ਪੈਂਤੀ ਸਾਲ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿੱਛੋਂ ਮੈਂ 2000 ਵਿੱਚ ਰਿਟਾਇਰ ਹੋਇਆ। ਪਤਾ ਹੀ ਨਹੀਂ ਲੱਗਾ ਏਨਾ ਸਮਾਂ ਕਿਵੇਂ ਲੰਘ ਗਿਆ? ਨੌਕਰੀ ਦੌਰਾਨ ਮੈਨੂੰ ਕਦੇ ਕੋਈ ਖ਼ਾਸ ਸੰਕਟ ਨਹੀਂ ਆਇਆ। ਹੱਸਦਿਆਂ ਖੇਡਦਿਆਂ ਸਮਾਂ ਬੀਤਿਆ। ਮਾੜੀ ਮੋਟੀ ਗੱਲ ਦਾ ਮੈਂ ਕਦੇ ਝੋਰਾ ਨਹੀਂ ਕੀਤਾ। ਆਖਿਆ ਕਿਹੜਾ ਆਖ਼ਰ ਆ ਚੱਲੀ ਐ? ਨਾ ਹੀ ਰਿਟਾਇਰਮੈਂਟ ਦੇ ਪਿੱਛੋਂ ਦਾ ਕੋਈ ਫਿਕਰ ਸਤਾਇਆ। ਪਤਾ ਸੀ ਕਿ ਆਪਾਂ ਤਾਂ ਢੋਲੇ ਦੀਆਂ ਈ ਲਾਉਣੀਆਂ ਨੇ!
ਮੈਂ ਦੋ ਸਾਲ ਦਿੱਲੀ ਦੇ ਕਾਲਜਾਂ ਵਿੱਚ ਲੈਕਚਰਾਰ ਰਿਹਾ, ਉਣੱਤੀ ਸਾਲ ਢੁੱਡੀਕੇ ਤੇ ਚਾਰ ਸਾਲ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਇਹਦੇ ਵਿੱਚ ਇੱਕੀ ਸਾਲ ਦੀ ਨੌਕਰੀ ਸਰਕਾਰੀ ਸੀ ਜਿਸ ਦੀ ਮੈਨੂੰ ਪੈਨਸ਼ਨ ਲੱਗ ਗਈ। ਸਰਕਾਰੀ ਨੌਕਰੀ `ਚ ਰਹਿ ਕੇ ਰਿਟਾਇਰ ਹੁੰਦਾ ਤਾਂ ਪੈਨਸ਼ਨ ਬੇਸ਼ਕ ਵਧ ਜਾਂਦੀ ਪਰ ਜੋ ਨਾਮਣਾ ਮੈਂ ਪ੍ਰਿੰਸੀਪਲ ਬਣ ਕੇ ਖੱਟ ਸਕਿਆ ਉਹ ਸਰਕਾਰੀ ਕਾਲਜ ਦੇ ਸੀਨੀਅਰ ਲੈਕਚਰਾਰ ਵਜੋਂ ਨਾ ਖੱਟ ਸਕਦਾ। ਸਰਕਾਰੀ ਨੌਕਰੀ ਕਰਦਿਆਂ ਮੈਂ ਅਠਵੰਜਾ ਸਾਲ ਦੀ ਉਮਰ ਵਿੱਚ ਰਿਟਾਇਰ ਹੋ ਜਾਣਾ ਸੀ ਜਦ ਕਿ ਪ੍ਰਾਈਵੇਟ ਕਾਲਜ ਦਾ ਪ੍ਰਿੰਸੀਪਲ ਬਣ ਕੇ ਸੱਠ ਸਾਲ ਦੀ ਉਮਰ ਮਗਰੋਂ ਰਿਟਾਇਰ ਹੋਇਆ। ਕਾਲਜ ਦੀ ਪ੍ਰਬੰਧਕ ਕਮੇਟੀ ਮੈਨੂੰ ਕੁੱਝ ਸਮਾਂ ਹੋਰ ਰੱਖਣਾ ਚਾਹੁੰਦੀ ਸੀ ਪਰ ਯੂਨੀਵਰਸਿਟੀ ਦੇ ਐਕਟ ਅਨੁਸਾਰ ਇਸ ਦੀ ਆਗਿਆ ਨਹੀਂ ਸੀ ਮਿਲ ਸਕਦੀ। ਫਿਰ ਵੀ ਮੈਂ ਜੁਲਾਈ ਦੀ ਥਾਂ ਅਕਤੂਬਰ 2000 ਵਿੱਚ ਰਿਟਾਇਰ ਹੋਇਆ।
ਜੇ ਧਰਮਰਾਜ ਨੇ ਮੇਰਾ ਵਹੀ ਖਾਤਾ ਫੋਲ ਲਿਆ ਤਾਂ ਸਰਕਾਰੀ ਨੌਕਰੀ ਦੀਆਂ ਵਿਹਲੀਆਂ ਖਾਣ ਕਰਕੇ ਮੈਨੂੰ ਨਰਕਾਂ `ਚ ਜਾਣਾ ਪਵੇਗਾ। ਪਰ ਪ੍ਰਾਈਵੇਟ ਨੌਕਰੀ ਦੀਆਂ ਕੰਮ ਕਰਕੇ ਖਾਣ ਨਾਲ ਹੋ ਸਕਦੈ ਸੁਰਗ ਨਸੀਬ ਹੋ ਜਾਵੇ। ਜੇ ਹਿਸਾਬ ਕਿਤਾਬ ਬਰਾਬਰ ਰਹਿ ਗਿਆ ਤੇ ਧਰਮ ਰਾਜ ਨੇ ਪੁੱਛ ਲਿਆ ਬਈ ਕਿਧਰ ਜਾਣੈ ਤਾਂ ਕਹਾਂਗਾ, “ਮਹਾਰਾਜ ਜੇ ਦਿਆਲ ਹੋਏ ਈ ਓ ਤਾਂ ਜਿਥੇ ਨਰਕ ਤੇ ਸੁਰਗ ਦਾ ਚੌਂਕ ਐ ਓਥੇ ਈ ਦਸ ਵੀਹ ਖੇਤ ਦੇ ਦਿਓ। ਰਲ ਮਿਲ ਕੇ ਕਾਲਜ ਖੋਲ੍ਹ ਲਵਾਂਗੇ। ਤੁਸੀਂ ਚੇਅਰਮੈਨ ਬਣ ਜਿਓ ਤੇ ਮੈਨੂੰ ਪ੍ਰਿੰਸੀਪਲ ਬਣਾ ਲਿਓ। ਮਾਤ ਲੋਕ ਦੇ ਜਿਹੜੇ ਪਰਮਾਨੈਂਟ ਪ੍ਰੋਫੈਸਰ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਫਰਲੋ ਮਾਰਦੇ ਆਏ ਹੋਣਗੇ ਉਨ੍ਹਾਂ ਨੂੰ ਨਰਕ `ਚ ਭੇਜਣ ਦੀ ਥਾਂ ਆਪਣੇ ਕਾਲਜ ਵਿੱਚ ਐਡਹਾਕ ਲੈਕਚਰਾਰ ਰੱਖਾਂਗੇ। ਮਜਾਲ ਕੀ ਫਰਲੋ ਮਾਰ ਜਾਣ! ਐਡਹਾਕ ਤੋਂ ਜਿੰਨਾ ਮਰਜ਼ੀ ਕੰਮ ਲੈ ਲਈਏ। ਉਹ ਨਰਕਾਂ ਦੇ ਨਿਆਣੇ ਵੀ ਪੜ੍ਹਾਈ ਜਾਣਗੇ ਤੇ ਸੁਰਗਾਂ ਦੇ ਵੀ। ਇਹਦੇ ਨਾਲ ਉਹਨਾਂ ਦਾ ਨਰਕ ਵੀ ਕੱਟਿਆ ਜਾਊ!”
