You are here:ਮੁਖ ਪੰਨਾ»ਰਚਨਾ ਅਧਿਐਨ»ਕੇਵਲ ਸੰਕਲਪ ਕਰਨਾ ਹੀ ਕਾਫ਼ੀ ਨਹੀ

ਲੇਖ਼ਕ

Friday, 05 December 2025 11:54

ਕੇਵਲ ਸੰਕਲਪ ਕਰਨਾ ਹੀ ਕਾਫ਼ੀ ਨਹੀ

Written by
Rate this item
(0 votes)

ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਜਾਂ ਸੰਕਲਪ ਕਰਨਾ ਇੱਕ ਗੱਲ ਹੈ ਪਰ ਕੀਤੇ ਹੋਏ ਸੰਕਲਪ ਸਬੰਧੀ ਜਾਗਰੂਕ ਹੋ ਕੇ ਪਹਿਰਾ ਦੇਣਾ ਅਤੇ ਉਸਨੂੰ ਪੂਰਾ ਕਰਨ ਦਾ ਸਿਰ ਤੋੜ ਯਤਨ ਕਰਨਾ ਦੂਜੀ ਗੱਲ। ਸਾਨੂੰ ਸਾਡੇ ਆਲੇ ਦੁਆਲੇ ਵਿੱਚ ਅਜਿਹੇ ਮਨੁੱਖ ਵੇਖਣ ਨੂੰ ਹਰ ਵੇਲੇ ਮਿੱਲ ਸਕਦੇ ਹਨ ਜਿਹਨਾਂ ਨੇ ਕੁਝ ਕਰਨ ਦਾ ਦ੍ਰਿੜ ਮਨ ਬਣਾਇਆ ਅਤੇ ਫਿਰ ਉਹਨਾਂ ਆਪਣੀ ਲਗਨ, ਹੱਠ ਧਰਮੀ ਅਤੇ ਈਮਾਨਦਾਰੀ ਸਦਕਾ ਆਪਣੇ ਇਰਾਦੇ ਦੀ ਪੂਰਤੀ ਵਿੱਚ ਸਫ਼ਲਤਾ ਪਰਾਪਤ ਕੀਤੀ। ਨਿਸਚੈ ਹੀ ਇਸਦੇ ਉਲਟ ਅਜਿਹੇ ਨਜ਼ਾਰੇ ਵੀ ਵੇਖਣ ਨੂੰ ਮਿਲ ਜਾਂਦੇ ਹਨ ਜਦੋਂ ਕਿਸੇ ਨੇ ‘ਸ਼ੇਖ ਚਿੱਲੀਆਂ’ ਵਾਂਗ ਦਿਨੇ ਸੁਪਨੇ ਵੇਖੇ, ਹਵਾ ਵਿੱਚ ਮਹਿਲ ਖੜੇ ਕੀਤੇ, ਕਦਮ ਦੋ ਕਦਮ ਆਪਣੇ ਮਿੱਥੇ ਹੋਏ ਟੀਚੇ ਵਲਾਂ ਤੁਰੇ ਅਤੇ ਫਿਰ ਨਵੀਂ ਸੋਚ ਦੇ ਘੋੜੇ ਦੁੜਾਉਣ ਵਿੱਚ ਰੁੱਝ੍ਹ ਗਏ। ਇਸ ਲਈ ਹੀ ਸੰਕਲਪ ਅਤੇ ਸੰਕਲਪ ਉਤੇ ਪਹਿਰਾ ਦੇਣ ਦੀ ਗੱਲ ਬੜੀ ਮਹੱਤਤਾ ਵਾਲੀ ਹੈ। ਪਰ---ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਕੁਝ ‘ਸ਼ਬਦਾਂ’ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ।

