You are here:ਮੁਖ ਪੰਨਾ»ਰਚਨਾ ਅਧਿਐਨ»ਇੱਛਾ ਤੇ ਸੰਕਲਪ…
Coming soon: A new and improved Global Punjabi site!!!

ਲੇਖ਼ਕ

Saturday, 29 November 2025 13:34

ਇੱਛਾ ਤੇ ਸੰਕਲਪ…

Written by
Rate this item
(0 votes)

ਮਨੁੱਖ ਦੇ ਜੀਵਨ ਦਾ ਸਾਰਥਕ ਨਿਰਭਰ ਉਸਦੇ ਵਿਚਾਰਾਂ ਅਤੇ ਵਿਚਾਰਾਂ ਨੂੰ ਕਾਰਜ ਕੁਸ਼ਲਤਾ ਵਿੱਚ ਬਦਲਣ ਦੇ ਸਿੱਟੇ ਉੱਤੇ ਹੈ। ਦੂਜੇ ਅਰਥਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਦਰ-ਅਸਲ ਵਿਚਾਰ ਆਪਣੇ ਆਪ ਵਿੱਚ ਕੁੱਝ ਵੀ ਕਰ ਸਕਣ ਦੀ ਸਮਰੱਥਾ ਨਹੀਂ ਰੱਖਦੇ। ਸਗੋਂ ਵਿਚਾਰ ਜਦੋਂ ਕਾਰਜ ਦਾ ਰੂਪ ਧਾਰਦੇ ਹਨ ਤਾਂ ਕੁੱਝ ਸਿੱਟੇ ਨਿਕਲ ਸਕਦੇ ਹਨ। ਇਹ ਸਿੱਟੇ ਸਾਰਥਕ ਵੀ ਹੋ ਸਕਦੇ ਹਨ ਅਤੇ ਨਿਰਾਰਥਕ ਵੀ।

ਮਨੁੱਖ ਜੋ ਕੁੱਝ ਵੀ ਕਰਦਾ ਹੈ, ਉਹ ਆਪਣੇ ਚੰਗੇ, ਮੰਦੇ, ਸੁਲਝੇ, ਉਲਝੇ ਚਾਹਨਾਂ ਮਿਸ਼ਰਤ ਵਿਚਾਰਾਂ ਨਾਲ ਹੀ ਕਰਦਾ ਹੈ। ਮਨ ਵਿੱਚ ਵਿਚਾਰ ਉਪਜਦੇ ਹਨ ਅਤੇ ਫਿਰ ਇਹ ਵਿਚਾਰ ਚਾਹ-ਇੱਛਾ ਦਾ ਰੂਪ ਧਾਰ ਕੇ ਮਨੁੱਖ ਨੂੰ ਕਾਰਜ ਲਈ ਉਕਸਾਂਦੇ ਹਨ ਜਾਂ ਉਕਸਾ ਸਕਦੇ ਹਨ। ਵਿਚਾਰ ਦੀ ਪੁੱਠ ਵਿੱਚ ਸਾਡੀ ਇੱਛਾ, ਕਾਰਜ ਕਿਰਿਆ ਦਾ ਰਸਤਾ ਧਾਰਨ ਕਰਕੇ, ਕਾਰਜ ਬਣ ਜਾਂਦੀ ਹੈ। ਇਸ ਕਾਰਜ ਦਾ ਹੀ ਫਲ ਕੁ-ਫਲ ਮਨੁੱਖ ਨੂੰ ਮਿਲਦਾ ਹੈ। ਇਸ ਲਈ ਮਨੁੱਖ ਦੇ ਵਿਚਾਰਾਂ ਦੀ ਬੜੀ ਮਹੱਤਤਾ ਹੈ ਕਿਉਂਕਿ ਮਨੁੱਖ ਦੇ ਵਿਚਾਰਾਂ ਨਾਲ ਹੀ ਮਨੁੱਖ ਵਿੱਚ ਗਤੀ ਆ ਸਕਣ ਦੀ ਸੰਭਾਵਨਾ ਪੈਦਾ ਹੁੰਦੀ ਹੈ। ਮਨੁੱਖ ਦੇ ਦਿਮਾਗ ਵਿੱਚ ਜਿਹੋ ਜਿਹੇ ਵਿਚਾਰਾਂ ਦੀ ਉਤਪਤੀ ਹੋਵੇਗੀ ਉਸ ਪਾਸੋਂ ਉਹੋ ਜਿਹੇ ਹੀ ਕਾਰਜ ਦੀ ਆਸ ਕੀਤੀ ਜਾ ਸਕਦੀ ਹੈ। ਦਿੱਕਤ ਇਹ ਹੈ ਕਿ ਵਿਚਾਰਾਂ ਉੱਤੇ ਕਿੰਤੂ ਪ੍ਰੰਤੂ ਹੋ ਸਕਦੀ ਹੈ। ਮਨੁੱਖ ਆਪ ਵੀ ਕਰ ਸਕਦਾ ਹੈ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਮਨੁੱਖ ਵੀ। ਕਿੰਤੂ ਪ੍ਰੰਤੂ ਹੋਣ ਦਾ ਇਹ ਡਰ ਵੀ ਮਹੱਤਤਾ ਰੱਖਦਾ ਹੈ|