ਅਸਲ ਵਿੱਚ ਮੈਨੂੰ ਪੈਂਤੀ ਸਾਲ ਕਾਲਜਾਂ `ਚ ਲਾ ਕੇ ਵੀ ਪੂਰਾ ਰੱਜ ਨਹੀਂ ਆਇਆ। ਜੀ ਕਰਦੈ ਅਗਲੇ ਜਨਮ ਵਿੱਚ ਫਿਰ ਪ੍ਰੋਫੈਸਰ ਤੇ ਪ੍ਰਿੰਸੀਪਲ ਬਣਾਂ ਤੇ ਜਿਹੜੀਆਂ ਕਮੀਆਂ ਪਹਿਲੇ ਜਨਮ `ਚ ਰਹਿ ਗਈਆਂ ਉਹ ਅਗਲੇ ਜਨਮ `ਚ ਪੂਰੀਆਂ ਕਰਾਂ। ਪ੍ਰਿੰਸੀਪਲ ਵੀ ਐਡਹਾਕ ਸਟਾਫ ਦਾ ਬਣਾਂ ਕਿਉਂਕਿ ਪਰਮਾਨੈਂਟ ਸਟਾਫ ਨਾਲ ਪੰਗਾ ਪੈ ਸਕਦੈ ਤੇ ਤੀਜਾ ਜਨਮ ਲੈਣਾ ਪੈ ਸਕਦੈ!
ਮੁਕੰਦਪੁਰ ਜਾਣ ਵੇਲੇ ਮਨ `ਚ ਇਹੋ ਸੀ ਕਿ ਚਾਰ ਸਾਲ ਡਟ ਕੇ ਕੰਮ ਕਰਾਂਗਾ। ਫਿਰ ਪਿੰਡ ਪਰਤ ਆਵਾਂਗਾ ਤੇ ਰਿਟਾਇਰਮੈਂਟ ਦੀ ਉਮਰ ਆਪਣੇ ਪਿੰਡ ਕੱਟਾਂਗਾ। ਸਵੇਰੇ ਸ਼ਾਮ ਖੇਤਾਂ `ਚ ਗੇੜਾ ਮਾਰ ਲਿਆ ਕਰਾਂਗਾ ਤੇ ਸੱਥ `ਚ ਅਮਲੀਆਂ ਦੀਆਂ ਦਿਲਚਸਪ ਗੱਲਾਂ ਨੋਟ ਕਰ ਲਿਆ ਕਰਾਂਗਾ। ਜਦੋਂ ਉਹ ਖਿੜੇ ਹੋਏ ਹੋਣ ਤਾਂ ਸਿਰੇ ਦੀਆਂ ਗੱਲਾਂ ਕਰਦੇ ਹਨ। ਉਦੋਂ ਉਨ੍ਹਾਂ ਨੂੰ ਕੰਧਾਂ ਵੀ ਭਰਜਾਈਆਂ ਦਿਸਣ ਲੱਗਦੀਆਂ ਹਨ। ਉਨ੍ਹਾਂ ਦੀਆਂ ਤੁਲਨਾਵਾਂ ਤੇ ਉਪਮਾਵਾਂ ਵਾਰਸ ਸ਼ਾਹ ਨੂੰ ਮਾਤ ਪਾਉਂਦੀਆਂ ਹਨ। ਸੋਚਦਾ ਸਾਂ ਪਿੰਡ ਵਿਹਲਾ ਹੋਵਾਂਗਾ ਜਿਸ ਕਰਕੇ ਵਧੇਰੇ ਪੜ੍ਹ ਲਿਖ ਸਕਾਂਗਾ। ਹਰ ਸਾਲ ਇੱਕ ਕਿਤਾਬ ਛਪਵਾ ਲਿਆ ਕਰਾਂਗਾ। ਜਿੰਨੇ ਸਾਲ ਜੀਵਾਂਗਾ ਉਨੀਆਂ ਕਿਤਾਬਾਂ ਲਿਖ ਦੇਵਾਂਗਾ। ਸਾਲ `ਚ ਇੱਕ ਅੱਧ ਵਾਰ ਯਾਰਾਂ ਦੋਸਤਾਂ ਨੂੰ ਪਿੰਡ ਸੱਦ ਕੇ ਨਵੀਂ ਛਪੀ ਕਿਤਾਬ ਉਤੇ ਗੋਸ਼ਟੀ ਕਰਵਾ ਲਿਆ ਕਰਾਂਗਾ ਤੇ ਆਂਢ ਗੁਆਂਢ ਦੇ ਮੁੰਡੇ ਪੀਣ ਖਾਣ ਦਾ ਜੁਗਾੜ ਕਰ ਦਿਆ ਕਰਨਗੇ।
ਪਿੰਡ ਵਿੱਚ ਭਰਾਵਾਂ ਦੇ ਨਾਲ ਮੈਂ ਨਵਾਂ ਮਕਾਨ ਬਣਾ ਲਿਆ ਸੀ। ਸਾਡਾ ਵੱਡਾ ਪੁੱਤਰ ਜਗਵਿੰਦਰ ਜਗਰਾਓਂ ਦੇ ਡੀ.ਏ.ਵੀ.ਕਾਲਜ ਵਿੱਚ ਪੜ੍ਹਾ ਰਿਹਾ ਸੀ ਤੇ ਛੋਟਾ ਪੁੱਤਰ ਗੁਰਵਿੰਦਰ ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਦਾ ਖਿਡਾਰੀ ਸੀ। ਉਹਦੀ ਪੋਸਟਿੰਗ ਸਾਡੇ ਪਿੰਡ ਵਿੱਚ ਹੀ ਸੀ ਪਰ ਹਾਕੀ ਖੇਡਣ ਦੀ ਪ੍ਰੈਕਟਿਸ ਜਲੰਧਰ ਹੁੰਦੀ ਸੀ। ਟੀਮ ਨਾਲ ਉਹ ਕਦੇ ਦਿੱਲੀ, ਕਦੇ ਮੁੰਬਈ, ਕਦੇ ਚੇਨਈ ਤੇ ਕਦੇ ਕਿਸੇ ਹੋਰ ਸ਼ਹਿਰ ਤੁਰਿਆ ਰਹਿੰਦਾ ਸੀ। ਹਰਜੀਤ ਪਿੰਡੋਂ ਪੰਜ ਮੀਲ ਦੂਰ ਰਸੂਲਪੁਰ ਦੇ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ ਸੀ। ਜਗਵਿੰਦਰ ਦੀ ਪਤਨੀ ਪਰਮਜੀਤ ਮੋਗੇ ਦੇ ਗੁਰੂ ਨਾਨਕ ਕਾਲਜ ਵਿੱਚ ਪੜ੍ਹਾਉਂਦੀ ਸੀ। ਚਕਰ ਤੋਂ ਜਗਰਾਓਂ ਵੀ ਨੇੜੇ ਸੀ ਤੇ ਮੋਗਾ ਵੀ ਦੂਰ ਨਹੀਂ ਸੀ। ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ। ਮੈਂ ਜਿਧਰ ਨੂੰ ਜਾਂਦਾ ਸਾਂ ਕਾਂਟਾ ਬਦਲ ਜਾਂਦਾ ਸੀ। ਮੇਰੀਆਂ ਮਿਥੀਆਂ ਮੰਜ਼ਲਾਂ ਹਮੇਸ਼ਾਂ ਹੀ ਹੋਰ ਦੀਆਂ ਹੋਰ ਹੋ ਜਾਂਦੀਆਂ ਸਨ। ਰਿਟਾਇਰਮੈਂਟ ਪਿੱਛੋਂ ਮੇਰੀ ਪਿੰਡ ਰਹਿਣ ਦੀ ਮੰਜ਼ਲ ਵੀ ਬਦਲ ਗਈ।
ਹੋਇਆ ਇੰਜ ਕਿ 1997 ਵਿੱਚ ਅਮਰਦੀਪ ਕਾਲਜ ਵਿੱਚ ਪੰਜਾਬੀ ਦਾ ਲੈਕਚਰਾਰ ਰੱਖਣਾ ਸੀ। ਕਾਲਜ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਨਾਲ ਪਹਿਲੀ ਮੁਲਾਕਾਤ ਵਿੱਚ ਹੀ ਸਾਡਾ ਰਿਸ਼ਤਾ ਭਰਾਵਾਂ ਵਾਲਾ ਬਣ ਗਿਆ। ਉਹ ਮੈਥੋਂ ਵੀਹ ਦਿਨ ਵੱਡੇ ਨਿਕਲੇ ਜਿਸ ਕਰਕੇ ਮੈਂ ਉਨ੍ਹਾਂ ਨੂੰ ਭਾਅ ਜੀ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਸਲਾਹ ਨਾਲ ਜਗਵਿੰਦਰ ਨੂੰ ਜਗਰਾਓਂ ਦਾ ਕਾਲਜ ਛੁਡਾ ਕੇ ਅਮਰਦੀਪ ਕਾਲਜ ਵਿੱਚ ਲੈਕਚਰਾਰ ਭਰਤੀ ਕਰ ਲਿਆ। ਨਾਲ ਉਸ ਦੀ ਪਤਨੀ ਵੀ ਆ ਗਈ ਜੋ ਹੋਮ ਸਾਇੰਸ ਦੀ ਐੱਮ.ਐੱਸ ਸੀ; ਐੱਮ.ਐੱਡ.ਸੀ। ਕਾਲਜ ਵਿੱਚ ਹੋਮ ਸਾਇੰਸ ਸ਼ੁਰੂ ਕਰ ਲਈ ਤੇ ਪਰਮਜੀਤ ਵੀ ਕਾਲਜ ਵਿੱਚ ਪੜ੍ਹਾਉਣ ਲੱਗ ਪਈ। ਮੇਰੀ ਪਤਨੀ ਨੇ ਵੀ ਰਸੂਲਪੁਰ ਤੋਂ ਜਗਤਪੁਰ ਦੀ ਬਦਲੀ ਕਰਵਾ ਲਈ ਜਿਸ ਨਾਲ ਪ੍ਰਿੰਸੀਪਲ ਦੀ ਕੋਠੀ ਵਿੱਚ ਸਾਰਾ ਪਰਿਵਾਰ `ਕੱਠਾ ਹੋ ਗਿਆ। ਜਿਥੇ ਮੈਂ ਹਰ ਹਫ਼ਤੇ ਪਿੰਡ ਜਾਂਦਾ ਸਾਂ ਉਥੇ ਅਸੀਂ ਮਹੀਨਾ ਮਹੀਨਾ ਪਿੰਡ ਨਾ ਜਾਂਦੇ। ਸਾਰੇ ਪਰਿਵਾਰ ਦੀ ਇੱਕ ਥਾਂ ਨੌਕਰੀ ਸਾਨੂੰ ਵੀ ਤੇ ਕਾਲਜ ਨੂੰ ਵੀ ਰਾਸ ਆ ਗਈ ਸੀ। ਅਸੀਂ ਅੱਠੇ ਪਹਿਰ ਕਾਲਜ ਵਿੱਚ ਹਾਜ਼ਰ ਸਾਂ। ਕਾਲਜ ਵਿੱਚ ਪੱਤਾ ਵੀ ਹਿਲਦਾ ਤਾਂ ਮੈਨੂੰ ਪਤਾ ਲੱਗ ਜਾਂਦਾ।
