1990 ਵਿੱਚ ਮੈਂ ਪਹਿਲੀ ਵਾਰ ਅਮਰੀਕਾ-ਕੈਨੇਡਾ ਗਿਆ ਤਾਂ ਹਰ ਮਿਲਣ ਵਾਲੇ ਪੰਜਾਬੀ ਨੇ ਪੁੱਛਿਆ, “ਪੰਜਾਬ ਦਾ ਕੀ ਹਾਲ ਐ? ਫਲਾਣਾ ਫਲਾਣਾ ਕਿਵੇਂ ਐਂ? ਪਿੰਡ ਦੀ ਕੋਈ ਨਵੀਂ ਤਾਜ਼ੀ ਸੁਣਾਓ।” ਮੈਂ ਮਹਿਸੂਸ ਕੀਤਾ ਕਿ ਸਾਡੇ ਲੋਕਾਂ ਨੂੰ ਵਤਨ ਦੀਆਂ ਗੱਲਾਂ ਸੁਣਨ ਦੀ ਬੜੀ ਭੁੱਖ ਹੈ। ਉਹ ਰਹਿੰਦੇ ਭਾਵੇਂ ਪਰਦੇਸਾਂ `ਚ ਹਨ ਪਰ ਦਿਲ ਪੰਜਾਬ ਵਿੱਚ ਈ ਵੱਸਦੈ। ਮੈਂ ਹੁਣ ਵੀ ਵੇਖਦਾਂ ਕਿ ਪਰਦੇਸਾਂ ਵਿੱਚ ਛਪਦੇ ਪੰਜਾਬੀ ਅਖ਼ਬਾਰ ਪੰਜਾਬ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਨੇ ਤੇ ਰੇਡੀਓ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ ਵੀ ਪੰਜਾਬ ਗੂੰਜ ਰਿਹਾ ਹੁੰਦੈ। ਕਿਸੇ ਨੇ ਆਪਣੇ ਰੇਡੀਓ ਪ੍ਰੋਗਰਾਮ ਦਾ ਨਾਂ ‘ਦੇਸੀ ਜੰਕਸ਼ਨ’ ਰੱਖਿਐ ਹੋਇਐ, ਕਿਸੇ ਨੇ ‘ਪੰਜਾਬ ਦੀ ਗੂੰਜ’ ‘ਰੰਗਲਾ ਪੰਜਾਬ’ ‘ਗਾਉਂਦਾ ਪੰਜਾਬ’ ‘ਪੰਜਾਬੀ ਲਹਿਰਾਂ’ ਤੇ ਕਿਸੇ ਨੇ ‘ਸ਼ੇਰੇ ਪੰਜਾਬ’। ਪਰਦੇਸੀ ਬੰਦਾ ਦੇਸ਼ ਦੀ ਕੁੱਝ ਵਧੇਰੇ ਹੀ ਖਿੱਚ ਰੱਖਦਾ ਹੈ। ਸੰਤ ਰਾਮ ਉਦਾਸੀ ਨੇ ਵੀ ਲਿਖਿਆ ਸੀ-ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇੱਕ ਦਰਵੇਸ਼ …।
ਵੈਨਕੂਵਰ ਦੇ ਰਸਾਲੇ ‘ਇੰਡੋ-ਕੈਨੇਡੀਅਨ ਟਾਇਮਜ਼’ ਵਿੱਚ ਮੈਂ ਆਪਣੀ ਅਮਰੀਕਾ ਫੇਰੀ ਦੇ ਅੱਖੀਂ ਡਿੱਠੇ ਨਜ਼ਾਰੇ ਛਪਵਾਉਣ ਤੋਂ ਬਾਅਦ ਮਹਿਸੂਸ ਕੀਤਾ ਕਿ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਨਜ਼ਾਰੇ ਵੀ ਵਿਖਾਏ ਜਾਣ। ਮੈਂ ਆਪਣੇ ਕਾਲਮ ਦਾ ਨਾਂ ‘ਬਾਤਾਂ ਵਤਨ ਦੀਆਂ’ ਰੱਖ ਲਿਆ ਜੋ ਇੰਡੋ-ਕੈਨੇਡੀਅਨ ਟਾਇਮਜ਼ ਵਿੱਚ ਚਿੱਠੀਆਂ ਦੇ ਰੂਪ ਵਿੱਚ ਛਪਣ ਲੱਗਾ। ਪਾਠਕਾਂ ਨੇ ਉਸ ਕਾਲਮ ਵਿੱਚ ਬੜੀ ਦਿਲਚਸਪੀ ਵਿਖਾਈ। ਬਾਅਦ ਵਿੱਚ ਮੈਂ ਕੁੱਝ ਚਿੱਠੀਆਂ ਛਾਂਟ ਕੇ ‘ਬਾਤਾਂ ਵਤਨ ਦੀਆਂ’ ਨਾਂ ਦੀ ਪੁਸਤਕ ਵੀ ਛਪਣੀ ਦਿੱਤੀ ਜੋ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ।
ਮੈਂ ਮਹੀਨੇ `ਚ ਇੱਕ ਚਿੱਠੀ ਲਿਖਦਾ ਸਾਂ। ਜਦੋਂ ਕਦੇ ਖੁੰਝ ਜਾਂਦਾ ਤਾਂ ਪਾਠਕਾਂ ਤੋਂ ਮਾਫੀ ਮੰਗਦਾ। ਕਈ ਪਾਠਕ ਚਿੱਠੀਆਂ ਦੀ ਚਾਟ `ਤੇ ਲੱਗ ਗਏ ਸਨ ਜਿਵੇਂ ਹੁਣ ‘ਬਕੱਲਮਖੁਦ’ ਦੀ ਚਾਟ `ਤੇ ਲੱਗੇ ਹਨ। ਕਾਲਮ ਦੀ ਕਿਸ਼ਤ ਖੁੰਝ ਜਾਵਾਂ ਤਾਂ ਉਲਾਂਭੇ ਮਿਲਦੇ ਹਨ। ਮੈਂ ਕਿਸ਼ਤਾਂ ਬੰਦ ਕਰਨ ਨੂੰ ਫਿਰਦਾ ਹਾਂ ਪਰ ਉਹ ਮੈਥੋਂ ਵਧਵਾਈ ਜਾਂਦੇ ਹਨ। ਜੇ ਪਾਠਕ ਬੰਦ ਕਰਨ ਨੂੰ ਕਹਿ ਦੇਣ ਤਾਂ ਮੇਰਾ ਕੰਮ ਹੋਰ ਸੌਖਾ ਹੋ ਜਾਵੇ। ਮੇਰੀ ਜੀਵਨ ਗਾਥਾ ‘ਹਸੰਦਿਆਂ ਖੇਲੰਦਿਆਂ’ ਨਾਂ ਦੀ ਪੁਸਤਕ ਵਿੱਚ ਵੀ ਪ੍ਰਕਾਸ਼ਤ ਹੋਵੇਗੀ। ਰਹਿੰਦੀਆਂ ਗੱਲਾਂ ਉਹਦੇ `ਚ ਪੜ੍ਹਨ ਨੂੰ ਮਿਲ ਜਾਣਗੀਆਂ।