ਅੰਗਰੇਜ਼ੀ ਸ਼ਬਦ ‘ਰੇਜ਼ੂਲੇਸ਼ਨਸ’ ਕੀ ਪੱਛਮੀ ਅਤੇ ਕੀ ਪੂਰਬੀ ਸਮਾਜ ਵਿੱਚ ਥੋੜਾ ਬਹੁਤ ਜਾਣਿਆ ਪਹਿਚਾਣਿਆ ਸ਼ਬਦ ਹੈ। ਜੀਵਨ ਦੇ ਖਾਸ ਮੌਕਿਆਂ ਤੇ, ਨਵੇਂ ਵਰ੍ਹੇ ਦੇ ਆਗਮਨ ਤੇ ਜਾਂ ਹਰ ਨਵੇਂ ਦਿਨ ਦਾ ਆਰੰਭ ਕਰਨ ਲਈ ਲੋਕੀਂ ਅਕਸਰ ‘ਕਿਸੇ ਨਾ ਕਿਸੇ ਰੈਜ਼ੂਲੇਸ਼ਨਸ’ ਦਾ ਸਹਾਰਾ ਲੈਂਦੇ ਹਨ। ਸ਼ਬਦ ਕੋਸ਼ ਅਨੁਸਾਰ, ਰੈਜ਼ੂਲੇਸ਼ਨਸ ਦੇ ਪੰਜਾਬੀ ਵਿੱਚ ਕਈ ਅਰਥ ਜਿਵੇਂ ਕਿ ਰੂਪਾਂਤਰ, ਦੂਜੇ ਰੂਪ ਵਿੱਚ ਪਰਿਵਰਤਨ, ਸਵਾਲ ਦਾ ਹੱਲ, ਸਮੱਸਿਆ ਦਾ ਨਿਰਾਕਰਨ, ਮਤਾ, ਪ੍ਰਸਤਾਵ, ਸੰਕਲਪ, ਦ੍ਰਿੜ ਸੰਕਲਪ, ਨਿਸ਼ਚੈ, ਸਥਿਰਚਿੱਤ, ਇਰਾਦੇ ਦੀ ਤਕੜਾਈ ਆਦਿ ਦਿੱਤੇ ਗਏ ਹਨ।

ਨਿੱਜੀ ਤੌਰ ਤੇ ਜਾਂ ਸੰਮੂਹਕ ਤੌਰ ਤੇ ‘ਮਤੇ’ ਜਾਂ ‘ਪ੍ਰਸਤਾਵ’ ਵੀ ਕੋਈ ਨਵੇਂ ਸ਼ਬਦ ਨਹੀਂ। ਸਰਕਾਰੀ ਤੌਰ ਤੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ, ਸਰਕਾਰੀ ਜਾਂ ਨੀਮ-ਸਰਕਾਰੀ ਸੰਸਥਾਵਾਂ ਵਿੱਚ, ਧਾਰਮਕ, ਸਮਾਜਕ ਜਾਂ ਸਭਿਆਚਾਰਕ ਤੌਰ ਤੇ ਵੀ ਮਤਿਆਂ ਜਾਂ ਪ੍ਰਸਤਾਵਾਂ ਦਾ ਪਾਸ ਕਰਨਾ ਸੁਣਨ ਵਿਚ ਆਉਂਦਾ ਹੀ ਰਹਿੰਦਾ ਹੈ। ਪਰ ਹਾਲ ਦੀ ਘੜੀ ਸੰਮੂਹਕ ਮਤਿਆਂ ਜਾਂ ਪ੍ਰਸਤਾਵਾਂ ਦੀ ਪੂਰਤੀ ਜਾਂ ਅਪੂਰਤੀ ਦੀ ਗੱਲ ਨਹੀਂ ਕੀਤੀ ਜਾ ਰਹੀ। ਗੱਲ ਉਹਨਾਂ ਮਤਿਆਂ ਤੱਕ ਸੀਮਤ ਹੈ ਜਿਹਨਾਂ ਦਾ ਸਬੰਧ ਵਿਅਕਤੀਗਤ ਤੌਰ ਤੇ ਕਿਸੇ ਵੀ ਨਿੱਜ ਨਾਲ ਹੋ ਸਕਦਾ ਹੈ। ਕੀਤੇ ਗਏ ਸੰਕਲਪਾਂ ਨੂੰ ਨੇਪਰੇ ਚਾੜ੍ਹਨ ਲਈ ਇਰਾਦੇ ਦੀ ਤਕੜਾਈ ਬੇਹੱਦ ਜ਼ਰੂਰੀ ਹੈ।

