ਇਕਲਾਪਾ…?
ਯਾਦਾਂ…?
ਉਹ ਇਕਲਾਪੇ ਦੀ ਮਾਰੀ ਹੋਈ ਯਾਦਾਂ ਦੇ ਸਹਾਰੇ ਜੀਵਨ ਦਾ ਬਾਕੀ ਰਹਿੰਦਾ ਸਮਾਂ ਗੁਜ਼ਾਰ ਰਹੀ ਹੈ।
ਇਕਲਾਪਾ? ਪਾਰਟੀ ਦੇ ਸ਼ੋਰ ਵਿੱਚ?
ਯਾਦਾਂ? ਕ੍ਰਿਸਮਿਸ ਦੀ ਪਾਰਟੀ ਸਮੇਂ?
ਯਾਦਾਂ ਬੀਤ ਗਏ ਸਮੇਂ ਦੀਆਂ? ਉਹ ਬੀਤ ਗਿਆ ਸਮਾਂ ਜਿਹੜਾ ਹੁਣ ਮੁੜ ਕੇ ਨਹੀਂ ਆਉਣਾ। ਬੀਤ ਗਿਆ ਉਸ ਦਾ ਕੀ ਯਾਦ ਕਰਨਾ? ਬੀਤ ਗਿਆ ਸੋ ਬੀਤ ਗਿਆ।
ਪਰ ਨਾ ਤਾਂ ਯਾਦਾਂ ਹੀ ਉਸਦਾ ਪਿੱਛਾ ਛੱਡ ਰਹੀਆਂ ਹਨ ਅਤੇ ਨਾ ਹੀ ਇਕਲਾਪਾ।
ਕ੍ਰਿਸਮਿਸ ਦੀਆਂ ਛੁੱਟੀਆਂ ਆਰੰਭ ਹੋ ਰਹੀਆਂ ਹਨ। ਇਸ ਸਾਲ ਕ੍ਰਿਸਮਿਸ ਸੋਮਵਾਰ ਵਾਲੇ ਦਿਨ ਹੈ ਅਤੇ ਸੋਮਵਾਰ ਆਉਣ ਵਿੱਚ ਹਾਲਾਂ ਪੂਰੇ ਤਿੰਨ ਦਿਨ ਬਾਕੀ ਹਨ ਪਰ ਅੱਜ ਵੀਰਵਾਰ ਵਾਲੇ ਗਰੁੱਪ ਦਾ ‘ਡੇ ਸੈਂਟਰ’ ਵਿੱਚ, ਕ੍ਰਿਸਮਿਸ ਤੋਂ ਪਹਿਲਾਂ ਅੱਜ ਦਾ ਦਿਨ ਹੀ ਅੰਤਮ ਦਿਨ ਹੈ। ਏਸ਼ੀਅਨ ਗਰੁੱਪ ਲਈ ਕ੍ਰਿਸਮਿਸ ਪਾਰਟੀ ਅੱਜ ਦੇ ਦਿਨ ਹੀ ਰੱਖੀ ਗਈ ਹੈ। ਉਂਝ ਡੇ ਸੈਂਟਰ ਵਿੱਚ ਆਉਣ ਵਾਲਿਆਂ ਨੇ ਪਾਰਟੀਆਂ ਕੀ ਖਾਣੀਆਂ ਹੁੰਦੀਆਂ ਨੇ ਐਵੇਂ ਜ਼ਰਾ ਜੀਅ ਪ੍ਰਚਾਉਣ ਦੀਆਂ ਗੱਲਾਂ ਨੇ ਅਤੇ ਪਲ ਦੀ ਪਲ ਧਿਆਨ ਕਿਸੇ ਹੋਰ ਪਾਸੇ ਲਾਉਣ ਦਾ ਉਪਰਾਲਾ ਹੁੰਦਾ ਹੈ।
