You are here:ਮੁਖ ਪੰਨਾ»ਰਚਨਾ ਅਧਿਐਨ»ਕੀ ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੇਵਲ ਕਿਸਾਨ ਜ਼ਿੰਮੇਵਾਰ ਹੈ?

ਲੇਖ਼ਕ

Tuesday, 14 October 2025 12:32

ਕੀ ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੇਵਲ ਕਿਸਾਨ ਜ਼ਿੰਮੇਵਾਰ ਹੈ?

Written by
Rate this item
(0 votes)

ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਇਸਦੇ ਕਾਰਨਾਂ ਦੀ ਘੋਖ ਕਰਨ ਅਤੇ ਪਾਣੀ ਵਿੱਚ ਵਾਧੇ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਿਟਾਂਦਰਾ ਕਰਨ ਦੀ ਥਾਂ ਸਾਰਾ ਭਾਂਡਾ ਕਿਸਾਨਾਂ ਦੇ ਸਿਰ ਭੰਨਿਆ ਜਾ ਰਿਹਾ ਹੈ। ਕੀ ਪੰਜਾਬ ਵਿੱਚ ਹੋ ਰਹੀ ਪਾਣੀ ਦੀ ਘਾਟ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ ਹਨ? ਕਿਸਾਨ ਤਾਂ ਅੰਨਦਾਤਾ ਹੈ। ਆਪ ਭਾਵੇਂ ਢਿੱਡੋਂ ਭੁੱਖਾ ਰਹੇ ਪਰ ਲੋਕਾਈ ਦਾ ਢਿੱਡ ਜ਼ਰੂਰ ਭਰਦਾ ਹੈ। ਉਹ ਤਾਂ ਕੁਦਰਤ ਦੇ ਨੇੜੇ ਹੈ ਅਤੇ ਪਾਣੀ ਨੂੰ ਦੇਵਤਾ ਮੰਨਦਾ ਹੈ। ਪਾਣੀ ਦੀ ਬਰਬਾਦੀ ਜਾਂ ਇਸ ਨੂੰ ਗੰਧਲਾ ਕਰਨ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ। ਉਸ ਦਾ ਕਿੱਤਾ ਹੀ ਅਜਿਹਾ ਹੈ, ਹੋਰ ਕਿਸੇ ਕਿੱਤੇ ਵਿੱਚ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਇਸਦੇ ਨਾਲ ਹੀ ਕੁਦਰਤ ਦੀ ਮਾਰ ਵੀ ਉਸੇ ਨੂੰ ਸਭ ਤੋਂ ਵੱਧ ਝੱਲਣੀ ਪੈਂਦੀ ਹੈ। ਕਿਸਾਨ ਪਾਣੀ ਦੀ ਵਰਤੋਂ ਅਨਾਜ ਪੈਦਾ ਕਰਨ ਲਈ ਕਰਦਾ ਹੈ ਸਾਡੇ ਵਾਂਗ ਉਸ ਦੀ ਬਰਬਾਦੀ ਨਹੀਂ ਕਰਦਾ। ਉਹ ਜਦੋਂ ਖੇਤ ਨੂੰ ਪਾਣੀ ਲਗਾਉਂਦਾ ਹੈ ਤਾਂ ਲਗਭਗ ਅੱਧਾ ਪਾਣੀ ਮੁੜ ਧਰਤੀ ਹੇਠ ਚਲਾ ਜਾਂਦਾ ਹੈ। ਇੱਕ ਹਿੱਸਾ ਭਾਫ ਬਣ ਕੇ ਉਡਦਾ ਹੈ ਤੇ ਮੁੜ ਸ਼ੁੱਧ ਹੋ ਕੇ ਵਰਖਾ ਦੇ ਰੂਪ ਵਿੱਚ ਵਾਪਸ ਧਰਤੀ ਨੂੰ ਸਿੰਜਦਾ ਹੈ ਤੇ ਬਾਕੀ ਪਾਣੀ ਦਾਣਿਆਂ ਅਤੇ ਨਾੜ ਦੇ ਰਾਹੀਂ ਮਨੁੱਖ ਤੇ ਪਸ਼ੂ ਖਾਂਦੇ ਹਨ।

ਸਾਡੇ ਮਾਹਿਰ ਸਾਰੇ ਫਸਾਦ ਦੀ ਜੜ੍ਹ ਝੋਨੇ ਨੂੰ ਮੰਨਦੇ ਹਨ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਝੋਨਾ ਪੰਜਾਬ ਦੀ ਰਿਵਾਇਤੀ ਫਸਲ ਹੈ। ਚੌਲਾਂ ਦਾ ਗੁਣਗਾਣ ਤਾਂ ਵੇਦਾਂ ਵਿੱਚ ਵੀ ਕੀਤਾ ਗਿਆ ਹੈ। ਮੱਕੀ ਬਾਹਰੋਂ ਆਈ ਫਸਲ ਹੈ। ਵਾਰਸ ਸ਼ਾਹ ਨੇ ਆਪਣੀ ਹੀਰ ਵਿੱਚ ਬਾਸਮਤੀ ਦੀਆਂ ਵੀਹ ਤੋਂ ਵੀ ਵੱਧ ਕਿਸਮਾਂ ਦਾ ਜ਼ਿਕਰ ਕੀਤਾ ਹੈ। ਜਦੋਂ ਸਿੰਚਾਈ ਦੇ ਸਾਧਨ ਖੂਹ ਸਨ ਉਦੋਂ ਸਾਉਣੀ ਵਿੱਚ ਬਹੁਤ ਘਟ ਰਕਬੇ ਵਿੱਚ ਫਸਲ ਬੀਜੀ ਜਾਂਦੀ ਸੀ। ਨਿਆਈਂ ਵਿੱਚ ਮੱਕੀ, ਕਮਾਦ, ਕੁਝ ਦਾਲਾਂ, ਸਬਜ਼ੀਆਂ ਤੇ ਚਰ੍ਹੀ ਜਾਂ ਬਾਜਰਾ। ਬਹੁਤੀ ਧਰਤੀ ਖਾਲੀ ਹੀ ਰੱਖੀ ਜਾਂਦੀ ਸੀ। ਮੀਂਹ ਪੈਣ ’ਤੇ ਉਸ ਦੀ ਮੁੜ ਮੁੜ ਵਹਾਈ ਕੀਤੀ ਜਾਂਦੀ ਸੀ। ਹਾੜ੍ਹੀ ਦੀ ਬਿਜਾਈ ਲਈ ਬਾਰਸ਼ ਪਿੱਛੋਂ ਖੇਤ ਵਿੱਚ ਗਿੱਲ ਦੱਬ ਲਈ ਜਾਂਦੀ ਸੀ। ਨੀਵੇਂ ਖੇਤਾਂ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਸੀ। ਉਦੋਂ ਬਰਸਾਤ ਬਹੁਤ ਹੁੰਦੀ ਸੀ। ਹਫਤੇ ਹਫਤੇ ਦੀਆਂ ਝੜੀਆਂ ਲੱਗਦੀਆਂ ਸਨ। ਜਦੋਂ ਪਾਣੀ ਦੀ ਸਹੂਲਤ ਹੋਈ ਤਾਂ ਕਿਸਾਨ ਨੇ ਸਾਉਣੀ ਵਿੱਚ ਵੀ ਪੂਰੀ ਫਸਲ ਬੀਜਣੀ ਸ਼ੁਰੂ ਕਰ ਦਿੱਤੀ। ਕਿਸਾਨ ਸਭ ਤੋਂ ਵੱਧ ਮਿਹਨਤ ਕਰਦਾ ਹੈ। ਸਭ ਤੋਂ ਵੱਧ ਖਤਰੇ ਸਹੇੜਦਾ ਹੈ ਪਰ ਫਿਰ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਇਹ ਝੋਨੇ ਦੀ ਫਸਲ ਹੀ ਹੈ ਕਿ ਕਿਸਾਨ ਦੇ ਘਰ ਚੁੱਲ੍ਹਾ ਮਘਦਾ ਹੈ। ਝੋਨਾ ਸਾਉਣੀ ਦੀ ਸਭ ਤੋਂ ਘਟ ਖਤਰੇ ਵਾਲੀ ਫਸਲ ਹੈ। ਜੇਕਰ ਇਸਦੀ ਲੁਆਈ 20 ਜੂਨ ਤੋਂ ਪਿੱਛੋਂ ਕੀਤੀ ਜਾਵੇ ਤਾਂ ਮਾਹਿਰਾਂ ਅਨੁਸਾਰ ਵਰਤੇ ਪਾਣੀ ਤੇ ਉਪਜ ਦਾ ਆਪੋ ਵਿਚਲਾ ਅਨੁਪਾਤ ਝੋਨੇ ਦਾ ਸਭ ਤੋਂ ਵੱਧ ਹੈ। ਤਿੰਨ ਮਹੀਨਿਆਂ ਦੀ ਫਸਲ ਤੇ 35 ਕੁਇੰਟਲ ਤੋਂ ਵੱਧ ਇੱਕ ਏਕੜ ਵਿੱਚੋਂ ਝਾੜ ਪ੍ਰਾਪਤ ਹੋ ਜਾਂਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਝੋਨੇ ਹੇਠ ਕੋਈ ਦਸ ਲੱਖ ਹੈਕਟਰ ਧਰਤੀ ਕੱਢ ਕੇ ਦੂਜੀਆਂ ਫਸਲਾਂ ਹੇਠ ਲਿਜਾਣ ਦੀ ਲੋੜ ਹੈ। ਕੀ ਕਿਸੇ ਮਾਹਿਰ ਨੇ ਦੱਸਿਆ ਹੈ ਕਿ ਉਸ ਦਸ ਲੱਖ ਹੈਕਟਰ ਵਿੱਚ ਕੀ ਬੀਜਿਆ ਜਾਵੇ? ਅਸਲ ਵਿੱਚ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਝੋਨੇ ਦੀ ਪੈਦਾਵਾਰ ਘੱਟ ਕੀਤੀ ਜਾਵੇ। ਹਰੇਕ ਵਰ੍ਹੇ ਕੇਂਦਰ ਸਰਕਾਰ ਰਾਜਾਂ ਨੂੰ ਪੈਦਾਵਾਰ ਦੇ ਟੀਚੇ ਦਿੰਦੀ ਹੈ ਤੇ ਇਸ ਵਿੱਚ ਹਰੇਕ ਵਾਰ ਵਾਧਾ ਕੀਤਾ ਜਾਂਦਾ ਹੈ। ਵਾਹੀ ਹੇਠ ਧਰਤੀ ਘਟ ਰਹੀ ਹੈ ਜਦੋਂ ਕਿ ਅਬਾਦੀ ਵਿੱਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਸਾਰੀ ਵਸੋਂ ਨੂੰ ਰੱਜਵੀਂ ਰੋਟੀ ਅਜੇ ਵੀ ਨਸੀਬ ਨਹੀਂ ਹੋ ਰਹੀ ਹੈ। ਪੰਜਾਬ ਸਰਕਾਰ ਨੇ ਗਰਮੀਆਂ ਵਿੱਚ ਮੂੰਗੀ ਬੀਜਣ ਨੂੰ ਉਤਸ਼ਾਹਿਤ ਕੀਤਾ ਹੈ। ਇਸ ਨਾਲ ਕਿਸਾਨ ਦੀ ਆਮਦਨ ਤਾਂ ਭਾਵੇਂ ਵਧ ਜਾਵੇ ਪਰ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੈ। ਇਹ ਸਮਰਥਨ ਮੁੱਲ ਮੁੱਖ ਮੌਸਮ ਦੀ ਮੂੰਗੀ ਤੇ ਮੱਕੀ ਲਈ ਦੇਣਾ ਚਾਹੀਦਾ ਹੈ। ਪਾਣੀ ਬਾਰੇ ਕਿਸੇ ਵਿਦਵਾਨ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਹੈ ਕਿ 90% ਪਾਣੀ ਦੀ ਵਰਤੋਂ ਕਿਸਾਨ ਹੀ ਕਰਦੇ ਹਨ। ਸ਼ਾਇਦ ਉਹ ਭੁੱਲ ਗਿਆ ਕਿ ਕਿਸਾਨਾਂ ਦੇ 14 ਲੱਖ ਟਿਊਬਵੈਲ ਹਨ ਜਿਹੜੇ ਸਾਲ ਵਿੱਚ ਛੇ ਕੁ ਮਹੀਨੇ ਹੀ ਚਲਦੇ ਹਨ। ਜਦੋਂ ਕਿ ਗੈਰ ਕਿਸਾਨੀ ਖੇਤਰ ਵਿੱਚ 25 ਲੱਖ ਟਿਊਬਵੈਲ ਹਨ। ਜਿਹੜੇ ਆਕਾਰ ਵਿੱਚ ਵੀ ਵੱਡੇ ਹਨ ਤੇ ਦਿਨ ਰਾਤ ਚਲਦੇ ਹਨ। ਘਰਾਂ ਵਿੱਚ ਪਾਣੀ ਦੀ ਵਰਤੋਂ ਸਮੇਂ ਕੋਈ ਸੰਜਮ ਨਹੀਂ ਵਰਤਿਆ ਜਾਂਦਾ। ਅੱਜ ਤੋਂ ਅੱਧੀ ਸਦੀ ਪਹਿਲਾਂ ਜਦੋਂ ਸੂਬੇ ਦੀ ਆਬਾਦੀ ਇੱਕ ਕਰੋੜ ਤੋਂ ਘੱਟ ਸੀ ਤਾਂ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਂਦੀ ਸੀ। ਘਰ ਵਿੱਚ ਸਾਰੇ ਦਿਨ ਵਿੱਚ ਮਸਾਂ ਤਿੰਨ ਚਾਰ ਘੜੇ ਪਾਣੀ ਦੀ ਵਰਤੋਂ ਹੁੰਦੀ ਹੈ। ਮਰਦ ਸਾਰੇ ਖੂਹਾਂ ’ਤੇ ਜਾ ਕੇ ਨਹਾਉਂਦੇ ਸਨ ਤੇ ਔਰਤਾਂ ਇੱਕ ਬਾਲਟੀ ਨਾਲ ਨਹਾ ਲੈਂਦੀਆਂ ਸਨ। ਹੁਣ ਅਬਾਦੀ ਤਿੰਨ ਕਰੋੜ ਹੋਣ ਵਾਲੀ ਹੈ। ਘਰਾਂ ਵਿੱਚ ਟੁੱਟੀਆਂ, ਫਲੱਸ਼, ਬਾਥਰੂਮ, ਧੋ ਧੁਆਈ ਤੇ ਗੱਡੀਆਂ ਦੀ ਧੁਆਈ ਲਈ ਪਾਣੀ ਦੀ ਅੰਨੇਵਾਹ ਬਰਬਾਦੀ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਬਰਬਾਦੀ ਗੈਰ ਖੇਤੀ ਖੇਤਰ ਵਿੱਚ ਹੁੰਦੀ ਹੈ ਤੇ ਸਜ਼ਾ ਕਿਸਾਨ ਨੂੰ ਭੁਗਤਣੀ ਪੈਂਦੀ ਹੈ। ਇਵੇਂ ਹੀ ਘਰਾਂ, ਕਾਰਾਂ, ਦੁਕਾਨਾਂ, ਦਫਤਰਾਂ ਸਭ ਥਾਂਈਂ ਏ ਸੀ ਲੱਗੇ ਹਨ। ਇਸ ਨਾਲ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈ। ਨੁਕਸਾਨ ਕਿਸਾਨ ਦਾ ਹੋ ਰਿਹਾ ਹੈ। ਇਸ ਵਾਰ ਕਣਕ ਦੇ ਘਟੇ ਝਾੜ ਦਾ ਇਹੋ ਹੀ ਕਾਰਨ ਹੈ।