ਉਦਾਹਰਣ ਲਈ, ਸਾਡੇ ਨਿੱਜੀ ਜੀਵਨ ਵਿੱਚ, ਸਾਡੇ ਸੁਭਾ ਜਾਂ ਆਦਤਾਂ ਕਾਰਨ ਕਈ ਕਿਸਮ ਦੀਆਂ ਕਮਜ਼ੋਰੀਆਂ ਹੋ ਸਕਦੀਆਂ ਹਨ। ਹੋ ਸਕਦਾ ਹੈ ਸਾਨੂੰ ਬਿਨਾਂ ਕਾਰਨ ਹੀ ਕ੍ਰੋਧ ਬਹੁਤ ਆਉਂਦਾ ਹੋਵੇ। ਚਿੰਤਾਂ ਸਾਨੂੰ ਘੁੱਣ ਵਾਂਗੂ ਖਾਂਦੀ ਜਾ ਰਹੀ ਹੋਵੇ। ਸਾਡਾ ਭਾਰ ਬਹੁਤ ਵੱਧ ਗਿਆ ਹੋਵੇ। ਸਾਨੂੰ ਸ਼ਰਾਬ ਪੀਣ, ਡਰੱਗ ਖਾਣ ਜਾਂ ਸਿਗਰਟਾਂ ਫੂਕਣ ਦੀ ਆਦਤ ਪੈ ਚੁੱਕੀ ਹੋਵੇ। ਅਸੀਂ ਆਪਣਾ ਸਮਾਂ ਵਾਧੂ ਦਿਆਂ ਕੰਮਾਂ ਵਿੱਚ ਬਰਬਾਦ ਕਰਦੇ ਹੋਈਏ। ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਨੂੰ ਰਾਤ-ਦਿਨ ਠੋਕਰਾਂ ਮਾਰਨ ਦੇ ਆਦੀ ਹੋਈਏ। ਅਤੇ ਫਿਰ ਅਚਾਨਕ ਸਾਨੂੰ ਕਿਸੇ ਦੇ ਕਹਿਣ, ਦੱਸਣ ਜਾਂ ਕੋਈ ਪਰੋਗਰਾਮ ਵੇਖ ਕੇ ਇਹਨਾਂ ਆਦਤਾਂ ਵਿੱਚ ਸੁਧਾਰ ਕਰਨ ਦੀ ਲੋੜ ਸਬੰਧੀ ਥੋੜੀ ਬਹੁਤ ਸੋਝ੍ਹੀ ਹੋ ਜਾਵੇ। ਬੰਦਾ ਆਪਣੇ ਜੀਵਨ ਵਿੱਚ ਕਿਸੇ ਪਰਕਾਰ ਦਾ ਸੁਧਾਰ, ਰੂਪਾਂਤਰ ਜਾਂ ਪਰਿਵਰਤਨ ਲੋੜਦਾ ਹੋਵੇ ਤਾਂ ਫਿਰ ਕੀ ਕੀਤਾ ਜਾਵੇ? ਹੱਥਲੀ ਲਿਖਤ ਇਸੇ ਰੂਪਾਂਤਰ ਦੀ ਕਾਰਜ ਵਿਧੀ ਵੱਲ ਇਸ਼ਾਰਾਂ ਕਰਦੀ ਹੈ। ਅਜਿਹੇ ਮੌਕਿਆਂ ਤੇ ਹੀ ਨਿੱਜੀ ‘ਰੇਜ਼ੂਲੇਸ਼ਨਸ’ ਭਾਵ ਮੱਤਿਆਂ ਜਾਂ ਸੰਕਲਪਾਂ ਦਾ ਸਹਾਰਾ ਲਿਆ ਜਾਂਦਾ ਹੈ।

ਇੱਕ ਗੱਲ ਸਮਝ ਆ ਸਕਣ ਵਾਲੀ ਹੈ ਕਿ ਸੰਸਾਰ ਦੇ ਹਰ ਬੰਦੇ ਪਾਸ ਨਾ ਚਾਹੁੰਦਿਆਂ ਹੋਇਆਂ ਵੀ ਇੱਕੋ ਜਿਹਾ ਹੀ ਸਮਾਂ ਉਪਲੱਭਦ ਹੁੰਦਾ ਹੈ। ਦਿਨ ਰਾਤ ਵਿੱਚ ਚੌਵੀ ਘੰਟੇ ਹੀ ਹੁੰਦੇ ਹਨ। ਗੱਲ, ਸਮੇਂ ਦੀ ਸਹੀ ਅਤੇ ਸੁਚੱਜੀ ਵਰਤੋਂ ਕਰਨ ਦੀ ਹੈ। ਹਾਂ ਸੁਚੱਜੀ ਵਰਤੋਂ ਕਰਨ ਦੀ ਪਰਿਭਾਸ਼ਾ ਸਭ ਲਈ ਆਪਣੀ ਨਿੱਜੀ ਅਤੇ ਵੱਖਰੀ ਵੱਖਰੀ ਹੋ ਸਕਦੀ ਹੈ। ਪਰ ਜੇਕਰ ਸਮੇਂ ਦੀ ਸੁਚੱਜੀ ਵਰਤੋਂ ਕਰਨ ਦੀ ਵਿੱਧੀ ਅਪਨਾਈ ਜਾਵੇ ਤਾਂ ਹਰ ਕੰਮ ਕਰਨ ਵਿੱਚ ਸੌਖ ਹੋ ਸਕਦੀ ਹੈ।

ਆਪਣੇ ਕਿਸੇ ਵੀ ਮਤੇ ਦੀ ਪੂਰਤੀ ਲਈ, ਬੰਦਾ ਘੱਟੋ-ਘੱਟ, ਆਪਣੇ ਲਈ ਰੋਜ ਦੇ ਵੀਹ ਮਿੰਨਟ ਤਾਂ ਸਾਇਦ ਹਰ ਕੋਈ ਖਰਚ ਕਰ ਹੀ ਸਕਦਾ ਹੈ। ਇਸ ਲਈ ਆਪਣੀ ਕਿਸੇ ਵੀ ਆਦਤ/ਸੁਭਾ ਦੇ ਰੂਪਾਂਤਰ ਲਈ ਪਹਿਲਾ ਗੁੱਰ ਹੈ ਆਪਣੇ ਲਈ ਵੀਹ ਮਿੰਨਟ ਰਾਖਵੇਂ ਰੱਖਣੇ।

ਮਾਈਕ ਮੋਗੈਨੋ (Mike Mogano) ਆਪਣੀ ਪੁਸਤਕ: Improving your Life Style ਵਿੱਚ ਇੱਕ ਬਹੁਤ ਹੀ ਪਤੇ ਦੀ ਗੱਲ ਕਹਿੰਦੀ ਹੈ: ‘Do not feel guilty. Consider how much time you devote to other people — you deserve a little selfish devotion.’

ਆਪਣੇ ਵਿੱਚ ਤਬਦੀਲੀ ਲਿਆਉਣ ਲਈ ਵੀਹ ਮਿੰਨਟ ਰੋਜ਼ ਦੇ ਕੇਵਲ ਆਪਣੇ ਲਈ ਹੀ ਖਰਚ ਕਰਨ ਨਾਲ ਭਲਾ ਕਿਹੜਾ ਲੋਹੜਾ ਆ ਜਾਵੇਗਾ?