ਪਾਰਟੀ ਦੇ ਮਾਹੌਲ ਵਿੱਚ, ਲੱਗੇ ਟੇਪ ਰੀਕਾਰਡਰ ਉਤੇ ਚਲ ਰਹੇ ਏਸ਼ੀਅਨ ਸੰਗੀਤ ਦੇ ਸ਼ੋਰ ਵਿੱਚ, ਖਾਣੇ ਦੀਆਂ ਪਲੇਟਾਂ ਵਿੱਚ ਖੜਕਦੇ ਚਮਚਿਆਂ ਦੀ ਆਵਾਜ਼ ਵਿੱਚ ਵੀ, ਇੰਨੇ ਬੰਦਿਆਂ ਦੀ ਹੋਂਦ ਤੋ ਮੁਨਕਰ ਹੋ ਕੇ, ਉਹ ਬਿਲਕੁਲ ਇਕੱਲੀ ਜਾਪ ਰਹੀ ਹੈ। ਕਿਤੇ ਦੂਰ ਖੜ੍ਹੀ ਇੰਝ ਭਾਸ ਰਹੀ ਹੈ ਜਿਵੇਂ ਉਹ ਅਹਿਲ ਖੜ੍ਹੀ ‘ਚੀਲ੍ਹ’ ਦਾ ਅ-ਹਿੱਲ ਦਰਖਤ ਹੋਵੇ।
ਪਰ---
ਨਛੱਤਰ ਕੌਰ ਪਹਿਲਾਂ ਤੋਂ ਹੀ ਇੰਝ ਨਹੀਂ ਸੀ। ਪਹਿਲਾਂ ਤਾਂ ਉਹ ਵੀ, ਏਸ਼ੀਅਨ ਹੋਣ ਦੇ ਬਾਵਜ਼ੂਦ, ਕ੍ਰਿਸਮਿਸ ਦਾ ਤਿਉਹਾਰ ਮਨਾਇਆ ਕਰਦੀ ਸੀ। ਤਿਉਹਾਰ ਕੀ? ਮੁਬਾਰਕਾਂ ਦੇ ਕਾਰਡ ਦੇਣੇ, ਤੋਹਫੇ ਦੇਣੇ ਲੈਣੇ, ਗੋਰਿਆਂ ਦੇ ਦੇਸ਼ ਵਿੱਚ ਰਹਿੰਦਿਆਂ ਗੋਰਿਆਂ ਵਾਂਗ ਹੀ ਕ੍ਰਿਸਮਿਸ-ਟਰੀ ਵੀ ਮੁੱਖ ਕਮਰੇ ਵਿੱਚ ਰੱਖਿਆ ਕਰਦੀ ਸੀ। ਵਿਸ਼ੇਸ਼ ਖਾਣੇ ਤਿਆਰ ਕਰਦੀ। ਪਤੀ ਲਈ ਭਾਂਤਿ ਭਾਂਤਿ ਦੇ ਪਕਵਾਨ ਪਕਾਂਦੀ, ਮੀਟ ਤਿਆਰ ਕਰਦੀ। ਪੁੱਤਰ ਲਈ ਕ੍ਰਿਸਮਿਸ ਪੁਡਿੰਗ ਬਣਾਂਦੀ। ਪਰ ਉਦੋਂ ਦੀ ਗੱਲ ਹੀ ਕੁੱਝ ਹੋਰ ਸੀ। ਪਰ ਹੁਣ? ਹੁਣ ਉਸ ਨੂੰ ਕ੍ਰਿਸਮਿਸ ਜ਼ਹਿਰ ਦਿਖਾਲੀ ਦਿੰਦੀ। ਕ੍ਰਿਸਮਿਸ ਦੇ ਨਾਂ ਤੋਂ ਹੀ ਉਸ ਨੂੰ ਡਰ ਲੱਗਦਾ। ਹੁਣ ਉਹ ਹਰ ਕ੍ਰਿਸਮਿਸ ਦੇ ਮੌਕੇ ਤੇ ਪੀੜਾਂ ਨਾਲ ਪਰੁੰਨੀ ਜਾਂਦੀ। ਕ੍ਰਿਸਮਿਸ ਦਾ ਨਾਂ ਸੁਣਦਿਆਂ ਹੀ ਉਸਦੀ ਰੂਹ ਕੁਰਲਾ ਉਠਦੀ। ਉਸਦਾ ਸਾਰਾ ਤਨ-ਮਨ ਲੀਰੋ-ਲੀਰ ਹੋ ਜਾਂਦਾ।