ਜੇਕਰ ਪਾਣੀ ਦੀ ਬੱਚਤ ਕਰਨੀ ਹੈ ਤਾਂ ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ। ਘਰਾਂ ਵਿੱਚ ਪਾਣੀ ਦੇ ਮੀਟਰ ਲਗਾਏ ਜਾਣ ’ਤੇ ਮਿੱਥੇ ਸਮੇਂ ’ਤੇ ਹੀ ਪਾਣੀ ਦਿੱਤਾ ਜਾਵੇ। ਕਿਸਾਨ ਤੋਂ ਮੱਕੀ, ਦਾਲਾਂ ਦੀ ਖਰੀਦ ਕੀਤੀ ਜਾਵੇ ਤਾਂ ਜੋ ਉਹ ਉੱਚੀਆਂ ਤੇ ਰੇਤਲੀਆਂ ਧਰਤੀਆਂ ਵਿੱਚ ਝੋਨੇ ਦੀ ਖੇਤੀ ਨਾ ਕਰੇ। ਧਰਤੀ ਹੇਠ ਪਾਣੀ ਭੇਜਣ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣ। ਧਰਤੀ ਹੇਠ ਪਾਣੀ ਦਾ ਕੋਈ ਭੰਡਾਰ ਨਹੀਂ ਹੈ। ਇਹ ਤਾਂ ਬਰਸਾਤ ਤੇ ਦਰਿਆਵਾਂ ਰਾਹੀਂ ਭੰਡਾਰ ਬਣਾਇਆ ਜਾਂਦਾ ਹੈ। ਮਾਲਵੇ ਤੇ ਬਹੁਤੇ ਇਲਾਕੇ ਵਿੱਚ ਤਾਂ ਹੁਣ ਵੀ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲਦਾ ਹੈ। ਜਦੋਂ ਸਿੰਚਾਈ ਹਲਟਾਂ ਨਾਲ ਹੁੰਦੀ ਸੀ ਉਦੋਂ ਵੀ ਗਰਮੀਆਂ ਵਿੱਚ ਖੂਹਾਂ ਦਾ ਪਾਣੀ ਹੇਠਾਂ ਚਲਾ ਜਾਂਦਾ ਸੀ ਤੇ ਵਾਧੂ ਟਿੰਡਾਂ ਪਾਉਣੀਆਂ ਪੈਂਦੀਆਂ ਸਨ। ਕਈ ਵਾਰ ਤਾਂ ਖੂਹ ਸੁੱਕ ਜਾਂਦੇ ਸਨ ਤੇ ਮੀਂਹ ਪੈਣ ਨਾਲ ਮੁੜ ਭਰਦੇ ਸਨ। ਪੰਜਾਬ ਵਿੱਚ ਕੈਰੋਂ ਸਾਹਿਬ ਨੇ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਲਗਭਗ ਹਰੇਕ ਖੇਤ ਤੀਕ ਨਹਿਰੀ ਪਾਣੀ ਪਹੁੰਚਾਇਆ ਸੀ। ਇਨ੍ਹਾਂ ਨਹਿਰਾਂ ਦੀ ਬਦੌਲਤ ਹੀ ਧਰਤੀ ਹੇਠ ਪਾਣੀ ਦੇ ਭੰਡਾਰ ਵਿੱਚ ਵਾਧਾ ਹੋਇਆ ਸੀ। ਜੇਕਰ ਟਿਊਬਵੈਲ ਨਾ ਲਗਦੇ ਤਾਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਸੇਮ ਹੋ ਜਾਣੀ ਸੀ। ਹੁਣ ਵੀ ਸਾਨੂੰ ਇਹ ਨਹਿਰਾਂ ਤੇ ਖਾਲਿਆਂ ਨੂੰ ਬਰਸਾਤ ਤੋਂ ਪਹਿਲਾਂ ਸਾਫ ਕਰਵਾ ਕੇ ਪਾਣੀ ਨਾਲ ਭਰਨਾ ਚਾਹੀਦਾ ਹੈ। ਬਰਸਾਤ ਵਿੱਚ ਦਰਿਆ ਪਾਣੀ ਨਾਲ ਭਰ ਜਾਂਦੇ ਹਨ। ਇਸ ਕਰਕੇ ਸਾਰੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਅੱਗੇ ਪਿੰਡਾਂ ਸ਼ਹਿਰਾਂ ਵਿੱਚ ਤਲਾਬ ਤੇ ਟੋਭੇ ਹੁੰਦੇ ਸਨ। ਸੜਕਾਂ ਵੀ ਕੱਚੀਆਂ ਸਨ। ਇੰਝ ਪਾਣੀ ਧਰਤੀ ਹੇਠ ਚਲਾ ਜਾਂਦਾ ਸੀ ਹੁਣ ਟੋਭੇ ਪੂਰ ਦਿੱਤੇ ਗਏ ਹਨ। ਸੜਕਾਂ ਪੱਕੀਆਂ ਹੋ ਗਈਆਂ ਹਨ। ਇਸ ਕਰਕੇ ਬਰਸਾਤ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਸਰਕਾਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਟੋਭਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

ਹੁਣ ਪਾਣੀ ਦੇ ਗੰਦੇ ਹੋਣ ਬਾਰੇ ਚਰਚਾ ਕਰਦੇ ਹਨ। ਇਸਦਾ ਦੋਸ਼ੀ ਵੀ ਕਿਸਾਨ ਨੂੰ ਹੀ ਬਣਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਘੱਟ ਕਰਨ ਦੀ ਲੋੜ ਹੈ ਪਰ ਇਹ ਪਾਣੀ ਵਿੱਚ ਘੁਲਦੀਆਂ ਨਹੀਂ ਹਨ। ਪਾਣੀ ਨੂੰ ਤਾਂ ਸ਼ਹਿਰੀ ਲੋਕ ਗੰਦਾ ਕਰਦੇ ਹਨ। ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ਸਤਲੁਜ ਵਿੱਚ ਪੈਂਦਾ ਹੈ ਤੇ ਉੱਥੋਂ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਲੋਕੀਂ ਇਸੇ ਜ਼ਹਿਰੀਲੇ ਪਾਣੀ ਨੂੰ ਪੀਂਦੇ ਹਨ। ਇਸ ਇਲਾਕੇ ਨੂੰ ਕੈਂਸਰ ਪੱਟੀ ਇਸੇ ਪਾਣੀ ਨੇ ਬਣਾਇਆ ਹੈ। ਅੱਧੀ ਸਦੀ ਤੋਂ ਰੌਲਾ ਪੈ ਰਿਹਾ ਹੈ ਪਰ ਅਜੇ ਤਕ ਇਸ ਗੰਦੇ ਪਾਣੀ ਨੂੰ ਸਤਲੁਜ ਵਿੱਚ ਜਾਣ ਤੋਂ ਰੋਕਿਆ ਨਹੀਂ ਗਿਆ। ਇਸ ਨੂੰ ਸਾਫ ਕਰਕੇ ਸਿੰਚਾਈ ਲਈ ਵਰਤਣ ਦਾ ਵੀ ਕੋਈ ਯਤਨ ਨਹੀਂ ਹੋਇਆ। ਬਹੁਤੇ ਘਰਾਂ ਵਿੱਚ ਗਰਕੀ ਟੌਇਲਟਾਂ ਹਨ। ਇਹ ਸਾਰਾ ਗੰਦ ਧਰਤੀ ਹੇਠ ਪਾਣੀ ਨੂੰ ਗੰਦਾ ਕਰਦਾ ਹੈ। ਬਹੁਤੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਵੇਂ ਹੀ ਧਰਤੀ ਹੇਠ ਭੇਜਿਆ ਜਾਂਦਾ ਹੈ। ਇਸ ਬਾਰੇ ਕਦੇ ਚਰਚਾ ਨਹੀਂ ਹੋਈ। ਜੇਕਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਾਣੀ ਦੀ ਬੱਚਤ ਹੋਵੇ ਤੇ ਇਸ ਨੂੰ ਗੰਦਾ ਹੋਣ ਤੋਂ ਰੋਕਿਆ ਜਾਵੇ ਤਾਂ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਇੱਕ ਕਾਰਜਕਾਰੀ ਯੋਜਨਾ ਬਣਾਈ ਜਾਵੇ ਤੇ ਉਸ ਉੱਤੇ ਸੰਜੀਦਗੀ ਨਾਲ ਯਤਨ ਕੀਤੇ ਜਾਣ। ਕੇਵਲ ਕਿਸਾਨਾਂ ਦੇ ਸਿਰ ਦੋਸ਼ ਮੜ੍ਹਨ ਨਾਲ ਕੋਈ ਸੁਧਾਰ ਨਹੀਂ ਹੋਵੇਗਾ। ਕਿਸਾਨ ਦੀ ਤਾਂ ਵਾਹੀ ਹੇਠ ਧਰਤੀ ਹਰ ਸਾਲ ਘਟ ਰਹੀ ਹੈ ਤੇ ਅਸੀਂ ਉਸ ਨੂੰ ਖਾਲੀ ਰੱਖਣ ਦੀ ਸਲਾਹ ਦੇ ਰਹੇ ਹਾਂ। ਇਸ ਸ਼ਾਇਦ ਸੰਭਵ ਨਹੀਂ ਹੋਵੇਗਾ। ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਸਰਕਾਰੀ ਯਤਨ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਗੰਭੀਰ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈ। ਕਿਸਾਨ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਹੈ ਕਿ ਨਹਿਰੀ ਪ੍ਰਬੰਧ ਨੂੰ ਮੁੜ ਕੇ ਚਾਲੂ ਕਰਵਾਉਣ। ਇਸ ਨਾਲ ਜਿੱਥੇ ਧਰਤੀ ਹੇਠ ਪਾਣੀ ਜਾਵੇਗਾ, ਉੱਥੇ ਟਿਊਬਵੈਲ ਬੰਦ ਹੋ ਜਾਣਗੇ। ਪਾਣੀ ਤੇ ਬਿਜਲੀ ਦੀ ਬੱਚਤ ਹੋਵੇਗੀ। ਘਟ ਰਹੇ ਪਾਣੀ ਅਤੇ ਵਧ ਰਹੀ ਆਲਮੀ ਤਪਸ਼ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ। ਕਿਸਾਨ ਜਥੇਬੰਦੀਆਂ ਸਰਕਾਰ ਨੂੰ ਇਸ ਪਾਸੇ ਫੌਰੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀਆਂ ਹਨ। ਅਜਿਹਾ ਕੀਤਿਆਂ ਕਿਸਾਨਾਂ ਦੇ ਹੱਕਾਂ ਦੀ ਸਭ ਤੋਂ ਵਧੀਆ ਢੰਗ ਨਾਲ ਰਾਖੀ ਹੋ ਸਕੇਗੀ।

Read 276 times