ਪੱਥਰ ਵਰ੍ਹੇ ਜੋ ਮੇਰੇ ਘਰ ’ਤੇ, ਉਹ ਵਿਹੜੇ ਵਿਚਕਾਰ ਗਿਰੇ।
ਰੁੱਖ ਤੇ ਸੀ ਪਰ ਜਿੰਨੇ ਵੀ ਫ਼ਲ਼, ਉਹ ਦੀਵਾਰੋਂ ਪਾਰ ਗਿਰੇ।
ਦੁਸ਼ਮਣ ਭਾਵੇਂ ਪੱਥਰ ਮਾਰੇ, ਪੈਰਾਂ ਹੇਠਾਂ ਅੱਗ ਧਰੇ,
ਸੱਜਣ ਦਾ ਪਰ ਕੋਸਾ ਅੱਥਰੂ ਹੋ ਕੇ ਠੰਡਾ ਠਾਰ ਗਿਰੇ।
ਧਰਤੀ ਵੰਡੀ ਪਾਣੀ ਵੰਡਿਆ, ਅੰਬਰ ਵੀ ਤਾਂ ਵੰਡ ਲਿਆ,
ਕਿਉਂ ਨਾ ਸਾਥੋਂ ਨਫ਼ਰਤ ਵਾਲ਼ੀ, ਇਹ ਚੰਦਰੀ ਦੀਵਾਰ ਗਿਰੇ।
ਦਿਸਹੱਦੇ ਤੱਕ ਮਾਰੂਥਲ ਹੈ, ਨੀਰ ਤਾਂ ਕਿਧਰੇ ਲੱਭੇ ਨਾ,
ਊਠਾਂ ਵਾਲ਼ੇ ਤੁਰਦੇ-ਤੁਰਦੇ, ਰਾਹ ਵਿੱਚ ਕਿੰਨੀ ਵਾਰ ਗਿਰੇ।
ਅਪਣਾ ਭਾਵੇਂ ਫ਼ੁੱਲ ਵੀ ਮਾਰੇ, ਤਾਂ ਵੀ ਰੂਹ ਕੁਰਲਾਅ ਉਠਦੀ,
ਅੱਖੀਆਂ ਵਿੱਚੋਂ ਪੱਥਰ ਵਰਗਾ, ਅੱਥਰੂ ਜ਼ਾਰੋ-ਜ਼ਾਰ ਗਿਰੇ।