‘ਬਾਤਾਂ ਵਤਨ ਦੀਆਂ’ ਕਾਲਮ ਦੀ ਪਹਿਲੀ ਚਿੱਠੀ ਸਤੰਬਰ 1992 ਵਿੱਚ ਛਪੀ ਸੀ। ਉਸ ਦੀਆਂ ਮੁੱਢਲੀਆਂ ਸਤਰਾਂ ਸਨ, “ਲਿਖ ਤੁਮ ਪੰਜਾਬ ਸਿੰਘ, ਅੱਗੇ ਜੋਗ ਪਰਦੇਸੀ ਵੀਰੋ। ਇਥੇ ਸਭ ਸੁੱਖ ਸਾਂਦ ਹੈ ਤੇ ਤੁਹਾਡੀ ਰਾਜ਼ੀ ਖੁਸ਼ੀ ਨੇਕ ਚਾਹੁੰਦੇ ਹਾਂ। ਹੋਰ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਇੱਕ ਹੋਮ ਗਾਰਡੀਆ ਮਾਰਿਆ ਗਿਆ ਸੀ। ਉਹਦੇ ਬਦਲੇ ਪੁਲਸ ਨੇ ਪਿੰਡ ਦੇ ਤਿੰਨ ਮੁੰਡੇ ‘ਪੁਲਸ ਮੁਕਾਬਲਾ’ ਬਣ ਕੇ ਮਾਰ ਦਿੱਤੇ ਨੇ …।” ਅੱਗੇ ਵੇਰਵਾ ਲਿਖਿਆ ਸੀ ਕਿ ਪੁਲਸ ਨੇ ਮੁਕਾਬਲੇ ਦੀ ਕਹਾਣੀ ਕਿਵੇਂ ਬਣਾਈ? ਕਿਵੇਂ ਡੋਡਿਆਂ ਦੇ ਟਰੱਕ ਨੇ ਅਮਲੀਆਂ ਦਾ ਡੰਗ ਸਾਰਿਆ, ਸਮੱਗਲਰ ਨੇ ਪੁਲਸ ਨਾਲ ਰਲ ਕੇ ਪੈਸੇ ਵੱਟੇ ਤੇ ਅੱਗੋਂ ਪੁਲਸ ਨੇ ਡੋਡੇ ਖਾੜਕੂਆਂ ਦੇ ਹਥਿਆਰ ਦੱਸ ਕੇ ਤਿੰਨ ਨਿਰਦੋਸ਼ ਮੁੰਡੇ ਮਾਰ ਮੁਕਾਏ ਤੇ ਇਨਾਮ ਹਾਸਲ ਕੀਤੇ। ਅੱਗੇ ਪੁਲਿਸ ਜੀਹਤੋਂ ਪੈਣੇ ਝਾੜਨੇ ਹੋਣ ਉਹਦੇ ਸਿਰ ਫੀਮ ਡੋਡੇ ਜਾਂ ਨਜਾਇਜ਼ ਅਸਲਾ ਪਾ ਦਿੰਦੀ ਸੀ। ਹੁਣ ਪੁਲਿਸ ਫੜੇ ਹੋਏ ਬੰਦੇ ਨੂੰ ਮਾਰ ਕੇ ਮਰਨ ਵਾਲੇ ਦਾ ‘ਪੁਲਸ ਮੁਕਾਬਲਾ’ ਬਣਾ ਦਿੰਦੀ ਹੈ। ਚਿੱਠੀ ਵਿੱਚ ਭੰਡਾਂ ਦੇ ਇੱਕ ਮਜਮੇ ਦਾ ਜ਼ਿਕਰ ਸੀ:
-ਲੈ ਬਈ ਜਦੋਂ ਅਸੀਂ ਜੰਮਣ ਲੱਗੇ।
-ਹਾਂ ਬਈ ਜਦੋਂ ਅਸੀਂ ਜੰਮਣ ਲੱਗੇ।
-ਪਿੰਡ ਵਿੱਚ ਡੌਂਡੀ ਪਿੱਟੀ ਗਈ ਬਈ ਭੰਡ ਜੰਮਣ ਲੱਗੇ ਆ। ਆ ਜੋ ਜੀਹਨੇ ਦੇਖਣੇ ਆਂ।
-ਦੇਖਦੇ ਦੇਖਦੇ ਵਿਹੜਾ ਲੋਕਾਂ ਨਾਲ ਭਰ ਗਿਆ। ਵਿਚੇ ਕਾਂਗਰਸੀ ਵਿਚੇ ਅਕਾਲੀ।
-ਜੰਮਣ ਤੋਂ ਪਹਿਲਾਂ ਈ ਇੱਕ ਪਾਰਟੀ ਨੇ ਨਾਅ੍ਹਰਾ ਲਾਤਾ ਬਈ ਜੰਮਣ ਵਾਲੇ ਜ਼ਿੰਦਾਬਾਦ।
-ਦੂਜੀ ਪਾਰਟੀ ਕਿਹੜਾ ਘੱਟ ਸੀ? ਉਹ ਕਹਿੰਦੀ ਜੰਮਣ ਵਾਲੇ ਮੁਰਦਾਬਾਦ।
-ਓਥੇ ਤਾਂ ਜੀ ਡਾਂਗ ਖੜਕ ਪਈ ਤੇ ਅਮਨ ਕਨੂੰਨ ਦਾ ਮਸਲਾ ਖੜ੍ਹਾ ਹੋ ਗਿਆ।
-ਪੁਲਸ ਦੀਆਂ ਗੱਡੀਆਂ ਆਗੀਆਂ। ਟੀਅਰ ਗੈਸ ਦੇ ਗੋਲੇ ਚੱਲਪੇ। ਕਰਫੂ ਲੱਗ ਗਿਆ।
-ਅਸੀਂ ਜੰਮਣਾ ਵਿਚੇ ਛੱਡਤਾ ਬਈ ਕਰਫੂ `ਚ ਜੇਹੇ ਜੰਮੇ ਜੇਹੇ ਨਾ ਜੰਮੇ।
-ਮਾਈ ਸਾਡੀ ਅੱਡ ਔਖੀ। ਉਹ ਆਖੇ, ਵੇ ਛੇਤੀ ਜੰਮੋ, ਮੇਰੀ ਜਾਨ ਸੁਖਾਲੀ ਕਰੋ।
-ਅਸੀਂ ਕਿਹਾ, ਮਾਈ ਜੰਮ ਤਾਂ ਪਈਏ ਪਰ ਮੂਹਰੇ ਪੁਲਸ ਖੜ੍ਹੀ ਆ।
-ਉਹ ਕਹਿੰਦੀ, ਵੇ ਪੁਲਸ ਥੋਨੂੰ ਕੀ ਆਂਹਦੀ ਆ? ਇਹ ਤਾਂ ਸਗੋਂ ਰਾਖੀ ਕਰੂ।
-ਅਸੀਂ ਕਿਹਾ, ਮਾਈ ਰਾਖੀ ਰੂਖੀ ਨੂੰ ਛੱਡ। ਸਾਨੂੰ ਤਾਂ ਏਹੋ ਡਰ ਆ ਬਈ ਕਿਤੇ ਜੰਮਦਿਆਂ ਦਾ ਈ ਪੁਲਸ ਮੁਕਾਬਲਾ ਨਾ ਬਣਾ ਧਰੇ!
