ਮੈਨੂੰ ਦੇਸ਼ ਵਿਦੇਸ਼ ਦੇ ਅਨੇਕਾਂ ਖੇਡ ਮੇਲੇ ਵੇਖਣ ਦੇ ਮੌਕੇ ਮਿਲੇ ਹਨ। ਢੁੱਡੀਕੇ ਤੋਂ ਵੈਨਕੂਵਰ ਤਕ ਸ਼ਾਇਦ ਹੀ ਕੋਈ ਪੰਜਾਬੀ ਖੇਡ ਮੇਲਾ ਹੋਵੇ ਜਿਹੜਾ ਵੇਖਣੋ ਰਹਿ ਗਿਆ ਹੋਵੇ। ਸੌ ਕੁ ਮੇਲਿਆਂ ਬਾਰੇ ਤਾਂ ਮੈਂ ਲਿਖ ਵੀ ਚੁੱਕਾਂ। ਸਾਨੂੰ ਸਕੂਲ `ਚ ਅੱਖੀਂ ਡਿੱਠੇ ਮੈਚ ਦਾ ਹਾਲ ਲਿਖਣ ਲਈ ਕਿਹਾ ਜਾਂਦਾ ਸੀ। ਜਦੋਂ ਮੈਂ ਫਾਜ਼ਿਲਕਾ ਤੋਂ ਮੁੜ ਕੇ ਦਸਵੀਂ `ਚ ਮੱਲ੍ਹੇ ਪੜ੍ਹਨ ਲੱਗਣਾ ਸੀ ਤਾਂ ਮੈਥੋਂ ਇੱਕ ਲੇਖ ਲਿਖਵਾ ਕੇ ਮੇਰਾ ਟੈੱਸਟ ਲਿਆ ਗਿਆ ਸੀ। ਉਹ ਲੇਖ ਮੈਂ ‘ਅੱਖੀਂ ਡਿੱਠਾ ਮੇਲਾ’ ਹੀ ਲਿਖਿਆ ਸੀ ਜਿਸ ਨਾਲ ਮੈਨੂੰ ਪਾਸ ਹੋਣ ਜੋਗਾ ਵਿਦਿਆਰਥੀ ਸਮਝ ਕੇ ਦਾਖਲ ਕਰ ਲਿਆ ਗਿਆ ਸੀ। ਬਾਅਦ ਵਿੱਚ ਤਾਂ ਕਈ ਪਾਠਕ ਵੀ ਕਹਿੰਦੇ ਰਹੇ ਕਿ ਖੇਡ ਮੇਲਿਆਂ ਬਾਰੇ ਲਿਖੇ ਮੇਰੇ ਲੇਖ ਪੜ੍ਹਦਿਆਂ ਉਹ ਆਪਣੇ ਆਪ ਨੂੰ ਉਨ੍ਹਾਂ ਮੇਲਿਆਂ `ਚ ਵਿਚਰਦੇ ਮਹਿਸੂਸ ਕਰਦੇ ਹਨ। ਮੈਂ ਇੱਕ ਕਿਤਾਬ ਅੱਖੀਂ ਡਿੱਠੇ ਖੇਡ ਮੇਲਿਆਂ ਬਾਰੇ ਹੀ ਲਿਖੀ ਹੈ ਤੇ ਉਸ ਦਾ ਨਾਂ ਵੀ ‘ਖੇਡ ਮੇਲੇ ਵੇਖਦਿਆਂ’ ਰੱਖਿਆ ਹੈ। ਉਸ ਦੇ ਸਰਵਰਕ ਉਤੇ ਲਿਖਿਆ ਹੈ:
-ਸ੍ਰਿਸ਼ਟੀ ਇੱਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਕੁਲ ਆਲਮ ਦਾ ਜੀਆ ਜੰਤ ਉਸ ਦਾ ਤਮਾਸ਼ਬੀਨ ਹੈ। ਧਰਤੀ, ਸੂਰਜ ਤੇ ਚੰਦ ਤਾਰੇ ਉਹਦੇ ਖਿਡਾਰੀ ਹਨ। ਦਿਨ ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇੱਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ ਭੁਲਾ ਜਾਂਦੇ ਨੇ। ਪਾਰਸ ਹੋਰਾਂ ਦੀ ਕਵੀਸ਼ਰੀ ਹੈ-ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ। ਗੀਤ ਬਣੇ ਨੇ-ਖੇਡਣ ਦੇ ਦਿਨ ਚਾਰ ਨੀ ਮਾਏ, ਖੇਡਣ ਦੇ ਦਿਨ ਚਾਰ। ਅਮਰ ਸਿੰਘ ਸ਼ੌਂਕੀ ਦਾ ਗਾਉਣ ਐਂ-ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਉੱਡ ਜਾਣਾ ਓਏ ਬੱਦਲਾ ਧੁੰਦ ਦਿਆ …।
1966 ਵਿੱਚ ਜਦੋਂ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲੱਗਾ ਤਾਂ ਮੇਰੇ ਖੇਡ ਆਰਟੀਕਲ ਪੜ੍ਹ ਕੇ ਡਾ.ਹਰਿਭਜਨ ਸਿੰਘ ਨੇ ਕਿਹਾ ਸੀ, “ਤੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਆਉਂਦੈ। ਜੇ ਤੂੰ ਪੰਜਾਬੀ ਦੀ ਥਾਂ ਅੰਗਰੇਜ਼ੀ `ਚ ਲਿਖੇਂ ਤਾਂ ਤੈਨੂੰ ਏਸ਼ੀਅਨ ਤੇ ਓਲੰਪਿਕ ਖੇਡਾਂ ਕਵਰ ਕਰਨ ਦੇ ਮੌਕੇ ਮਿਲ ਸਕਦੇ ਆ ਜਿਵੇਂ ਜਸਦੇਵ ਸਿੰਘ ਨੂੰ ਕੁਮੈਂਟਰੀ ਕਰਨ ਦੇ ਮਿਲਦੇ ਐ। ਅੰਗਰੇਜ਼ੀ ਦੇ ਅਖ਼ਬਾਰਾਂ ਰਸਾਲਿਆਂ `ਚ ਖੇਡ ਲੇਖਕਾਂ ਦੀ ਵਧੇਰੇ ਕਦਰ ਏ। ਅੰਗਰੇਜ਼ੀ ਵਿੱਚ ਸਪੋਰਟਸ ਦੀ ਰਿਪੋਰਟਿੰਗ ਤੈਨੂੰ ਹਵਾਈ ਜਹਾਜ਼ਾਂ `ਤੇ ਚੜ੍ਹਾ ਸਕਦੀ ਏ। ਪੰਜਾਬੀ `ਚ ਲਿਖਣ ਨਾਲ ਤੈਨੂੰ ਕਿਸੇ ਨੇ ਨੀ ਪੁੱਛਣਾ।”
