ਦੀਵਿਆਂ ਨੇ ਜ਼ੁਲਮ ਹੁਣ ਸਹਿਣਾ ਨਹੀਂ।
ਇਹ ਹਨੇਰਾ ਦੇਰ ਤੱਕ ਰਹਿਣਾ ਨਹੀਂ।
ਅਣਕਹੇ ਨੇ ਬੋਲ ਤੇ ਅਰਮਾਨ ਵੀ,
ਚੁੱਪ ਸਾਡੀ ਨੇ ਵੀ ਚੁੱਪ ਰਹਿਣਾ ਨਹੀਂ।
ਖੇਤਾਂ ਦੇ ਪੁੱਤਾਂ ਦੇ ਕਾਤਿਲ ਕਾਫ਼ਰਾ,
ਪਹਿਨਿਆਂ ਤੂੰ ਕੁਫ਼ਰ ਹੈ ਰਹਿਣਾ ਨਹੀਂ।
ਕਰ ਤੋਬਾ ਜ਼ਾਲਿਮਾਂ ਤੂੰ ਜ਼ੁਲਮ ਤੋਂ,
ਜ਼ੁਲਮ ਹੁਣ ਮਜ਼ਲੂਮ ਨੇ ਸਹਿਣਾ ਨਹੀਂ।
ਭੂਏ ਹੁੰਦੀ ਭੁੱਖ ਤੋਂ ਡਰ ਸਿਤਮਗਰ,
ਭੁੱਖ ਨੇ ਭੁੱਖੀ ਸਦਾ ਰਹਿਣਾ ਨਹੀਂ।
ਪਾ ਖ਼ਿਆਲਾਂ ਨੂੰ ਨਾ ਪਿੰਜਰੇ ਵਿੱਚ ਕਦੇ,
ਵਿੱਚ ਕਲਾਵੇ ਪੌਣ ਨੇ ਰਹਿਣਾ ਨਹੀਂ।