You are here:ਮੁਖ ਪੰਨਾ»ਰਚਨਾ ਅਧਿਐਨ»ਦੋ ਆਰ ਦੀਆਂ ਦੋ ਪਾਰ ਦੀਆਂ: ਖੂੰਢੀ ਆਰੀ ਤਿੱਖੀ ਕਰੋ …

ਲੇਖ਼ਕ

Tuesday, 02 December 2025 11:24

ਦੋ ਆਰ ਦੀਆਂ ਦੋ ਪਾਰ ਦੀਆਂ: ਖੂੰਢੀ ਆਰੀ ਤਿੱਖੀ ਕਰੋ …

Written by
Rate this item
(0 votes)

ਕਿਸੇ ਲਕੜੀ ਦਾ ਕੰਮ ਕਰਨ ਵਾਲੇ ਕਾਰੀਗਰ/ਤਰਖਾਣ ਨੂੰ ਪੁੱਛ ਕੇ ਦੇਖੋ ਤਾਂ ਉਹ ਦੱਸੇਗਾ: ਖੂੰਢੀ ਆਰੀ ਨਾਲ ਲਕੜੀ ਚੀਰਨ ਦਾ ਕਾਰਜ ਔਖਾ ਹੁੰਦਾ ਹੈ। ਦਰਅਸਲ ਇਹ ਨਹੀਂ ਕਿ ਖੂੰਢੀ ਆਰੀ ਨਾਲ ਲਕੜੀ ਬਿਲਕੁਲ ਚੀਰੀ ਹੀ ਨਾ ਜਾ ਸਕੇ। ਹੋ ਸਕਦਾ ਹੈ ਕਿ ਐਵੇਂ ਜ਼ੋਰ-ਜ਼ਬਰਦਸਤੀ ਕਰਕੇ, ਔਖੇ ਹੋ ਕੇ ਆਰੀ ਲਕੜੀ ਨੂੰ ਥੋੜਾ-ਬਹੁਤ ਚੀਰ ਸਕੇ ਪਰ ਇਸ ਵਿਚ ਪੂਰਨ ਤੌਰ ਤੇ ਸਫ਼ਲਤਾ ਪਰਾਪਤ ਨਹੀਂ ਹੋਵੇਗੀ। ਲਕੜੀ ਠੀਕ ਢੰਗ ਨਾਲ ਕੱਟੀ ਨਹੀਂ ਜਾਵੇਗੀ ਅਤੇ ਸਮਾਂ ਵੀ ਲੋੜ ਨਾਲੋਂ ਬਹੁਤ ਜਿ਼ਆਦਾ ਬਰਬਾਦ ਹੋਵੇਗਾ। ਹੋ ਸਕਦਾ ਹੈ ਇਸ ਕੋਸਿ਼ਸ਼ ਵਿਚ ਬੰਦਾ ਖਿੱਝ ਵੀ ਜਾਵੇ। ਇਸ ਲਈ ਹੀ, ਇੱਕਾ ਚੰਗਾ ਕਾਰੀਗਰ, ਸਮੇਂ ਸਮੇਂ ਉਤੇ ਆਪਣੇ ਕਿੱਤੇ ਦੇ ਸੰਦਾਂ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਦਾ ਰਹਿੰਦਾ ਹੈ। ਉਹ ਆਪਣੇ ਵਰਤੋਂ ਵਿਚ ਆਉਣ ਵਾਲੇ ਔਜ਼ਾਰਾਂ ਨੂੰ ਸਮੇਂ ਸਮੇਂ ਸਿਰ ਤਿੱਖਿਆਂ ਵੀ ਕਰਦਾ ਰਹਿੰਦਾ ਹੈ ਅਤੇ ਸਾਂਭ-ਸੰਭਾਲ ਅਤੇ ਦੇਖ-ਭਾਲ ਕਰਦਿਆਂ ਹਰ ਸਮੇਂ ਆਪਣੇ ਸੰਦਾਂ ਨੂੰ ਵਰਤਣ ਲਈ ਤਿਆਰ-ਬਰ ਤਿਆਰ ਰੱਖਦਾ ਹੈ।

ਪਰ ਆਮ ਬੰਦੇ ਕੀ ਕਰਦੇ ਹਨ? ਆਲੇ ਦੁਆਲੇ ਝਾਤੀ ਮਾਰਿਆਂ ਸਹਿਜੇ ਹੀ ਪਤਾ ਲੱਗ ਸਕਦਾ ਹੈ ਕਿ ਆਮ ਕਰਕੇ ਬਹੁਤੇ ਬੰਦੇ ਸਾਰੀ ਉਮਰ ਹੀ ਆਪਣੇ ਜੀਵਨ ਦੇ ‘ਬਾਲੇ-ਛਤੀਰੀਆਂ’ ਨੂੰ ਕਿਸੇ ਮਾਪ ਵਿਚ ਕੱਟਣ-ਵੱਢਣ ਹਿੱਤ, ਖੂੰਢੀਆਂ ਆਰੀਆਂ ਅਤੇ ਖੁੰਢੇ ਸੰਦਾਂ ਦੀ ਹੀ ਵਰਤੋਂ ਕਰਦੇ ਰਹਿੰਦੇ ਹਨ। ਆਪਣੇ ਜੀਵਨ ਦੀਆਂ ਲੋੜਾਂ-ਥੋੜਾਂ ਅਤੇ ਮਾਨਤਾਵਾਂ ਨੂੰ ਖੂੰਢੀ ਆਰੀ ਨਾਲ ਵੱਢਣ-ਟੁੱਕਣ ਦੀ ਜਦੋ-ਜਹਿਦ ਵਿੱਚ ਅਕਸਰ ਉਹ ਕਦੇ ਕਦਾਈਂ, ਭਾਵੇਂ ਅੱਧ-ਪਚੱਧੇ ਸਫ਼ਲ ਹੋ ਵੀ ਜਾਣ ਪਰ ਬਹੁਤਾ ਕਰਕੇ ਉਹ ਸਦਾ ਪੂਰਨ ਤੌਰ ਤੇ ਨਾਕਾਮ ਹੀ ਰਹਿੰਦੇ ਹਨ।

ਜੀਵਨ ਦੇ ਸਫ਼ਲ ਚਲਨ ਲਈ, ਆਰੀ ਤਿੱਖੀ ਕਰਨ ਦਾ ਅਰਥ ਹੈ ਕਿ ਬੰਦਾ ਆਪਣੀ ਵਿਸ਼ੇਸ਼ ਨਿੱਧੀ, ਆਪਣੇ ‘ਆਪੇ’ ਭਾਵ ਸਵੈ ਨੂੰ ਬਰਕਰਾਰ ਰੱਖ ਸਕੇ। ਆਪਣੇ ਸਵੈ ਨੂੰ ਬਰਕਰਾਰ ਰੱਖਣ ਲਈ, ਭਾਵ ਬੰਦੇ ਨੂੰ ਆਪਣੀ ‘ਆਰੀ ਦੇ ਦੰਦੇ ਤਿੱਖੇ ਕਰਨ ਹਿੱਤ’ ਆਪਣੇ ਜੀਵਨ ਦੇ ਮੁੱਖ ਚਾਰ ਖੇਤਰਾਂ: 1) ਪਦਾਰਥਕ (ਫਿਜ਼ੀਕਲ), 2) ਮਾਨਸਿਕ (ਮੈਂਟਲ), 3) ਭਾਵੁਕ-ਭਾਈਚਾਰਕ (ਈਮੋਸ਼ਨਲ-ਸੋਸ਼ਲ), ਅਤੇ 4) ਪਰਮਾਰਥਕ (ਸਪਿਰਚੁਐਲ) ਵਿੱਚ ਸਮਾਨਤਾ ਬਰਕਰਾਰ ਰੱਖਣ ਦੇ ਲਈ ਸਦਾ ਹੀ ਤਿਆਰ-ਬਰ-ਤਿਆਰ ਅਤੇ ਜੁੱਟੇ ਰਹਿਣਾ ਪੈਂਦਾ ਹੈ। ਇਹਨਾਂ ਵਿਚ ਸਮਾਨਤਾ ਰੱਖਣ ਦੇ ਜ਼ਾਬਤੇ ਤੋਂ ਬਿਨਾਂ ਬੰਦੇ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਦਿਮਾਗ ਮਕੈਨੀਕਲ ਹੋ ਜਾਂਦਾ ਹੈ, ਭਾਵਨਾਵਾਂ-ਜਜ਼ਬਿਆਂ ਵਿਚ ਕਚਿਆਈ ਅਤੇ ਉਲਾਰ ਆ ਜਾਂਦਾ ਹੈ, ਆਤਮਾ ਸੰਵੇਦਨਾ ਰਹਿਤ ਅਤੇ ਭਾਵਹੀਣ ਹੋ ਰਹਿੰਦੀ ਹੈ ਅਤੇ ਬੰਦਾ ਮੁੱਖ ਰੂਪ ਵਿਚ ਸੁਆਰਥੀ ਬਣ ਜਾਂਦਾ ਹੈ।

ਇੰਝ ਸਵੈ (ਆਪੇ) ਦੇ ਚਾਰ ਰੂਪ ਬਣੇ। ਪਦਾਰਥਕ ਜਾਂ ਭੌਤਿਕ ਸਵੈ ਹੈ: ਇਹ ਸਰੀਰ। ਅਸੀਂ ਸਰੀਰ ਦੀ ਸ਼ਕਤੀ ਆਹਾਰ (ਭੋਜਨ) ਪੁਸ਼ਟੀ (ਨਿਊਟਰੀਸ਼ਨ), ਕਸਰਤ ਅਤੇ ਆਰਾਮ ਨਾਲ ਬਣਾਉਂਦੇ-ਵਧਾਉਂਦੇ ਹਾਂ। ਮਾਨਸਿਕ ਜਾਂ ਦਿਮਾਗੀ ਸ਼ਕਤੀ ਦੇ ਵਿਕਾਸ ਲਈ ਕਸਰਤ ਮਨੁੱਖ ਸਿੱਖਿਆ ਰਾਹੀਂ ਕਰਦਾ ਹੈ। ਸਿਖਿਆ ਵਿਚ ਪੜ੍ਹਾਈ-ਲਿਖਾਈ, ਚਨੌਤੀਆਂ, ਲਲਕਾਰਾਂ, ਲੈਣ-ਦੇਣ, ਪਕੜਾਂ-ਜਕੜਾਂ ਆਦਿ ਆਉਂਦੀਆਂ ਹਨ। ਮਨੁੱਖੀ ਜੀਵਨ ਦਾ ਸਮਾਜੀ ਅਤੇ ਭਾਵੁਕ ਰਿਸ਼ਤਾ ਆਪਸ ਵਿਚ ਜੁੜਿਆ ਹੋਇਆ ਹੈ। ਭਾਵੁਕ ਤੇ ਸਮਾਜੀ ਰਿਸ਼ਤਾ ਆਪਸੀ ਸਬੰਧਾਂ ਦੀ ਮਧੁਰਤਾ ਉਤੇ ਨਿਰਭਰ ਕਰਦਾ ਹੈ। ਮਧੁਰ ਸਬੰਧਾਂ ਦਾ ਧਨਾਤਮਕ ਸਰਮਾਇਆ ਮਨੁੱਖੀ ਜੀਵਨ ਦੀ ਵੱਡ-ਮੁੱਲੀ ਪੂੰਜੀ ਹੋ ਨਿਬੜਦਾ ਹੈ। ਰਿਣਾਤਮਕ ਨੂੰ ਅਣਗੌਲਦਿਆਂ ਕਰਕੇ ਉਸਤੋਂ ਕੇਵਲ ਸਿੱਖਿਆ ਲੈਣਾ ਹੀ ਠੀਕ ਹੁੰਦਾ ਹੈ।

ਮਨੁੱਖ ਆਪਣੇ ਰੂਹਾਨੀ/ਆਤਮਕ/ਸਵੈ ਦੀ ਕਸਰਤ ਸਾਹਿੱਤ ਪੜ੍ਹ-ਵਿਚਾਰਕੇ, ਧਿਆਨ-ਸਿਮਰਨ ਕਰਕੇ, ਪ੍ਰਾਰਥਨਾ ਕਰਕੇ ਜਾਂ ਕੁਦਰਤ ਦੀ ਗੋਦ ਦਾ ਸੁਆਦ ਮਾਣਕੇ ਕਰਦਾ ਹੈ।

ਆਤਮ-ਗਿਆਨ, ਪਰਮਾਰਥਕ ਖੇਤਰ ਜਾਂ ਸਵੈ ਦੀ ਸੋਝੀ ਆਪਣੀਆਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਦਾ ਕੇਂਦਰ-ਬਿੰਦੂ ਹੈ। ਇਹ ਖੇਤਰ ਦੂਜੇ ਨੂੰ ਦਿਖਾਉਣ ਹਿੱਤ ਨਹੀਂ, ਬਹੁਤ ਨਿੱਜੀ ਹੈ। ਇਸਦੀ ਸੁਗੰਧੀ ਹਵਾ ਵਿਚ ਫੈਲ ਜਾਂਦੀ ਹੈ। ਸਹਿਜੇ ਸਹਿਜੇ ਇਹ ਸਵੈ ਮਨੁੱਖ ਦੀ ਆਦਤ ਬਣ ਜਾਂਦਾ ਹੈ।