ਡਾ.ਹਰਿਭਜਨ ਸਿੰਘ ਦੀ ਗੱਲ ਵਿੱਚ ਵਜ਼ਨ ਸੀ। ਉਹ ਨਵੇਂ ਉੱਠ ਰਹੇ ਖੇਡ ਲੇਖਕ ਨੂੰ ਸਿਆਣੀ ਸਲਾਹ ਦੇ ਰਹੇ ਸਨ। ਪਰ ਮੈਂ ਪੰਜਾਬੀ ਵਿੱਚ ਹੀ ਲਿਖਣ ਦਾ ਇਸ਼ਕ ਪਾਲਿਆ ਤੇ ਪੰਜਾਬੀ ਖੇਡ ਲੇਖਕ ਵਜੋਂ ਹਵਾਈ ਜਹਾਜ਼ਾਂ ਦਾ ਸਵਾਰ ਬਣਿਆ। ਮੈਂ ਇਹ ਰੋਣਾ ਕਦੇ ਨਹੀਂ ਰੋਇਆ ਕਿ ਪੰਜਾਬੀ ਵਿੱਚ ਲਿਖਣ ਦੀ ਕੋਈ ਕਦਰ ਨਹੀਂ। ਜਿੰਨਾ ਪਿਆਰ ਤੇ ਮਾਣ ਮੈਨੂੰ ਪੰਜਾਬੀ ਪਿਆਰਿਆਂ ਨੇ ਦਿੱਤਾ ਉਹ ਮੈਂ ਅੰਗਰੇਜ਼ੀ `ਚ ਲਿਖਣ ਨਾਲ ਨਾ ਲੈ ਸਕਦਾ। ਨਾਲੇ ਜੋ ਅਨੰਦ ਮੈਂ ਆਪਣੀ ਮਾਂ ਬੋਲੀ ਵਿੱਚ ਲਿਖਣ ਦਾ ਮਾਣਿਆ ਉਹ ਬਿਗਾਨੀ ਬੋਲੀ `ਚ ਕਿਥੋਂ ਮਿਲਣਾ ਸੀ? ਜਿਵੇਂ ਮੈਂ ਮਾਂ ਬੋਲੀ `ਚ ਲਿਖਦਿਆਂ ਰੁਮਕਦੀ ਪੌਣ ਵਾਂਗ ਵਗਦਾਂ ਉਵੇਂ ਓਪਰੀ ਬੋਲੀ `ਚ ਕਿਵੇਂ ਵਗਦਾ?
ਕਿਲਾ ਰਾਇਪੁਰ ਦੀਆਂ ਖੇਲ੍ਹਾਂ ਮੈਂ ਚੜ੍ਹਦੀ ਜੁਆਨੀ ਤੋਂ ਵੇਖਦਾ ਆ ਰਿਹਾ ਸਾਂ। ਜਦੋਂ ਲਿਖਣ ਜੋਗਾ ਹੋਇਆ ਤਾਂ ਲਿਖਿਆ, “ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਉਹ ਕਿਲਾ ਰਾਇਪੁਰ ਦਾ ਖੇਡ ਮੇਲਾ ਵੇਖ ਲਵੇ। ਉਹ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ ਹੈ ਜਿਥੇ ਖੇਡਦੇ ਮੱਲ੍ਹਦੇ ਤੇ ਨੱਚਦੇ ਟੱਪਦੇ ਪੰਜਾਬ ਦੇ ਖੁੱਲ੍ਹੇ ਦਿਦਾਰੇ ਹੁੰਦੇ ਹਨ। ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ ਗਤਕੇ ਤੇ ਤਲੇ ਜਾਂਦੇ ਪਕੌੜਿਆਂ ਦੀ ਕਰਾਰੀ ਮਹਿਕ ਤਕ ਸਭ ਕੁੱਝ ਹੁੰਦਾ ਹੈ। ਗਭਰੂਆਂ ਦੇ ਡੌਲੇ, ਮੁਟਿਆਰਾਂ ਦੀਆਂ ਪੰਜੇਬਾਂ ਤੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ। ਉਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਨਜ਼ਰੀਂ ਪੈਂਦਾ ਹੈ …।
“ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜਾਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤਬ ਹੁੰਦੇ ਤੇ ਕੁੜੀਆਂ ਦੇ ਗਿੱਧੇ ਪੈਂਦੇ ਹਨ। ਵਿਚੇ ਭੰਗੜੇ ਪਈ ਜਾਂਦੇ ਹਨ, ਵਿਚੇ ਧਮਾਲਾਂ ਤੇ ਵਿਚੇ ਊਠ ਘੋੜੀਆਂ ਦੀ ਦੌੜ ਹੋਈ ਜਾਂਦੀ ਹੈ। ਕਿਧਰੇ ਬੰਦੇ ਦਾ ਸਾਨ੍ਹ ਨਾਲ ਭੇੜ ਹੁੰਦਾ ਹੈ ਤੇ ਸਿੱਖੇ ਸਿਧਾਏ ਵਹਿੜਕੇ ਮੰਜੀਆਂ ਟੱਪਦੇ ਹਨ। ਕੋਈ ਜੁਆਨ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਫੇਰੀ ਜਾਂਦਾ ਹੈ। ਉਥੇ ਤੇਜ਼ਤਰਾਰ ਤੇ ਲੰਮੀਆਂ ਦੌੜਾਂ ਲਾਉਣ ਵਾਲੇ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਵਿਚੇ ਸਾਈਕਲ ਸਵਾਰ ਘੁਕਾਟ ਪਾਈ ਜਾਂਦੇ ਹਨ, ਖੱਚਰ ਰੇਹੜੇ ਦੌੜਦੇ ਹਨ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ `ਤੇ ਖੜ੍ਹਾ ਸਵਾਰ ਪਾਣੀ ਦਾ ਛੰਨਾ ਹਥੇਲੀ ਉਤੇ ਟਿਕਾਈ ਜਾਂਦਾ ਹੈ ਤੇ ਕਿਧਰੇ ਕੋਈ ਨਿਹੰਗ ਦੋ ਘੋੜਿਆਂ ਉਤੇ ਪੈਰ ਰੱਖੀ ਘੋੜਿਆਂ ਦੀ ਜੋੜੀ ਨੂੰ ਸਿਰਪੱਟ ਦੌੜਾਈ ਜਾਂਦਾ ਦਿਸਦਾ ਹੈ। ਕੋਈ ਘੰਡੀ ਦੇ ਜ਼ੋਰ ਸਰੀਆ ਦੂਹਰਾ ਕਰਦਾ ਹੈ, ਕੋਈ ਬਲਦੀਆਂ ਲਾਟਾਂ ਵਿੱਚ ਦੀ ਲੰਘਦਾ ਹੈ ਤੇ ਕਿਧਰੇ ਭੇਡੂਆਂ ਦਾ ਭੇੜ ਹੁੰਦਾ ਹੈ। ਕਿਸੇ ਕੋਨੇ ਵੱਡੇ ਢਿੱਡਾਂ ਤੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦਿਆਂ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਲਾਊਡ ਸਪੀਕਰ ਤੋਂ ਕੁਮੈਂਟਰੀ ਗੂੰਜਦੀ ਹੈ-ਔਹ ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨੀ ਹਿਲਦਾ ਹੁਣ ਭਾਵੇਂ ਪੈਟਨ ਟੈਂਕ ਜੋੜ ਦਿਓ!”