ਦੂਜੀ ਚਿੱਠੀ ਮੈਂ ਮਹੀਨੇ ਮਗਰੋਂ ਲਿਖੀ। ਪਿਆਰੇ ਵੀਰੋ, ਉਮੀਦ ਹੈ ਪਹਿਲੀ ਚਿੱਠੀ ਮਿਲ ਗਈ ਹੋਵੇਗੀ ਤੇ ਸੁੱਖ ਸਾਂਦ ਦਾ ਪਤਾ ਲੱਗ ਗਿਆ ਹੋਵੇਗਾ। ਅੱਸੂ ਦਾ ਮਹੀਨਾ ਚੜ੍ਹ ਗਿਐ। ਦਿਨੇ ਗਰਮੀ ਹੁੰਦੀ ਐ ਪਰ ਰਾਤਾਂ ਠੰਢੀਆਂ ਹੋਣ ਲੱਗ ਪਈਆਂ। ਸੱਚੀ ਗੱਲ ਹੈ, ਅੱਸੂ ਮਾਂਹ ਨਿਰਾਲਾ ਦਿਨੇ ਧੁੱਪ ਤੇ ਰਾਤੀਂ ਪਾਲਾ। ਰੁੱਤ ਬਦਲ ਰਹੀ ਐ, ਬਾਸਮਤੀ ਦੇ ਖੇਤ ਮਹਿਕ ਰਹੇ ਆ। ਸਿਆਲਾ ਆਪਣੀ ਆਮਦ ਦੇ ਸੁਨੇਹੇ ਘੱਲਣ ਲੱਗ ਪਿਐ। ਬਾਬੇ ਫਰੀਦ ਨੇ ਲਿਖਿਐ, ਸੀਆਲੇ ਸੋਂਹਦੀਆਂ ਪਿਰ ਗਲ ਬਾਂਹੜੀਆਂ। ਕਵੀ ਪੂਰਨ ਸਿੰਘ ਫੁਰਮਾਉਂਦੈ-ਲੰਮੀਆਂ ਰਾਤਾਂ ਸਿਆਲ ਦੀਆਂ ਪਿਆਰ ਵਾਲੀਆਂ‥। ਏਥੇ ਪਰਦੇਸੀਂ ਤੁਰ ਗਏ ਕੰਤਾਂ ਦੀਆਂ ਨਾਰਾਂ ਦੀ ਬੇਵਸੀ ਵਧਦੀ ਜਾਂਦੀ ਐ:
-ਚੜ੍ਹਿਆ ਮਹੀਨਾ ਅੱਸੂ, ਸੁਣ ਨੀ ਭੋਲੀਏ ਸੱਸੂ, ਨੀ ਨਣਦੇ ਭੋਲੀਏ
ਪੀਆ ਵਸੇ ਪਰਦੇਸ ਕੀਹਦੇ ਨਾਲ ਬੋਲੀਏ?
ਪਹਿਲਾਂ ਪੰਜਾਬੀਆਂ ਨੂੰ ਅੰਗਰੇਜ਼ ਲਾਮ `ਤੇ ਲੈ ਜਾਂਦਾ ਸੀ ਤੇ ਪੰਜਾਬਣਾਂ ਬਿਰਹਾ ਦੇ ਗੀਤ ਗਾਉਣ ਜੋਗੀਆਂ ਰਹਿ ਜਾਂਦੀਆਂ ਸਨ। ਹੁਣ ਰੁਜ਼ਗਾਰ ਦੇ ਮਾਰੇ ਬਥੇਰੇ ਪੰਜਾਬੀ ਪਰਦੇਸੀ ਹੋਏ ਫਿਰਦੇ ਨੇ। ਉਨ੍ਹਾਂ ਨੂੰ ਵਤਨਾਂ ਦੀ ਯਾਦ ਸਤਾਉਂਦੀ ਹੈ ਤੇ ਵਤਨੀਆਂ ਨੂੰ ਪਰਦੇਸੀਆਂ ਦੇ ਸੁੱਖ ਸੁਨੇਹਿਆਂ ਦੀ ਉਡੀਕ ਰਹਿੰਦੀ ਹੈ। ਪਰਿਵਾਰਾਂ ਨੂੰ `ਕੱਠਿਆਂ ਕਰਨ ਲਈ ਪਾਈਆਂ ਅਰਜ਼ੀਆਂ ਅੰਬੈਸੀਆਂ `ਚੋਂ ਨਿਕਲਣ ਦਾ ਨਾਂ ਨੀ ਲੈਂਦੀਆਂ। ਓਧਰ ਗਰੀਨ ਕਾਰਡਾਂ ਦੀ ਉਡੀਕ ਕਈਆਂ ਦੀ ਜੁਆਨੀ ਢਾਲੀ ਜਾ ਰਹੀ ਐ। ਰੰਗ ਖੁਰ ਗਿਆ ਖੇਸੀ ਦਾ, ਜ਼ਿੰਦਗੀ ਬੇਰੰਗ ਹੋ ਗਈ ਕਾਹਦਾ ਮਾਣ ਪਰਦੇਸੀ ਦਾ। ਪੰਜਾਬੀਆਂ ਦੀ ਇਹ ਕੈਸੀ ਹੋਣੀ ਹੈ?