ਬੰਦਾ ਆਦਤਾਂ ਦਾ ਗੁਲਾਮ ਹੁੰਦਾ ਹੈ। ਆਦਤਾਂ, ਬੰਦੇ ਦੇ ਆਚਰਣ ਦਾ ਨਮੂੰਨਾ ਹੋ ਨਿਬੜਦੀਆਂ ਹਨ। ਆਦਤਾਂ ਦਾ ਨਿਰਭਰ ਗਿਆਨ, ਰਵੱਈਆ ਅਤੇ ਨਿਪੁੰਨਤਾ ਉਤੇ ਵੀ ਹੁੰਦਾ ਹੈ। ਇਹ ਗਿਆਨ, ਇਹ ਰਵੱਈਆ ਅਤੇ ਇਹ ਨਿਪੁੰਨਤਾ ਹਾਸਲ ਕਰਨ ਲਈ ਬੰਦੇ ਨੂੰ ਸਦਾ ਹੀ ਵਿੱਦਿਆਰਥੀ ਬਣੇ ਰਹਿਣਾ ਚਾਹੀਦਾ ਹੈ। ਭਾਵ ਖੁੰਢੀ ਆਰੀ ਤਿੱਖੀ ਕਰਨ ਲਈ ਸਦਾ ਤਿਆਰ-ਬਰ-ਤਿਆਰ ਵਿੱਦਿਅਰਥੀ।

ਵਿੱਦਿਆਰਥੀ? ਹਾਂ ਵਿੱਦਿਆਰਥੀ। ਸਿੱਖਿਆਰਥੀ।

***ਕਕਕਕ

ਵਿੱਦਿਆਰਥੀ ਉਹ ਹੁੰਦਾ ਹੈ ਜੋ ਹਰ ਸਮੇਂ, ਹਰ ਪੱਲ ਵਿੱਦਿਆ ਪਰਾਪਤ ਕਰਨ ਲਈ ਤੱਤਪਰ ਰਹੇ। ਵਿੱਦਿਆ ਪਰਾਪਤੀ ਦਾ ਚਾਹਵਾਨ ਵਿੱਦਿਆਰਥੀ ਦਾ ਸਾਰਾ ਸਮਾਂ ਹੀ ਵਿੱਦਿਆ ਗ੍ਰਹਿਣ ਕਰਨ ਲਈ ਲੱਗਿਆ ਰਹਿੰਦਾ ਹੈ। ਮਨੁੱਖ ਸਕੂਲ/ਕਾਲਜ ਦੀ ਪਰੰਪਰਾਗਤ ਵਿੱਦਿਆ ਪਰਾਪਤ ਕਰਕੇ ਆਪਣੇ ਸਿੱਖੇ-ਪੜ੍ਹੇ ਕਿਤੇ ਦਾ ਭਾਵੇਂ ਗਿਆਨਵਾਨ ਹੋ ਜਾਵੇ ਪਰ ਉਂਝ ਬੰਦਾ ਸਾਰੀ ਉਮਰ ਹੀ ਵਿੱਦਿਆਥੀ ਹੀ ਰਹਿੰਦਾ ਹੈ। ਕਿਸੇ ਮਿੱਥੇ ਹੋਏ ਸਮੇਂ ਵਿਚ ਪਰਾਪਤ ਕੀਤੀ ਵਿੱਦਿਆ ਹੀ ਬੰਦੇ ਲਈ ਕਾਫ਼ੀ ਨਹੀਂ ਹੁੰਦੀ। ਬੰਦਾ ਤਾਂ ਹਰ ਪੱਲ, ਹਰ ਘੜੀ ਕੁਝ ਨਾ ਕੁਝ ਨਵਾਂ-ਨਰੋਆ ਸਿੱਖਦਾ ਹੀ ਰਹਿੰਦਾ ਹੈ। ਮਨੁੱਖ ਤਾਂ ਸਾਰਾ ਜੀਵਨ ਵਿੱਦਿਆਰਥੀ ਹੀ ਰਹੇ ਤਾਂ ਚੰਗੀ ਗੱਲ ਹੈ।

