ਮਨੁੱਖ ਲਈ ਆਮ ਕਰਕੇ ਅਤੇ ਇੱਕ ਸਿਰਜਣਾਤਮਕ ਕਲਾਕਾਰ ਲਈ ਵਿਸ਼ੇਸ਼ ਕਰਕੇ, ਇਹ ਜ਼ਰੂਰੀ ਹੈ ਕਿ ਉਹ ਅਤੀਤ ਦੀਆਂ ਯਾਦਾਂ ਅਤੇ ਦੁੱਖ ਨੂੰ ਆਪਣੇ ਮਨ ‘ਤੇ ਬੋਝ ਨਾ ਬਣਨ ਦੇਵੇ। ਭੂਤ ਸੰਬੰਧੀ ਦੁੱਖ ਨਾਲ ਵਿਚਲਤ ਮਨ ਸਦਾ ਅਸ਼ਾਂਤ ਰਹੇਗਾ, ਦੁਖੀ ਰਹੇਗਾ, ਕੁੜ੍ਹਦਾ ਰਹੇਗਾ, ਅਤੇ ਜੀਵਨ ਪ੍ਰਤੀ ਸਦਾ ਹੀ ਨਾਂਹ-ਵਾਚਕ ਢੰਗ ਨਾਲ ਹੀ ਸੋਚਦਾ ਰਹੇਗਾ। ਦਰਅਸਲ, ਜੀਵਨ ਪ੍ਰਤੀ ਉਸਾਰੂ ਦ੍ਰਿਸ਼ਟੀ ਅਪਨਾਉਣ ਦੀ ਲੋੜ ਹੈ।
ਸਾਧਾਰਨ ਤੌਰ ‘ਤੇ ਦੇਖਿਆਂ ਸਪਸ਼ਟ ਹੋਵੇਗਾ ਕਿ ਜੀਵਨ ਵਿੱਚ, ਸੁੱਖ ਅਤੇ ਦੁੱਖ ਭਰੇ ਪਲ ਤਾਂ ਆਉਂਦੇ ਹੀ ਰਹਿੰਦੇ ਹਨ, ਅਤੇ ਸਦਾ ਆਉਂਦੇ ਹੀ ਰਹਿਣਗੇ। ਪਰ ਦੁੱਖਮਈ ਪਲਾਂ ਦੇ ਮੁਕਾਬਲੇ ਵਿੱਚ, ਸੁੱਖਮਈ ਪਲਾਂ ਨੂੰ ਹੀ ਸਦਾ ਯਾਦ ਰੱਖਣਾ ਲੋੜੀਂਦਾ ਹੈ। ਕਿਉਂਕਿ ਦੁੱਖ-ਭਰੀਆਂ ਯਾਦਾਂ ਸਾਡੇ ਰਾਹਾਂ ਵਿੱਚ ਰੁਕਾਵਟਾਂ ਖੜੀਆਂ ਕਰਦੀਆਂ ਹਨ। ਇਸ ਲਈ ਇਹਨਾਂ ਸੰਬੰਧੀ ਸੋਚਣਾ ਵੀ ਨਹੀਂ ਚਾਹੀਦਾ। ਸੋਚਣਾ ਵੀ ਨਹੀਂ ਚਾਹੀਦਾ ਨਹੀਂ, ਸੋਚਣਾ ਤਾਂ ਚਾਹੀਦਾ ਹੈ ਪਰ ਬੜੀ ਸਾਵਧਾਨੀ ਨਾਲ ਸੋਚ-ਵਿਚਾਰ ਕੇ, ਸਿੱਟਿਆਂ ‘ਤੇ ਪੁੱਜਣ ਪਿੱਛੋਂ, ਸਦਾ-ਸਦਾ ਲਈ ਭੂਤ ਤੋਂ ਪਿੱਛਾ ਛੱਡਾ ਲੈਣਾ ਚਾਹੀਦਾ ਹੈ। ਗੱਲ ਬਹੁਤ ਵੱਡੀ ਹੈ ਅਤੇ ਵਿਚਾਰ ਕਰਨ ਵਾਲੀ ਵੀ।