ਪੰਜ ਮਹੀਨਿਆਂ ਦੀ ਬੱਚੀ ਦੀ ਮਾਂ ਬਲਬੀਰ ਕੌਰ ਨੇ ਇੱਕ ਗੱਲਬਾਤ ਸਮੇਂ ਦੱਸਿਆ: ‘ਸਵੇਰ ਉੱਠਦੇ ਸਾਰ ਹੀ ਮੈਂ ਬਹੁਤ ਰੁੱਝ੍ਹ ਜਾਂਦੀ ਹਾਂ। ਰਾਤੀਂ ਦੇਰ ਨਾਲ ਸੌਣ ਅਤੇ ਛੋਟੀ ਬੱਚੀ ਕਾਰਨ ਮੈਂਨੂੰ ਬਹੁਤ ਬੇ-ਅਰਾਮੀ ਹੁੰਦੀ ਹੈ। ਫਿਰ ਸਵੇਰੇ ਉੱਠ ਕੇ ਸਵੇਰ ਦਾ ਨਾਸ਼ਤਾ ਤਿਆਰ ਕਰਨਾ, ਪਤੀ ਨੂੰ ਕੰਮ ਤੇ ਤੋਰਨਾ, ਕਪੜੇ-ਲੱਤੇ ਬਦਲਨਾ, ਬੱਚੀ ਨੂੰ ਨਹਿਲਾਉਣਾ ਅਤੇ ਫਿਰ ਬੱਚੀ ਦਾ ਦੁੱਧ ਬਣਾ ਕੇ ਉਸਨੂੰ ਚੁੰਗਾਉਣਾ ਆਦਿ। ਦੁੱਧ ਪੀਂਦਿਆਂ ਹੀ ਬੱਚੀ ਫਿਰ ਸੌਂ ਜਾਂਦੀ ਹੈ। ਉਹ ਘੱਟੋ-ਘੱਟ ਡੇਢ-ਦੋ ਘੰਟੇ ਸਵੇਰੇ ਜ਼ਰੂਰ ਹੀ ਸੌਂਦੀ ਹੈ। ਮੈਂ ਬੱਚੀ ਦੀ ਇਸ ਆਦਤ ਦਾ ਲਾਭ ਲੈਂਦੀ ਹਾਂ। ਮੇਰੇ ਲਈ ਇਹ ਸਮਾਂ ਬੜਾ ਹੀ ਕੀਮਤੀ ਬਣ ਗਿਆ ਹੈ। ਮੈਂ ਆਪਣੀ ਸਾਰੀ ਚਿੰਤਾ, ਥਕਾਵਟ ਅਤੇ ਬੋਝ੍ਹ ਨੂੰ ਹਲਕਾ ਕਰਨ ਲਈ ਗਰਮ ਪਾਣੀ ਨਾਲ ਬਾਥ ਦਾ ਟੱਬ ਭਰਦੀ ਹਾਂ ਅਤੇ ਇਸ ਵਿੱਚ ਲੰਮੀ ਪੈ ਜਾਂਦੀ ਹਾਂ। ਗਰਮ ਪਾਣੀ ਦੀ ਟਕੋਰ ਨਾਲ ਮੇਰੇ ਸਰੀਰ ਦਾ ਰੋਮ ਰੋਮ ਤਰੋ-ਤਾਜ਼ਾ ਹੋ ਜਾਂਦਾ ਹੈ। ਮੈਂਨੂੰ ਮਸਾਂ ਹੀ ਇੰਝ ਗਰਮ ਪਾਣੀ ਵਿੱਚ ਪੈਣ ਲਈ ਵੀਹ ਕੁ ਮਿੰਨਟ ਹੀ ਲਗਦੇ ਹਨ। ਅਤੇ ਨਤੀਜੇ ਵਜੋਂ ਮੈਂ ਹੁਣ ਆਪਣੇ ਚਿੜਚਿੜੇ ਸੁਭਾ ਦੀ ਥਾਂ ਸਾਰਾ ਦਿਨ ਹੀ ਖੁਸ਼ ਖੁਸ਼ ਰਹਿੰਦੀ ਹਾਂ। ਇਹ ਮੇਰਾ ਆਪਣਾ, ਨਿਰੋਲ ਆਪਣੇ ਢੰਗ ਦੇ ਮਨੋਰੰਜਨ ਲਈ ਕੀਤੀ ਜਾਣ ਵਾਲੀ ਸਾਧਨਾ ਦਾ ਸਮਾਂ ਹੈ।’ ਹੋ ਸਕਦਾ ਹੈ ਕੋਈ ਹੋਰ ਵੀ ਇਸ ਢੰਗ ਤੋਂ ਲਾਭ ਲੈ ਸਕਦਾ ਹੋਵੇ।

ਕੁਝ ਪੜ੍ਹੇ-ਲਿਖੇ ਉਦਮੀਆਂ ਲਈ ਨਿੱਜੀ ਡਾਇਰੀ ਜਾਂ ਜੌਰਨਲ ਲਿਖਣਾ ਆਪਣੀਆਂ ਕਮਜ਼ੋਰੀਆਂ ਨੂੰ ਜਾਨਣ ਅਤੇ ਉਹਨਾਂ ਵਿੱਚ ਸੁਧਾਰ ਲਿਆਉਣ ਦਾ ਇਕ ਬਹੁਤ ਹੀ ਵਧੀਆਂ ਤੇ ਸਸਤਾ ਢੰਗ ਹੈ। ਇਸ ਕਾਰਜ ਲਈ ਵੀ ਮਸਾਂ ਦਸ-ਵੀਹ ਮਿੰਨਟ ਤੋਂ ਵੱਧ ਰੋਜ਼ਾਨਾ ਖਰਚ ਕਰਨ ਦੀ ਲੋੜ ਨਹੀਂ ਪੈਂਦੀ। ਦਿਮਾਗ ਵਿੱਚ ਵਿਚਾਰਾਂ ਦੀ ਉਥਲ-ਪੁਥਲ ਕਿਸ ਪਾਸ ਨਹੀਂ? ਸਭ ਪਾਸ ਅਹਿਸਾਸ ਹਨ। ਜੇਕਰ ਕਿਸੇ ਨੂੰ ਅੱਜ ਦਾ ਦਿਨ ਭੱਲਾ ਲੱਗਾ ਅਤੇ ਉਸਦਾ ਸਾਰਾ ਦਿਨ ਚੰਗੇ ਕਾਰਜਾਂ ਵਿੱਚ ਗੁਜ਼ਰਿਆ ਤਾਂ ਉਹ ਆਪਣੀ ਸਫ਼ਲਤਾ ਦੇ ਕਾਰਨਾਂ ਦੀ ਘੋਖ-ਪੜਤਾਲ ਕਰਦਿਆਂ ਲਿਖ ਸਕਦਾ ਹੈ। ਪਰ ਜੇਕਰ ਦਿਨ, ਆਪਣੀ ਉਸਦੀ ਕਿਸੇ ਵੀ ਆਦਤ ਜਾਂ ਕਮਜ਼ੋਰੀ ਕਾਰਨ, ਭੈੜਾ ਰਿਹਾ ਅਤੇ ਸਾਰਾ ਦਿਨ ਖਰਾਬ ਗਿਆ ਤਾਂ ਵੀ ਉਹ ਆਪਣੇ ਵਿਉਹਾਰ ਦੀ ਪੁਣ-ਛਾਣ ਕਰਕੇ ਸੁਧਾਰਨ ਸਬੰਧੀ ਆਪਣੀ ਸੋਚ ਨੂੰ ਕਲਮ-ਬੱਧ ਕਰਕੇ ਅਗ੍ਹਾਂ ਲਈ ਸਾਰਥਕ ਕਦਮਾਂ ਦੀ ਨਿਸ਼ਾਨ-ਦਹੀ ਕਰ ਸਕਦਾ ਹੈ। ਜਿਹੜੇ ਜ਼ਰਾ ਪੜ੍ਹਨ-ਲਿਖਣ ਦੀ ਸਮਰਥਾ ਤੋਂ ਕੋਰੇ ਹਨ ਉਹ ਆਪਣੇ ਵਿਚਾਰ ਛੋਟੇ ‘ਟੇਪ-ਰੀਕਾਰਡਰ’ ਜਾਂ ਆਪਣੇ ‘ਸਮਾਰਟ ਫੋਨ’ ਉਤੇ ਰਿਕਾਰਡ ਵੀ ਕਰ ਸਕਦੇ ਹਨ।