ਠੀਕ ਤਿੰਨ ਵਰ੍ਹੇ ਪਹਿਲਾਂ, ਅੱਜ ਦੇ ਦਿਨ ਹੀ, ਕ੍ਰਿਸਮਿਸ ਤੋਂ ਤਿੰਨ ਦਿਨ ਪਹਿਲਾਂ ਹੀ ਉਸ ਦੇ ਸਾਹਾਂ ਵਿੱਚ ਵਸਿਆ, ਉਸਦੇ ਸਿਰ ਦਾ ਸਾਈਂ, ਉਸ ਦੀਆਂ ਸਾਰੀਆਂ ਖੁਸ਼ੀਆਂ ਤੇ ਖੇੜੇ ਲੈ ਕੇ ਨਾ ਮੁੜਨ ਵਾਲੇ ਸਥਾਨ ਲਈ ਚਾਲੇ ਪਾ ਗਿਆ ਸੀ। ਠੀਕ ਅੱਜ ਹੋ ਰਹੀ ਪਾਰਟੀ ਵਾਂਗ ਹੀ, ਉਹ ਆਪਣੇ ਕੰਮ ਕਰਨ ਵਾਲੀ ਫੈਕਟਰੀ ਵਿੱਚ, ਨਾਲ ਦੇ ਸਾਥੀਆਂ ਨਾਲ ਇਕ ਕ੍ਰਿਸਮਿਸ ਪਾਰਟੀ ਤੇ ਅਜਿਹਾ ਗਿਆ ਕਿ ਮੁੜ ਜਿਉਂਦਾ ਨਾ ਮੁੜਿਆ। ਸਾਥੀ ਆਂਹਦੇ ਸਨ ਉਸ ਸ਼ਰਾਬ ਵਾਹਲੀ ਪੀ ਲਈ। ਹਸਪਤਾਲ ਵਾਲਿਆਂ ਨੇ ਪੋਸਟ-ਮਾਰਟਮ ਦੀ ਰੀਪੋਰਟ ਵਿੱਚ ਦੱਸਿਆ ਕਿ ਉਹ ਦਿਲ ਦਾ ਮਰੀਜ਼ ਸੀ। ਸ਼ਾਇਦ ਸ਼ਰਾਬ ਪੀਣ ਕਾਰਨ ਦਿਲ ਫੇਲ੍ਹ ਹੋ ਗਿਆ। ਉਸ ਦਾ ਦਿਲ ਕੀ ਫੇਲ੍ਹ ਹੋਇਆ, ਨਛੱਤਰ ਕੌਰ ਲਈ ਤਾਂ ਜਿਵੇਂ ਸਾਰਾ ਸੰਸਾਰ ਹੀ ਫੇਲ੍ਹ ਹੋ ਗਿਆ। ਇੱਕੋ ਇੱਕ ਪੁੱਤਰ ਸੀ। ਉਸ ਨੇ ਪਹਿਲਾਂ ਹੀ ਆਪਣੇ ਮਨ-ਮਰਜ਼ੀ ਦੀ ਗੋਰੀ ਨਾਲ ਵਿਆਹ ਕਰਵਾ ਲਿਆ ਸੀ। ਉਹ ਤਾਂ ਪਹਿਲਾਂ ਹੀ ਲੰਡਨ ਰਹਿੰਦਾ ਸੀ। ਪਿਤਾ ਦੀ ਮੌਤ ਸੁਣਕੇ ਉਹ ਕੁੱਝ ਦਿਨਾਂ ਲਈ ਮਾਂ ਪਾਸ ਆਇਆ। ਉਸ ਨੇ ਮਾਂ ਨੂੰ ਆਪਣੇ ਪਾਸ ਲੰਡਨ ਜਾ ਕੇ ਰਹਿਣ ਲਈ ਪ੍ਰੇਰਨ ਦੀ ਕੋਸ਼ਿਸ ਕੀਤੀ। ਦਰਅਸਲ ਪੁੱਤਰ ਦੇ ਮਨ ਵਿੱਚ ਕੁੱਝ ਹੋਰ ਸੀ। ਉਹ ਕਿਸੇ ਦਾਅ ਤੇ ਸੀ। ਉਹ ਮਾਂ ਦਾ ਮਕਾਨ ਵੇਚ ਕੇ ਸਾਰਾ ਪੈਸਾ ਹੜੱਪਨਾ ਚਾਹੁੰਦਾ ਸੀ।