ਵਿੱਦਿਆ ਦੀ ਪਰਾਪਤੀ ਸਹਿਜ ਨਹੀਂ। ਕਿਉਂਕਿ ਵਿੱਦਿਆ ਦੀ ਪਰਾਪਤੀ ਲਈ, ਧਨ, ਮਿਹਨਤ, ਉੱਦਮ ਅਤੇ ਤਿਆਗ ਦੀ ਲੋੜ ਹੁੰਦੀ ਹੈ। ਮਨੁੱਖ ਨੂੰ ਆਪਣੇ ਕਈ ਸੁੱਖ-ਆਰਾਮ ਤਿਆਗਣੇ ਪੈਂਦੇ ਹਨ। ਵਿੱਦਿਆ ਦਾ ਕੇਵਲ ਇਹ ਅਰਥ ਹੀ ਨਹੀਂ ਹੁੰਦਾ ਕਿ ਬੰਦਾ ਕੇਵਲ ਪੜ੍ਹਨ-ਲਿਖਣ ਯੋਗ ਹੋ ਸਕੇ। ਵਿੱਦਿਆ ਪਰਾਪਤੀ ਵਿਚ, ਪੜ੍ਹਨ-ਲਿਖਣ ਦੀ ਯੋਗਤਾ ਦੇ ਨਾਲ ਨਾਲ ਹੀ, ਸਦਾਚਾਰਕ, ਸਮਾਜਕ ਅਤੇ ਆਤਮਕ ਸਿੱਖਿਆ ਦਾ ਪਰਾਪਤ ਕੀਤੇ ਜਾਣਾ ਵੀ ਬਹੁਤ ਜ਼ਰੂਰੀ ਹੈ। ਸ਼ੁਭ-ਗੁਣਾਂ ਦੇ ਨਾਲ ਨਾਲ ਹੀ ਸੰਗੀਆਂ-ਸਾਥੀਆਂ ਨਾਲ ਬੋਲ-ਵਰਤੋਂ, ਲੋਕ ਵਿਹਾਰ ਅਤੇ ਸਭ ਤੋਂ ਵੱਧ ਕੇ ਸਵੈ-ਜ਼ਾਬਤੇ ਦੀ ਵੀ ਬੇਹੱਦ ਲੋੜ ਹੁੰਦੀ ਹੈ।

ਮਨੁੱਖ ਦਾ ਸਾਰਾ ਜੀਵਨ ਹੀ ਵਿੱਦਿਆਰਥੀ ਦਾ ਜੀਵਨ ਹੁੰਦਾ ਹੈ। ਗਿਆਨ ਦੀ ਪਰਾਪਤੀ ਮਨੁੱਖ ਲਈ ਜਰੂਰੀ ਹੈ ਅਤੇ ਗਿਆਨ ਦੀ ਪਰਾਪਤੀ ਮਗਰੋਂ ਇਸ ਗਿਆਨ ਦੀ ਸੁ-ਵਰਤੋਂ ਉਸ ਤੋਂ ਵੀ ਵੱਧ ਮਹੱਤਤਾ ਰਖਦੀ ਹੈ।

ਗਿਆਨ ਦੀ ਸੁ-ਵਰਤੋਂ ਦਾ ਇੱਕ ਚੰਗਾ ਕਰਮ ਇਹ ਵੀ ਹੈ ਕਿ ਮਨੁੱਖ ਕਦੇ ਵੀ ਕਿਸੇ ਦਾ ਦਿੱਲ ਨਾ ਤੋੜੇ। ਬੰਦੇ ਨੂੰ ਕਦੇ ਵੀ ਦਿੱਲਾਂ ਨੂੰ ਤੋੜਨ ਦਾ ਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਕਦੇ ਧਾਗਾ ਟੁੱਟ ਜਾਵੇ ਤਾਂ ਗੰਢ ਪੈਣ ਦੇ ਬਾਵਜ਼ੂਦ ਧਾਗਾ ਕੰਮ ਦੇ ਜਾਂਦਾ ਹੈ ਪਰ ਦਿਲ? ਜੇਕਰ ਦਿਲ ਇੱਕ ਵਾਰ ਟੁੱਟ ਜਾਵੇ ਤਾਂ ਕਦੇ ਵੀ ਜੁੜਦਾ ਨਹੀਂ। ਦਿਲ ਵਿੱਚ ਪਈ ਗੰਢ ਸਹਿਜੇ ਨਹੀਂ ਖੁਲ੍ਹਦੀ। ਗੰਢੀਂ ਪਿਆ ਦਿਲ ਬੇਜਿੰਦ ਜਿਹਾ ਹੋ ਜਾਂਦਾ ਹੈ। ਦਿਲ ਅਤੇ ਕੱਚ ਵਿਚ ਬਹੁਤਾ ਅੰਤਰ ਨਹੀਂ। ਕੱਚ ਦਾ ਭਾਂਡਾ ਟੁੱਟ ਜਾਵੇ ਤਾਂ ਕਿੰਚਰਾਂ ਕਿੰਚਰਾਂ ਹੋ ਜਾਂਦਾ ਹੈ। ਟੁਕੜੇ ਇਕੱਠੇ ਕਰਕੇ, ਲੱਖ ਕੋਸਿ਼ਸ਼ ਕਰਕੇ, ਸੁਪਰ-ਗਲੂ ਨਾਲ ਵੀ ਭਾਵੇਂ ਜੋੜਨ ਦੇ ਉਪਰਾਲੇ ਕੀਤੇ ਜਾਣ, ਜੁੜਨੇ ਅਸੰਭਵ ਹਨ। ਪਰ ਜੇਕਰ ਕਿਤੇ ਜੁੜ ਹੀ ਜਾਣ ਤਾਂ ਵੀ ਉਸ ਵਿਚ ਸੈਂਕੜੇ ਤ੍ਰੇੜਾਂ ਦਿਸਣਗੀਆਂ। ਸ਼ੀਸ਼ੇ ਵਿਚ ਵੱਲ ਪੈ ਜਾਵੇਗਾ। ਤਾਂ ਫਿਰ ਦਿਲ ਤੋੜੇ ਹੀ ਕਿਉਂ ਜਾਣ? ਪਰ ਦਿਲ ਤਾਂ ਟੁੱਟਦੇ ਹੀ ਰਹਿਣਗੇ, ਦਿਲ ਤੋੜਨ ਵਾਲਿਆਂ ਦੀ ਘਾਟ ਕਿੱਥੇ ਹੈ?