ਪ੍ਰਿੰਸੀਪਲ ਦਾ ਕਾਲਜ ਵਿੱਚ ਰਹਿਣਾ ਜ਼ਰੂਰੀ ਹੁੰਦੈ ਪਰ ਪੰਜਾਬ ਦੇ ਕਈ ਕਾਲਜ ਹਨ ਜਿਥੇ ਪ੍ਰਿੰਸੀਪਲ ਕਈ ਕਈ ਦਿਨ ਕਾਲਜ ਵਿੱਚ ਨਹੀਂ ਵੜਦੇ। ਸਰਕਾਰੀ ਕਾਲਜ ਢੁੱਡੀਕੇ ਦਾ ਹਾਲ ਮੈਂ ਅੱਖੀਂ ਵੇਖ ਚੁੱਕਾ ਸਾਂ। ਪ੍ਰਿੰਸੀਪਲ ਜਾਂ ਕਿਸੇ ਵੀ ਮਹਿਕਮੇ ਦੇ ਮੁਖੀ ਦਾ ਆਪਣੀ ਸੀਟ ਤੋਂ ਗ਼ੈਰ ਹਾਜ਼ਰ ਹੋਣ ਦਾ ਮਤਲਬ ਬਾਕੀ ਦੇ ਸਟਾਫ਼ ਲਈ ਇਹੋ ਹੁੰਦੈ-ਸਾਡਾ ਮੀਆਂ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਮੁਖੀ ਦੀ ਗ਼ੈਰ ਹਾਜ਼ਰੀ ਬਾਕੀ ਦੇ ਸਟਾਫ਼ ਨੂੰ ਵੀ ਗ਼ੈਰ ਹਾਜ਼ਰ ਹੋਣ ਲਈ ਉਕਸਾਉਂਦੀ ਹੈ।
ਮੈਥੋਂ ਆਪ ਇਕੇਰਾਂ ਗ਼ਲਤੀ ਹੋ ਗਈ ਸੀ। ਮੈਂ ਬਿਨਾਂ ਕਿਸੇ ਨੂੰ ਦੱਸੇ ਚੰਡੀਗੜ੍ਹ ਚਲਾ ਗਿਆ ਸਾਂ। ਮੇਰੇ ਮਗਰੋਂ ਆਫੀਸ਼ੀਏਟ ਕਰਨ ਵਾਲਾ ਪ੍ਰੋ.ਗੁਰਜੰਟ ਸਿੰਘ ਵੀ ਲੁਧਿਆਣੇ ਨੂੰ ਬੱਸ ਚੜ੍ਹ ਗਿਆ। ਉਦੋਂ ਉਹਦੀ ਪਤਨੀ ਲੁਧਿਆਣੇ ਪੜ੍ਹਾਉਂਦੀ ਸੀ। ਬਾਅਦ ਦੁਪਹਿਰ ਜੌਹਲ ਸਾਹਿਬ ਕਾਲਜ ਵਿੱਚ ਆ ਗਏ। ਸਾਨੂੰ ਦੋਹਾਂ ਨੂੰ ਗ਼ੈਰ ਹਾਜ਼ਰ ਵੇਖ ਕੇ ਉਨ੍ਹਾਂ ਨੇ ਕਲੱਰਕ ਤੋਂ ਪੁੱਛਿਆ ਪਈ ਪ੍ਰਿੰਸੀਪਲ ਸਾਹਿਬ ਕਿਥੇ ਨੇ? ਕਿਸੇ ਨੂੰ ਕੁੱਝ ਦੱਸਿਆ ਹੁੰਦਾ ਤਾਂ ਦੱਸਦਾ। ਉਨ੍ਹਾਂ ਨੇ ਪੰਜਾਬੀ ਵਿੱਚ ਇੱਕ ਚਿੱਟ ਲਿਖ ਕੇ ਮੇਰੇ ਮੇਜ਼ ਉਤੇ ਸ਼ੀਸ਼ੇ ਹੇਠ ਰੱਖ ਦਿੱਤੀ। ਮੈਂ ਆ ਕੇ ਪੜ੍ਹੀ ਤਾਂ ਲਿਖਿਆ ਹੋਇਆ ਸੀ, “ਚੰਗਾ ਹੋਵੇ ਜੇ ਤੁਹਾਡੇ ਤੇ ਗੁਰਜੰਟ ਸਿੰਘ ਵਿਚੋਂ ਇੱਕ ਜਣਾ ਦਫਤਰ ਵਿੱਚ ਜ਼ਰੂਰ ਰਹੇ।” ਮੈਂ ਆਪਣੇ ਆਪ ਨੂੰ ਲਾਅ੍ਹਨਤ ਪਾਈ ਕਿ ਇਕੋ ਵਾਰ ਬਿਨਾਂ ਦੱਸੇ ਗਿਆ ਸਾਂ ਤੇ ਉਦੋਂ ਹੀ ਸੰਨ੍ਹ `ਚੋਂ ਫੜਿਆ ਗਿਆ। ਉਸ ਤੋਂ ਬਾਅਦ ਜੌਹਲ ਸਾਹਿਬ ਨੂੰ ਨਾ ਕਦੇ ਚਿੱਟ ਲਿਖਣੀ ਪਈ ਤੇ ਨਾ ਕਦੇ ਜ਼ੁਬਾਨੀ ਕਹਿਣਾ ਪਿਆ।
ਅਮਰਦੀਪ ਕਾਲਜ ਵਿੱਚ ਕੰਮ ਕਰਨ ਵਾਲੇ ਟੀਚਿੰਗ ਸਟਾਫ਼ ਲਈ ਦੋ ਸ਼ਰਤਾਂ ਲਾਜ਼ਮੀ ਸਨ। ਪਹਿਲੀ ਸੀ ਕਿ ਲੈਕਚਰਾਰ ਨੂੰ ਮੁਕੰਦਪੁਰ ਹੀ ਰਹਿਣਾ ਪਵੇਗਾ। ਉਹ ਛੁੱਟੀ ਵਾਲੇ ਦਿਨ ਹੀ ਲਾਂਭੇ ਜਾ ਸਕੇਗਾ। ਸ਼ਨੀਵਾਰ ਜਾ ਕੇ ਸੋਮਵਾਰ ਸਵੱਖਤੇ ਮੁੜੇਗਾ। ਦੂਜੀ ਸ਼ਰਤ ਸੀ ਕਿ ਕਿਸੇ ਵੀ ਵਿਸ਼ੇ ਦਾ ਕੋਈ ਲੈਕਚਰਾਰ ਪ੍ਰਾਈਵੇਟ ਟਿਊਸ਼ਨ ਨਹੀਂ ਕਰੇਗਾ। ਡਾ.