ਨਛੱਤਰ ਕੌਰ ਇਸ ਘਰ ਨਾਲ ਜੁੜੀ ਹੋਈ ਅਨੁਭਵ ਕਰ ਰਹੀ ਸੀ। ਪਰ ਉਸਦਾ ਆਪਣੇ ਪੁੱਤਰ ਨੂੰ ਕੁੱਝ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ। ਇਸੇ ਹੀ ਜੱਕੋ-ਤੱਕੋ ਵਿੱਚ ਪੁੱਤਰ ਨੇ ਮਕਾਨ ਵੇਚਣਾ ਲਾਉਣ ਲਈ ‘ਇਸਟੇਟ ਏਜੰਟ’ ਘਰ ਬੁਲਾ ਲਿਆ। ਇਸਟੇਟ ਏਜੰਟ ਆਇਆ। ਉਹ ਘਰ ਨੂੰ ਨਜ਼ਰ ਮਾਰਕੇ, ਕਮਰਿਆਂ ਦੀ ਲੋੜੀਂਦੀ ਗਿਣਤੀ-ਮਿਣਤੀ ਕਰਕੇ, ਪਿਛੇ ਛੱਡੇ ਜਾ ਰਹੇ ਸਾਮਾਨ ਦਾ ਹਿਸਾਬ ਕਿਤਾਬ ਲਗਾਕੇ ਮਾਰਕੀਟ ਦੇ ਹਿਸਾਬ ਨਾਲ ਘਰ ਦੀ ਕੀਮਤ ਲਗਾਉਣਾ ਚਾਹੁੰਦਾ ਸੀ। ਉਂਝ ਇਸ ਸਮੇਂ ਮਾਰਕੀਟ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਡਿਗੀਆਂ ਹੋਈਆਂ ਸਨ। ਬੇਕਾਰੀ ਅਤੇ ਮੰਦੀ ਕਾਰਨ ਮਕਾਨ ਵਿਕਣੇ ਔਖੇ ਸਨ।
ਗੋਰਾ ਇਸਟੇਟ ਏਜੰਟ ਆਇਆ ਤਾਂ ਗੋਰੀ ਨੂੰਹ ਤੇ ਪੁੱਤਰ, ਉਸਦੇ ਨਾਲ ਹੋ ਕੇ ਘਰ ਦਿਖਾਲ ਰਹੇ ਸਨ। ਇਸਟੇਟ ਏਜੰਟ ਸਿੱਧਾ ਪਹਿਲਾਂ ਗਾਰਡਨ ਦੇਖਣ ਗਿਆ। ਸੁਆਰਿਆ ਸਜਿਆ ਵੱਡਾ ਗਾਰਡਨ ਦੇਖ ਕੇ ਉਸਨੇ ਹੈਰਾਨੀ ਲੁਕੀ ਖੁਸ਼ੀ ਜ਼ਾਹਿਰ ਕੀਤੀ। ਏਸ਼ੀਅਨ ਆਵਾਸੀ ਕੀ ਤੇ ਗਾਰਡਨ ਕੀ? ਕਈ ਏਸ਼ੀਅਨ ਤਾਂ ਆਪਣੇ ਘਰ ਤੱਕ ਨਹੀਂ ਸੁਆਰਕੇ ਰੱਖਦੇ। ਪਰ ਨਛੱਤਰ ਕੌਰ ਦਾ ਪਤੀ ਤਾਂ ਚੰਗੇ ਸੁਆਰੇ ਗਾਰਡਨ ਦਾ ਬਹੁਤ ਸ਼ੌਕੀਨ ਸੀ। ਉਹ ਕੰਮ ਤੋਂ ਆ ਕੇ, ਮੌਸਮ ਦੇ ਹਿਸਾਬ ਨਾਲ ਰੋਜ ਹੀ ਘੱਟੋ ਘੱਟ ਘੰਟਾ ਕੁ ਗਾਰਡਨ ਵਿੱਚ ਜ਼ਰੂਰ ਲਾਉਂਦਾ। ਫੁੱਲਾਂ ਦੀਆਂ ਕਿਆਰੀਆਂ ਵਿੱਚੋਂ ਘਾਹ-ਬੂਟ ਕੱਢਦਾ, ਵਧਿਆ ਘਾਹ ਮਸ਼ੀਨ ਨਾਲ ਕੱਟਦਾ। ਨਛੱਤਰ ਕੌਰ ਨੇ ‘ਪੇਟੀਉ’ ਦੇ ਸ਼ੀਸ਼ੇ ਰਾਹੀਂ ਗਾਰਡਨ ਵੱਲ ਤੱਕਿਆ ਤਾਂ ਉਸਨੂੰ ਏਜੰਟ ਦੇ ਨਾਲ ਆਪਣਾ ਪੁੱਤਰ ਨਹੀਂ, ਪਤੀ ਹੀ ਹੋਣ ਦਾ ਝਾਉਲਾ ਪਿਆ। ਦੂਜੇ ਪੱਲ ਜੱਦ ਉਸ ਸੰਭਲਕੇ ਮੁੜ ਤੱਕਿਆ ਤਾਂ ਉਸ ਦੇ ਦਿਲ ਦਾ ਰੁੱਗ ਹੀ ਭਰਿਆ ਗਿਆ। ਉਸ ਦੀ ਭੁੱਬ ਨਿਕਲ ਗਈ। ਉਸਨੂੰ ਆਪਣੇ ਪਤੀ ਦੀਆਂ ਨਿਸ਼ਾਨੀਆਂ ਵੇਚਣ ਬਾਰੇ ਸੋਚਣਾ ਅੱਗ ਦੇ ਅੰਗਾਰਿਆਂ ਉਤੇ ਤੁਰਨ ਵਾਂਗ ਲੱਗ ਰਿਹਾ ਸੀ। ਪਰ ਪੁੱਤਰ ਅਤੇ ਗੋਰੀ ਨੂੰਹ ਇਸਟੇਟ ਏਜੰਟ ਨੂੰ ਹੁੱਬ-ਹੁੱਬ ਕੇ ਘਰ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹ ਬੰਨ੍ਹ ਹੱਸ ਰਹੇ ਸਨ।
ਇਸਟੇਟ ਏਜੰਟ ਨੇ ਰਸੋਈ ਦੇਖੀ ਅਤੇ ਨਾਲ ਦੀ ‘ਅਕਸਟੈਂਨਸ਼ਨ’ ਸਬੰਧੀ ਲਿਖਿਆ। ਹੇਠਲੇ ਮੂਹਰਲੇ ਕਮਰੇ ਨੂੰ ਦੇਖਣ ਉਪਰੰਤ ਜਦ ਉਹ ਪੌੜੀਆਂ ਚੜ੍ਹ ਕੇ ਵੱਡੇ ਬੈੱਡ ਰੂਮ ਵਿੱਚ ਗਿਆ ਤਾਂ ਉਸ ਦਾ ਮੂੰਹ ਟੱਡੇ ਦਾ ਟੱਡਿਆ ਰਹਿ ਗਿਆ। ਸੱਜੀ ਕੰਧ ਤਾਂ ਸਾਰੀ ਦੀ ਸਾਰੀ ਸ਼ੀਸ਼ਾ ਹੀ ਸੀ। ‘ਫਿਟਿਡ ਵਾਰਡਰੋਬਾਂ’ ਵਿੱਚਕਾਰ ਡੱਬਲ ਬੈੱਡ, ਕਮਰੇ ਦੀ ਦਿੱਖ ਮਨ ਨੂੰ ਮੋਂਹਦੀ ਸੀ। ਦੂਜੇ ਕਮਰੇ ਵੀ ਇੰਝ ਹੀ ਬਹੁਤ ਹੀ ਤਰਤੀਬ ਨਾਲ ਸਜਾਏ ਹੋਏ ਸਨ। ਦਰਵਾਜ਼ਿਆਂ ਦੇ ਜ਼ਿੰਦਰੇ ‘ਬਰਾਸ’ ਦੇ ਸਨ। ਇਸਟੇਟ ਏਜੰਟ, “ਵੈਰੀ ਗੁੱਡ, ਵੈਰੀ ਗੁੱਡ” ਕਰ ਰਿਹਾ ਸੀ ਪਰ ਨਛੱਤਰ ਕੌਰ ਦਾ ਦਿਲ ਡੁੱਬਦਾ ਜਾ ਰਿਹੀ ਸੀ।