ਵਿਚਾਰ ਜੇਕਰ ਸਪਸ਼ਟ ਨਹੀਂ ਅਤੇ ਜੇਕਰ ਸਾਡੇ ਵਿਚਾਰਾਂ ਵਿੱਚ ਹੀ ਕਿਸੇ ਡਰ, ਸ਼ੱਕ ਅਤੇ ਕਿੰਤੂਆਂ ਪ੍ਰੰਤੂਆਂ ਦੀ ਭਰਮਾਰ ਹੈ ਤਾਂ ਫਿਰ ਇਹਨਾਂ ਵਿਚਾਰਾਂ ਨੂੰ ਕਾਰਜ ਵਿੱਚ ਬਦਲਣ ਦਾ ਫਲ ਕੀ ਤੇ ਕਿਵੇਂ ਮਿਲੇਗਾ? ਦੂਜੇ ਅਰਥਾਂ ਵਿੱਚ ਜੇਕਰ ਸਾਨੂੰ ਆਪਣੇ ਚਾਹ-ਗੁੱਧੇ ਵਿਚਾਰਾਂ ਦੀ ਸਾਰਥਕਤਾ ਉੱਤੇ ਹੀ ਭਰੋਸਾ ਨਹੀਂ ਤਾਂ ਅਜਿਹੇ ਵਿਚਾਰਾਂ ਨੂੰ ਕਾਰਜ ਰੂਪ ਦੇ ਕੇ ਭਲਾ ਨਤੀਜਾ ਕੀ ਨਿਕਲੇਗਾ?

ਇੱਕ ਹੋਰ ਕਠਿਨਾਈ ਵੀ ਹੈ ਕਿ ਬੰਦੇ ਦੇ ਮਨ ਵਿੱਚ ਪਲ ਪਲ ਵਿਚਾਰ ਉਤਪੰਨ ਹੁੰਦੇ ਹਨ ਅਤੇ ਇਹ ਵਿਚਾਰ, ਇੱਛਾਵਾਂ ਦਾ ਰੂਪ ਧਾਰਨ ਕਰਦੇ ਹਨ। ਬੰਦਾ ਆਪਣੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਕਿਵੇਂ ਕਰੇ? ਅਸੰਭਵ ਤਾਂ ਭਾਵੇਂ ਕੁੱਝ ਵੀ ਨਹੀਂ ਪਰ ਇਹ ਇੱਕ ਸੱਚਾਈ ਹੈ ਕਿ ਕੋਈ ਵੀ ਮਨੁੱਖ ਆਪਣੇ ਇੱਕ ਜੀਵਨ ਵਿੱਚ ਹੀ ਕਦੇ ਵੀ ਆਪਣੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ। ਕੇਵਲ ਉਦਾਹਰਣ ਦੇਣ ਲਈ ਮਿੱਥ ਲੈਂਦੇ ਹਾਂ ਕਿ ਮਨੁੱਖ ਬਾਰ ਬਾਰ ਮਨੁੱਖੀ ਰੂਪ ਵਿੱਚ ਜਨਮ ਲੈਣ ਲਈ ਸਮਰੱਥ ਹੈ। ਪਰ ਅਜਿਹੀ ਸਮਰੱਥਾ ਰੱਖਣ ਵਾਲਾ ਮਨੁੱਖ, ਕਈ ਕਈ ਜਨਮ ਲੈ ਕੇ ਵੀ ਆਪਣੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਕਿਉਂਕਿ ਹਰ ਜਨਮ ਦੀਆਂ ਹੋਰ ਹੋਰ ਇੱਛਾਵਾਂ ਵੀ ਪਹਿਲੀਆਂ ਇੱਛਾਵਾਂ ਨਾਲ ਜੁੜਦੀਆਂ ਜਾਣਗੀਆਂ। ਦਰ-ਅਸਲ ਮਨੁੱਖ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ। ਇੱਕ ਇੱਛਾ ਨੂੰ ਨੇਪਰੇ ਚਾੜ੍ਹਨ ਦਾ ਵਿਚਾਰ ਪੂਰਾ ਹੁੰਦਾ ਹੈ ਤਾਂ ਉਸ ਦੀ ਥਾਂ ਹੁਣੇ ਝੱਟ-ਪੱਟ ਹੀ ਹੋਰ ਇੱਛਾ ਜਾਗ ਪੈਂਦੀ ਹੈ। ਇੰਜ ਮਨੁੱਖ ਦੇ ਵਿਚਾਰਾਂ ਅਤੇ ਇੱਛਾਵਾਂ ਦਾ ਇਹ ਸਿਲਸਿਲਾ ਸਦਾ ਹੀ ਚੱਲਦਾ ਰਹਿੰਦਾ ਹੈ। ਆਪਣੇ ਦਿਲ-ਦਿਮਾਗ ਵਿੱਚ ਆਏ ਵਿਚਾਰਾਂ ਅਤੇ ਦੂਜੇ ਦੇ ਸੁਣੇ ਵਿਚਾਰਾਂ ਦੀ ਵੀ ਮਹੱਤਤਾ ਹੈ।