ਕਈ ਵਰ੍ਹੇ ਪਹਿਲਾਂ ‘ਮਹਾਂਭਾਰਤ’ ਨਾਂ ਦਾ ਇੱਕ ਸੀਰੀਅਲ ਦੇਖਣ ਦਾ ਮੌਕਾ ਮਿਲਿਆ। ਸ਼ਾਇਦ ਹੋਰ ਕਈਆਂ ਨੇ ਵੀ ਵੇਖਿਆ ਹੋਵੇਗਾ। ਅਜਿਹੇ ਸੀਰੀਅਲ ਵੇਖਣਾ ਅਕਸਰ ਕਈ ਸਮੇਂ ਦੀ ਬਰਬਾਦੀ ਵੀ ਆਖ ਸਕਦੇ ਹਨ। ਪਰ ਮਿਥਿਹਾਸ ਹੁੰਦਿਆਂ ਹੋਇਆਂ ਵੀ, ਇਹ ਸੀਰੀਅਲ ਗਿਆਨ ਗੰਗਾ ਤੋਂ ਘੱਟ ਨਹੀਂ ਸੀ। ਅਸੀਂ ਕਹਾਣੀ ਦੀ ਚਰਚਾ ਨਾ ਕਰਦੇ ਹੋਏ ਕੇਵਲ ‘ਪਿਤਾ ਅਤੇ ਪੁੱਤਰ’ ਵਿਚਕਾਰ ਹੁੰਦੀ ਇੱਕ ਵਾਰਤਾ ਦਾ ਜ਼ਿਕਰ ਕਰਨਾ ਚਾਹਾਂਗੇ ਜਿਸ ਤੋਂ ਵਿੱਦਿਆ ਅਤੇ ਵਿਦਿਆਰਥੀ ਸਬੰਧੀ ਵਿਚਾਰ ਅੱਗੇ ਤੋਰਨ ਵਿਚ ਸਹਾਇਤਾ ਮਿਲਦੀ ਹੈ। ਪੁਤਰ ਪਿਤਾ ਨੂੰ ਆਖਦਾ ਹੈ:

‘ਵਿਦਿਆਰਥੀ ਤਾਂ ਸਦਾ ਹੀ ਵਿੱਦਿਆਰਥੀ ਹੀ ਰਹਿੰਦਾ ਹੈ। ਵਿੱਦਿਆ ਧਨੀ ਤਾਂ ਕੇਵਲ ਭਗਵਾਨ ਹੈ। ਵਿੱਦਿਆਰਥੀ ਤਾਂ ਕੇਵਲ ਵਿੱਦਿਆ ਦਾ ਪ੍ਰਸ਼ਾਦਿ ਹੀ ਪਾਉਂਦਾ ਹੈ।’

‘ਅਤੇ ਵਿਦਿਆ ਦਾ ਪ੍ਰਸ਼ਾਦਿ ਕੀ ਹੈ?’