1981 ਵਿੱਚ ਮੈਂ ਬੰਬਈ ਦਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਕਵਰ ਕਰਨ ਗਿਆ ਤਾਂ ਜਿੱਤੀ ਟੀਮ ਬਾਰੇ ਲਿਖਿਆ, “ਫਿਰ ਉਹ ਵਕਤ ਆਇਆ ਜਦੋਂ ਜੇਤੂਆਂ ਨੇ ਜਿੱਤ-ਮੰਚ ਉਤੇ ਚੜ੍ਹਨਾ ਸੀ। ਪਾਕਿਸਤਾਨੀ ਖਿਡਾਰੀਆਂ ਦੇ ਮੂੰਹਾਂ ਉਤੇ ਲਾਲੀਆਂ ਸਨ। ਹਾਕੀ ਦੀ ਆਲਮੀ ਸਰਦਾਰੀ ਦਾ ਚਿੰਨ੍ਹ, ਸੋਨ-ਰੰਗਾ ਵਿਸ਼ਵ ਕੱਪ ਮੇਜ਼ ਉਤੇ ਪਿਆ ਲਿਸ਼ਕਾਂ ਮਾਰ ਰਿਹਾ ਸੀ। ਉਸ ਵਿੱਚ 895 ਗਰਾਮ ਸੋਨਾ, 6851 ਗਰਾਮ ਚਾਂਦੀ ਤੇ 350 ਗਰਾਮ ਹਾਥੀ ਦੰਦ ਲੱਗਾ ਹੋਇਆ ਸੀ। ਭਾਰਤ ਦੇ ਰਾਸ਼ਟਰਪਤੀ ਸੰਜੀਵਾ ਰੈਡੀ ਲਾਲ ਦਰੀ ਉਤੇ ਤੁਰ ਕੇ ਉਸ ਕੱਪ ਤਕ ਗਏ। ਜਦੋਂ ਉਹ ਕੱਪ ਪਾਕਿਸਤਾਨੀ ਟੀਮ ਦੇ ਕਪਤਾਨ ਲਾਇਲਪੁਰੀਏ ਅਖ਼ਤਰ ਰਸੂਲ ਨੂੰ ਭੇਂਟ ਕੀਤਾ ਗਿਆ ਤਾਂ ਉਸ ਨੇ ਏਨੀ ਸ਼ਿੱਦਤ ਨਾਲ ਚੁੰਮਿਆ ਜਿਵੇਂ ਵਰ੍ਹਿਆਂ ਦਾ ਵਿਛੜਿਆ ਮਹਿਬੂਬ ਮਸੀਂ ਮਿਲਿਆ ਹੋਵੇ। ਉਸ ਸਮੇਂ ਸੈਂਕੜੇ ਕੈਮਰਿਆਂ ਨੇ ਅੱਖਾਂ ਖੋਲ੍ਹੀਆਂ ਤੇ ਉਸ ਯਾਦਗਾਰੀ ਦ੍ਰਿਸ਼ ਨੂੰ ਆਪਣੇ ਸੀਨਿਆਂ ਵਿੱਚ ਸਮੋ ਲਿਆ। ਖਿਡਾਰੀਆਂ ਨੇ ਬਾਹਾਂ ਉੱਚੀਆਂ ਕਰ ਕੇ ਜੇਤੂ ਸਲਾਮੀਆਂ ਲਈਆਂ ਤੇ ਚੁਫੇਰੇ ਹਜ਼ਾਰਾਂ ਤਾੜੀਆਂ ਦਾ ਸ਼ੋਰ ਗੂੰਜ ਉੱਠਿਆ …।”
1982 ਵਿੱਚ ਦਿੱਲੀ ਦੀਆਂ ਏਸ਼ਿਆਈ ਖੇਡਾਂ `ਚੋਂ ਪਹਿਲਾ ਸੋਨ ਤਮਗ਼ਾ ਜਿੱਤਣ ਵਾਲੇ ਖਿਡਾਰੀ ਦਾ ਜ਼ਿਕਰ ਮੈਂ ਇਓਂ ਕੀਤਾ, “ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ ਤਾਂ ਸੋਨੇ ਦਾ ਪਹਿਲਾ ਤਮਗ਼ਾ ਜਪਾਨੀ ਭਾਰ ਚੁਕਾਵੇ ਨੇ ਜਿੱਤਿਆ। ਸਮੱਧਰ ਪਰ ਸਡੌਲ ਸਰੀਰ ਦੇ ਉਸ ਚੋਬਰ ਅੰਦਰ ਕਿਸੇ ਫੁੱਟਦੇ ਲਾਵੇ ਵਰਗਾ ਵੇਗ ਸੀ। ਜਦੋਂ ਉਹ ਭਖੇ ਹੋਏ ਜੁੱਸੇ ਨਾਲ ਵਜ਼ਨ ਵੱਲ ਵਧਦਾ ਤਾਂ ਇੰਜ ਲੱਗਦਾ ਜਿਵੇਂ ਬੱਤੀਆਂ ਦਾ ਚਾਨਣ ਉਹਦੇ ਪਿੰਡੇ ਤੋਂ ਤਿਲ੍ਹਕ ਰਿਹਾ ਹੋਵੇ। ਉਸ ਵੇਲੇ ਦਰਸ਼ਕਾਂ ਵਿੱਚ ਚੁੱਪ ਵਰਤ ਜਾਂਦੀ। ਜਦੋਂ ਉਹ ਆਪਣੇ ਸਰੀਰ ਦੇ ਭਾਰ ਨਾਲੋਂ ਢਾਈ ਗੁਣਾਂ ਵੱਧ ਭਾਰ ਹੇਠ ਆਪਣੀਆਂ ਬਾਹਾਂ ਸਿੱਧੀਆਂ ਕਰਦਾ ਤਾਂ ਤਾੜੀਆਂ ਦੇ ਸ਼ੋਰ ਨਾਲ ਸਾਰਾ ਹਾਲ ਗੂੰਜ ਉੱਠਦਾ।”
ਓਲੰਪਿਕ ਖੇਡਾਂ ਬਾਰੇ ਲਿਖਿਆ, “ਓਲੰਪਿਕ ਖੇਡਾਂ ਦਾ ਇਤਿਹਾਸ ਮਨੁੱਖ ਦੇ ਅਗਾਂਹ ਤੋਂ ਅਗਾਂਹ ਵਧੀ ਜਾਣ ਦੀ ਪ੍ਰਤੱਖ ਮਿਸਾਲ ਹੈ। ਹਰੇਕ ਓਲੰਪਿਕਸ ਵਿੱਚ ਨਵੇਂ ਰਿਕਾਰਡ ਕਾਇਮ ਹੁੰਦੇ ਰਹੇ ਹਨ ਤੇ ਖਿਡਾਰੀਆਂ ਅੰਦਰ ਨਵੀਆਂ ਜਿੱਤਾਂ ਜਿੱਤਣ ਦੀਆਂ ਤਾਂਘਾਂ ਪੈਦਾ ਹੁੰਦੀਆਂ ਰਹੀਆਂ ਹਨ। ਜਦ ਤਕ ਇਹ ਤਾਂਘਾਂ ਪੈਦਾ ਹੁੰਦੀਆਂ ਰਹਿਣਗੀਆਂ ਮਨੁੱਖ ਅੱਗੇ ਤੋਂ ਅੱਗੇ ਵਧਦਾ ਜਾਵੇਗਾ ਤੇ ਉਹ ਮਰ ਕੇ ਵੀ ਨਹੀਂ ਮਰੇਗਾ। ਏਹੋ ਜੀਵਨ ਦਾ ਭੇਤ ਹੈ ਤੇ ਇਹੋ ਜੀਂਦੇ ਜਾਗਦੇ ਇਨਸਾਨਾਂ ਦੀ ਪਛਾਣ ਹੈ। ਖੇਡਾਂ ਦੇ ਪਿੜ ਵਿੱਚ ਸਾਧੇ ਹੋਏ ਜੁੱਸਿਆਂ ਦਾ ਜ਼ੋਰ ਜਿੱਤਦਾ ਹੈ। ਮਨੁੱਖੀ ਸਰੀਰ ਵਿੱਚ ਵਧ ਰਹੀ ਤਾਕਤ ਤੇ ਤਕਨੀਕ ਦਾ ਪਤਾ ਲੱਗਦਾ ਹੈ। ਓਲੰਪਿਕ ਖੇਡਾਂ ਦੇ ਨਜ਼ਾਰੇ ਤਕਦਿਆਂ ਦੁਨੀਆ ਹੋਰ ਹੁਸੀਨ, ਹੋਰ ਹੁੰਦੜਹੇਲ ਤੇ ਹੋਰ ਜਿਊਣਜੋਗ ਲੱਗਣ ਲੱਗਦੀ ਹੈ।”
ਕਦੇ ਮੈਂ ਢੁੱਡੀਕੇ ਦੇ ਲਾਜਪਤ ਰਾਏ ਖੇਡ ਮੇਲੇ ਬਾਰੇ ਲਿਖਦਾ, ਕਦੇ ਭਦੌੜ ਦੇ ਪਬਲਿਕ ਮੇਲੇ ਬਾਰੇ ਤੇ ਕਦੇ ਘੱਲ ਕਲਾਂ ਦੇ ਗੁਰੂ ਗੋਬਿੰਦ ਸਿੰਘ ਖੇਡ ਮੇਲੇ ਦੇ ਨਜ਼ਾਰੇ ਬਿਆਨ ਕਰਦਾ। ਮੋਗੇ ਜਗਰਾਵਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਅਗਾਂਹ ਕਦੇ ਮੈਂ ਮਹੀਆਂ ਵਾਲੇ, ਕਦੇ ਲੰਬੀ, ਕਦੇ ਝੋਰੜ, ਕਦੇ ਬਰਨਾਲੇ ਤੇ ਕਦੇ ਬੋਹੇ ਬੁਢਲਾਡੇ ਵੱਲ ਨਿਕਲ ਜਾਂਦਾ। ਬੋਹੇ ਦੇ ਟੂਰਨਾਮੈਂਟ ਬਾਰੇ ਲਿਖੇ ਮੇਰੇ ਆਰਟੀਕਲ ਦਾ ਨਾਂ ਸੀ-ਕਿਲਾ ਰਾਇਪੁਰ ਤੋਂ ਬੋਹੇ ਬੁਢਲਾਡੇ ਤਕ। ਕਦੇ ਦੁਆਬੇ ਦੇ ਪਿੰਡ ਜਗਤਪੁਰ ਦਾ ਖੇਡ ਮੇਲਾ ਪਾਠਕਾਂ ਨੂੰ ਵਿਖਾਉਂਦਾ ਤੇ ਕਦੇ ਮਾਝੇ ਦੇ ਪਿੰਡ ਜਗਦੇਵ ਕਲਾਂ ਤੇ ਕੋਟਲਾ ਸ਼ਾਹੀਆਂ ਦੇ ਖੇਡ ਮੇਲੇ ਦੀ ਗੱਲ ਕਰਦਾ। ਕਮਾਲਪੁਰੇ ਦੀਆਂ ਖੇਡਾਂ ਨੂੰ ਮੈਂ ‘ਕਮਾਲਪੁਰੀਆਂ ਦਾ ਕਮਾਲ’ ਕਹਿ ਕੇ ਵਡਿਆਉਂਦਾ। ਮੈਨੂੰ ਪਿੰਡਾਂ ਦੇ ਟੂਰਨਾਮੈਂਟਾਂ ਦੀਆਂ ਝਲਕਾਂ ਲਿਖਤੀ ਤੌਰ `ਤੇ ਵਿਖਾਉਣ ਦਾ ਮਾਣ ਹਾਸਲ ਹੈ ਤੇ ਲੋਕਾਂ ਨੇ ਵੀ ਮੇਰਾ ਮਾਣ ਤਾਣ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ। ਉਨ੍ਹਾਂ ਨੇ ਮੈਨੂੰ ਸੌ ਤੋਂ ਵੱਧ ਖੇਡ ਨਿਸ਼ਾਨੀਆਂ ਨਾਲ ਸਨਮਾਨਿਆ ਹੈ।
ਇਕ ਵਾਰ ਜਗਦੇਵ ਸਿੰਘ ਜੱਸੋਵਾਲ ਮੈਨੂੰ ਕਾਰ `ਤੇ ਜਗਤਪੁਰ ਦਾ ਟੂਰਨਾਮੈਂਟ ਵਿਖਾਉਣ ਲੈ ਗਿਆ ਸੀ। ਵਿਚੇ ਉਹਦਾ ਬਾਡੀ ਗਾਰਡ ਸੀ ਤੇ ਵਿਚੇ ਇੱਕ ਦੋ ਜਣੇ ਹੋਰ ਸਨ। ਮੁੜਦੇ ਹੋਏ ਇੱਕ ਘੁਲਾੜੀ ਤੋਂ ਖਾਧੇ ਪੀਤੇ ਬਿਨਾਂ ਨਾ ਰਿਹਾ ਗਿਆ। ਹਨ੍ਹੇਰਾ ਡੂੰਘਾ ਹੋਇਆ ਤਾਂ ਜੱਸੋਵਾਲ ਨੇ ਆਪਣੀ ਕਾਲੀ ਪੱਗ ਲਾਹ ਕੇ ਬਾਡੀਗਾਰਡ ਦੇ ਸਿਰ ਉਤੇ ਟਿਕਾ ਦਿੱਤੀ ਤੇ ਆਪ ਕਾਰ ਦੀ ਬਾਰੀ `ਚੋਂ ਬਾਂਹ ਕੱਢ ਕੇ ਕਲੀਆਂ ਲਾਉਣ ਲੱਗ ਪਿਆ। ਮਾਰ ਮਰਾਈ ਦੇ ਦਿਨ ਸਨ। ਪੱਗ ਬਾਡੀ ਗਾਰਡ ਦੇ ਸਿਰ `ਤੇ ਰੱਖਣ ਦਾ ਮਤਲਬ ਸੀ ਗੋਲੀ ਖਾਣ ਲਈ ਉਹਨੂੰ ਜੱਸੋਵਾਲ ਬਣਾਉਣਾ। ਸਤਲੁਜ ਦੇ ਪੁਲ ਉਤੇ ਜੱਸੋਵਾਲ ਨੇ ਕਾਰ ਰੁਕਵਾ ਲਈ। ਉਸ ਨੇ ਕੰਨ `ਤੇ ਹੱਥ ਰੱਖ ਕੇ ਕਲੀ ਲਾਈ ਤੇ ਆਖਣ ਲੱਗਾ, “ਮੇਰਾ ਜੀਅ ਕਰਦੈ ਇਉਂ ਈ ਨੱਚਦਾ ਗਾਉਂਦਾ ਮਰਾਂ। ਬੁੱਢੇਵਾਰੇ ਬਿਮਾਰ ਨਾ ਹੋਵਾਂ ਤੇ ਮੰਜੇ `ਤੇ ਹੱਡ ਨਾ ਰਗੜਾਉਣੇ ਪੈਣ।”
ਅਸੀਂ ਹੱਸਣ ਲੱਗੇ, “ਜਥੇਦਾਰ ਜੀ, ਪੱਗ ਤਾਂ ਤੁਸੀਂ ਪਹਿਲਾਂ ਈ ਲਾਹ ਰੱਖੀ ਐ ਬਈ ਕਿਤੇ ਗਾਉਂਦੇ ਦੇ ਗੋਲੀ ਨਾ ਆ ਲੱਗੇ? ਜੇ ਨੱਚਦੇ ਗਾਉਂਦਿਆਂ ਈ ਮਰਨੈ ਤਾਂ ਬਾਹਰ ਨਿਕਲ ਕੇ ਗੇੜਾ ਦੇਓ ਤੇ ਸਤਲੁਜ `ਚ ਛਾਲ ਮਾਰੋ। ਜਾਂ ਫਿਰ ਸਾਨੂੰ ਲਿਖ ਕੇ ਦੇ ਦਿਓ, ਜੰਗਲੇ ਉਤੋਂ ਧੱਕਾ ਦੇਣ ਦੀ ਸੇਵਾ ਅਸੀਂ ਕਰ ਦਿੰਨੇ ਆਂ। ਨੱਚਦੇ ਗਾਉਂਦੇ ਤਾਂ ਇਓਂ ਈ ਮਰਿਆ ਜਾ ਸਕਦੈ!”