ਦੂਜੀ ਗੱਲ, ਹਰ ਇੱਛਾ ਦੇ ਵਿਚਾਰ ਨੂੰ ਪੂਰਿਆਂ ਹੋਣ ਵਿੱਚ ਸਮਾਂ ਲੱਗਦਾ ਹੈ। ਇਹ ਕਦੇ ਵੀ ਨਹੀਂ ਹੋ ਸਕਦਾ ਕਿ ਪਲਕ ਝਮਕਦਿਆਂ ਹੀ ਸਾਡੇ ਵਿਚਾਰਾਂ ਜਾਂ ਇੱਛਾਵਾਂ ਨੂੰ ਫਲ਼ ਲੱਗ ਜਾਵੇ|

ਪਰ ਕੀ ਮਨੁੱਖੀ ਜੀਵਨ ਦਾ ਇਹੀ ਮਨੋਰਥ ਹੈ ਕਿ ਉਹ ਆਪਣੀਆਂ ਇੱਛਾਵਾਂ ਦੀ ਕੁੜਤੀ ਨੂੰ ਵਿਚਾਰ ਦਾ ਰੰਗ ਚਾੜ੍ਹਕੇ ਨੱਚਦਾ ਟੱਪਦਾ ਫਲਾਂ ਦੀ ਉਡੀਕ ਕਰੇ? ਮਨੁੱਖ ਦੇ ਮਨ ‘ਤੇ ਹੋਰਾਂ ਦੇ ਵਿਚਾਰਾਂ ਦਾ ਕੋਈ ਪ੍ਰਭਾਵ ਕਿਉਂ ਨਹੀਂ ਪੈਂਦਾ? ਜੇਕਰ ਪੈਂਦਾ ਹੈ ਤਾਂ ਸਦ-ਰਹਿਣਾ ਕਿਉਂ ਨਹੀਂ ਰਹਿੰਦਾ? ਅਤੇ ਅਜਿਹੇ ਅਪਣਾਏ ਵਿਚਾਰਾਂ ਨੂੰ ਚੰਗੇ ਫਲ ਕਿਉਂ ਨਹੀਂ ਲੱਗਦੇ? ਸੁਆਮੀ ਰਾਮ ਕ੍ਰਿਸ਼ਨ ਪਰਮ ਹੰਸ ਇੱਕ ਥਾਂ ਕੁੱਝ ਇਸ ਪ੍ਰਕਾਰ ਲਿਖਦੇ ਨੇ:

“ਇੱਕ ਪੁਲ਼ ਹੈ। ਪੁਲ਼ ਦੇ ਹੇਠਾਂ ਪਾਣੀ ਵੱਗਦਾ ਹੈ। ਇਹ ਪਾਣੀ ਪੁਲ਼ ਦੇ ਹੇਠ ਇੱਕ ਪਾਸਿਓਂ ਆਉਂਦਾ ਹੈ ਅਤੇ ਦੂਜੇ ਪਾਸਿਓਂ ਲੰਘ ਜਾਂਦਾ ਹੈ। ਠੀਕ ਇੰਜ ਹੀ ਮਨੁੱਖ ਇਕ ਪੁਲ਼ ਹੈ। ਉਸ ਪੁਲ਼ ਦੇ ਦੋ ਪਾਸੇ ਸਾਡੇ ਦੋਵੇਂ ਕੰਨ ਹਨ। ਅਸੀਂ ਇੱਕ ਕੰਨ ਰਾਹੀਂ ਦੂਜੇ ਦੇ ਵਿਚਾਰਾਂ ਨੂੰ ਸੁਣਦੇ ਹਾਂ ਅਤੇ ਉਸੇ ਵੇਲੇ ਹੀ ਦੂਜੇ ਕੰਨ ਰਾਹੀਂ ਕੱਢ ਕੇ ਔਹ ਵਗਾਹ ਮਾਰਦੇ ਹਾਂ।”

ਅਸੀਂ ਆਪਣੇ ਹੀ ਵਿਚਾਰਾਂ ਦੀ ਮਸਤੀ ਵਿੱਚ ਇੰਜ ਹਾਂ ਜਿਵੇਂ ਕਿਸੇ ਨੇ ਕੋਈ ਨਿਓਲ, ਕਿਸੇ ਤੌੜੀ ਵਿੱਚ ਰੱਖ ਕੇ ਪਾ ਲਿਆ ਹੋਵੇ। ਉਸਨੇ ਇੱਕ ਕੰਧ ਉੱਤੇ ਇਹ ਤੌੜੀ ਰੱਖ ਦਿੱਤੀ ਹੋਵੇ। ਹੁਣ ਨਿਓਲ ਦੇ ਗਲ਼ ਵਿੱਚ ਰੱਸੀ ਬੱਝੀ ਹੈ। ਰੱਸੀ ਦੇ ਇੱਕ ਕੋਣੇ ਤੇ ਭਾਰਾ ਪੱਥਰ ਬੰਨ੍ਹਿਆ ਹੋਇਆ ਹੈ। ਨਿਓਲ ਤੌੜੀ ਵਿੱਚੋਂ ਨਿਕਲ ਕੇ ਕੰਧ ਹੇਠਾਂ ਇੱਧਰ ਉੱਧਰ ਘੁੰਮਦਾ ਹੈ ਪਰ ਜਿਉਂ ਹੀ ਉਸਨੂੰ ਕੁੱਝ ਖੜਾਕ ਸੁਣਦਾ ਹੈ ਤਾਂ ਉਹ ਝੱਟ ਦੌੜ ਕੇ ਤੌੜੀ ਵਿੱਚ ਆ ਲੁਕਦਾ ਹੈ। ਪਰ ਉਹ ਤੌੜੀ ਵਿੱਚ ਬਹੁਤਾ ਸਮਾਂ ਲੁਕ ਕੇ ਨਹੀਂ ਬੈਠਾ ਰਹਿ ਸਕਦਾ ਕਿਉਂਕਿ ਉਸਦੇ ਗਲ਼ ਦੀ ਰੱਸੀ ਦੇ ਦੂਜੇ ਪਾਸੇ ਭਾਰਾ ਪੱਥਰ ਬੱਝ੍ਹਿਆ ਹੋਇਆ ਹੈ। ਇਹ ਭਾਰ ਉਸ ਨੂੰ ਫਿਰ ਹੇਠਾਂ ਨੂੰ ਖਿੱਚ੍ਹਦਾ ਹੈ। ਮਨੁੱਖ ਦਾ ਵੀ ਇਹ ਹਾਲ ਹੈ ਕਿ ਉਹ ਆਪਣੇ ਵਿਚਾਰਾਂ ਦੀ ਮਾਰ ਤੋਂ ਬਚਿਆ ਨਹੀਂ ਰਹਿ ਸਕਦਾ। ਪਰ ਕੀ ਮਨੁੱਖ ਦਾ ਵਿਚਾਰ-ਗ੍ਰਸਤ ਹੋਣਾ ਉੱਚਿਤ ਨਹੀਂ? ਉੱਚਿਤ ਹੈ, ਜ਼ਰੂਰੀ ਹੈ ਪਰ ਵਿਚਾਰ ਦੇ ਨਾਲ ਨਾਲ ਸੰਕਲਪ ਵੀ ਲੋੜੀਦਾ ਹੈ। ਸੰਕਲਪ? ਹਾਂ ਸੰਕਲਪ।

ਜੇਕਰ ਆਪਣੇ ਆਲੇ ਦੁਆਲੇ ਨਜ਼ਰ ਦੌੜਾਈਏ ਤਾ ਸਾਨੂੰ ਅਜਿਹੇ ਬੰਦੇ ਉਂਗਲਾਂ ਉੱਤੇ ਗਿਣਨ ਜੋਗੇ ਹੀ ਮਿਲ ਸਕਣਗੇ ਜਿਹੜੇ ਬੰਦੇ, ਮੂੰਹੋਂ ਜੋ ਕੁੱਝ ਕਹਿੰਦੇ ਹਨ, ਉਹ ਕਰਕੇ ਦਿਖਾ ਦੇਣ ਦੀ ਸਮਰੱਥਾ ਵੀ ਰੱਖਦੇ ਹੋਣ। ਇਹੀ ਕਾਰਨ ਹੈ ਕਿ ਸਿਆਣੇ ਕਹਿੰਦੇ ਸੁਣੇ ਗਏ ਹਨ ਕਿ ਹਵਾਈ ਕਿਲ੍ਹੇ ਉਸਾਰਨਾ, ਸ਼ੇਖ ਚਿੱਲੀ ਵਾਂਗ ਸੋਚ ਕੇ ਕਹਿਣਾ, ਬਹੁਤ ਸੌਖਾ ਹੈ। ਪਰ ਰਹੀ ਗੱਲ ਨੂੰ ਪੂਰਿਆਂ ਕਰਨਾ ਜਾਂ ਛੇੜੇ ਕਾਰਜ ਨੂੰ ਨੇਪਰੇ ਚਾੜ੍ਹਨਾ ਬਹੁਤ ਹੀ ਔਖਾ ਹੈ। ਕਿਉਂ ਭਲਾ? ਇਸ ਲਈ ਕਿ ਮਨੁੱਖ ਆਪਣੀ ਇੱਛਾ-ਪੂਰਤੀ ਹਿੱਤ, ਵਿਚਾਰ ਦੇ ਪ੍ਰਵਾਹ ਵਿੱਚ ਰੁੜ੍ਹ ਜਾਣ ਵਾਲਾ ‘ਅਜੀਬ ਜਾਨਵਰ ਹੈ।’ ਅਕਸਰ ਇਹ ਆਪਣੀ ਇੱਛਾ ਦੇ ਉਤਪੰਨ ਹੁੰਦਿਆਂ ਹੀ, ਆਪਣੇ ਮਨ ਦੀ ਭਾਵਨਾ ਨੂੰ, ਵਿਚਾਰੇ ਬਿਨਾਂ ਹੀ, ਬਹੁਤ ਕੁੱਝ ਕਹਿ ਜਾਂਦਾ ਹੈ। ਪਰ ਬਦਕਿਸਮਤੀ ਨਾਲ ਅਕਸਰ ਜਦੋਂ ਕੁੱਝ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹ ਝੱਟ ਪਿਛਾਂਹ ਨੂੰ ਦੌੜ ਪੈਂਦਾ ਹੈ|

ਅਜਿਹੇ ਬੰਦਿਆਂ ਲਈ ਹੀ ਕਿਹਾ ਜਾ ਸਕਦਾ ਹੈ: ਭੌਂਕਦੇ ਕੁੱਤੇ ਵੱਢਦੇ ਨਹੀਂ, ਗਰਜਣ ਵਾਲੇ ਵਰ੍ਹਦੇ ਨਹੀਂ; ਵਰ੍ਹਨ ਵਾਲੇ ਬੱਦਲ ਵਰ੍ਹ ਕੇ ਅਗਾਂਹ ਤੁਰ ਜਾਂਦੇ ਹਨ, ਊਣਾ ਭਾਂਡਾ ਬਹੁਤ ਖੜਕਦਾ ਹੈ ਜਦ ਕਿ ਭਰਿਆ ਭਾਂਡਾ ਚੁੱਪ ਰਹਿੰਦਾ ਹੈ। ਦਰ ਅਸਲ ਜਦੋਂ ਕੋਈ ਬੰਦਾ ਓਪਰੀ ਭਾਵਨਾ ਵਸ ਹੋ ਕੇ ਝੱਟ ਇਹ ਕਹਿ ਦਿੰਦਾ ਹੈ ਕਿ ਉਹ ਫਲਾਂ ਕੰਮ ਕਰਕੇ ਹੀ ਦਮ ਲਵੇਗਾ ਤਾਂ ਅਕਸਰ ਅਜਿਹੇ ਬੰਦੇ ਨੂੰ ਇਹ ਭਰੋਸਾ ਨਹੀਂ ਹੁੰਦਾ ਕਿ ਉਹ ਇਸ ਕਾਰਜ ਨੂੰ ਪੂਰਾ ਕਰ ਲਵੇਗਾ। ਇਸ ਦਾ ਕੀ ਕਾਰਨ ਹੈ? ਕਾਰਨ ਇਹੀ ਹੈ ਕਿ ਇਸ ਬੰਦੇ ਨੇ ਫਿਕੇ ਉਤਸ਼ਾਹ, ਜਲਨ ਜਾਂ ਭਾਵਨਾ ਵੱਸ ਹੋ ਕੇ ਕੋਈ ਕੰਮ ਕਰਨ ਦਾ ਐਲਾਨ ਕਰ ਦਿੱਤਾ ਹੈ|