ਜੌਹਲ ਨੂੰ ਪਤਾ ਸੀ ਕਿ ਇਨ੍ਹਾਂ ਸ਼ਰਤਾਂ ਬਿਨਾਂ ਪੇਂਡੂ ਕਾਲਜ ਨੇ ਨਹੀਂ ਚੱਲਣਾ। ਉਹ ਇੰਟਰਵਿਊ ਲੈਣ ਵੇਲੇ ਹੀ ਪੁੱਛ ਲੈਂਦੇ ਸਨ ਕਿ ਮੁਕੰਦਪੁਰ ਰਹਿ ਸਕਦੇ ਓ ਤਾਂ ਇੰਟਰਵਿਊ ਲੈ ਲੈਨੇ ਆਂ ਵਰਨਾ ਨਹੀਂ। ਜਿਹੜੇ ਉਮੀਦਵਾਰ ਉਪ੍ਰੋਕਤ ਦੋਹੇਂ ਸ਼ਰਤਾਂ ਮੰਨਦੇ ਸਨ ਉਨ੍ਹਾਂ ਨੂੰ ਹੀ ਅਮਰਦੀਪ ਕਾਲਜ ਵਿੱਚ ਰੱਖਿਆ ਜਾਂਦਾ ਸੀ। ਉਸ ਕਾਲਜ ਦੇ ਵਧਣ ਫੁੱਲਣ ਦਾ ਰਾਜ਼ ਵੀ ਇਹੋ ਸੀ ਕਿ ਸਟਾਫ ਦਿਨ ਰਾਤ ਹਰ ਵੇਲੇ ਹਾਜ਼ਰ ਸੀ। ਪ੍ਰਾਈਵੇਟ ਟਿਊਸ਼ਨ ਨਾ ਪੜ੍ਹਾਉਣ ਦੇਣ ਦਾ ਮਤਲਬ ਸੀ ਕਿ ਲੈਕਚਰਾਰ ਕਲਾਸਾਂ ਵਿੱਚ ਹੀ ਚੱਜ ਨਾਲ ਪੜ੍ਹਾਉਣ ਨਾ ਕਿ ਕਲਾਸਾਂ ਵਿਚੋਂ ਟਿਊਸ਼ਨਾਂ ਭਾਲਦੇ ਫਿਰਨ।
ਪਿੰਡਾਂ ਦੇ ਸਕੂਲਾਂ ਕਾਲਜਾਂ ਤੇ ਡਿਸਪੈਂਸਰੀਆਂ ਆਦਿ ਦਾ ਬੁਰਾ ਹਾਲ ਇਸੇ ਕਰਕੇ ਹੈ ਕਿ ਉਨ੍ਹਾਂ ਵਿੱਚ ਕੰਮ ਕਰਨ ਵਾਲਾ ਬਹੁਤਾ ਸਟਾਫ ਪਿੰਡਾਂ ਵਿੱਚ ਨਹੀਂ ਰਹਿੰਦਾ। ਵਧੇਰੇ ਕਰਮਚਾਰੀ ਸ਼ਹਿਰਾਂ ਵਿੱਚ ਰਹਿ ਕੇ ਪਿੰਡਾਂ `ਚ ਨੌਕਰੀ ਕਰਦੇ ਹਨ। ਉਹ ਪਿੰਡਾਂ ਵਿੱਚ ਕਦੇ ਜਾਂਦੇ ਹਨ ਕਦੇ ਨਹੀਂ ਜਾਂਦੇ ਜਿਸ ਕਰਕੇ ਅਦਾਰਿਆਂ ਦਾ ਬੁਰਾ ਹਾਲ ਹੋ ਜਾਂਦੈ। ਸਰਕਾਰ ਨੂੰ ਚਾਹੀਦੈ ਕਿ ਪਿੰਡਾਂ ਦੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਅਮਰਦੀਪ ਕਾਲਜ ਮੁਕੰਦਪੁਰ ਵਰਗਾ ਇਲਾਜ ਕਰੇ। ਨਾ ਸਟੇਸ਼ਨ ਛੱਡਣ ਦੇਵੇ ਤੇ ਨਾ ਸਰਕਾਰੀ ਤਨਖਾਹ ਲੈਂਦਿਆਂ ਪ੍ਰਾਈਵੇਟ ਟਿਊਸ਼ਨ ਜਾਂ ਪ੍ਰਾਈਵੇਟ ਪ੍ਰੈਕਟਿਸ ਕਰਨ ਦੇਵੇ। ਨਾਲ ਇਹ ਵੀ ਕਰੇ ਕਿ ਕਰਮਚਾਰੀਆਂ ਦੇ ਪੇਂਡੂ ਭੱਤੇ ਵਧਾਵੇ ਤੇ ਉਨ੍ਹਾਂ ਦੇ ਘਟਾਵੇ ਜਿਹੜੇ ਸ਼ਹਿਰਾਂ ਦੀਆਂ ਸਹੂਲਤਾਂ ਮਾਣ ਰਹੇ ਨੇ। ਪਰ ਹੁਣ ਉਲਟ ਗੱਲ ਕੀਤੀ ਜਾ ਰਹੀ ਹੈ। ਸ਼ਹਿਰਾਂ `ਚ ਕੰਮ ਕਰਨ ਵਾਲਿਆਂ ਦੇ ਭੱਤੇ ਵੱਧ ਹਨ ਤੇ ਪਿੰਡਾਂ `ਚ ਕੰਮ ਕਰਨ ਵਾਲਿਆਂ ਦੇ ਘੱਟ ਹਨ।
ਮੈਂ ਜਦੋਂ ਢੁੱਡੀਕੇ ਦੇ ਸਰਕਾਰੀ ਕਾਲਜ ਵਿੱਚ ਪੜ੍ਹਾਉਂਦਾ ਸਾਂ ਤਾਂ ਢੁੱਡੀਕੇ ਦੇ ਲੈਕਚਰਾਰ ਬਦਲੀ ਕਰਵਾ ਕੇ ਲੁਧਿਆਣੇ ਚਲੇ ਜਾਂਦੇ ਸਨ। ਉਥੇ ਰਹਾਇਸ਼ੀ ਅਲਾਊਂਸ ਦੁੱਗਣਾ ਤਿੱਗਣਾ ਮਿਲਦਾ ਸੀ। ਜੀਹਨੂੰ ਲੁਧਿਆਣੇ ਤੋਂ ਪੁੱਟ ਕੇ ਢੁੱਡੀਕੇ ਭੇਜਦੇ ਉਹ ਪਿੱਟੀ ਜਾਂਦਾ ਕਿ ਇੱਕ ਤਾਂ ਅਲਾਊਂਸ ਘਟ ਗਿਆ, ਦੂਜਾ ਲੁਧਿਆਣੇ ਤੋਂ ਢੁੱਡੀਕੇ ਆਉਣ ਜਾਣ ਦਾ ਕਿਰਾਇਆ ਲੱਗਣ ਲੱਗ ਪਿਆ ਤੇ ਤੀਜੀ ਅਮੀਰ ਸ਼ਹਿਰੀ ਮਾਪਿਆਂ ਦੇ ਬੱਚਿਆਂ ਦੀ ਟਿਊਸ਼ਨ ਖੁੱਸ ਗਈ। ਚੌਥਾ ਬੱਸਾਂ ਵਿੱਚ ਹੀ ਦਿਹਾੜੀ ਬੀਤਣ ਲੱਗ ਪਈ। ਉਹ ਘਾਟੇ ਵਾਧੇ ਦਾ ਹਿਸਾਬ ਕਿਤਾਬ ਲਾ ਕੇ ਓਨੀ ਕੁ ਵੱਢੀ ਦੇ ਦਿੰਦਾ ਤੇ ਫਿਰ ਲੁਧਿਆਣੇ ਚਲਾ ਜਾਂਦਾ। ਪੜ੍ਹਨਾ ਪੜ੍ਹਾਉਣਾ ਫਿਰ ਕੀਹਨੇ ਸੀ? ਹੋਰਨਾਂ ਪੇਂਡੂ ਸਰਕਾਰੀ ਕਾਲਜਾਂ ਦਾ ਵੀ ਇਹੋ ਹਾਲ ਸੀ ਤੇ ਹੁਣ ਵੀ ਹੈ।
ਇਹ ਗੱਲ ਇਥੇ ਹੀ ਛੱਡ ਕੇ ਪਹਿਲਾਂ ਆਪਣੀ ਮੁਕਾ ਲਵਾਂ। ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਦੋ ਪ੍ਰਿੰਸੀਪਲ ਦੋ ਸਾਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਮੈਨੂੰ ਤੇ ਮਸਤੂਆਣੇ ਕਾਲਜ ਦੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਨੂੰ ਮੈਂਬਰ ਨਾਮਜ਼ਦ ਕਰ ਦਿੱਤਾ। ਬੋਰਡ ਦੀਆਂ ਮੀਟਿੰਗਾਂ ਵਿੱਚ ਜਾਂਦਿਆਂ ਮੈਨੂੰ ਸਿਆਸਤਦਾਨਾਂ ਤੇ ਬਿਊਰੋਕਰੇਸੀ ਦੇ ਅਫਸਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਿਆਸਤਦਾਨਾਂ ਦੀਆਂ ਸਿਫਾਰਸ਼ਾਂ ਵੀ ਆ ਜਾਂਦੀਆਂ ਕਿ ਫਲਾਣਾ ਫੈਸਲਾ ਇੰਜ ਹੋਵੇ ਤਾਂ ਠੀਕ ਹੈ। ਜਦੋਂ ਮੈਨੂੰ ਬੋਰਡ ਦੇ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਜਨਮ ਤਾਰੀਖਾਂ ਤੇ ਨਾਂ ਦਰੁਸਤ ਕਰਨ ਵਾਲੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਤਾਂ ਕਈ ਗੁੱਝੀਆਂ ਗੱਲਾਂ ਦਾ ਪਤਾ ਲੱਗਾ। ਇੱਕ ਦੋਂਹ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ।
ਕਮੇਟੀ ਮੈਂਬਰਾਂ ਦੇ ਧਿਆਨ ਵਿੱਚ ਆਇਆ ਕਿ ਕੁੱਝ ਕਲੱਰਕ ਵੱਢੀ ਲੈ ਕੇ ਵਿਦਿਆਰਥੀਆਂ ਦੀਆਂ ਜਨਮ ਤਾਰੀਖਾਂ ਤੇ ਨਾਂ ਬਦਲ ਦਿੰਦੇ ਹਨ। ਬਾਅਦ ਵਿੱਚ ਪੂਰੀ ਦੀ ਪੂਰੀ ਫਾਈਲ ਕਮੇਟੀ ਤੋਂ ਪਰਵਾਨ ਕਰਵਾ ਲੈਂਦੇ ਹਨ। ਪੁੱਛ ਪੜਤਾਲ ਪਿੱਛੋਂ ਅਸੀਂ ਇਸ ਸਿੱਟੇ `ਤੇ ਪਹੁੰਚੇ ਕਿ ਜਿਹੜਾ ਵਿਦਿਆਰਥੀ ਇਮਤਿਹਾਨ ਪਾਸ ਕਰਨ ਤੋਂ ਸਾਲ ਦੋ ਸਾਲ ਦੇ ਅਰਸੇ ਵਿੱਚ ਆਪਣੀ ਗ਼ਲਤ ਦਰਜ ਹੋਈ ਜਨਮ ਤਾਰੀਖ ਜਾਂ ਨਾਂ ਠੀਕ ਕਰਵਾਉਂਦਾ ਹੈ ਉਹ ਵਾਕਿਆ ਹੀ ਗ਼ਲਤ ਨੂੰ ਦਰੁਸਤ ਕਰਵਾ ਰਿਹਾ ਹੁੰਦਾ ਹੈ। ਪਰ ਜਿਹੜਾ ਪੰਜ ਸਾਲ ਤੋਂ ਵੀ ਵੱਧ ਸਮੇਂ ਬਾਅਦ ਠੀਕ ਕਰਨ ਲਈ ਅਰਜ਼ੀ ਦਿੰਦਾ ਹੈ ਉਹ ਅਸਲ ਵਿੱਚ ਠੀਕ ਨੂੰ ਗ਼ਲਤ ਕਰਵਾਉਂਦਾ ਹੈ। ਕਮੇਟੀ ਨੇ ਫੈਸਲਾ ਕੀਤਾ ਕਿ ਪੰਜ ਸਾਲ ਦਾ ਸਮਾਂ ਲੰਘ ਜਾਣ ਬਾਅਦ ਜਿਹੜੀ ਅਰਜ਼ੀ ਆਉਂਦੀ ਹੈ ਉਹ ਸਿੱਧੀ ਕਮੇਟੀ ਕੋਲ ਆਵੇ। ਲੋੜ ਪੈਣ `ਤੇ ਅਰਜ਼ੀ ਕਰਤਾ ਨੂੰ ਬੁਲਾਇਆ ਵੀ ਜਾ ਸਕਦੈ।
ਇੰਜ ਕਰਨ ਨਾਲ ਵੱਢੀ ਨੂੰ ਕਾਫੀ ਠੱਲ੍ਹ ਪੈ ਗਈ। ਜਿਹੜੇ ਸਮਝਦੇ ਸੀ ਕਿ ਵੱਢੀ ਨਾਲ ਸਾਰੇ ਕੰਮ ਹੋ ਜਾਂਦੇ ਹਨ ਉਨ੍ਹਾਂ ਦਾ ਇਹ ‘ਨਿੱਕਾ ਜਿਹਾ’ ਕੰਮ ਵੀ ਨਹੀਂ ਸੀ ਹੋ ਰਿਹਾ। ਗ਼ਲਤ ਦਰਜ ਹੋਈਆਂ ਜਨਮ ਤਾਰੀਖਾਂ ਤਾਂ ਠੀਕ ਹੋ ਰਹੀਆਂ ਸਨ ਪਰ ਠੀਕ ਲਿਖੀਆਂ ਗ਼ਲਤ ਹੋਣੋ ਹਟ ਗਈਆਂ। ਇੱਕ ਬੰਦਾ ਅਹਿਮ ਸਿਆਸੀ ਨੇਤਾ ਦੀ ਸਿਫਾਰਸ਼ ਨਾਲ ਮੁਕੰਦਪੁਰ ਆਇਆ। ਹੋਵੇਗਾ ਚਾਲੀ ਕੁ ਸਾਲਾਂ ਦਾ। ਉਹ ਬੜੇ ਹੰਮੇ ਨਾਲ ਕਹਿਣ ਲੱਗਾ ਕਿ ਮੈਂ ਗਰੈਜੂਏਟ ਆਂ। ਇੰਗਲੈਂਡ `ਚ ਕਈ ਸਾਲ ਲਾ ਕੇ ਆਇਆਂ। ਏਥੇ ਆ ਕੇ ਪਤਾ ਲੱਗਾ ਪਈ ਤਸੀਲਦਾਰੀ ਦਾ ਰੇਟ ਤੀਹ ਲੱਖ ਐ। ਮੇਰੀ `ਤਾਂਹ ਤਕ ਪਹੁੰਚ ਐ ਜਿਸ ਕਰਕੇ ਸੌਦਾ ਪੱਚੀ ਲੱਖ `ਚ ਹੋ ਗਿਐ। ਹੁਣ ਪ੍ਰਾਬਲਮ ਇਹ ਐ ਕਿ ਮੇਰੀ ਉਮਰ ਦੋ ਸਾਲ ਵੱਧ ਐ। ਉਹ ਦਸਵੀਂ ਦੇ ਸਰਟੀਫਿਕੇਟ `ਚ ਠੀਕ ਕਰਨੀ ਐਂ। ਮੈਂ ਆਪਣੇ ਸਕੂਲ ਦੇ ਰਜਿਸਟਰ `ਚ ਠੀਕ ਕਰਵਾ ਦਿੱਤੀ ਐ ਤੇ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਦਫਤਰ ਤੋਂ ਵੀ ਲਿਖਵਾ ਲਿਆਇਆਂ। ਬੱਸ ਤੁਸੀਂ ਓ ਘੁੱਗੀ ਮਾਰਨੀ ਐਂ। ਅਗਲੇ ਹਫ਼ਤੇ ਤੁਹਾਡੀ ਕਮੇਟੀ ਦੀ ਮੀਟਿੰਗ ਐ। ਜੋ ਸੇਵਾ ਕਹੋ ਹਾਜ਼ਰ ਆਂ।
ਕਮਾਲ ਦੀ ਤਰਜ਼ੇ ਬਿਆਨੀ ਸੀ। ਬੰਦਾ ਇੰਗਲੈਂਡੀਆਂ ਵਾਂਗ ਸਪੱਸ਼ਟ ਸੀ ਪਰ ਪੰਜਾਬ ਦੇ ਕਾਇਦੇ ਕਾਨੂੰਨ ਨੂੰ ਟਿੱਚ ਸਮਝਦਾ ਸੀ। ਸਮਝਦਾ ਸੀ ਕਿ ਪੰਜਾਬ ਦਾ ਕੀ ਐ, ਵੱਢੀ ਦੇ ਕੇ ਜੋ ਮਰਜ਼ੀ ਕਰ ਕਰਵਾ ਲਓ। ਮੈਂ ਉਹਦੇ ਕਾਗਜ਼ ਪੱਤਰ ਵੇਖੇ। ਉਸ ਨੇ ਪੰਦਰਾਂ ਸਾਲ ਤੇ ਕੁੱਝ ਮਹੀਨਿਆਂ ਦਾ ਹੋ ਕੇ ਦਸਵੀਂ ਪਾਸ ਕੀਤੀ ਸੀ ਜਿਸ ਕਰਕੇ ਉਸ ਦੀ ਜਨਮ ਤਾਰੀਖ ਬਿਲਕੁਲ ਠੀਕ ਲਿਖੀ ਹੋਈ ਸੀ। ਹੁਣ ਉਹ ਤੇਰਾਂ ਸਾਲਾਂ ਦਾ ਬਣ ਕੇ ਦਸਵੀਂ ਪਾਸ ਦਾ ਸਰਟੀਫਿਕੇਟ ਬਣਵਾਉਣਾ ਚਾਹੁੰਦਾ ਸੀ ਜੋ ਬਣ ਨਹੀਂ ਸੀ ਸਕਦਾ। ਮੈਂ ਉਸ ਨੂੰ ਸਾਫ ਕਹਿ ਦਿੱਤਾ ਕਿ ਅਸੀਂ ਗ਼ਲਤ ਜਨਮ ਤਾਰੀਖਾਂ ਠੀਕ ਕਰਨ ਵਾਸਤੇ ਲਾਏ ਆਂ ਨਾ ਕਿ ਠੀਕ ਨੂੰ ਗ਼ਲਤ ਕਰਨ ਵਾਸਤੇ। ਉਹ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ। ਕਹਿਣ ਲੱਗਾ, “ਫਿਰ ਇਲਾਜ ਦੱਸੋ।” ਮੈਂ ਆਖਿਆ, “ਜੀਹਨੂੰ ਪੱਚੀ ਲੱਖ ਦਿੱਤੇ ਐ ਵਾਪਸ ਲੈ ਲਓ ਤੇ ਜੀਹਦਾ ਤਸੀਲਦਾਰੀ `ਤੇ ਹੱਕ ਬਣਦੈ ਉਹਨੂੰ ਤਸੀਲਦਾਰ ਬਣਨ ਦਿਓ।” ਮੈਨੂੰ ਨਹੀਂ ਪਤਾ ਕਿ ਉਹ ਤਸੀਲਦਾਰ ਬਣ ਸਕਿਆ ਜਾਂ ਨਹੀਂ ਪਰ ਮੈਂ ਠੀਕ ਜਨਮ ਤਾਰੀਖ ਨੂੰ ਗ਼ਲਤ ਕਰਨ ਦਾ ਭਾਗੀ ਨਹੀਂ ਬਣਿਆ।
ਇਕ ਵਾਰ ਇੱਕ ਪੁਲਿਸ ਇੰਸਪੈਕਟਰ ਦੀ ਜਨਮ ਤਾਰੀਖ ਤੇ ਪਿਤਾ ਦੇ ਨਾਂ ਦਾ ਕੇਸ ਆ ਗਿਆ। ਉਹ ਆਪ ਤਾਂ ਦਸਵੀਂ ਵੀ ਪਾਸ ਨਹੀਂ ਸੀ ਪਰ ਆਪਣੇ ਸਿਰਨਾਵੀਏਂ ਦੇ ਸਰਟੀਫਿਕੇਟਾਂ ਉਤੇ ਭਰਤੀ ਹੋ ਕੇ ਤਰੱਕੀਆਂ ਕਰਦਾ ਇੰਸਪੈਕਟਰ ਬਣ ਗਿਆ ਸੀ। ਹੁਣ ਡੀ.ਐੱਸ.ਪੀ.ਬਣਨ ਨੂੰ ਫਿਰਦਾ ਸੀ ਪਰ ਜੀਹਦਾ ਹੱਕ ਮਾਰਿਆ ਜਾ ਰਿਹਾ ਸੀ ਉਹਨੇ ਪੋਲ ਖੋਲ੍ਹ ਦਿੱਤਾ ਸੀ। ਅਸੀ ਪੁੱਛ ਪੜਤਾਲ ਕੀਤੀ ਤਾਂ ਪਹਿਲਾਂ ਉਸ ਨੇ ਠਾਣੇਦਾਰਾਂ ਵਾਲੇ ਫੁੰਕਾਰੇ ਮਾਰੇ ਪਰ ਪਿੱਛੋਂ ਏ.ਸੀ.ਕਮਰੇ ਵਿੱਚ ਬੈਠੇ ਨੂੰ ਵੀ ਮੁੜ੍ਹਕਾ ਆ ਗਿਆ। ਅਸੀਂ ਸਿਰਫ਼ ਏਨਾ ਹੀ ਕਿਹਾ ਸੀ ਕਿ ਪੱਚੀ ਸਾਲਾਂ ਦੀ ਤਨਖਾਹ ਸਣੇ ਵਿਆਜ਼ ਵਾਪਸ ਕਰਨੀ ਪਵੇਗੀ ਤੇ ਜੇਲ੍ਹ ਦਾ ਪਤਾ ਨਹੀਂ ਕਿੰਨੀ ਹੋਵੇ?
ਪ੍ਰਿੰਸੀਪਲ ਬਣ ਕੇ ਤੇ ਪ੍ਰਿੰਸੀਪਲ ਦੇ ਰੁਤਬੇ ਨਾਲ ਹੋਰ ਵੀ ਕਈ ਕੁੱਝ ਬਣ ਕੇ ਮੈਨੂੰ ਕਾਫੀ ਕੁੱਝ ਵੇਖਣ ਤੇ ਜਾਣਨ ਦੇ ਮੌਕੇ ਮਿਲੇ। ਚਾਰ ਸਾਲ ਦੀ ਪ੍ਰਿੰਸੀਪਲੀ ਨਾਲ ਚਾਲੀ ਸਾਲ ਤੋਂ ਵੀ ਵੱਧ ਦਾ ਜੀਵਨ ਅਨੁਭਵ ਹੋ ਗਿਆ। ਮੇਰੀ ਰਿਟਾਇਰਮੈਂਟ ਉਤੇ ਇੱਕ ਸਮਾਗਮ ਕੀਤਾ ਗਿਆ ਜਿਸ ਨੂੰ ਡਾ.ਜੌਹਲ ਨੇ ਵਿਦਾਇਗੀ ਸਮਾਗਮ ਦੀ ਥਾਂ ਐਪਰੀਸੀਏਸ਼ਨ ਫੰਕਸ਼ਨ ਕਿਹਾ। ਜਸਵੰਤ ਸਿੰਘ ਕੰਵਲ ਜਿਸ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਲਿਆਂਦਾ ਸੀ ਤੇ ਪਿੱਛੋਂ ਮੁਕੰਦਪੁਰ ਭੇਜਿਆ ਸੀ ਉਹ ਵੀ ਮੇਰੀ ਰਿਟਾਇਰਮੈਂਟ ਸਮੇਂ ਹਾਜ਼ਰ ਸੀ। ਮੇਰੀ ਸਿਫ਼ਤ ਸਲਾਹ ਉਸ ਨੂੰ ਆਪਣੀ ਸਿਫ਼ਤ ਸਲਾਹ ਲੱਗ ਰਹੀ ਸੀ।