੈਚੀ ਕੇਸ `ਚ ਬੰਦ ਨੇ। ਹੋਰ ਨਾ ਕਿਤੇ ਰਾਹ `ਚ ਜਾਹ ਜਾਂਦੀ ਹੋ-ਜੇ!” ਮੈਂ ਹਰ ਗੱਲ ਗਹੁ ਨਾਲ ਵਾਚ ਰਿਹਾ ਸਾਂ ਤਾਂ ਕਿ ਸਫ਼ਰਨਾਮਾ ਲਿਖਣ ਦੇ ਕੰਮ ਆ ਸਕੇ।
ਨੌਂ ਹਫ਼ਤੇ ਦੀ ਵਿਦੇਸ਼ ਯਾਤਰਾ ਕਰਦਿਆਂ ਅਸੀਂ ਵਧੇਰੇ ਸਮਾਂ ਅਮਰੀਕਾ ਦੀ ਸੁਨਹਿਰੀ ਸਟੇਟ ਕੈਲੇਫੋਰਨੀਆ ਵਿੱਚ ਬਿਤਾਇਆ ਤੇ ਦੋ ਕੁ ਹਫ਼ਤੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗੁਜ਼ਾਰੇ। ਭਜਨ ਨੇ ਤਿੰਨ ਹਫ਼ਤੇ ਦੀਆਂ ਛੁੱਟੀਆਂ ਲੈ ਰੱਖੀਆਂ ਸਨ ਤਾਂ ਕਿ ਸਾਨੂੰ ਘੁਮਾਇਆ ਫਿਰਾਇਆ ਜਾ ਸਕੇ। ਅਸੀਂ ਲਾਸ ਏਂਜਲਸ, ਬੇਕਰਜ਼ਫੀਲਡ, ਫਰਿਜ਼ਨੋ, ਸੈਕਰਾਮੈਂਟੋ, ਯੂਬਾ ਸਿਟੀ, ਰੀਨੋ ਤੇ ਸਾਂਫ੍ਰਾਂਸਿਸਕੋ ਦੀਆਂ ਕਈ ਵੇਖਣਯੋਗ ਥਾਂਵਾਂ ਵੇਖੀਆਂ। ਕੈਨੇਡਾ ਵਿੱਚ ਅਸੀਂ ਐਬਟਸਫੋਰਡ ਰਹੇ ਤੇ ਜ਼ਿਆਦਾਤਰ ਵੈਨਕੂਵਰ ਦੇ ਆਲੇ ਦੁਆਲੇ ਘੁੰਮਦੇ ਰਹੇ। ਕਬੱਡੀ ਦੇ ਟੂਰਨਾਮੈਂਟ ਵੇਖੇ ਤੇ ਗੁਰਦੁਆਰਿਆਂ ਦੀ ਗਹਿਮਾ ਗਹਿਮੀ ਵੇਖੀ। ਬਾਬਿਆਂ ਦੀਆਂ ਸੱਥਾਂ ਦੀ ਹਾਜ਼ਰੀ ਭਰੀ। ਮੈਂ ਉਨ੍ਹਾਂ ਨੂੰ ਪੁੱਛ ਬੈਠਾ, “ਏਥੇ ਖੁਸ਼ ਓਂ ਕਿ ਉਦਾਸ?”