ਸੰਬੰਧਾਂ ਦੀ ਮਨੋ-ਵਿਗਿਆਨੀ (Susan Quilliam) ਡਾਇਰੀ ਲਿਖਣ ਸਬੰਧੀ ਕਹਿੰਦੀ ਹੈ: ਡਾਇਰੀ, ਹਾਦਸਿਆਂ/ਸਥਿਤੀਆਂ ਨੂੰ ਨਵੇਂ ਪਰਿਪੇਖ ਜਾਂ ਦ੍ਰਿਸ਼ਟੀਕੋਣ ਰਾਹੀਂ ਵੇਖਣ ਵਿਚ ਸਹਾਈ ਹੁੰਦਿਆਂ, ਮੁਲਾਂਕਣ ਕਰਨ ਵਿੱਚ ਸਹਾਈ ਹੋ ਸਕਦੀ ਹੈ ਅਤੇ ਇਹ ਜਾਨਣ ਵਿੱਚ ਵੀ ਕਿ ਉਸਦਾ ਵਰਤਾਰਾ, ਕਿਵੇਂ ਦੂਜਿਆਂ ਨੂੰ ਪ੍ਰਭਾਵਤ ਕਰਦਾ ਹੈ।

ਇੱਕ ਬੈਂਕ ਮੈਨੇਜ਼ਰ ਦਾ ਕਹਿਣਾ ਸੀ ਕਿ ਉਹ ਸਾਰੀ ਦਿਹਾੜੀ ‘ਉਵਰ-ਡਰਾਫਟਾਂ, ਕਰਜਿ਼ਆਂ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਉਲਝਣਾਂ ਅਤੇ ਸਮੱਸਿਆਵਾਂ’ ਕਾਰਨ ਬਹੁਤ ਹੀ ਸੰਵੇਦਨਸ਼ੀਲ ਅਤੇ ਚਿੰਤਤ ਰਹਿਣ ਲੱਗ ਪਿਆ। ਲਗਾਤਾਰ ਸਿਗਰਟਾਂ ਫੂਕਣ ਅਤੇ ਰਾਤ ਨੂੰ ਸ਼ਰਾਬ ਪੀਣ ਨਾਲ ਵੀ ਉਸਦੇ ਦਫ਼ਤਰੀ ਵਿਉਹਾਰ ਵਿੱਚ ਵਿਘਨ ਪੈਣ ਲੱਗ ਪਿਆ। ਉਸਨੂੰ ਆਪਣੀ ਨੌਕਰੀ ਜਾਣ ਅਤੇ ਮਾਨਸਕ ਸੰਤੁਲਨ ਵਿਗੜਨ ਦੀ ਚਿੰਤਾ ਵੀ ਰਹਿਣ ਲੱਗੀ। ਅਤੇ ਫਿਰ ਉਸਨੇ ਆਪਣੇ ਸੁਭਾ ਨੂੰ ਰੂਪਾਂਤਰਿਤ ਕਰਨ ਸਬੰਧੀ ਪੱਕਾ ਮਨ ਬਣਾ ਲਿਆ ਅਤੇ ਕੰਮ ਤੋਂ ਘਰ ਪੁੱਜ ਕੇ ਆਪਣੇ ਸਾਰੇ ਦਿਨ ਦੇ ਸਾਰੇ ਕਾਰਜਾਂ ਸਬੰਧੀ ਡਾਇਰੀ ਲਿਖਣ ਲੱਗ ਪਿਆ। ਇਸ ਲਿਖਣ ਕਾਰਜ ਨੇ ‘ਇੱਕ ਸ਼ੁੱਧੀ ਕਾਰਕ ਵਿਰੈਚਕ’ ਅਰਥਾਤ Catharctic ਦਾ ਕੰਮ ਕਰਨਾ ਆਰੰਭ ਦਿੱਤਾ। ਉਸਨੂੰ ਆਮ ਹਾਲਤ ਵਿੱਚ ਜਿਹੜੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਸੀ ਸੁਝੱਦਾ ਅਤੇ ਗੁੱਥੀਆਂ ਸੁਲਝਣ ਤੋਂ ਇਨਕਾਰੀ ਸਨ ਹੁਣ ਉਹਨਾਂ ਦੇ ਸਮਾਧਾਨ ਵੀ ਲੱਭਣ ਲੱਗ ਪਏ। ਉਸਦੀ ਮਾਨਸਿਕਤਾ ਵਿੱਚ ਵੀ ਸੰਤੁਲਨ ਆਉਣ ਲੱਗ ਪਿਆ।