ਸਵੇਟ ਮਾਰਟਨ ਨੇ ਇੱਕ ਥਾਂ ਇੱਕ ਮਿਸਾਲ ਦਿੱਤੀ ਹੈ ਜਿਹੜੀ ਕੁੱਝ ਇੰਜ ਹੈ:

ਕੋਈ ਬੰਦਾ ਮਰ ਜਾਂਦਾ ਹੈ ਆਂਢੀ ਗੁਆਂਢੀ, ਮਿੱਤਰ ਸੱਜਣ, ਵੇਖਣ ਚਾਖਣ ਵਾਲੇ ਸਾਰੇ ਰਿਸ਼ਤੇਦਾਰ ਸਾਕ ਸਬੰਧੀ ਕਹਿੰਦੇ ਹਨ ਮੌਤ ਜ਼ਰੂਰ ਆਉਣੀ ਹੈ। ਉਹ ਸਾਰੇ ਇਹ ਗੱਲ ਵੀ ਸਵੀਕਾਰ ਕਰਦੇ ਹਨ ਕਿ ਉਹ ਸਾਰੇ ਦੇ ਸਾਰੇ ਵੀ ਇੱਕ ਨਾ ਇੱਕ ਦਿਨ ਜ਼ਰੂਰ ਮਰ ਜਾਣਗੇ। ਇਸ ਦੇ ਨਾਲ ਹੀ ਇਹ ਚਰਚਾ ਵੀ ਚਲਦੀ ਹੈ ਕਿ ਇਹ ਸੰਸਾਰ ਮਿਥਿਆ ਹੈ। ਅਸੀਂ ਐਵੇਂ ਹੀ ਵਾਧੂ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਅਸੀਂ ਸਾਰਿਆਂ ਨੇ ਹੀ ਇੱਕ ਦਿਨ ਇਸ ਸੰਸਾਰ ਦਾ ਤਿਆਗ ਕਰਨਾ ਹੈ।

ਮਿਰਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ ਜਾਂ ਪਰੰਪਰਾ ਅਨੁਸਾਰ ਅਗਨੀ ਭੇਂਟ ਕਰਨ ਉਪਰੰਤ ਸਾਰੇ ਹੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਅਤੇ ਫਿਰ ਆਪਣੇ ਆਪਣੇ ਘਰ ਜਾ ਕੇ ਮਿਰਤਕ ਲਈ ਸਭ ਕੁੱਝ ਕਿਹਾ ਸੁਣਿਆ ਭੁੱਲ ਭੁਲਾ ਦਿੱਤਾ ਜਾਂਦਾ ਹੈ। ਸਾਰੇ, ਮੁੜ ਇਸੇ ਹੀ, ਪਹਿਲਾਂ ‘ਮਿਥਿਆ’ ਮਿੱਥੇ ਸੰਸਾਰ ਦੇ ਮਾਇਆ ਮੋਹ ਦੇ ਜਾਲ ਵਿੱਚ ਫਸ ਕੇ ਆਪਣੇ ਆਪਣੇ ਧੰਦਿਆਂ ਵਿੱਚ ਮਗਨ ਹੋ ਜਾਂਦੇ ਹਨ। ਅਜਿਹੀ ਦਸ਼ਾ ਨੂੰ ਸ਼ਮਸ਼ਾਨ ਵੈਰਾਗ ਕਿਹਾ ਜਾਂਦਾ ਹੈ।

ਅਜਿਹੀ ਮਨੁੱਖੀ ਦਸ਼ਾ — ਸ਼ਮਸ਼ਾਨ ਵੈਰਾਗ — ਦਾ ਕਾਰਨ ਹੈ ਕਿ ਇਹ ਵਿਚਾਰ ਅਸੀਂ ਅਪਣਾਉਣਾ ਨਹੀਂ ਚਾਹੁੰਦੇ। ਅਰਥਾਤ ਇਹਨਾਂ ਵਿਚਰਾਂ ਨੂੰ ਅਸੀਂ ਕੋਈ ਬਹੁਤੀ ਮਹੱਤਤਾ ਨਹੀਂ ਦਿੰਦੇ। ਇਹਨਾਂ ਵਿਚਾਰਾਂ ਨੂੰ ਅਸੀਂ ਸਰਸਰੀ ਤੌਰ ਤੇ ਲੈਂਦੇ ਹਾਂ ਅਤੇ ਅਸੀਂ ਉਹਨਾਂ ਦੇ ਪ੍ਰਭਾਵ ਥੱਲੇ ਸੰਸਾਰ ਦਾ ਤਿਆਗ ਨਹੀਂ ਕਰਦੇ। ਲੇਖਕ, ਇਹ ਨਹੀਂ ਕਹਿ ਰਿਹਾ ਕਿ ਸਾਨੂੰ ਸ਼ਮਸ਼ਾਨ ਵੈਰਾਗ ਦੀ ਥਾਂ ਸੱਚਮੁੱਚ ਹੀ ਇਸ ਸੰਸਾਰ ਦਾ ਤਿਆਗ ਕਰਕੇ ਢਹਿੰਦੀਆਂ ਕਲਾਂ ਵਿੱਚ ਵਿਚਰਨਾ ਚਾਹੀਦਾ ਹੈ ਜਾਂ ਕਿ ਸੰਸਾਰ ਉੱਤੇ ਭਾਰ ਬਣਨਾ ਚਾਹੀਦਾ ਹੈ। ਗੱਲ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਵਿੱਚ ਪੱਕੇ ਨਹੀਂ ਹਾਂ। ਸਾਡੇ ਵਿਚਾਰ ਨਿਰਬਲ ਹਨ ਉਹਨਾਂ ਵਿੱਚ ਕੋਈ ਪੁਖਤਾਈ ਨਹੀਂ ਹੈ। ਅਜਿਹੇ ਨਿਰਬਲ ਵਿਚਾਰਾਂ ਦੇ ਧਾਰਨੀ ਮਨੁੱਖ ਦੀਆਂ ਡੀਂਗਾਂ ਸਬੰਧੀ ਹੀ ਸਿਆਣੇ ਕਹਿੰਦੇ ਹਨ: ਕਹਿਣਾ ਸੌਖਾ ਕਰਨਾ ਔਖਾ।

ਕੁੱਝ ਦੇਖ ਕੇ, ਭਾਵਕ ਹੋ ਕੇ ਕਹਿਣਾ ਬਹੁਤ ਹੀ ਸਰਲ ਅਤੇ ਸਹਿਜ ਹੈ। ਕੋਈ ਵੀ ਗੱਲ ਕਹਿਣ ਲਈ ਕਿਹੜਾ ਕੁੱਝ ਮੁੱਲ ਦੇਣਾ ਪੈਂਦਾ ਹੈ। ਮੂੰਹ ਆਪਣਾ ਹੈ, ਮੂੰਹ ਵਿੱਚ ਜੁਬਾਨ ਵੀ ਆਪਣੀ ਹੈ ਅਤੇ ਬੁੱਲ੍ਹ ਵੀ ਆਪਣੇ ਹੀ ਹਨ। ਤਪਾਕ ਨਾਲ ਮੂੰਹ ਖੋਲ੍ਹਿਆ, ਜੀਭ ਹਿਲੀ, ਬੋਲ ਹਰਕਤ ਵਿੱਚ ਆਏ ਅਤੇ ਝਟ ਪਟ ਕਹਿ ਦਿੱਤਾ-- ਮੈਂ ਆਹ ਕਰ ਲਵਾਂਗਾ, ਔਹ ਕਰ ਲਵਾਂਗਾ। ਦੁਨੀਆਂ ਭਰ ਦਾ ਬਕਵਾਸ, ਟਾਂ ਟਾਂ ਕਰਨ ਉਪਰੰਤ ਚੁੱਪ-ਚਾਪ ਬਹਿ ਗਏ। ਇੱਕ ਵਿਚਾਰ ਆਇਆ, ਚਾਹ ਜਾਗੀ, ਭਾਵਕ ਹੋਏ ਕੁੱਝ ਫੜ੍ਹ ਮਾਰੀ ਅਤੇ ਫਿਰ ਭਾਵਕਤਾ ਦਾ ਅਵੇਗ ਸਮਾਪਤ, ਸਭ ਕੁੱਝ ਖਤਮ। ਆਦਤਨ, ਮਨੁੱਖ ਫਿਰ ਟਾਲ ਮਟੋਲ ਦਾ ਸਹਾਰਾ ਲੈਣ ਲੱਗ ਪੈਂਦਾ ਹੈ, ਦੇਖੀ ਜਾਵੇਗੀ ਫਿਰ ਕਰ ਲਵਾਂਗਾ, ਕੱਲ੍ਹ ਤੋਂ ਕਰਾਂਗਾ, ਫਲਾਣੀ ਤਰੀਕ ਤੋਂ ਆਰੰਭ ਕਰਾਂਗਾ। ਉਹ ਸੌ ਸੌ ਬਹਾਨੇ ਲੱਭੇਗਾ ਅਤੇ ਅੰਤ ਨੂੰ ਭੁੱਲ ਭੁਲਾ ਜਾਵੇਗਾ।