ਕਿੰਨੀ ਰੀਝ ਨਾਲ 35 ਵਰ੍ਹੇ ਪਹਿਲਾਂ ਉਸਦੇ ਪਤੀ ਨੇ, ਭਾਰਤੋਂ ਮੰਗੇਤਰ ਬਣ ਕੇ ਆਈ ਲਈ ਇਹ ਘਰ ਲਿਆ। ਇੱਥੇ ਹੀ ਉਹ ਵਿਆਹੀ ਆਈ। ਇਥੇ ਹੀ ਮੁਕਲਾਵਾ। ਇੱਥੇ ਹੀ ਉਸ ਨੇ ਚੰਨ ਜਿਹੇ ਮੁੱਖ ਵਾਲੇ ਪੁੱਤਰ ਨੂੰ ਜਨਮ ਦਿੱਤਾ।
ਇੱਥੇ ਹੀ ਉਸਨੇ ਆਪਣੇ ਪਤੀ ਦੇ ਸਾਹ ਵਿੱਚ ਸਾਹ ਹੋਈ ਨੇ ਜੀਵਨ ਦਾ ਇਕ ਲੰਮਾ ਸਮਾਂ ਹਸਦਿਆਂ-ਖੇਡਦਿਆਂ ਗੁਜ਼ਾਰਿਆ। ਪੈਂਤੀ ਵਰ੍ਹਿਆਂ ਵਿੱਚ ਘਰ ਨੂੰ ਸੰਵਾਰਨ ਸੰਭਾਲਣ ਲਈ ਕਿੰਨਾ ਕੰਮ ਕੀਤਾ? ਖਰਚ ਕੀਤਾ? ਪਤੀ ਦੇ ਕਈ ਦੋਸਤਾਂ ਨੇ ਉਸਨੂੰ ਇਹ ਘਰ ਵੇਚਣ ਦੀ ਸਲਾਹ ਦਿੱਤੀ ਸੀ ਪਰ ਉਸਦੇ ਪਤੀ ਦਾ ਵਿਚਾਰ ਸੀ ਕਿ ਇਸੇ ਘਰ ਨੂੰ ਸੁੰਦਰ ਬਣਾਇਆ ਜਾਵੇ ਅਤੇ ਹੋਰ ਕਰਜ਼ਿਆਂ ਤੋਂ ਬਚਕੇ, ਇਸੇ ਘਰ ਨੂੰ ਕਰਜ਼ੇ ਤੋਂ ਮੁਕੱਤ ਕਰ ਲਿਆ ਜਾਵੇ। ਅੱਜ ਇਸ ਘਰ ਉਤੇ ਕੋਈ ‘ਮਾਰਗੇਜ਼’ ਦਾ ਬਕਾਇਆ ਨਹੀਂ ਸੀ। ਘਰ ‘ਫਰੀ’ ਸੀ। ਨਛੱਤਰ ਕੌਰ ਦੇ ਧੁੱਰ ਅੰਦਰੋਂ ਕੋਈ ਕਹਿ ਰਿਹਾ ਸੀ: ਘਰ ਨਾ ਵੇਚੀਂ। ਇਹ ਘਰ ਵੇਚਣ ਦਾ ਅਰਥ ਹੋਵੇਗਾ ਕਿ ਤੈਂ ਆਪਣੇ ਪਤੀ ਨੂੰ ਹੀ ਵੇਚ ਦਿੱਤਾ।
ਇਸਟੇਟ ਏਜੰਟ ਨੇ ਸਾਰਾ ਘਰ ਵੇਖਣ ਉਪਰੰਤ ਨੂੰਹ-ਪੁੱਤਰ ਨੂੰ ਦੱਸਿਆ: “ਆਲਦੋ ਐਟ ਦਿਸ ਮੋਮੈਂਟ ਹਾਊਜ਼ਿੰਗ ਮਾਰਕਿਟ ਇਜ਼ ਬਿਟ ਸਲੋ, ਬੱਟ ਆਈ ਥਿੰਕ ਦਿਸ ਬੀਊਟੀਫੁਲ ਕਲੀਨ ਹਾਊਸ ਕੁੱਡ ਬੀ ਸੋਲਡ ਫਾਰ ਟੂ ਹੰਡਰਿਡ ਫਿਫਟੀ ਥਾਊਜ਼ੈਂਡ ਪਾਊਂਡਜ਼।”