‘ਵਿਦਿੱਆ ਦਾ ਪ੍ਰਸ਼ਾਦਿ ਹੈ: ਬਿਨੈ, ਬਿਨੈ ਨਾਲ ਪਾਤਰਤਾ ਅਰਥਾਤ ਯੋਗਤਾ ਮਿਲਦੀ ਹੈ। ਪਾਤਰਤਾ ਨਾਲ ਧਨ ਮਿਲਦਾ ਹੈ। ਧਨ ਨਾਲ ਧਰਮ ਦੇ ਕਾਰਜ ਹੁੰਦੇ ਹਨ ਅਤੇ ਧਰਮ ਕਾਰਜਾਂ ਨਾਲ ਸੁੱਖ ਦੀ ਪਰਾਪਤੀ ਹੁੰਦੀ ਹੈ। ਪਿਤਾ ਦੀ ਛੱਤਰ ਛਾਇਆ ਹੇਠ ਸੁੱਖ ਹੀ ਸੁੱਖ ਹੈ।’

‘ਬ੍ਰਹਮ ਰਿਸ਼ੀ ਵਸਿ਼ਸ਼ਟ ਪਾਸੋਂ ਕੀ ਸਿੱਖਿਆ?’

‘ਉਹਨਾਂ ਸਿੱਖਿਆ ਦਿੱਤੀ ਕਿ ਹੰਸ ਦੋ ਖੰਭਾਂ ਦੇ ਸਹਾਰੇ ਹੀ ਉੱਡ ਸਕਦਾ ਹੈ। ਇੱਕ ਖੰਭ ਹੈ ਗਿਆਨ ਅਤੇ ਦੂਜਾ ਖੰਭ ਹੈ ਕਰਮ। ਜੇਕਰ ਉਸ ਪਾਸ ਕੇਵਲ ਇੱਕ ਖੰਭ ਹੀ ਹੋਵੇ ਤਾਂ ਉਹ ਇੱਕਲਾ ਖੰਭ ਬੇ-ਅਰਥ ਹੈ।’

ਕਿਆ ਬਾਤ ਹੈ! ਇਕੱਲਾ ਗਿਆਨ ਕਿਸੇ ਕੰਮ ਦਾ ਨਹੀਂ। ਅਤੇ ਗਿਆਨ ਵਿਹੂਣਾ ਕਰਮ (ਕੀਤਾ ਕੰਮ) ਕਿਸੇ ਚੰਗੇ ਨਤੀਜੇ ‘ਤੇ ਨਹੀਂ ਪੁੱਜਦਾ।

‘ਬ੍ਰਹਿਸਪਤੀ ਮਹਾਰਾਜ ਨੇ ਕੀ ਸਿੱਖਿਆ ਦਿੱਤੀ?’

‘ਜੇਕਰ ਕਿਸੇ ਕਾਰਜ ਦਾ ਆਰੰਭ ਕਰੋ ਤਾਂ ਉਸਦਾ ਅੰਤ ਕਰਕੇ ਹੀ ਆਰਾਮ ਕਰੋ। ਨਹੀਂ ਤਾਂ ਕਾਰਜ ਹੀ ਤੁਹਾਡਾ ਅੰਤ ਕਰ ਦੇਵੇਗਾ।’

ਮੇਰਾ ਲਿਖਣਾ ਰੁੱਕਦਾ ਹੈ। ਅਨਭੋਲ ਹੀ ਮੇਰੀ ਨਜ਼ਰ ਖੱਬੇ ਪਾਸੇ ਦੀਆਂ ‘ਸ਼ੈਲਫਾਂ’ ਉੱਪਰ ਪਈਆਂ ਸੈਂਕੜੇ ਅੱਧ-ਅਧੂਰੀਆਂ ਲਿਖਤਾਂ ਅਤੇ ਖਾਕਿਆਂ ‘ਤੇ ਜਾ ਪੈਂਦੀ ਹੈ। ਲੇਖਕ ਦੇ ਅਧੂਰੇ ਕੰਮ ਇਸ ਸੱਚ ਦੇ ਗਵਾਹ ਹਨ ਕਿ ਆਰੰਭੇ ਕੰਮ ਨੇਪਰੇ ਨਾ ਚਾੜ੍ਹਨ ਦੇ ਕੀ ਨਤੀਜੇ ਨਿਕਲਦੇ ਹਨ। ‘ਔਰੋਂ ਕੋ ਨਸੀਹਤ ਊਰ ਖੁੱਦ ਮੀਆਂ ਫਸੀਹਤ।‘

‘ਸਦਾਚਾਰਕ ਸਿੱਖਿਆ ਕੀ ਆਖਦੀ ਹੈ?’

‘ਸਦਾਚਾਰਕ ਨੀਤੀ ਇਹ ਕਹਿੰਦੀ ਹੈ ਕਿ ਇਹ ਤਾਂ ਕਾਰਜ ਦਾ ਨਤੀਜਾ ਹੀ ਦੱਸ ਸਕਦਾ ਹੈ ਕਿ ਕਾਰਜ ਦਾ ਆਰੰਭ ਸ਼ੁਭ ਸੀ ਜਾਂ ਅਸ਼ੁੱਭ।’

‘ਰਿਸ਼ੀ ਪਰਸ਼ੂ ਰਾਮ ਨੇ ਕੀ ਸਿਖਾਇਆ?’

