ਭਾਅ ਸਵੱਲੇ ਵਿਕਦੀਆਂ ਨੇ ਬੋਟੀਆਂ।
ਮਿਲਦੀਆਂ ਨੇ ਮਹਿੰਗੀਆਂ ਬੱਸ ਰੋਟੀਆਂ।
ਵੇਚਿਆ ਈਮਾਨ ਮਿਲੀਆਂ ਰੋਟੀਆਂ,
ਇਹ ਵੀ ਕੋਈ ਕੀਮਤਾਂ ਨਾ ਛੋਟੀਆਂ।
ਲਾਲ ਝੰਡੀ ਇਨ੍ਹਾਂ ਨੂੰ ਦਿੱਤੀ ਏ ਕਿਸ?
ਅਰਸ਼ ਉੱਤੇ ਰੋ ਰਹੀਆਂ ਬਦਲੋਟੀਆਂ।
ਲਾਵਾ ਸੁਲ਼ਗੇ ਤੇਰੇ ਅੰਦਰ ਪਰਬਤਾ,
ਬਰਫ਼ ਨੇ ਪਰ ਢਕੀਆਂ ਨੇ ਚੋਟੀਆਂ।
ਪਾਇਆ ਸਾਨੂੰ ਰਹਿਬਰਾਂ ਨੇ ਪੁੱਠੇ ਰਾਹ,
ਨੀਯਤਾਂ ਇਨ੍ਹਾਂ ਦੀਆਂ ਨੇ ਖੋਟੀਆਂ।
ਧਰਮ ਤੇ ਈਮਾਨ ਬਚ ਸਕਦਾ ਨਹੀਂ,
ਰਾਖਿਆਂ ਨੇ ਪਾ ਲਈਆਂ ਨੇ ਜੋਟੀਆਂ।