“ਰੀਅਲੀ! ਟੂ ਹੰਡਰਿਡ ਫਿਫਟੀ ਥਾਊਜ਼ੈਂਡ ਪਾਊਂਡਜ਼?” ਗੋਰੀ ਨੂੰਹ ਨੇ ਪਰਸੰਨਤਾ ਦਾ ਇਜ਼ਹਾਰ ਕੀਤਾ। ਇਸਟੇਟ ਏਜੰਟ, ਪੁੱਤਰ ਨੂੰ ਦਫ਼ਤਰ ਆ ਕੇ ਮਕਾਨ ਵੇਚਣ ਦਾ ਅਧਿਕਾਰ ਦੇ ਜਾਣ ਦੀ ਤਾਕੀਦ ਕਰਕੇ ਚਲਾ ਗਿਆ। ਪੁੱਤਰ ਨੇ ਮਾਂ ਨੂੰ ਘਰ ਦੀ ਪਈ ਕੀਮਤ ਬਾਰੇ ਦੱਸਿਆ ਪਰ ਉਹ ਤਾਂ ਗੁੰਮ-ਸੁੰਮ ਬਿਟਰ ਬਿਟਰ ਤੱਕਦੀ ਹੰਝੂ ਵਹਾਂਦੀ ਰਹੀ। ਫਿਰ ਜ਼ਰਾ ਸੰਭਲ ਕੇ ਬੋਲੀ: “ਪੁੱਤਰ! ਤੂੰ ਏਜੰਟ ਨੂੰ ਫ਼ੋਨ ਕਰ ਦਈਂ ਅਸਾਂ ਮਕਾਨ ਨਹੀਂ ਵੇਚਣਾ।”
“ਕਿਉ ਨਹੀਂ?”
“ਮੈਂ ਇਸ ਘਰ ਵਿੱਚ ਤੇਰੇ ਡੈਡ ਨਾਲ ਵਿਆਹੀ ਆਈ ਹਾਂ। ਇਥੇ ਮੈਂ 35 ਵਰ੍ਹੇ ਦੁੱਖ-ਸੁੱਖ ਦੇ ਬਿਤਾਏ ਨੇ। ਘਰ ਦੀ ਇੱਕ ਇੱਕ ਇੱਟ ਵਿੱਚ ਤੇਰੇ ਡੈਡੀ ਦੀ ਯਾਦ ਏ। ਮੈਂ ਜਿਉਂਦੇ ਜੀਅ ਇੱਥੇ ਹੀ ਰਹਿਣਾ ਏ। ਮੇਰੀ ਮੋਈ ਤੇ ਤੂੰ ਮਕਾਨ ਵੇਚ ਲਈਂ।”
ਮਕਾਨ ਨਹੀਂ ਵੇਚਿਆ, ਇਸੇ ਗੱਲ ਤੋਂ ਨਰਾਜ਼ ਹੋ ਕੇ ਪੁੱਤਰ ਤੇ ਗੋਰੀ ਨੂੰਹ ਉਸੇ ਦਿਨ ਹੀ ਲੰਡਨ ਨੂੰ ਚਲੇ ਗਏ। ਹਾਂ, ਪਿਛਲੇ ਤਿੰਨ ਵਰ੍ਹਿਆਂ ਵਿੱਚ ਪੁੱਤਰ ਤਿੰਨ ਵਾਰੀ ਕੁੱਝ ਪਲਾਂ ਲਈ ਆਇਆ। ਗੋਰੀ ਨੂੰਹ ਨੇ ਤਾਂ ਕੀ ਆਉਣਾ ਸੀ।