ਤੁਹਾਡੇ `ਚੋਂ ਟਾਵੇਂ ਵਿਰਲੇ ਐਤਕੀਂ ਸਿਆਲਾਂ `ਚ ਦੇਸ਼ ਗੇੜਾ ਮਾਰਨਗੇ ਤੇ ਚੁੱਲ੍ਹਿਆਂ ਦੀ ਅੱਗ ਮੂਹਰੇ ਬਹਿ ਕੇ ਆਪਣਾ ਗੁਆਚਿਆ ਨਿੱਘ ਭਾਲਣਗੇ। ਪੰਜਾਬ ਬੇਸ਼ਕ ਵੱਢਿਆ ਟੁੱਕਿਆ ਪਿਆ ਹੈ ਪਰ ਇਹਦੀ ਗੋਦ ਵਿੱਚ ਖੇਡਣ ਪਿੱਛੋਂ ਇਹਦੀ ਬੁੱਕਲ `ਚ ਬਹਿਣ ਬਿਨਾਂ ਹੋਰ ਕੋਈ ਚਾਰਾ ਵੀ ਤਾਂ ਨਹੀਂ। ਵਤਨ ਵਤਨ ਹੀ ਹੁੰਦਾ ਹੈ ਭਾਵੇਂ ਉਜਾੜ ਤੇ ਰੋਹੀ ਬੀਆਬਾਨ ਹੀ ਕਿਉਂ ਨਾ ਹੋਵੇ। ਪੰਜਾਬ ਦੀ ਅਜੋਕੀ ਦੁਰਦਸ਼ਾ ਵੇਖਦਿਆਂ ਇੱਕ ਕਵੀ ਦਾ ਤਰਲਾ ਹੈ:
-ਹਟ ਹਾਕਮਾਂ ਤੇ ਤੂੰ ਵੀ ਟਲ ਸ਼ੇਰ ਬੱਲਿਆ, ਚਿੱਟਾ ਕਪੜਾ ਬਜ਼ਾਰਾਂ ਵਿਚੋਂ ਮੁੱਕ ਚੱਲਿਆ …।
-ਖੰਭ ਖਿੱਲਰੇ ਨੇ ਕਾਵਾਂ ਦੇ, ਰੋਕ ਲਓ ਨਿਸ਼ਾਨੇਬਾਜ਼ੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ …।
ਅਗਲੇ ਮਹੀਨੇ ਮੈਂ ਚਿੱਠੀ ਲਿਖੀ, ਦੋਸਤੋ ਕੱਤੇ ਦਾ ਮਹੀਨਾ ਚੜ੍ਹ ਗਿਐ। ਉਤੋਂ ਕੰਮਾਂ ਦਾ ਜ਼ੋਰ ਐ। ਪੰਜਾਬ ਦੀ ਹਵਾ ਵਿੱਚ ਪਰਾਲੀਆਂ ਦਾ ਧੂੰਆਂ ਤੇ ਰਾਹਾਂ ਦੀ ਧੂੜ ਘੁਲੀ ਹੋਈ ਹੈ। ਮੰਡੀਆਂ ਵਿੱਚ ਝੋਨੇ ਦੀਆਂ ਟਰਾਲੀਆਂ ਠਹਿਕ ਰਹੀਐਂ ਤੇ ਢੇਰੀ ਉਤੇ ਢੇਰੀ ਚੜ੍ਹੀ ਪਈ ਐ …।
ਅਗਲੀ ਚਿੱਠੀ `ਚ ਲਿਖਿਆ, ਪਿਆਰੇ ਵਤਨੀਓਂ, ਤੁਹਾਡੇ ਵੱਲੋਂ ਬੇਸ਼ੱਕ ਮੈਨੂੰ ਕੋਈ ਚਿੱਠੀ ਨਹੀਂ ਮਿਲੀ ਪਰ ਮੈਂ ਤੁਹਾਨੂੰ ਲਗਾਤਾਰ ਚਿੱਠੀਆਂ ਲਿਖਦਾ ਰਹਾਂਗਾ। ਪੰਜਾਬ ਵਿੱਚ ਤੱਤੀਆਂ `ਵਾਵਾਂ ਵਗ ਰਹੀਐਂ। ਜਦੋਂ ਕਦੇ ਠੰਢੀ `ਵਾ ਦਾ ਬੁੱਲਾ ਆਉਂਦੈ ਤਾਂ ਤਨ ਮਨ ਸਰੂਰਿਆ ਜਾਂਦੈ। ਕੁੱਝ ਇਸੇ ਤਰ੍ਹਾਂ ਦਾ ਅਹਿਸਾਸ ਪ੍ਰੋ.ਮੋਹਨ ਸਿੰਘ ਯਾਦਗਾਰੀ ਮੇਲਾ ਵੇਖਦਿਆਂ ਹੋਇਆ। ਜੀਹਨੇ ਨੱਚਦਾ ਗਾਉਂਦਾ ਪੰਜਾਬ ਵੇਖਣਾ ਹੋਵੇ ਉਹ ਸਿੱਧਾ ਲੁਧਿਆਣੇ ਦਾ ਮੋਹਨ ਸਿੰਘ ਮੇਲਾ ਵੇਖਣ ਆਵੇ। ਉਥੇ ਆਏ ਸਾਲ 19-20 ਅਕਤੂਬਰ ਨੂੰ ਢੱਡਾਂ ਖੜਕਦੀਆਂ, ਸਾਰੰਗੀਆਂ ਕੂਕਦੀਆਂ, ਛੈਣੇ ਛਣਕਦੇ, ਢੋਲ ਵੱਜਦੇ, ਤੂੰਬੀਆਂ ਟੁਣਕਦੀਆਂ, ਅਲਗੋਜ਼ੇ ਗੂੰਜਦੇ ਤੇ ਬੁਘਦੂ ਬੋਲਦੇ ਹਨ। ਬੀਨ ਵਾਜਿਆਂ ਦੀਆਂ ਮਧੁਰ ਧੁਨਾਂ ਤੇ ਢੋਲ ਨਗਾਰਿਆਂ ਦੀਆਂ ਧਮਕਾਂ ਪੰਜਾਬੀ ਭਵਨ ਦੇ ਹਾਤੇ ਨੂੰ ਹਲੂਣ ਦਿੰਦੀਆਂ ਹਨ। ‘ਮੈਂ ਚੜ੍ਹ ਕੇ ਕਿਲਾ ਕੰਧਾਰ ਦਾ ਸਣ ਬੁਰਜੀਆਂ ਢ੍ਹਾਵਾਂ’ ਤੇ ‘ਦੁਨੀਆ ਗਾਉਂਦੀ ਰਹੂਗੀ ਜੋਧਿਆ ਦੀਆਂ ਵਾਰਾਂ’ ਵਰਗੇ ਜੋਸ਼ੀਲੇ ਬੋਲਾਂ ਤੋਂ ਲੈ ਕੇ ‘ਜੇ ਤੈਨੂੰ ਠੰਢ ਲੱਗਦੀ ਲੈ ਲੈ ਚਾਦਰਾ ਮੇਰਾ’ ਤੇ ‘ਬਹਿ ਜਾ ਪੀੜ੍ਹੇ `ਤੇ ਰੇਬ ਪਜਾਮੀ ਪਾ ਕੇ’ ਵਰਗੇ ਆਸ਼ਕੀ ਬੋਲਾਂ ਤਕ ਇਕੋ ਸਟੇਜ ਤੋਂ ਸਭ ਕੁੱਝ ਚੱਲੀ ਜਾਂਦਾ ਹੈ।
ਜਿਵੇਂ ਕਦੇ ਕਦੇ ਮੀਂਹ ਕਣੀ ਦੀ ਲੋੜ ਹੁੰਦੀ ਹੈ, ਧੁੱਪ ਛਾਂ ਦੀ, ਕਾਲੀਆਂ ਘਟਾਵਾਂ ਤੇ ਸਤਰੰਗੀਆਂ ਪੀਘਾਂ ਦੀ, ਉਵੇਂ ਜਿਊਂਦੇ ਜਾਗਦੇ ਲੋਕਾਂ ਨੂੰ ਮੇਲਿਆਂ ਦੀ ਲੋੜ ਐ। ਪੰਜਾਬ ਦੀਆਂ ਮੌਜੂਦਾ ਮਾਰੂ ਤੇ ਦੁਸ਼ਵਾਰ ਹਾਲਤਾਂ `ਚ ਕੁੱਝ ਤਾਂ ਹੱਸਣ ਖੇਡਣ ਤੇ ਨੱਚਣ ਗਾਉਣ ਦੇ ਮੌਕੇ ਮਿਲਣੇ ਹੀ ਚਾਹੀਦੇ ਨੇ।
ਫਿਰ ਮੈਂ ਤਿੰਨ ਚਾਰ ਮਹੀਨੇ ਚਿੱਠੀ ਨਾ ਲਿਖ ਸਕਿਆ। ਮਾਰਚ 93 ਵਿੱਚ ਚਿੱਠੀ ਲਿਖੀ, ਪਿਆਰੇ ਪਰਦੇਸੀ ਵੀਰੋ, ਨਿੱਘੀਆਂ ਯਾਦਾਂ! ਤੁਸੀਂ ਕੋਸਦੇ ਹੋਵੋਗੇ ਬਈ ਕਈ ਮਹੀਨਿਆਂ ਤੋਂ ਚਿੱਠੀ ਕਿਉਂ ਨਹੀਂ ਪਾਈ। ਕਿਤੇ ਸਾਡਾ ਬਾਈ ਪੁਲਸ ਦੇ ਢਹੇ ਈ ਨਾ ਚੜ੍ਹ ਗਿਆ ਹੋਵੇ! ਨਾਲੇ ਪੰਜਾਬ `ਚ ਬੰਦੇ ਦਾ ਕੀ `ਤਬਾਰ ਐ? ਅੰਨ੍ਹੇ ਅਧਿਕਾਰ ਨੇ ਪੁਲਸ ਕੋਲ। ਜੀਹਨੂੰ ਮਰਜ਼ੀ ਆ ਢਾਹ ਲੈਣ ਤੇ ਲੰਮਾਂ ਪਾ ਕੇ ਘੋਟਣਾ ਲਾ ਦੇਣ। ਜੀਹਨੂੰ ਮਰਜ਼ੀ ਚੁੱਕ ਲੈਣ, ਡੱਕ ਦੇਣ ਤੇ ਪੁਲਸ ਮੁਕਾਬਲਾ ਬਣਾ ਧਰਨ! ਸੱਤ ਅੱਠ ਹਜ਼ਾਰ ਨੌਜੁਆਨ ਖਾੜਕੂਆਂ ਦੇ ਨਾਂ `ਤੇ ਮਾਰੇ ਜਾ ਚੁੱਕੇ ਐ ਤੇ ਸੈਂਕੜੇ ਖਾਕੀ ਵਰਦੀ ਵਾਲੇ ਮਰ ਚੁੱਕੇ ਐ। ਦਸ ਬਾਰਾਂ ਹਜ਼ਾਰ ਸੰਨ੍ਹ ਵਿਚਾਲੇ ਈ ਰਗੜੇ ਗਏ ਹਨ। ਇੱਕ ਜੱਟ ਦੇ ਚਾਰ ਪੁੱਤ ਸਨ। ਵੱਡਾ ਫੌਜੀ ਸੀ। ਉਹ ਹਿੰਦ-ਪਾਕਿ ਦੀ ਜੰਗ `ਚ ਮਾਰਿਆ ਗਿਆ। ਓਦੂੰ ਛੋਟਾ ਪੁਲਸ `ਚ ਭਰਤੀ ਸੀ। ਤੀਜਾ ਖਾੜਕੂਆਂ ਨਾਲ ਰਲ ਗਿਆ ਜੀਹਨੂੰ ਪੁਲਿਸ ਨੇ ‘ਪੁਲਸ ਮੁਕਾਬਲਾ’ ਬਣਾ ਕੇ ਖਪਾਤਾ ਤੇ ਪੁਲਸੀਏ ਪੁੱਤਰ ਨੂੰ ਖਾੜਕੂਆਂ ਨੇ ਗੱਡੀ ਚੜ੍ਹਾਤਾ। ਬਚਦਾ ਇਕੋ ਪੁੱਤ ਸਭ ਕੁਛ ਵੇਚ ਵੱਟ ਕੇ ਬਾਹਰ ਭੱਜਣ ਨੂੰ ਫਿਰਦੈ। ਉਹਦੇ ਮਗਰ ਪੁਲਸ ਪਈ ਹੋਈ ਆ ਤੇ ਭੱਜੇ ਫਿਰਦੇ ਭਗੌੜੇ ਵੀ ਭਾਲਦੇ ਫਿਰਦੇ ਐ। ਵੇਖੋ ਬਚਦੈ ਜਾਂ ਉਹ ਵੀ ਮਰਦੈ? ਪਿਉ ਮਰ ਗਏ ਪੁੱਤਾਂ ਦੇ ਗ਼ਮ `ਚ ਮਰ ਰਿਹੈ। ਪਿਉ ਨੂੰ ਤੁਸੀਂ ਪੰਜਾਬ ਈ ਸਮਝ ਲਓ!
ਅਮਰੀਕਾ ਕੈਨੇਡਾ `ਚ ਵਿਚਰਦਿਆਂ ਮੈਨੂੰ ਕੁੱਝ ਪਾਠਕ ਵੀ ਮਿਲੇ ਸਨ। ਕਿਸੇ ਨੂੰ ਮੇਰੀ ਲਿਖਤ ਦਾ ਹਾਸ-ਵਿਅੰਗ ਚੰਗਾ ਲੱਗਦਾ ਸੀ, ਕਿਸੇ ਨੂੰ ਨਿੱਜੀ ਛੋਹਾਂ ਤੇ ਕਿਸੇ ਨੂੰ ਸਿੱਧੀ ਸਰਲ ਸ਼ੈਲੀ। ਕਿਸੇ ਨੂੰ ਖਿਡਾਰੀਆਂ ਦੀਆਂ ਗੱਲਾਂ ਪਸੰਦ ਸਨ, ਕਿਸੇ ਨੂੰ ਕਿਸਾਨਾਂ ਦੀਆਂ ਤੇ ਕਿਸੇ ਨੂੰ ਸਿਆਸਤਦਾਨਾਂ ਦੀਆਂ। ਕਈ ਦਾਰੂ ਬੂਟੀ ਤੇ ਅਮਲੀਆਂ ਦੀਆਂ ਗੱਲਾਂ ਸੁਣਨ ਦੇ ਸ਼ੌਕੀਨ ਸਨ। ਕਈਆਂ ਨੂੰ ਭਾਂਤ ਸੁਭਾਂਤੀ ਜਾਣਕਾਰੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ। ਲੇਖਕ ਮੂਹਰੇ ਹਰ ਤਰ੍ਹਾਂ ਦਾ ਪਾਠਕ ਹੁੰਦੈ। ਉਹਨੇ ਹਰੇਕ ਦਾ ਖਿਆਲ ਰੱਖਣਾ ਹੁੰਦੈ ਤਾਂ ਜੋ ਪਾਠਕਾਂ ਦਾ ਕੋਈ ਵਰਗ ਪਾਸਾ ਨਾ ਵੱਟੇ। ਹਾਸਾ ਖੇਡਾ ਆਪਣੀ ਥਾਂ ਹੁੰਦੈ ਤੇ ਦੁਖ ਦਰਦ ਆਪਣੀ ਥਾਂ। ਜਿਹੜਾ ਲੇਖਕ ਦੁਖੀ ਬੰਦੇ ਦੇ ਦਿਲ ਵਿੱਚ ਵੀ ਖੁਸ਼ੀ ਦੀ ਚਿਣਗ ਬਾਲ ਦੇਵੇ ਉਹ ਪਾਠਕਾਂ ਨੂੰ ਵਧੇਰੇ ਭਾਉਂਦੈ। ਸਾਹਿਤ ਦਾ ਮਕਸਦ ਵੀ ਜੀਵਨ `ਚ ਆਸ ਤੇ ਉਤਸ਼ਾਹ ਭਰਨਾ ਹੁੰਦਾ ਹੈ। ਲਿਖਤਾਂ ਡਿੱਗਿਆਂ ਨੂੰ ਉਠਾਉਣ ਲਈ ਹੁੰਦੀਆਂ ਹਨ ਨਾ ਕਿ ਉਠਿਆਂ ਨੂੰ ਡੇਗਣ ਲਈ।
ਮਈ 93 ਦੀ ਚਿੱਠੀ ਵਿੱਚ ਮੈਂ ਲਿਖਿਆ, ਪਿਆਰੇ ਵਤਨੀਓਂ, ਦੇਸ਼ `ਚ ਸੁੱਖ ਸਾਂਦ ਈ ਸਮਝੋ। ਗੋਲੀਆਂ ਚੱਲਦੀਆਂ ਤਾਂ ਹਨ ਪਰ ਪਹਿਲਾਂ ਨਾਲੋਂ ਘੱਟ ਹਨ। ਬੰਦੇ ਮਰਨ ਮਾਰਨ ਦੀ ਗਿਣਤੀ ਵੀ ਕੁੱਝ ਘਟੀ ਹੈ। ਅਸਲ ਵਿੱਚ ਇੱਕ ਧਿਰ ਦੀ ਗੋਲੀਬੰਦੀ ਹੋ ਗਈ ਹੈ ਤੇ ਦੂਜੀ ਧਿਰ ਚਾਂਭਲੀ ਹੋਈ ਹਵਾ `ਚ ਗੋਲੀਆਂ ਵਰ੍ਹਾਈ ਜਾਂਦੀ ਹੈ ਜਿਵੇਂ ਜਿੱਤ ਦੇ ਜਸ਼ਨ ਮਨਾ ਰਹੀ ਹੋਵੇ। ਦੂਜੇ ਚੌਥੇ ਦਿਨ ਕਿਸੇ ਇਨਾਮੀ ਖਾੜਕੂ ਨੂੰ ਮਾਰ ਲੈਣ ਦੀਆਂ ਖ਼ਬਰਾਂ ਛਪਦੀਆਂ ਹਨ। ਖ਼ਬਰਾਂ `ਚ ਵੇਰਵਾ ਹੁੰਦਾ ਹੈ ਕਿ ਜਿਹੜਾ ‘ਖਾੜਕੂ’ ਮਾਰਿਆ ਗਿਆ ਉਹਦੇ ਸਿਰ `ਤੇ ਪੱਚੀ ਲੱਖ ਦਾ ਇਨਾਮ ਸੀ ਤੇ ਉਹ ਪੰਜ ਸੌ ਕਤਲਾਂ ਲਈ ਜ਼ਿੰਮੇਵਾਰ ਸੀ। ਅਗਲੇ ਦਿਨ ਖ਼ਬਰ ਦੀ ਸੁਧਾਈ ਛਪਦੀ ਹੈ ਕਿ ਕੱਲ੍ਹ ਮਾਰਿਆ ਗਿਆ ਖਾੜਕੂ ਸ਼ਨਾਖਤ ਕਰਨ ਪਿੱਛੋਂ ਹੋਰ ਨਿਕਲਿਆ ਜੀਹਦੇ ਸਿਰ ਦਾ ਇਨਾਮ ਪੰਦਰਾਂ ਲੱਖ ਰੁਪਏ ਸੀ ਤੇ ਉਹ ਤਿੰਨ ਸੌ ਕਤਲ ਕਰ ਚੁੱਕਾ ਸੀ!
ਲੋਕ ਭਾਖਿਆ ਮੁਤਾਬਿਕ ਮਾਰੇ ਗਏ ‘ਖਾੜਕੂ’ ਦਾ ਖਾੜਕੂਆਂ ਨਾਲ ਜਾਂ ਕਿਸੇ ਦੇ ਵੀ ਨਾਲ ਕੋਈ ਲੈਣ ਦੇਣ ਨਹੀਂ ਸੀ ਹੁੰਦਾ। ਉਹ ਵਿਚਾਰਾ ਤਾਂ ਕਿਸੇ ਲਾਲਚੀ ਪੁਲਿਸ ਅਫਸਰ ਦੀ ਤਰੱਕੀ ਤੇ ਇਨਾਮ ਦੀ ਖ਼ਾਤਰ ਹੀ ਬਲਦੀ ਦੇ ਬੁੱਥੇ ਝੋਕ ਦਿੱਤਾ ਗਿਆ ਹੁੰਦਾ ਸੀ! ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਇਸ ਲੇਖੇ ਲੱਗੇ ਹਨ? ਵਿਚੇ ਵਰਦੀ ਵਾਲੇ ਤੇ ਵਿਚੇ ਬਗੈਰ ਵਰਦੀਓਂ। ਜਿਨ੍ਹਾਂ ਨੇ ਇਹ ਅੱਗ ਬਾਲੀ ਸੀ ਉਹ ਉਵੇਂ ਹੀ ਰਾਜ ਭਾਗ ਮਾਣ ਰਹੇ ਨੇ।
1994 ਦੀ ਇੱਕ ਚਿੱਠੀ ਕੁੱਝ ਇਸ ਪਰਕਾਰ ਸੀ। ਵਤਨੀ ਵੀਰੋ, ਤੁਸੀਂ ਸੋਚਦੇ ਹੋਵੋਗੇ ਕਿ ਕਿਹੋ ਜਿਹਾ ਬੰਦਾ ਹੈ ਜਿਹੜਾ ਐਤਕੀਂ ਵੀ ਚਿੱਠੀ ਪਾਉਣੋ ਪਛੜ ਗਿਐ। ਪੰਜਾਬ ਕਿਹੜਾ ਅਮਰੀਕਾ-ਕੈਨੇਡਾ, ਬਈ ਵਿਹਲ ਨਹੀਂ ਮਿਲਦੀ? ਪੰਜਾਬ `ਚ ਤਾਂ ਇੱਕ ਜੀਅ ਕੰਮ ਕਰਦੈ ਤੇ ਸਾਰਾ ਟੱਬਰ ਉਹਦੇ ਸਿਰੋਂ ਖਾਈ ਪੀਈ ਜਾਂਦੈ। ਕੈਨੇਡਾ-ਅਮਰੀਕਾ `ਚ ਤਾਂ ਜੀਓ-ਜੀਅ ਫਾਹੇ ਲੱਗਾ ਹੋਇਐ। ਤੀਵੀਂ ਅੱਡ, ਮਰਦ ਅੱਡ। ਨਾ ਬਾਲ ਬੱਚਿਆਂ ਨਾਲ ਲਾਡ ਪਿਆਰ ਤੇ ਨਾ ਬੁੱਢੇ ਮਾਂ ਬਾਪ ਦੀ ਸੇਵਾ ਸੰਭਾਲ। ਬੱਸ ਡਾਲਰਾਂ ਦੀ ਅੰਨ੍ਹੀ ਦੌੜ ਲੱਗੀ ਹੋਈ ਐ।
ਇਕ ਚਿੱਠੀ `ਚ ਲਿਖਿਆ, ਵਤਨੀ ਵੀਰੋ, ਪਿੰਡ `ਚ ਠੇਕਾ ਵੀ ਐ ਤੇ ਧਰਮ ਸਥਾਨ ਵੀ ਐ। ਚੜ੍ਹਾਵਾ ਦੋਹੀਂ ਪਾਸੀਂ ਚੜ੍ਹੀ ਜਾਂਦੈ। ਇੱਕ ਪੁੰਨ ਦੇ ਲੇਖੇ ਕਹਿ ਲਓ ਤੇ ਦੂਜੇ ਨੂੰ ਪਾਪ ਆਖ ਲਓ। ਨਸ਼ਾ ਦੋਹੀਂ ਥਾਈਂ ਐ। ਕਿਤੇ ਨਾਮ ਦਾ ਕਿਤੇ ਬੋਤਲ ਦਾ। ਸ਼ਰਾਬੀਆਂ ਨੂੰ ਠੇਕੇ ਮੂਹਰੇ ਲਟਕਦੀ ਰੰਗਦਾਰ ਬੋਤਲ ਖਿੱਚ ਪਾਉਂਦੀ ਹੈ ਤੇ ਸ਼ਰਧਾਲੂਆਂ ਨੂੰ ਧਰਮ ਸਥਾਨ ਦਾ ਉੱਚਾ ਗੁੰਬਦ ਖਿੱਚਾਂ ਪਾਉਂਦੈ। ਪਿੱਛੋਂ ਇੱਕ ਕਵੀ ਨੇ ਵੀ ਲਿਖਿਐ:
-ਸੁਣੀ ਬਗ਼ਾਵਤ ਸੁਲਘਦੀ ਫਰਕੇ ਹਾਕਮ ਬੁੱਲ੍ਹ, ਕਰੋ ਚੜ੍ਹਾਵੇ ਦੁੱਗਣੇ ਦਾਰੂ ਅੱਧੇ ਮੁੱਲ।
ਹਾਕਮ ਚੌਪਟ ਖੇਡਦੇ ਹੱਸਣ ਪੀਵਣ ਖਾਣ, ਬਿਨ ਸਮਝੇ ਨਰਦਾਂ ਬਣੇ ਲੋਕੀ ਮਰਦੇ ਜਾਣ।
ਜਨਵਰੀ 95 ਦੀ ਚਿੱਠੀ ਵਿੱਚ ਮੈਂ ਲਿਖਿਆ, ਪਿਆਰੇ ਪਰਦੇਸੀਓ, ਪੰਜਾਬ `ਚ ਹੁਣ ਮੇਲਿਆਂ ਦੀ ਰੁੱਤ ਐ। ਕਿਤੇ ਖੇਡ ਮੇਲਾ, ਕਿਤੇ ਗਾਉਣ ਮੇਲਾ ਤੇ ਕਿਤੇ ਰਲਵਾਂ ਮਿਲਵਾਂ ਸੱਭਿਆਚਾਰਕ ਮੇਲਾ। ਹਾੜ੍ਹੀਆਂ ਬੀਜ ਕੇ ਪੇਂਡੂ ਵਿਹਲੇ ਨੇ। ਕਣਕਾਂ ਦੀ ਹਰਿਆਵਲ ਨੇ ਪੰਜਾਬ ਦੀ ਧਰਤੀ ਨੂੰ ਸਾਵੇ ਵੇਸ ਪਹਿਨਾ ਦਿੱਤੇ ਨੇ। ਵਿੱਚ ਵਿਚ ਸਰਵ੍ਹਾਂ ਦੇ ਪੀਲੇ ਫੁੱਲ ਟਹਿਕ ਰਹੇ ਨੇ। ਸਿਆਲ `ਚ ਮੇਲੇ ਮਨਾਉਣ ਨਾਲੋਂ ਹੋਰ ਵੱਡੀ ਖ਼ੁਸ਼਼ੀ ਕਿਥੇ ਹੈ? ਇਸ ਰੁੱਤੇ ਤਾਂ ਤੁਹਾਡਾ ਵੀ ਵਤਨੀਂ ਫੇਰਾ ਮਾਰਨ ਨੂੰ ਦਿਲ ਕਰਦਾ ਹੋਵੇਗਾ। ਗੰਦਲਾਂ ਦਾ ਸਾਗ, ਮੱਕੀ ਦੀ ਰੜ੍ਹਵੀਂ ਰੋਟੀ, ਚਾਟੀ ਦੀ ਲੱਸੀ, ਦੇਸੀ ਅਚਾਰ ਤੇ ਮੱਖਣ ਦੇ ਪੇੜੇ ਦਾ ਚੇਤਾ ਆਉਂਦਾ ਹੋਵੇਗਾ। ਯਾਦ ਆਉਂਦਾ ਹੋਵੇਗਾ ਚੁੱਲ੍ਹੇ ਦੇ ਨਿੱਘ ਮੂਹਰੇ ਪਾਥੀ `ਤੇ ਬਹਿਣਾ, ਖੁੰਢ-ਚਰਚਾ ਦੇ ਹਾਸੇ ਖੇਡੇ `ਚ ਸ਼ਾਮਲ ਹੋਣਾ ਤੇ ਰਾਤ ਨੂੰ ਰਜਾਈਆਂ ਦੇ ਨਿੱਘ `ਚ ਪਾਈਆਂ ਬਾਤਾਂ ਦਾ ਹੁੰਘਾਰਾ ਭਰਨਾ। ਤੁਹਾਡੇ `ਚੋਂ ਪਤਾ ਨਹੀਂ ਕਿੰਨੇ ਕੁ ਖੁਸ਼ਕਿਸਮਤ ਹੋਣਗੇ ਜਿਹੜੇ ਵਤਨਾਂ ਦੀ ਮਿੱਟੀ ਮੱਥੇ ਲਾ ਸਕਣਗੇ?