‘ਉਹਨਾਂ ਦੱਸਿਆ ਕਿ ਪਿਤਾ ਦਾ ਹੁਕਮ ਪਾਲਣਾ ਹੀ ਸਭ ਤੋਂ ਉੱਤਮ ਹੈ। ਪਿਤਾ ਦੇ ਹੁਕਮ ਦੀ ਪਾਲਣਾ ਵਿਚ ਹੀ ਆਨੰਦ ਦੀ ਪੌੜੀ ਹੈ।’

‘ਮਾਂ ਬਾਰੇ ਉਹਨਾਂ ਕੀ ਆਖਿਆ?’

‘ਸੰਤ-ਮਹਾਤਮਾ (ਰਿਸ਼ੀ) ਦਾ ਅਧਿਕਾਰ ਅਧਿਆਪਕ ਨਾਲੋਂ ਦਸ ਗੁਣਾਂ ਵੱਧ ਹੈ। ਪਿਤਾ ਦਾ ਅਧਿਕਾਰ ਇੱਕ ਸੰਤ ਨਾਲੋਂ ਸੌ ਗੁਣਾਂ ਵੱਧ ਹੈ ਪਰ ਇੱਕ ਮਾਤਾ ਦਾ ਅਧਿਕਾਰ ਪਿਤਾ ਨਾਲੋਂ ਹਜ਼ਾਰ ਗੁਣਾਂ ਵੱਧ ਹੈ।’

‘ਅਜਿਹਾ ਕਿਉਂ?’

‘ਅਜਿਹਾ ਇਸ ਲਈ ਕਿ ਪੁੱਤਰ, ਕਪੁੱਤਰ ਭਾਵੇਂ ਹੀ ਹੁੰਦੇ ਹੋਣ ਪਰ ਮਾਤਾ, ਕੁਮਾਤਾ ਕਦੇ ਵੀ ਨਹੀਂ ਹੁੰਦੀ।’

‘ਹਾਂ, ਇਹ ਸੱਚ ਹੈ ਕਿਉਂਕਿ ਮਾਂ ਤਾਂ ਪ੍ਰਿਥਵੀ (ਧਰਤੀ) ਹੀ ਹੁੰਦੀ ਹੈ ਅਤੇ ਪ੍ਰਿਥਵੀ ਆਪਣੇ ਅੰਕੁਰ ਦੇ ਨਾਲ ਕਦੇ ਵੀ ਬੇ-ਇਨਸਾਫ਼ੀ ਨਹੀਂ ਕਰਦੀ। ਜੇਕਰ ਦੁਨੀਆਂ ਵਿਚ ਮਾਂ ਨਾ ਹੁੰਦੀ ਤਾਂ ਈਸ਼ਵਰ ਤੋਂ ਬਿਨਾਂ ਇਸ ਬ੍ਰਹਿਮੰਡ ਵਿਚ ਕੁਝ ਵੀ ਨਾ ਹੁੰਦਾ।’

ਵਿਦਿਆਰਥੀ ਦਾ ਜੀਵਨ ਜਿਉਂਦਿਆਂ, ਸਦਾ ਹੀ ਆਪਣੀਆਂ ਖੂੰਢੀਆਂ ਆਰੀਆਂ ਤਿੱਖੀਆਂ ਕਰਨੀਆਂ ਨਾ ਭੁਲਣਾ। ਸ਼ੁਭ-ਸਵੈ ਲਈ ਕਸਰਤ ਜ਼ਰੂਰੀ ਹੈ।

Read 248 times
ਡਾ. ਗੁਰਦਿਆਲ ਸਿੰਘ ਰਾਏ

‘ਲਿਖਾਰੀ.ਨੈੱਟ’
likhari2001@gmail.com
+44 7814567077

    ਪ੍ਰਮੁੱਖ ਰਚਨਾਵਾਂ:
  • ਅੱਗ (ਕਾਵਿ ਸੰਗ੍ਰਹਿ)
  • ਮੋਏ ਪੱਤਰ (ਕਹਾਣੀ ਸੰਗ੍ਰਹਿ)
  • ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਹਿ)
  • ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
  • ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
  • ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
  • ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
  • ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
  • ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’—ਸੰਪਾਦਕ: ਹਰਮੀਤ ਸਿੰਘ ਅਟਵਾਲ