ਡੇ ਸੈਂਟਰ ਵਿਚਲੀ ਪਾਰਟੀ ਖਤਮ ਹੋ ਚੁੱਕੀ ਸੀ। ਸਾਰੇ ਰੋਗੀਆਂ ਤੇ ਬਜ਼ੁਰਗਾਂ ਨੂੰ ਘਰੋ ਘਰੀਂ ਲਾਹਿਆ ਜਾ ਰਿਹਾ ਸੀ। ਮਿਸਟਰ ਅਲੀ ਨੂੰ ਲਾਹੁਣ ਬਾਅਦ ਹੁਣ ਨਛੱਤਰ ਕੌਰ ਦੀ ਵਾਰੀ ਸੀ। ਉਹ ਉੱਠੀ ਤਾਂ ਸਾਰਿਆਂ ਨੇ ਸ਼ੁਭ-ਕਾਮਨਾਵਾਂ ਦਿੱਤੀਆਂ। ਇੱਕ ਆਵਾਜ਼ ਆਈ: “ਮੈਰੀ ਕ੍ਰਿਸਮਿਸ ਤੇ ਹੈਪੀ ਨੀਊ ਈਅਰ। ਇੰਜਾਇ ਕਰਿਉ।”
“ਮੈਂ ਕੀ ਇੰਜਾਏ ਕਰਨਾ?” ਮਸਾਂ ਹੀ ਉਸਦੇ ਮੂੰਹੋਂ ਨਿਕਲਿਆ ਅਤੇ ਉਹ ਧਾਹਾਂ ਮਾਰ ਕੇ ਰੋ ਪਈ।
ਸਮਾਜ ਸੇਵਿਕਾ ਨੇ ਨਛੱਤਰ ਕੌਰ ਪਾਸੋਂ ਚਾਬੀ ਲੈ ਕੇ ਜਦ ਉਸਦੇ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਦਿਆਂ ਉਸ ਨੂੰ ਘਰ ਦੇ ਅੰਦਰ ਪਹੁੰਚਾਇਆ ਤਾਂ ਨਛੱਤਰ ਕੌਰ ਨੂੰ ਜਾਪਿਆ ਜਿਵੇਂ ‘ਇਕਲਾਪਾ ਅਤੇ ਯਾਦਾਂ’ ਘਰ ਦੇ ਅੰਦਰ ਕਿਸੇ ਮਿੰਨ੍ਹੀ ਮਿੰਨ੍ਹੀ ਸੋਗੀ ਧੁੰਨ ਵਿੱਚ ਉਸ ਨੂੰ ਜੀ ਆਇਆਂ ਕਹਿ ਰਹੀਆਂ ਹੋਣ। ਉਸਨੇ ਇਕ ਨਜ਼ਰ ਘਰ ਦੇ ਅੰਦਰ ਸੁੱਟੀ। ਉਹ ਸ਼ਿਕੰਜੇ ਵਿੱਚ ਜਕੜੀ ਪੀੜੋ-ਪੀੜ ਹੋ ਰਹੀ ਸੀ। ਉਸ ਪਾਸੋਂ ਦਰਦ ਸਹਿਣਾ ਔਖਾ ਹੋ ਰਿਹਾ ਸੀ। ਇਸਤੋਂ ਪਹਿਲਾਂ ਕਿ ਸਮਾਜ ਸੇਵਿਕਾ ਕੋਈ ਡਾਕਟਰੀ ਪ੍ਰਬੰਧ ਬਾਰੇ ਸੋਚ ਸਕਦੀ ਉਸਨੇ ਇਕ ਦਿਲ ਚੀਰਵੀਂ ਕੂਕ ਮਾਰੀ ਅਤੇ ਧਹਿ ਕਰਕੇ ‘ਪੈਸਿਜ’ ਵਿੱਚ ਹੀ ਡਿੱਗਦਿਆਂ ‘ਇਕਲਾਪੇ ਅਤੇ ਯਾਦਾਂ’ ਤੋਂ ਨਜ਼ਾਤ ਪਾ ਲਈ। ਹੁਣ ਉਸਦੇ ਇਕਲੌਤੇ ਪੁੱਤਰ ਅਤੇ ਗੋਰੀ ਨੂੰਹ ਨੂੰ ਘਰ ਵੇਚਣ ਲਈ ਕਿਸੇ ਤੋਂ ਵੀ ਆਗਿਆ ਲੈਣ ਦੀ ਲੋੜ ਨਹੀਂ ਸੀ? ਝੰਝਟ ਖਤਮ।
***