ਇਕ ਚਿੱਠੀ `ਚ ਮੈਂ ਜਾਗਰ ਅਮਲੀ ਦੀਆਂ ਗੱਲਾਂ ਲਿਖੀਆਂ। ਉਹ ਮਾਘੀ ਦਾ ਮੇਲਾ ਵੇਖ ਕੇ ਮੁੜਿਆ ਸੀ ਤੇ ਸੱਥ `ਚ ਰੌਣਕ ਲਾਈ ਬੈਠਾ ਸੀ, “ਮੈਂ ਬਈ ਦੁਪਹਿਰੇ ਪਹੁੰਚਿਆ ਮੇਲੇ `ਚ। ਨਸ਼ੇ ਪੱਤੇ ਦਾ ਤਾਂ ਥੋਨੂੰ ਪਤਾ ਈ ਐ ਬਈ ਆਪਾਂ ਘਰੋਂ ਈ ਟੈਟ ਹੋ ਕੇ ਚੱਲੀਦੈ। ਊਂ ਤਾਂ `ਗਾਹਾਂ ਵੀ ਕੋਈ ਟੋਟ ਨੀ ਆਈ। ਅਮਲੀਆਂ ਦਾ ਸੁੱਖ ਨਾਲ ਪੂਰਾ ਬੰਦੋਬਸਤ ਸੀ। ਜਿਊਣਜੋਗੇ ਰਾਹ `ਚ ਈ ਮਹਿਫ਼ਲਾਂ ਲਈ ਬੈਠੇ ਸੀ। ਭਾਈਬੰਦਾਂ ਨੇ ਇੱਕ ਦੋ ਥਾਈਂ ਸੁਲ੍ਹਾ ਵੀ ਮਾਰੀ ਪਰ ਮੈਂ ਆਖਿਆ, ਜਿਊਂਦੇ ਰਹੋ, ਤੁਸੀਂ ਲਾਓ ਰੰਗ। ਆਪਾਂ ਤਾਂ ਘਰੋਂ ਈ ਪੂਰੇ ਨਿਹਾਲ ਹੋ ਕੇ ਆਏ ਐਂ। ਮੇਲੇ `ਚ ਅਪੜਿਆ ਤਾਂ ਖਲਕਤ ਦਾ ਧੱਕੇ `ਤੇ ਧੱਕੇ ਪਵੇ। ਓਥੇ ਮੈਂ ਦੋ ਨ੍ਹਾਉਣ ਹੁੰਦੇ ਦੇਖੇ। ਗੁਰਦੁਆਰੇ ਦੇ ਸਰੋਵਰ `ਚ ਸਿੱਖੀ ਸੇਵਕੀ ਵਾਲੇ ਨ੍ਹਾਈ ਜਾਣ ਤੇ ਪਰ੍ਹਾਂ ਠੇਕੇ ਕੋਲ ਛੱਪੜ ਕੰਢੇ ਸ਼ਰਾਬੀ ਲਿਟੀ ਜਾਣ। ਏਧਰ ਲੰਗਰ `ਚ ਵਰਤਾਵੇ ਦਾਲਾਂ ਡੋਲ੍ਹੀ ਜਾਣ ਤੇ ਓਧਰ ਹਾਤੇ `ਚ ਤਰੀ ਖਾਣ ਵਾਲੇ ਇੱਕ ਦੂਜੇ ਦੇ ਝੱਗੇ ਲਬੇੜੀ ਜਾਣ। ਮੈਂ ਮਨ `ਚ ਸੋਚਿਆ, ਮਨਾਂ ਪਹਿਲਾਂ ਸਰੋਵਰ `ਚ ਨ੍ਹਾ ਕੇ ਪਿਛਲੇ ਸਾਲ ਦੇ ਪਾਪ ਲਾਹ ਲੀਏ। ਫੇਰ ਚੱਲਾਂਗੇ ਅਸਲੀ ਰੌਣਕ ਮੇਲਾ ਦੇਖਣ। ਊਂ ਮੈਂ ਸੋਚਾਂ ਬਈ ਤਲਾਅ `ਚ ਨ੍ਹਾਉਣ ਵਾਲਿਆਂ ਨੇ ਤਾਂ ਮਰ ਕੇ ਸੁਰਗ `ਚ ਪਹੁੰਚਣੈ ਤੇ ਔਹ ਜਿਊਂਦੇ ਜੀਅ ਸੁਰਗਾਂ ਦੇ ਝੂਟੇ ਲਈ ਜਾਂਦੇ ਆ!”
ਮੇਰੀਆਂ ਇਹੋ ਜਿਹੀਆਂ ਚਿੱਠੀਆਂ ਪੜ੍ਹ ਕੇ ਕਈ ਮੈਨੂੰ ਖੇਡ ਲੇਖਕ ਦੀ ਥਾਂ ਅਮਲੀਆਂ ਦਾ ਲੇਖਕ ਕਹਿਣ ਲੱਗ ਪਏ। ਫਿਰ ਮੈਂ ‘ਬਾਤਾਂ ਵਤਨ ਦੀਆਂ’ ਕਾਲਮ ਬੰਦ ਕਰ ਦਿੱਤਾ ਤੇ ‘ਖੇਡ ਜਗਤ ਦੀਆਂ ਬਾਤਾਂ’ ਲਿਖਣ ਲੱਗ ਪਿਆ।