ਅਤੀਤ ਜਾਂ ਭੂਤ ਪ੍ਰਤੀ ਅਸੀਂ ਉਦਾਸ ਹੋ ਸਕਦੇ ਹਾਂ, ਹੁੰਦੇ ਹੀ ਹਾਂ, ਪਰ ਸਦਾ ਹੀ ਆਪਣੇ ਭੂਤ ਜਾਂ ਆਪਣੀ ਪਰੰਪਰਾ ਨਾਲ ਚਿੰਬੜੇ ਰਹਿਣਾ ਠੀਕ ਨਹੀਂ। ਭੂਤ, ਅਤੀਤ ਜਾਂ ਆਪਣੀ ਪਰੰਪਰਾ ਦਾ ਤਿਆਗ ਤਾਂ ਕਦੇ ਵੀ ਨਹੀਂ ਕੀਤਾ ਜਾ ਸਕਦਾ। ਤਿਆਗ ਕਰਨਾ ਵੀ ਨਹੀਂ ਚਾਹੀਦਾ। ਅੰਤਰ, ਅਤੀਤ ਨਾਲ ਚਿੰਬੜੇ ਰਹਿਣ ਦਾ ਹੈ ਜਾਂ ਭੂਤ ਪਾਸੋਂ ਪ੍ਰੇਰਕ ਸ਼ਕਤੀਆਂ ਲੈਣ ਦਾ ਹੈ। ਨਿਰੀਖਸ਼ਣ ਕਰਨ ਦਾ ਹੈ ਜਾਂ ਅੰਨ੍ਹੇ-ਵਿਸ਼ਵਾਸ਼ ਦਾ ਹੈ। ਭੂਤ, ਸਦਾ ਸਾਨੂੰ ਕੇਵਲ ਅਤੀਤ ਦੀਆਂ ਗ਼ਲਤੀਆਂ ਦਾ ਦਿਖਾਵਾ ਕਰਕੇ ਅੱਜ ਸੰਬੰਧੀ ਸੁਚੇਤ ਕਰਨ ਦੀ ਸਮਰਥਾ ਰੱਖਦਾ ਹੈ। ਇਸਤੋਂ ਅੱਗੇ ਇਸਦਾ ਕੰਮ ਨਾਂਹ-ਵਾਚਕ ਹੋ ਜਾਂਦਾ ਹੈ।
ਬੀਤ ਚੁੱਕੇ ਕੱਲ੍ਹ ਦਾ ਅਤੇ ਆਉਣ ਵਾਲੇ ਕੱਲ੍ਹ ਦਾ ਇਤਨਾ ਮਹੱਤਵ ਨਹੀਂ ਜਿਤਨਾ ‘ਹੁਣ ਦੇ ਪਲਾਂ’ ਵਿੱਚ ਜੀਣ ਵਾਲੇ ਅੱਜ ਦਾ ਹੈ। ਭੂਤ ਸਾਡੇ ਅਨੁਭਵ ਦਾ ਇੱਕ ਜ਼ਰੂਰੀ ਅੰਗ ਹੈ। ਇਹ ਅਨੁਭੂਤੀ, ਸਾਡੇ ਕਾਰਜ ਦਾ ਇੱਕ ਭਾਗ ਬਣਕੇ, ਅੱਜ ਨੂੰ ਸੰਵਾਰਨ ਜਾਂ ਵਿਗਾੜਨ ਵਿੱਚ ਆਪਣਾ ਹਿੱਸਾ ਪਾ ਸਕਦੀ ਹੈ। ਅੱਜ ਦਾ ਬਣਿਆ-ਸੰਵਰਿਆ ਜਾਂ ਵਿਗੜਿਆ ਰੂਪ, ਆਉਣ ਵਾਲੇ ਕੱਲ੍ਹ ਦੀ ਨੁਹਾਰ ਹੁੰਦਾ ਹੈ। ਕਿਉਂਕਿ ਬੀਤ ਚੁੱਕਿਆ ਕੱਲ੍ਹ ਆਮ ਤੌਰ ਤੇ ਉਦਾਸੀ ਲਿਆਉਂਦਾ ਹੈ ਇਸ ਲਈ ਇਸਦੀ ਮਾਰ ਤੋਂ ਬਚਣਾ ਚਾਹੀਦਾ ਹੈ। ਭੂਤ ਜਾਂ ਪਰੰਪਰਾ ਦੀ ਇਸ ਅਥਾਹ-ਸ਼ਕਤੀ ਦੀ ਮਾਰ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ, ਕਿ ਇਸ ਉਦਾਸੀ ਨੂੰ ਸਵੀਕਾਰ ਕੀਤਾ ਜਾਵੇ ਪਰ ਇਸਨੂੰ ਪਾਲਣ-ਪੋਸਣ ਦੀ ਹਮਾਕਤ ਤੋਂ ਬਚਿਆ ਜਾਵੇ। ਉਦਾਸੀ ਪਾਲਣਾ, ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ। ਦੁੱਖ, ਕੋਈ ਵੀ ਹੋਵੇ, ਉਦਾਸੀ ਦਾ ਕਾਰਨ ਭਾਵੇਂ ਭੂਤ ਹੋਵੇ ਜਾਂ ਵਰਤਮਾਨ, ਇਸਦਾ ਕਾਰਨ ਇੱਕ ਮਿੱਤਰ ਦੀ ਹੈਸੀਅਤ ਨਾਲ ਪੁੱਛਿਆਂ-ਦੇਖਿਆਂ, ਪਤਾ ਲਗੇਗਾ ਕਿ ਇਹੀ ਦੁੱਖ, ਇੱਕ ਆਨੰਦ-ਦਾਇਕ ਅਨੁਭੂਤੀ ਹੋ ਜਾਵੇਗਾ। ਇਸਦੇ ਉਲਟ, ਜੇਕਰ ਇਸ ਪੀੜ ਦੀ ਜੱਦ ਵਿੱਚ ਆ ਜਾਈਏ ਤਾਂ ਇਹ ਪੀੜਾ ਮਨੁੱਖ ਦੇ ਹੱਡਾਂ ਵਿੱਚ ਲਹਿ ਜਾਵੇਗੀ।
ਸਾਧਾਰਨ ਮਨੁੱਖ ਦੇ ਉਲਟ, ਇੱਕ ਵਿਚਾਰਵਾਨ, ਵਿਦਵਾਨ ਅਤੇ ਸਿਰਜਣਾਤਮਕ ਕਾਨੀ ਦੇ ਕਰਤਾ ਲਈ ਇਸ ਅਨੁਭਵ ਦਾ ਅਰਥ ਕੁੱਝ ਹੋਰ ਹੀ ਹੁੰਦਾ ਹੈ। ਭੂਤ ਦੇ ਦੁੱਖ ਨਾਲ, ਅੰਦਰੋ-ਅੰਦਰ ਘੁਲਦਿਆਂ, ਮੂੰਹ-ਸੀਤੀ, ਚੁੱਪ-ਸਾਧੀ, ਇਹ ਮਾਰੂ ਅਤੇ ਘਾਤਕ ਅਭਿਆਸ ਲੇਖਕ ਨੂੰ ਲਿਖਣ ਅਤੇ ਕੁੱਝ ਕਹਿ ਕੇ ਸੋਧ ਦੇਣ ਲਈ ਬੇਚੈਨ ਕਰ ਦਿੰਦਾ ਹੈ। ਜਨ-ਸਾਧਾਰਨ ਦੇ ਵਿਪਰੀਤ, ਇੱਕ ਲੇਖਕ, ਇੱਕ ਕਲਾਕਾਰ ਆਪਣੇ ਭੂਤ ਆਪਣੇ ਅਤੀਤ ਜਾਂ ਆਪਣੀ ਪਰੰਪਰਾ ਨਾਲ ਬੱਝੇ ਹੋਣ ਦੇ ਬਾਵਜੂਦ ਵੀ, ਆਪਣੇ ਹਰ ਪੁੱਟੇ ਜਾਣ ਵਾਲੇ ਕਦਮ ਸੰਬੰਧੀ ਸੁਚੇਤ ਹੁੰਦਾ ਹੈ ਕਿਉਂਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਜਨ-ਸਾਧਾਰਨ ਪਾਠਕ, ਉਸ ‘ਤੋਂ ਸਾਰਥਕ-ਚੇਤੰਨ ਅਗਵਾਈ ਦੀ ਆਸ ਕਰਦਾ ਹੈ। ਇਸੇ ਕਾਰਨ ਹੀ, ਰਚਨਕਾਰ, ਅਤੀਤ ਸੰਬੰਧੀ ਸਦਾ ਹੀ ਰੋਂਦੀ-ਕੁਰਲਾਂਦੀ ਰਚਨਾ ਹੀ ਨਹੀਂ ਉਸਾਰਦਾ ਰਹਿੰਦਾ। ਸਗੋਂ ਉਹ ਅਤੀਤ ਦੀ ਅਨੁਭੂਤੀ ਨਾਲ, ਅੱਜ ਦਾ ਵਿਸ਼ਲੇਸ਼ਣ ਕਰਕੇ, ਆਉਣ ਵਾਲੇ ਕੱਲ੍ਹ ਸੰਬੰਧੀ ਵਿਉਂਤਾਂ ਗੁੰਦਦਾ ਹੈ। ਇਹ ਗੱਲ ਵੱਖਰੀ ਹੈ ਕਿ ਉਸ ਦਾ ਵਿਸ਼ਲੇਸ਼ਣ ਪੂਰਨ ਸਹੀ, ਅਰਧ ਸਹੀ ਜਾਂ ਬਿਲਕੁਲ ਹੀ ਗ਼ਲਤ ਹੋਵੇ। ਸਾਰੇ ਹੀ, ਸਦਾ ਹੀ, ਹਰ ਹਾਲਤ ਵਿੱਚ ਉਸਦੀ ਗੱਲ ਨਾਲ ਸਹਿਮਤ ਹੋ ਸਕਣੇ ਲੱਗਪੱਗ ਅਸੰਭਵ ਹੀ ਹਨ। ਕਾਰਨ ਸਪਸ਼ਟ ਹੈ: ਸਾਡੇ ਸਾਰਿਆਂ ਦੀ ਸੋਚ ਅਤੇ ਮਾਪ ਦੰਡ ਇੱਕੋ ਜਿਹੇ ਨਹੀਂ ਹੁੰਦੇ।
ਅਤੀਤ ਤੋਂ ਘਬਰਾਈਏ ਕਿਉਂ? ਬਿਲਕੁਲ ਨਾ ਘਬਰਾਓ। ਸਾਡੇ ਪਾਸ ਕੀ ਨਹੀਂ ਹੈ? ਕੀ ਨੇਕ ਇਰਾਦੇ ਦੀ ਅਣਹੋਂਦ ਹੈ ਕਿ ਸੁਚੱਜੀ ਸੋਚ ਦੀ ਘਾਟ ਹੈ? ਕੀ ਛੋਹੇ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਦਾਈਆ ਨਹੀਂ ਹੈ ਜਾਂ ਕਿ ਕਾਰਜ ਕੁਸ਼ਲਤਾ ਜਾਂ ਪ੍ਰਬੰਧਕੀ ਯਤਨਾਂ ਦੀ ਘਾਟ ਹੈ? ਸ਼ਾਇਦ ਸਾਨੂੰ ਆਪਣੀ ਯੋਗਤਾ ਸੰਬੰਧੀ ਅਗਿਆਨਤਾ ਹੈ ਜਾਂ ਫਿਰ ਸਾਡੇ ਵਿੱਚ ਦਲੇਰੀ, ਸੱਚੀ ਲਗਨ, ਈਮਾਨਦਾਰੀ ਨਹੀਂ ਹੈ। ਦਰਅਸਲ ‘ਦਿਲਚਸਪੀ’ ਗੁੰਮ ਹੋ ਗਈ ਲਗਦੀ ਹੈ। ਲਗਾਤਾਰ ਸਾਰਥਕ ਸਿਰਜਣਾ ਨੂੰ ਨੇਪਰੇ ਚਾੜ੍ਹਨ ਲਈ, ਰਚਨਾਤਮਕ ਸ਼ਕਤੀਆਂ ਦੀ ਪ੍ਰਾਪਤੀ ਲਈ ਸਾਨੂੰ ਸਾਡੀ ਗੁਆਚੀ ਹੋਈ ਦਿਲਚਸਪੀ ਦਾ ਸ੍ਰੋਤ ਲੱਭਣਾ ਪਵੇਗਾ।
ਮੰਦੇ ਭਾਗੀਂ, ਦਿਲਚਸਪੀ, ਅਸੀਂ ਕੇਵਲ ਆਪਣੇ ਪਦਾਰਥਕ ਹਿਤਾਂ ਨੂੰ ਬਣਾ ਕੇ ਹੀ ਪਾਲੀ ਹੋਈ ਹੈ। ਇਸ ਕਾਰਣ ਹੀ ਅਸੀਂ ਸਾਰੇ ਮਾਰ ਖਾਈ ਜਾ ਰਹੇ ਹਾਂ। ਬੀਜ ਨਾਸ ਤਾਂ ਕਦੇ ਵੀ, ਕਿਸੇ ਸਮੇਂ ਵੀ, ਕਿਸੇ ਹਾਲਤ ਵਿੱਚ ਵੀ ਨਹੀਂ ਹੁੰਦਾ। ਅਕਸਰ ਕਈ, ਦ੍ਰਿੜਤਾ ਦੇ ਪੱਕੇ ਅਤੇ ਕਰਮ ਦੇ ਸੁੱਚੇ, ਚੰਗੇ-ਮੰਦੇ ਹਿਤਾਂ ਦੀ ਪਰਵਾਹ ਕੀਤੇ ਬਿਨਾਂ, ਦਿਲਚਸਪੀ ਨਾਲ ਅਤੀਤ ਨੂੰ ਇੱਕ ਪ੍ਰੇਰਕ ਸ੍ਰੋਤ ਮੰਨ ਕੇ, ਸਾਰਥਕ ਰੁਝੇਵਿਆਂ ਰਾਹੀਂ ਲੰਮੀਆਂ ਪੁਲਾਂਘਾਂ ਪੁੱਟੀ, ਅੱਗੇ ਵਧੀ ਜਾ ਰਹੇ ਹਨ।
ਅਤੀਤ ਦਾ ਰੋਣਾ ਰੋਣ ਵਾਲੇ ਵੀ ਜਾਣਦੇ ਹਨ ਕਿ ਸਿਰਜਣਾ ਲਈ ਤਾਕਤ ਕਿਤਿਓਂ ਬਾਹਰੋਂ ਨਹੀਂ ਆਉਂਦੀ, ਆ ਹੀ ਨਹੀਂ ਸਕਦੀ। ਜੇਕਰ ਦਿਲਚਸਪ ਰੁਝੇਵੇਂ ਦੇ ਅਨੰਦ ਦੀ ਸਮਝ ਆ ਗਈ ਤਾਂ ਸਿਰਜਣਾ ਦੀ ਸਮਝ ਵੀ ਪੈ ਗਈ ਸਮਝੋ। ਅਤੀਤ ਦਾ ਪਿੱਛਾ ਛੱਡ ਕੇ, ਦਿਲਚਪਸ ਰੁਝੇਵੇਂ ਦੀ ਸਾਰ ਆ ਜਾਣ ‘ਤੇ ਅਜਿਹੀ ਹਾਲਤ ਪੈਦਾ ਹੋਵੇਗੀ ਜਿਸ ਵਿੱਚ ਇਹ ਕਹਿਣਾ ਔਖਾ ਹੋ ਜਾਵੇਗਾ ਕਿ ਤੁਸੀਂ ਸਿਰਜਣਾ ਕਰਕੇ ਜਾਂ ਲਿਖਕੇ ਆਨੰਦ ਪ੍ਰਾਪਤ ਕਰਦੇ ਹੋ ਜਾਂ ਕਿ ਤੁਸੀਂ ਆਪਣੀ ਪ੍ਰਸੰਨਤਾ ਜਾਂ ਆਨੰਦ ਲਈ ਲਿਖਦੇ ਹੋ, ਸਿਰਜਣਾ ਕਰਦੇ ਹੋ।