ਇਕ ਬਜ਼ੁਰਗ ਬੋਲਿਆ, “ਏਥੇ ਅਸੀਂ ਖੁਸ਼ੀ ਨਾਲ ਨੀ ਰਹਿ ਰਹੇ। ਬੱਚਿਆਂ ਕਰਕੇ ਏਥੇ ਰਹਿਣਾ ਸਾਡੀ ਮਜਬੂਰੀ ਐ। ਏਥੇ ਕਿਸੇ ਨੂੰ ਕਿਸੇ ਦਾ ਤਿਹੁ ਨੀ। ਸਾਰੇ ਡਾਲਿਆਂ ਮਗਰ ਭੱਜੇ ਫਿਰਦੇ ਆ। ਮੁੰਡਿਆਂ ਖੁੰਡਿਆਂ ਦਾ ਤਾਂ ਏਥੇ ਚਿੱਤ ਪਰਚਿਆ ਰਹਿੰਦਾ ਪਰ ਬੁੜ੍ਹਿਆਂ ਦੇ ਜਿਊਣ ਦਾ ਕੋਈ ਹੱਜ ਨੀ। ਜਿਹੜੇ ਬੁੜ੍ਹੇ ਦੀ ਪਿਲਸ਼ਨ ਲੱਗੀ ਹੋਈ ਆ ਉਹਨੂੰ ਤਾਂ ਚੈੱਕ ਲੈਣ ਆਲੇ ਦਿਨ ਧੀ ਪੁੱਤ ਬੁਲਾ ਲੈਂਦੇ ਆ। ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ? ਮੇਰਾ ਵੱਸ ਚੱਲੇ ਤਾਂ ਭਲਕੇ ਈ ਜਹਾਜ਼ ਚੜ੍ਹ ਕੇ ਪਿੰਡ ਜਾ ਵੱਜਾਂ।”
ਇਕ ਹੋਰ ਨੇ ਵਾਰੀ ਲਈ, “ਪਿੰਡ ਇਹਦੇ ਅਰਗਿਆਂ ਨੂੰ ਕਛਹਿਰੀ ਨੀ ਸੀ ਜੁੜਦੀ। ਏਥੇ ਸੂਟ ਬੂਟ ਪਾ ਕੇ ਕਨੇਡਾ ਨੂੰ ਨਿੰਦੀ ਜਾਂਦੈ। ਓਥੇ ਇਹਦੇ ਅਰਗਿਆਂ ਨੂੰ ਕੋਈ ਸੈਂਕਲ `ਤੇ ਨੀ ਸੀ ਚੜ੍ਹਾਉਂਦਾ, ਏਥੇ ਜੀਓ ਜੀ ਕੋਲ ਕਾਰਾਂ। ਇਹ ਸ਼ੁਕਰ ਕਰੇ ਬਈ ਗੰਦਗੀ `ਚੋਂ ਨਿਕਲ ਆਇਐ। ਆਹ ਸੋਹਣਾ ਮੁਲਕ ਐ, ਸੋਹਣੇ ਕਾਰੋਬਾਰ ਨੇ, ਸੋਹਣੇ ਦਿਨ ਨੰਘਦੇ ਐ। ਹੋਰ ਵੰਝ ਲੈਣਾ?”
ਯੂਬਾ ਸਿਟੀ ਤੇ ਵੈਨਕੂਵਰ ਦੇ ਖੇਡ ਮੇਲਿਆਂ ਵਿੱਚ ਮੈਂ ਵਿਸਲ ਫੜ ਕੇ ਕਬੱਡੀ ਦੇ ਕੁੱਝ ਮੈਚ ਖਿਡਾਏ ਤੇ ਮਾਈਕ ਤੋਂ ਕੁੱਝ ਬੋਲ ਸਾਂਝੇ ਕੀਤੇ। ਵਿਸਲਰ ਜਿਥੇ 2010 `ਚ ਸਰਦੀਆਂ ਦੀਆਂ ਓਲੰਪਿਕ ਖੇਡਾਂ ਹੋ ਰਹੀਆਂ ਹਨ, ਉਹਦੇ ਨਜ਼ਾਰੇ ਵੀ ਵੇਖੇ। ਵੇਖਿਆ ਕਿ ਕੁਦਰਤ ਬੜੀ ਵਚਿੱਤਰ ਤੇ ਬਹੁਰੰਗੀ ਹੈ। ਵਿਸਲਰ ਨੂੰ ਜਾਂਦਿਆਂ ਵੇਖੇ ਦਰਿਆਵਾਂ, ਝੀਲਾਂ, ਪਹਾੜੀਆਂ ਤੇ ਹਰੇ ਭਰੇ ਜੰਗਲਾਂ ਦਾ ਸੁਹੱਪਣ ਆਪਣੀ ਮਿਸਾਲ ਆਪ ਸੀ। ਨਾਤ੍ਹੀ ਧੋਤੀ ਕੁਦਰਤ ਨਿੱਖਰੀ ਪਈ ਸੀ। ਵਿਸਲਰ ਵਿੱਚ ਬੜਾ ਕੁੱਝ ਵੇਖਣ ਵਾਲਾ ਸੀ। ਰੰਗ ਸਨ, ਤਮਾਸ਼ੇ ਸਨ, ਹੁਸਨ ਸੀ, ਖੇਡਾਂ ਸਨ ਤੇ ਪ੍ਰਕਿਰਤੀ ਦਾ ਗਦਰਾਇਆ ਜੋਬਨ ਸੀ। ਬਰਫ਼ਾਂ ਦੇ ਜਲਵੇ ਸਨ ਤੇ ਪਾਣੀਆਂ ਦੇ ਜਾਦੂ। ਵਿਸਲਰ ਵਿੱਚ ਕੋਈ ਟੂਣੇਹਾਰੀ ਖਿੱਚ ਸੀ। ਵਿਸਲਰ ਦੀ ਸੈਰ ਸਤਰੰਗੀ ਪੀਂਘ ਦੇ ਝੂਟੇ ਵਰਗੀ ਸੀ, ਰੰਗ ਬਰੰਗੀ ਫੁੱਲਝੜੀ ਵਰਗੀ, ਮਤਾਬੀ ਡੱਬੀ ਦੇ ਚਾਨਣ ਵਰਗੀ ਤੇ ਸੁਫ਼ਨਿਆਂ `ਚ ਨੱਚਦੀਆਂ ਪਰੀਆਂ ਵਰਗੀ। ਵਿਕਟੋਰੀਆ ਦੀ ਸੈਰ ਕਰਦਿਆਂ ਉਥੇ ਵੇਖੇ ਅਜਾਇਬਘਰ, ਬਾਗ ਬਗੀਚੇ ਤੇ ਬੀਚ ਵੀ ਕਦੇ ਨਾ ਭੁੱਲਣ ਵਾਲੇ ਲੱਗੇ ਸਨ।
ਸਿਆਟਲ ਤੋਂ ਬੇਕਰਜ਼ਫੀਲਡ ਤਕ ਅਸੀਂ ਬੱਸ ਦਾ ਲੰਮਾ ਸਫ਼ਰ ਕੀਤਾ ਸੀ। `ਕੱਲਾ ਡਰਾਈਵਰ ਹੀ ਗਾਈਡ, ਕੁਲੀ, ਡਾਕੀਏ ਤੇ ਕੰਡਕਟਰ ਦੇ ਫਰਜ਼ ਨਿਭਾ ਰਿਹਾ ਸੀ। ਸਕੂਇਆ ਪਾਰਕ ਵਿੱਚ ਉਦੋਂ ਦੇ ਲੱਗੇ ਰੁੱਖ ਵੇਖੇ ਜਦੋਂ ਅਜੇ ਸਿਕੰਦਰ ਨੇ ਭਾਰਤ `ਤੇ ਹਮਲਾ ਨਹੀਂ ਸੀ ਕੀਤਾ। ਜੂਏਬਾਜ਼ਾਂ ਦਾ ਤੀਰਥ ਰੀਨੋ ਵੇਖਿਆ ਤੇ ਫਿਲਮਾਂ ਦੀ ਰਾਜਧਾਨੀ ਹਾਲੀਵੁੱਡ ਦਾ ਗੇੜਾ ਕੱਢਿਆ। ਡਿਜ਼ਨੀਲੈਂਡ ਨੂੰ ਮੈਂ ਆਪਣੇ ਸਫ਼ਰਨਾਮੇ ਵਿੱਚ ਸੁਫ਼ਨਿਆਂ ਦੀ ਸੈਰਗਾਹ ਦਾ ਨਾਂ ਦਿੱਤਾ ਸੀ। ਡਿਜ਼ਨੀਲੈਂਡ ਵੇਖਣ ਪਿੱਛੋਂ ਇੰਜ ਲੱਗਾ ਸੀ ਜਿਵੇਂ ਇੱਕ ਜੀਵਨ ਹੋਰ ਜਿਉਂ ਲਿਆ ਹੋਵੇ। ਉਹ ਕੌਤਕਾਂ ਦੀ ਸੁਫਨੀਲੀ ਨਗਰੀ ਸੀ।
ਮੇਰੀ ਲੋਹੜੀ ਤਾਂ ਮਨਾਈ ਗਈ ਸੀ ਪਰ ਕਦੇ ਜਨਮ ਦਿਨ ਨਹੀਂ ਸੀ ਮਨਾਇਆ ਗਿਆ। ਭਜਨ ਤੇ ਰਵਿੰਦਰ ਨੇ ਮੇਰੇ ਪਾਸਪੋਰਟ ਤੋਂ ਮੇਰੀ ਜਨਮ ਤਾਰੀਕ ਪੜ੍ਹ ਲਈ ਸੀ ਤੇ ਮੇਰੇ ਪੰਜਾਹਵੇਂ ਜਨਮ ਦਿਨ ਦੀ ਗੋਲਡਨ ਜੁਬਲੀ ਉਤੇ ਵਾਹਵਾ ਮੇਲ ਸੱਦ ਲਿਆ ਜਿਸ ਵਿੱਚ ਗੁਆਂਢ ਰਹਿੰਦੀ ਪਾਸ਼ ਦੀ ਪਤਨੀ ਰਾਣੀ ਵੀ ਸ਼ਾਮਲ ਸੀ। ਉਸ ਨੇ ਭਜਨ ਦੀ ਪਤਨੀ ਰਵਿੰਦਰ ਤੇ ਮੇਰੀ ਪਤਨੀ ਹਰਜੀਤ ਦਾ ਰਸੋਈ ਵਿੱਚ ਹੱਥ ਵਟਾਇਆ। ਕੇਕ ਉਤੇ ਹਰੇ ਅੱਖਰਾਂ ਵਿੱਚ ਮੇਰਾ ਨਾਂ ਤੇ ਪੰਜਾਹਵਾਂ ਜਨਮ ਦਿਨ ਮੁਬਾਰਕ ਲਿਖਿਆ ਹੋਇਆ ਸੀ। ਕਿਨਾਰਿਆਂ `ਤੇ ਦੋ ਮੋਮਬੱਤੀਆਂ ਜਗ ਰਹੀਆਂ ਸਨ। ਮੈਂ ਫੂਕ ਮਾਰ ਕੇ ਇੱਕ ਮੋਮਬੱਤੀ ਬੁਝਾ ਦਿੱਤੀ ਤੇ ਕੇਕ ਅੱਧ-ਵਿਚਕਾਰੋਂ ਕੱਟ ਦਿੱਤਾ। ਫਿਰ ਕੇਕ ਦੇ ਛੋਟੇ ਟੁਕੜੇ ਕਰਦਿਆਂ ਮੇਰੀ ਪਤਨੀ ਨੇ ਪਹਿਲਾ ਟੁਕੜਾ ਮੇਰੇ ਮੂੰਹ ਵਿੱਚ ਪਾਇਆ ਤੇ ਦੂਜਾ ਮੈਂ ਉਹਦੇ ਮੂੰਹ ਵਿੱਚ ਪਾ ਦਿੱਤਾ। ਆਲੇ ਦੁਆਲੇ ਤਾੜੀਆਂ ਵੱਜੀਆਂ। ਬੱਚੇ ‘ਹੈਪੀ ਬਰਥ ਡੇਅ’ ਦਾ ਗੀਤ ਗਾਉਣ ਲੱਗੇ ਤੇ ਜਨਮ ਦਿਨ ਦੀ ਪਾਰਟੀ ਅੱਧੀ ਰਾਤ ਤਕ ਚਲਦੀ ਰਹੀ।