1990 ਵਿੱਚ ਮੈਂ ਅਮਰੀਕਾ ਗਿਆ ਤਾਂ ਯੂਬਾ ਸਿਟੀ ਵਿੱਚ ਪਹਿਲਾ ਵਿਦੇਸ਼ੀ ਕਬੱਡੀ ਮੇਲਾ ਵੇਖਣ ਦਾ ਮੌਕਾ ਮਿਲਿਆ। ਦੀਦਾਰ ਸਿੰਘ ਬੈਂਸ ਹੋਰਾਂ ਨੇ ਮੈਨੂੰ ਵਿਸਲ ਫੜਾ ਦਿੱਤੀ। ਇੱਕ ਇਕ ਕਬੱਡੀ ਅਮਰੀਕਨ ਪੰਜਾਬੀਆਂ ਦਾ ਸੇਰ ਸੇਰ ਲਹੂ ਵਧਾਉਣ ਲੱਗੀ। ਮੁੜ੍ਹਕੋ ਮੁੜ੍ਹਕੀ ਹੋਇਆ ਬਲਵਿੰਦਰ ਫਿੱਡਾ ਇੱਕ ਵਾਰ ਵੀ ਨਹੀਂ ਸੀ ਰੁਕ ਰਿਹਾ। ਦਰਸ਼ਕ ਚਾਹੁੰਦੇ ਸਨ ਕਿ ਉਹ ਜਰਵਾਣਾ ਖਿਡਾਰੀ ਯੂਬਾ ਸਿਟੀ ਵਿੱਚ ਇੱਕ ਵਾਰ ਤਾਂ ਜ਼ਰੂਰ ਡੱਕਿਆ ਜਾਵੇ। ਆਖਰੀ ਕਬੱਡੀ ਫਿੱਡੂ ਨੂੰ ਇੰਗਲੈਂਡੀਏ ਜਾਫੀ ਦਾ ਅਜਿਹਾ ਜੱਫਾ ਪਿਆ ਕਿ ਬੇਵਸੀ ਵਿੱਚ ਉਹਦਾ ਸਾਹ ਟੁੱਟ ਗਿਆ। ਮੈਨੂੰ ਵਿਸਲ ਵਜਾ ਕੇ ਜਾਫੀ ਦੇ ਹੱਕ ਵਿੱਚ ਪੁਆਇੰਟ ਦੇਣਾ ਪਿਆ।
ਸਾਰੇ ਮੈਚ ਵਿੱਚ ਫਿੱਡੂ ਸਿਰਫ ਇੱਕ ਵਾਰ ਰੁਕਿਆ। ਪਰ ਜਦ ਰੁਕਿਆ ਤਾਂ ਏਨਾ ਉੱਚਾ ਸ਼ੋਰ ਗੂੰਜਿਆ ਜਿੰਨਾ ਮੈਂ ਸਾਰੀ ਉਮਰ ਨਹੀਂ ਸੀ ਸੁਣਿਆ। ਦੇਰ ਤਕ ਦਰਸ਼ਕਾਂ ਦੀਆਂ ਚੀਕਾਂ ਤੇ ਕਿਲਕਾਰੀਆਂ ਗੂੰਜਦੀਆਂ ਰਹੀਆਂ। ਸਕੂਲੀ ਮੁੰਡੇ ਅਮਰੀਕਨ ਵਛੜਿਆਂ ਵਾਂਗ ਰੰਭੀ ਗਏ। ਉਹ ਚੀਕਵੀਆਂ ਆਵਾਜ਼ਾਂ ਕੱਢਦੇ ਸਨ ਜੋ ਨਾ ਪੰਜਾਬੀ ਲੱਗਦੀਆਂ ਸਨ ਤੇ ਨਾ ਅਮਰੀਕਨ। ਉਨ੍ਹਾਂ ਵਿੱਚ ਦੋਗਲਾਪਣ ਸੀ। ਕਈਆਂ ਨੇ ਬੀਅਰ ਦੀਆਂ ਕੁੱਪੀਆਂ ਜਿਹੀਆਂ ਹਵਾ `ਚ ਚਲਾ ਮਾਰੀਆਂ ਸਨ ਤੇ ਪਾਣੀ ਪਿਆਉਣ ਵਾਲਿਆਂ ਨੇ ਜੱਗ ਵਗਾਹ ਸੁੱਟੇ ਸਨ। ਕਬੱਡੀ ਦੇ ਧੱਕੜ ਖਿਡਾਰੀ ਫਿੱਡੂ ਦਾ ਇੱਕ ਵਾਰ ਵੀ ਡੱਕਿਆ ਜਾਣਾ ਖੇਡ ਜਗਤ ਦੀ ਵੱਡੀ ਖ਼ਬਰ ਸੀ ਜੋ ਪੰਜਾਬੀ ਅਖ਼ਬਾਰਾਂ ਦੀ ਮੋਟੀ ਸੁਰਖ਼ੀ ਬਣਨ ਦਾ ਮਹੱਤਵ ਰੱਖਦੀ ਸੀ।
ਯੂਬਾ ਸਿਟੀ ਤੋਂ ਕੁੱਝ ਦਿਨ ਪਿੱਛੋਂ ਵੈਨਕੂਵਰ ਦਾ ਖੇਡ ਮੇਲਾ ਵੇਖਿਆ। ਉਥੇ ਮੇਰੇ ਨਾਲ ਸੰਤੋਖ ਸਿੰਘ ਮੰਡੇਰ ਨੇ ਵਿਸਲ ਫੜ ਕੇ ਕਬੱਡੀ ਦੇ ਮੈਚ ਖਿਡਾਏ ਸਨ। ਏਧਰ ਕਬੱਡੀਆਂ ਪੈਂਦੀਆਂ ਤੇ ਓਧਰ ਲਾਊਡ ਸਪੀਕਰ ਤੋਂ ਆਵਾਜ਼ਾਂ ਆਉਂਦੀਆਂ:
-ਸੱਠ ਸਾਲ ਤੋਂ ਵੱਡੀ ਉਮਰ ਦੇ ਬਾਬੇ ਦੌੜਨ ਲਈ ਤਿਆਰ ਰਹਿਣ। ਉਹਨਾਂ ਨੇ ਜਿਹੜੀਆਂ ਮਾਲਸ਼ਾਂ ਮੂਲਸ਼ਾਂ ਕਰਨੀਆਂ ਹੁਣੇ ਕਰ ਲੈਣ, ਫੇਰ ਨਾ ਆਖਣ ਬਈ ਪੂਰੇ ਤਿਆਰ ਨੀ ਹੋਏ!
-ਓਏ ਭਰਾਵੋ ਝੰਡੀਆਂ ਤੋਂ ਪਿੱਛੇ ਹੋ-ਜੋ। ਇਹਨਾਂ ਨੂੰ ਕਾਹਨੂੰ ਪਾੜੀ ਜਾਨੇ ਓਂ? ਇਹ ਥੋਡੇ ਈ ਪੈਸੇ ਖਰਚ ਕੇ ਬਣਵਾਈਆਂ।
-ਸਰੂਪ ਸਿੰਘ ਮ੍ਹੋਟਾ ਸਟੇਜ `ਤੇ ਆ-ਜੇ। ਬਾਈ ਸਿਆਂ ‘ਮ੍ਹੋਟਾ’ ਕਹਿਣ ਦਾ ਗੁੱਸਾ ਨਾ ਕਰੀਂ। ਸਾਨੂੰ ਤਾਂ ਜਿਵੇਂ ਕੋਈ ਕਹਿ ਦਿੰਦਾ ਓਵੇਂ ਬੋਲੀ ਜਾਨੇਂ ਆਂ।
-ਬਿੰਦ ਕੁ ਹੋਇਆ ਇੱਕ ਭੂਰੀ ਜੀ ਦਾੜ੍ਹੀ ਵਾਲਾ ਬਾਬਾ ਬੁਲਵਾ ਕੇ ਗਿਆ ਸੀ ਬਈ ਉਹਦਾ ਪੋਤਾ ਗੁਆਚ ਗਿਐ। ਪੋਤਾ ਤਾਂ ਸਾਨੂੰ ਲੱਭ ਗਿਆ, ਦੇਖੀਂ ਬਾਬਾ ਹੁਣ ਕਿਤੇ ਤੂੰ ਨਾ ਗੁਆਚ-ਜੀਂ!