ਮਨੁੱਖੀ ਚਾਹ, ਇੱਛਾ ਅਤੇ ਵਿਚਾਰਾਂ ਨੂੰ ਕਾਰਜ ਰੂਪ ਦੇ ਕੇ ਸਫਲ ਕਰਨ ਲਈ ਸੰਕਲਪ ਦੀ ਲੋੜ ਹੁੰਦੀ ਹੈ। ਸੰਕਲਪ, ਆਤਮ ਵਿਸ਼ਵਾਸ ਅਤੇ ਦ੍ਰਿੜ ਨਿਸ਼ਚੇ ਨਾਲ ਭਰਪੂਰ ਓਸ ਕਿਰਿਆ ਦਾ ਨਾਂ ਹੈ ਜਿਸਦੇ ਕਾਰਨ ਮਨੁੱਖ ਆਪਣੇ ਪ੍ਰਾਣਾਂ ਦਾ ਪੂਰਾ ਤਾਣ, ਆਪਣੇ ਵਿਚਾਰਾਂ ਨੂੰ ਕਾਰਜ ਵਿੱਚ ਬਦਲਣ ਲਈ ਲਾ ਦਿੰਦਾ ਹੈ। ਇਸ ਸੰਕਲਪ ਕਾਰਨ ਹੀ ਉਹ ਆਪਣੀਆਂ ਸਾਰੀਆਂ ਹੀ ਇੰਦਰੀਆਂ ਨੂੰ ਆਪਣੇ ਵਿਚਾਰ ਕਾਰਜਾਂ ਵਿੱਚ ਜੁਟਾ ਦਿੰਦਾ ਹੈ। ਇੰਜ ਮਨੁੱਖੀ ਚਾਹ-ਇੱਛਾ-ਭਾਵਨਾ, ਵਿਚਾਰ ਦੇ ਵਿਹੜੇ ਵਿੱਚ ਖੇਡਦੀ, ਸੰਕਲਪ ਹੱਥੀਂ ਫੱਲ ਦਿੰਦੀ ਹੈ। ਇਹ ਮਿੱਠਾ ਫੱਲ ਹੋਵੇਗਾ ਜਾਂ ਖੱਟਾ, ਇਸ ਦਾ ਨਿਰਭਰ ਵਿਚਾਰ ਦੀ ਮਧਾਣੀ ਨਾਲ ਨਿਕਲੇ ਚੰਗੇ ਮੰਦੇ ਸੰਕਲਪ ਉੱਤੇ ਹੈ|

(7.1.1991)

Read 501 times
ਡਾ. ਗੁਰਦਿਆਲ ਸਿੰਘ ਰਾਏ

‘ਲਿਖਾਰੀ.ਨੈੱਟ’
likhari2001@gmail.com
+44 7814567077

    ਪ੍ਰਮੁੱਖ ਰਚਨਾਵਾਂ:
  • ਅੱਗ (ਕਾਵਿ ਸੰਗ੍ਰਹਿ)
  • ਮੋਏ ਪੱਤਰ (ਕਹਾਣੀ ਸੰਗ੍ਰਹਿ)
  • ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਹਿ)
  • ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
  • ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
  • ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
  • ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
  • ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
  • ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’—ਸੰਪਾਦਕ: ਹਰਮੀਤ ਸਿੰਘ ਅਟਵਾਲ