ਮਨੁੱਖ ਵਿੱਚ, ਅਤੀਤ ਅਤੇ ਭਵਿਖ ਦੀ ਚਿੰਤਾ ਕੀਤੇ ਬਿਨਾਂ, ਜਦੋਂ ਤਕ ਆਪਣੇ ਆਪ ਨੂੰ ਬਦਲਣ ਅਤੇ ਚੰਗਾ ਬਨਾਉਣ ਦੀ ਚਾਹ ਰਹਿੰਦੀ ਹੈ ਉਦੋਂ ਤੱਕ ਹੀ ਉਮੰਗ ਨ੍ਰਿਤ, ਕਲਾ ਅਤੇ ਆਜ਼ਾਦੀ, ਉਸਦੀਆਂ ਸੰਗੀ-ਸਾਥੀ ਹੁੰਦੀਆਂ ਹਨ। ਤੁਸੀਂ, ਤੁਹਾਡੀ ਜਾਚੇ ਕੋਈ ਚੰਗਾ-ਮੰਦਾ ਕਾਰਜ ਕੀਤਾ ਹੈ, ਤਾਂ ਫਿਰ ਪਾਂਧੇ ਨੂੰ ਜਾ ਕੇ ਪੁੱਛਣ ਦੀ ਕੀ ਲੋੜ ਹੈ ਕਿ ਇਹ ਕਾਰਜ ਕਿਹੋ ਜਿਹਾ ਲਗਦਾ ਹੈ। ਤੁਸੀਂ ਚੰਗੀ-ਮੰਦੀ ਸਿਰਜਣਾ ਕੀਤੀ ਹੈ ਤਾਂ ਫਿਰ ਇਹ ਕਿਉਂ ਪੁੱਛਦੇ ਫਿਰਦੇ ਹੋ ਕਿ ਬੱਚਾ ਜਨਣ ਸਮੇਂ ਇੱਕ ਮਾਂ ਦੇ ਮਨ ਵਿੱਚ ਕਿਹੋ ਜਹੇ ਭਾਵ ਉਪਜਦੇ ਹਨ ਅਤੇ ਜੰਮਣ-ਪੀੜਾਂ ਕੀ ਹਨ?
ਸੁਣਦੇ ਹਾਂ, ਤਰਨਾ ਨਹੀਂ ਆਉਂਦਾ। ਤਰਨਾ ਨਹੀਂ ਆਉਂਦਾ, ਰੁੜ੍ਹਨਾ ਤਾਂ ਆਉਂਦਾ ਹੈ? ਕੀ ਅਤੀਤ ਹੁਣ ਤੁਹਾਡੀ ਜਾਚੇ, ਤੁਹਾਨੂੰ ਤਰਨਾ ਸਿਖਾਵੇਗਾ? ਜੇਕਰ ਪਾਣੀ ਦੇ ਵਹਾਅ ਨਾਲ ਤਿਣਕੇ ਵਾਂਗ, ਅਸੀਂ ਆਪਣੀ ਹੋਂਦ ਨੂੰ ਗਵਾਉਣਾ ਨਹੀਂ ਚਾਹੁੰਦੇ ਤਾਂ ਫਿਰ ਸਾਨੂੰ ਅਥਾਹ ਸਾਗਰ ਤੋਂ ਪਾਰ ਜਾਣ ਲਈ ਕੁੱਝ ਸਾਧਨ ਤਾਂ ਜੁਟਾਣਾ ਹੀ ਪਵੇਗਾ। ਸਾਧਨ, ਤੁਹਾਡੀ-ਮੇਰੀ ਇੱਛਾ ‘ਤੇ ਨਿਰਭਰ ਹਨ। ਇੱਛਾ ਕਰ ਲੈਣਾ ਅਤੇ ਉਸ ‘ਤੇ ਅਮਲ ਨਾ ਕਰਨਾ, ਕੇਵਲ ਕਾਗ਼ਜ਼ੀ ਘੋੜੇ ‘ਤੇ ਸਵਾਰੀ ਕਰਨ ਮਾਤਰ ਹੈ। ਇੱਛਾ-ਪੂਰਤੀ ਲਈ ਸਾਧਨ ਲੱਭਣੇ ਪੈਣਗੇ। ਅਤੀਤ ਦੇ ਅਨੁਭਵ, ਸਾਧਨ ਲੱਭਣ, ਘੜਨ ਅਤੇ ਸੰਵਾਰਨ ਵਿੱਚ ਸਹਾਈ ਤਾਂ ਹੋ ਸਕਦੇ ਹਨ ਪਰ ਅੰਤਮ ਪੜਾਅ ਨਹੀਂ ਬਣ ਸਕਦੇ। ਇਸਦਾ ਮੂਲ ਕਾਰਨ ਇਹ ਹੈ ਕਿ ਸਮਾਂ ਗਤੀਸ਼ੀਲ ਹੋਣ ਕਾਰਨ ਬਦਲਦਾ ਰਹਿੰਦਾ ਹੈ। ਬਦਲਦੇ ਸਮੇਂ ਦੇ ਨਾਲ, ਮਾਪ-ਦੰਡ ਵੀ ਬਦਲਦੇ ਹੀ ਰਹਿੰਦੇ ਹਨ।
ਇਹ ਵੀ ਸਮਝਣਾ ਅਤਿ ਲੋੜੀਂਦਾ ਹੈ ਕਿ ਇੱਛਾ ਦਾ ਹੋਣਾ, ਬੀਜ ਮਾਤਰ ਹੈ। ਕਈ ਵਾਰੀ ਇਹ ਇੱਛਾ ਕੇਵਲ ਹਵਾਈ ਘੋੜਾ ਵੀ ਹੋ ਨਿੱਬੜਦੀ ਹੈ। ਸੁਚੱਜੇ ਹੱਥੀਂ ਇਹੀ ਇੱਛਾ ਅੱਗੇ ਚਲਕੇ ਜੀਵਨ-ਦ੍ਰਿਸ਼ਟੀ ਬਣਨ ਦੀ ਸਮਰਥਾ ਵੀ ਰੱਖਦੀ ਹੈ। ਇਸ ਲਈ ਜਿਹੜੀ ਇੱਛਾ ਤੁਹਾਡੇ-ਸਾਡੇ ਨੈਣਾਂ ਵਿੱਚ ਚਮਕ ਲਿਆ ਸਕਦੀ ਹੈ, ਉਸਦਾ ਨਿਰਾਦਰ ਕਿਉਂ ਕਰੀਏ? ਸਗੋਂ ਅਜਿਹੀ ਇੱਛਾ ਨੂੰ ਤਾਂ ਪੁਗਾਉਣ, ਸਜਾਉਣ ਅਤੇ ਪ੍ਰਗਟਾਉਣ ਲਈ ਹਿੰਮਤ ਜੁਟਾਉਣ ਦੀ ਲੋੜ ਹੈ।
ਆਏ ਦਿਨ ਬਦਲਦੀਆਂ ਕਦਰਾਂ ਕੀਮਤਾਂ ਨਾਲ ਵਰੋਸਾਏ, ਅੱਜ ਦੇ ਮਸ਼ੀਨੀ ਅਤੇ ਪਦਾਰਥਵਾਦੀ ਯੁੱਗ ਵਿੱਚ, ਕਲਾ ਅਤੇ ਸਿਰਜਣਾ ਬਾਰੇ ਈਮਾਨਦਾਰ ਅਭਿਆਸ ਦੀ ਲੋੜ ਹੈ। ਅਭਿਆਸ ਲਈ ਸੋਚ ਦਰਕਾਰ ਹੈ। ਚਿੰਤਨ ਦੀ ਲੋੜ ਹੈ। ਮੰਦੇ ਭਾਗੀਂ ਸਾਡੀ ਸੋਚ ਤਾਂ, ਕੋਹਲੂ ਬਣੀ, ਰੋਟੀ-ਟੁੱਕ ਦੀ ਭਾਲ-ਸੰਭਾਲ ਵਿੱਚ ਦਿਨ-ਰਾਤ ਗ਼ਲਤਾਨ ਹੈ। ਅਜਿਹੀ ਅਵਸਥਾ ਵਿੱਚ ਇਹ ਕਰਿਸ਼ਮਾ ਹੀ ਤਾਂ ਹੋਵੇਗਾ, ਜੇਕਰ ਕਿਸੇ ਕਾਰਜ ਨੂੰ ਨੇਪਰੇ ਚਾੜ੍ਹਦਿਆਂ ਸਾਡੀ ਹੋਂਦ ਇੰਝ ਕੂਕ ਪਵੇ: “ਇਹ ਤਾਂ ਉਹ ਕੰਮ ਹੈ ਜਿਹੜਾ ਮੈਂ ਅਜਲ ਤੋਂ ਹੀ ਨਜਿੱਠਣ ਲਈ ਬਹਿਬਲ ਸਾਂ।” ਅਜਿਹੇ ਪਲ ਦੇ ਆਉਂਦਿਆਂ ਹੀ ਮਨੁੱਖ ਜੀਣ ਜੋਗਾ ਹੋ ਜਾਂਦਾ ਹੈ। ਸਾਡੇ ਦਿਲੋਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ ਅਤੇ ਸਾਡੇ ਹੱਥ ਮੌਲਿਕਤਾ ਆ ਜਾਂਦੀ ਹੈ।
ਅੱਖਾਂ ਉੱਤੇ ਕਾਲੀਆਂ ਲੀਰਾਂ ਦੀ ਪੱਟੀ ਬੰਨ੍ਹੀ, ਅਤੀਤ ਦਾ ਪਿੱਛਾ ਕਰੀ ਜਾਣਾ, ਸਾਡੇ ਨਿੱਜਤਵ ਦੀ, ਸਵੈ ਦੀ ਮੌਤ ਬਣ ਜਾਵੇਗਾ। ਇਸਦੇ ਉਲਟ, ਸਾਡੀ ਪ੍ਰਤਿਭਾ ਵਿਚੋਂ ਤਾਂ ਮੌਲਿਕਤਾ ਟਪਕਣੀ ਚਾਹੀਦੀ ਹੈ।
ਇੱਕ ਪਲ ਰੁਕ ਕੇ, ਸੋਚ ਕੇ ਦੱਸਣਾ, ਕਿ ਅਸੀਂ ਦੂਜੇ ਦੇ ਦੱਸੇ ਮਾਰਗ ‘ਤੇ ਤੁਰਕੇ ਕਿੱਥੇ ਪਹੁੰਚਾਂਗੇ? ਉਥੇ ਹੀ, ਜਿੱਥੇ ਕੋਈ ਪਹਿਲਾਂ ਪਹੁੰਚ ਚੁੱਕਿਆ ਹੈ। ਅਸੀਂ ਨਵੀਂ ਥਾਂ ਨਹੀਂ ਪੁੱਜ ਸਕਦੇ। ਜਦੋਂ-ਜਦੋਂ ਵੀ, ਅਸੀਂ ਦੂਜਿਆਂ ਦੀਆਂ ਬਣਾਈਆਂ ਪਗਡੰਡੀਆਂ ‘ਤੇ ਤੁਰਨ ਦੇ ਆਦੀ ਬਣਕੇ ਤੁਰਦੇ ਰਹਾਂਗੇ, ਅਸੀਂ ਭੂਤ ਨਾਲ ਬੱਝੇ ਰਹਾਂਗੇ। ਯਕੀਨ ਕਰਨਾ, ਸਿਰ ਚੜਿਆ ਭੂਤ, ਬਹੁਤ ਹੀ ਬੁਰਾ ਹੁੰਦਾ ਹੈ। ਭੂਤ ਤੋਂ ਪਿੱਛਾ ਛੁਡਾਉਣਾ ਬਹੁਤ ਹੀ ਜ਼ਰੂਰੀ ਹੈ।