ਇੰਗਲੈਂਡ `ਚ ਮੈਂ ਸਾਊਥਾਲ, ਈਰਥ ਵੂਲਿਚ, ਵੁਲਵਰਹੈਂਪਟਨ, ਬ੍ਰੈਡਫੋਰਡ, ਬਰਮਿੰਘਮ ਤੇ ਹੋਰ ਸ਼ਹਿਰਾਂ ਵਿੱਚ ਕਬੱਡੀ ਦੇ ਟੂਰਨਾਮੈਂਟ ਵੇਖੇ ਜਿਥੇ ਦਿਨ ਢਲਦੇ ਨਾਲ ਹੀ ਬੋਤਲਾਂ ਖੁੱਲ੍ਹ ਜਾਂਦੀਆਂ। ਇੰਗਲੈਂਡ ਦੇ ਕਬੱਡੀ ਮੇਲਿਆਂ ਵਿੱਚ ਸ਼ਰਾਬ ਸਭ ਥਾਵਾਂ ਤੋਂ ਵੱਧ ਪੀਤੀ ਜਾਂਦੀ ਹੈ। ਜਿੰਨਾ ਕੁ `ਕੱਠ ਕਬੱਡੀ ਦੇ ਦਾਇਰੇ ਦੁਆਲੇ ਹੁੰਦੈ ਓਨਾ ਕੁ ਹੀ ਪਾਰਕ ਕੀਤੀਆਂ ਕਾਰਾਂ ਦੀਆਂ ਡਿੱਗੀਆਂ ਦੁਆਲੇ ਆ ਜੁੜਦੈ। ਪੱਛਮੀ ਮੁਲਕਾਂ ਦੇ ਪੰਜਾਬੀ ਖੇਡ ਮੇਲੇ ਪਿਕਨਿਕ ਵਾਂਗ ਮਨਾਏ ਜਾਂਦੇ ਹਨ। ਖਾਣ ਪੀਣ ਦਾ ਸਮਾਨ ਘਰੋਂ ਈ ਕਾਰਾਂ ਦੀਆਂ ਡਿੱਕੀਆਂ `ਚ ਰੱਖ ਲਿਆ ਜਾਂਦੈ।
ਅਮਰੀਕਾ `ਚ ਮੈਂ ਸਿਆਟਲ, ਸੈਨਹੋਜ਼ੇ, ਹੇਵਰਡ, ਫਰਿਜ਼ਨੋ, ਸੈਲਮਾ, ਯੂਬਾ ਸਿਟੀ, ਨਿਊਯਾਰਕ, ਸਿਨਸਿਨੈਟੀ ਤੇ ਸ਼ਿਕਾਗੋ ਦੇ ਕਬੱਡੀ ਮੇਲੇ ਕਈ ਵਾਰ ਵੇਖੇ ਨੇ। ਮਜ਼ਦੂਰਾਂ ਦੀ ਹੜਤਾਲ ਵਾਲੇ ਸ਼ਹਿਰ ਸ਼ਿਕਾਗੋ ਦੇ ਕਬੱਡੀ ਮੇਲੇ ਬਾਰੇ ਲਿਖਿਆ, “ਸ਼ਿਕਾਗੋ ਦੇ ਕਬੱਡੀ ਮੇਲੇ ਦੀ ਵਿਸ਼ੇਸ਼ਤਾ ਹੈ ਕਿ ਉਥੇ ਖਾਣ ਪੀਣ ਦਾ ਸਿਲਸਿਲਾ ਵਿਆਹ ਵਰਗਾ ਹੁੰਦੈ। ਤਾਜ਼ੀਆਂ ਜਲੇਬੀਆਂ ਨਿਕਲਦੀਆਂ ਹਨ ਤੇ ਗਰਮਾ ਗਰਮ ਪਕੌੜੇ ਮਹਿਕਾਂ ਛੱਡਦੇ ਹਨ। ਉਥੇ ਬਾਰ ਬੀਕੀਊ ਹੁੰਦਾ ਹੈ ਤੇ ਕੜ੍ਹੀ ਚੌਲ ਬਣਦੇ ਹਨ। ਮਿਲਵਾਕੀ, ਵਿਨਕਾਨਸਨ, ਇੰਡੀਆਨਾ ਤੇ ਮਿਸ਼ੀਗਨ ਸ਼ਹਿਰਾਂ ਦੇ ਪੰਜਾਬੀ ਪਰਿਵਾਰ ਸ਼ਿਕਾਗੋ ਵੱਲ ਗੱਡੀਆਂ ਭਜਾਈ ਆਉਂਦੇ ਹਨ। ਅੱਗੋਂ ਰੇਡੀਓ ਦੇਸੀ ਜੰਕਸ਼ਨ ਵਾਲਾ ਹੈਪੀ ਹੀਰ ਸਵਾਗਤ ਕਰਦਿਆਂ ਕਹੀ ਜਾਂਦੈ-ਪਹਿਲਾਂ ਪਾਣੀ ਧਾਣੀ ਪੀਓ ਤੇ ਪਰਾਉਂਠੇ ਛਕੋ। ਨਾਲ ਫਾਲ ਲਾ ਦਿੰਦੈ, ਅਸੀਂ ਕੁੱਕੜ ਵੀ ਪੁੱਠੇ ਟੰਗ ਦਿੱਤੇ ਆ। ਜਿਨ੍ਹਾਂ ਨੇ ਉਹਨਾਂ ਦੀਆਂ ਟੰਗਾਂ ਨਾਲ ਦੰਦ ਤਿੱਖੇ ਕਰਨੇ ਆਂ ਉਹ ਰਤਾ ਸਬਰ ਕਰਨ।”
ਕੈਨੇਡਾ ਦੇ ਸ਼ਹਿਰ ਵੈਨਕੂਵਰ, ਸੱਰੀ, ਐਬਸਫੋਰਡ, ਕੈਲਗਰੀ, ਐਡਮਿੰਟਨ, ਵਿਨੀਪੈੱਗ, ਔਟਵਾ, ਮਾਂਟਰੀਅਲ, ਹੈਮਿਲਟਨ ਤੇ ਟੋਰਾਂਟੋ ਦੇ ਕਬੱਡੀ ਟੂਰਨਾਮੈਂਟ ਤਾਂ ਮੈਨੂੰ ਚਕਰ ਤੇ ਢੁੱਡੀਕੇ ਦੇ ਖੇਡ ਮੇਲਿਆਂ ਵਾਂਗ ਹੀ ਲੱਗਦੇ ਹਨ। ਇਨ੍ਹਾਂ ਮੇਲਿਆਂ ਦਾ ਮੈਂ ਅਨੇਕਾਂ ਵਾਰ ਅਨੰਦ ਮਾਣਿਆ ਹੈ। ਟੋਰਾਂਟੋ ਵਿੱਚ ਬਾਬਿਆਂ ਦਾ ਖੇਡ ਮੇਲਾ ਹੋਇਆ ਤਾਂ ਮੈਂ ‘ਮਾਰਦੇ ਦਮਾਮੇ ਬਾਬੇ ਮੇਲੇ ਆ ਗਏ’ ਸਿਰਲੇਖ ਅਧੀਨ ਲਿਖਿਆ, “ਬੰਦਾ ਉਦੋਂ ਤਕ ਬੁੱਢਾ ਨਹੀਂ ਹੁੰਦਾ ਜਦੋਂ ਤਕ ਉਹ ਖੁਦ ਆਪਣੇ ਆਪ ਨੂੰ ਬੁੱਢਾ ਨਾ ਮੰਨ ਲਵੇ। ਆਓ ਬਾਬਿਆਂ ਦੇ ਅਗਲੇ ਮੇਲੇ ਦੀ ਹੁਣੇ ਤੋਂ ਉਡੀਕ ਕਰਨ ਲੱਗੀਏ ਤੇ ਤਿਆਰੀਆਂ ਕਰੀਏ। ਕੋਈ ਦੌੜਾਂ ਲਾਵੇ ਕੋਈ ਛਾਲਾਂ, ਕੋਈ ਗੋਲਾ ਸੁੱਟੇ ਕੋਈ ਡਿਸਕਸ, ਕੋਈ ਰੱਸਾ ਖਿੱਚੇ, ਵਾਲੀਬਾਲ ਖੇਡੇ ਜਾਂ ਫੁਟਬਾਲ, ਮੋਰ-ਚਾਲ ਚੱਲੇ ਜਾਂ ਕਲਹਿਰੀ ਮੋਰ ਬਣੇ ਅਤੇ ਮਾਈਆਂ ਬੀਬੀਆਂ ਵੀ ਨੱਚਣ ਕੁੱਦਣ ਤੇ ਮਨਾਂ ਦੇ ਚਾਅ ਪੂਰੇ ਕਰਨ। ਪਿਛਲੀ ਉਮਰੇ ਹੱਸਣਾ ਖੇਡਣਾ ਉਨ੍ਹਾਂ ਦਾ ਹੱਕ ਬਣਦੈ। ਆਓ ਬੰਦ ਘਰਾਂ `ਚੋਂ ਨਿਕਲੀਏ ਤੇ ਖੁੱਲ੍ਹੀਆਂ ਜੂਹਾਂ `ਚ ਵਿਚਰੀਏ। ਖੜ੍ਹੇ ਪਾਣੀ ਤ੍ਰੱਕ ਜਾਂਦੇ ਨੇ ਤੇ ਖੜ੍ਹੀਆਂ ਮਸ਼ੀਨਾਂ ਦੇ ਪੁਰਜ਼ੇ ਜਾਮ ਹੋ ਜਾਂਦੇ ਨੇ। ਮਨੁੱਖੀ ਮਸ਼ੀਨ ਦੇ ਵੀ ਜਿਹੜੇ ਅੰਗ ਚਲਦੇ ਰੱਖਾਂਗੇ ਉਹੀ ਚਲਦੇ ਰਹਿਣਗੇ ਤੇ ਜਿਨ੍ਹਾਂ ਤੋਂ ਕੰਮ ਨਹੀਂ ਲਵਾਂਗੇ ਉਹ ਜਾਮ ਹੋ ਜਾਣਗੇ।
“ਜਿਹੜਾ ਕੋਈ ਜਿੰਨੇ ਜੋਗਾ ਵੀ ਹੈ ਉਹ ਆਪਣੇ ਆਪ ਨੂੰ ਵੱਧ ਤੋਂ ਵੱਧ ਚਲਦਾ ਰੱਖੇ। ਐਵੇਂ ਬੁਢਾਪੇ ਦੇ ਝੋਰੇ ਨਹੀਂ ਝੁਰਦੇ ਰਹਿਣਾ ਚਾਹੀਦੈ। ਝੋਰੇ ਤੇ ਫਿਕਰ ਕਿਸੇ ਮਰਜ਼ ਦਾ ਇਲਾਜ ਨਹੀਂ। ਮੌਤ ਭਾਵੇਂ ਭਲਕ ਨੂੰ ਆ ਜਾਵੇ ਪਰ ਟੀਚਾ ਸੈਂਚਰੀ ਮਾਰਨ ਦਾ ਮਿਥੀਏ। ਸਦਾ ਚੜ੍ਹਦੀ ਕਲਾ `ਚ ਰਹੀਏ ਅਤੇ ਨਿੱਤ ਨਵੀਆਂ ਆਸਾਂ ਨਾਲ ਜਾਗੀਏ। ਹੁਣੇ ਤੋਂ ਸਾਈਆਂ ਲਾਈਏ ਕਿ ਆਉਂਦੇ ਮੇਲੇ `ਚ ਦਮਾਮੇ ਮਾਰਦੇ ਢੁੱਕਾਂਗੇ। ਮੰਨਿਆ ਕਿ ਚੜ੍ਹਦਾ ਸੂਰਜ ਲਾਲ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਛਿਪਦੇ ਸੂਰਜ ਦੀ ਲਾਲੀ ਵੀ ਘੱਟ ਨਹੀਂ ਹੁੰਦੀ।”