ਮਨੁੱਖ ਦਾ ਅੱਜ ਦਾ ਜੀਵਨ ਬਹੁਤ ਹੀ ਵਿਅਸਤ ਅਤੇ ਰੁਝੇਵਿਆਂ ਭਰਿਆ ਹੈ। ਇਸ ਕਾਰਨ ਅਕਸਰ ਅਜਿਹੀ ਅਣਗਹਿਲੀ ਸੁਭਾਇਕੇ ਹੀ ਹੋਣ ਦੀ ਸੰਭਾਵਨਾ ਹੈ ਕਿ ਕੋਈ ਆਪਣੇ ਬਹੁਤ ਹੀ ਨਜ਼ਦੀਕੀ ਸਬੰਧਾਂ ਦੀ ਵੀ ਅਵਹੇਲਨਾ ਕਰ ਜਾਵੇ। ਪਰ ਇਹ ਗੱਲ ਸਮਝ ਲੈਣ ਵਾਲੀ ਹੈ ਕਿ ਜੇਕਰ ਸਾਡੇ ਆਪਣੇ ਨੇੜੇ-ਤੇੜੇ ਦੇ ਸਬੰਧਾਂ ਵਿਚ ‘ਰਿਸ਼ਤੇ’ ਦੀ ਸਾਂਝ ਬਣੀ ਰਹਿੰਦੀ ਹੈ ਤਾਂ ਦੈਨਿਕ ਔਖਿਆਈਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਮਿਲਦੀ ਹੈ। ਇਸ ਲਈ ਹਫ਼ਤੇ ਦਸਾਂ ਦਿਨਾਂ ਬਾਅਦ ਆਪਣੇ ਪਰਵਾਰ ਦੇ ਜੀਆਂ, ਸਕੇ ਸਬੰਧੀਆਂ, ਦੋਸਤਾਂ-ਮਿੱਤਰਾਂ ਨਾਲ ਹੋਈ ਕਿਸੇ ਵੀ ਨਾਚਾਕੀ ਜਾਂ ਪੈਦਾ ਹੋਈ ਗ਼ਲਤ-ਫ਼ਹਿਮੀ ਦੇ ਸਬੰਧ ਵਿੱਚ ਜ਼ਰੂਰ ਹੀ ਵਿਚਾਰ ਕਰ ਲਈ ਜਾਵੇ ਤਾਂ ਚੰਗਾ ਰਹਿ ਸਕਦਾ ਹੈ। ਵਿਚਾਰ ਕਰਨ ਤੇ ਜੇਕਰ ਤੁਸੀਂ ਸਮਝੋ ਕਿ ਤੁਹਾਡੇ ਪਾਸੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਇਸ ਨੂੰ ਸੁਧਾਰਨ ਲਈ ਤੁਰੰਤ ਹੀ ਕਾਰਜ-ਸ਼ੀਲ ਹੁੰਦਿਆਂ ‘ਖਿ਼ਮਾਂ’ ਮੰਗਣ ਵਿੱਚ ਝਿੱਝਕ ਨਾ ਕਰੋ। ਬਾਈਬਲ ਦਾ ਕਥਨ ਵੀ ਹੈ: ‘ਦਿਨ ਦਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਆਪਣੇ ਵੈਰੀ ਨਾਲ ਸੁਲਹ ਜ਼ਰੂਰ ਕਰ ਲਉ।’ ਜੇਕਰ ਇੰਝ ਵੀ ਸਮਝ ਰਹੇ ਹੋਵੋ ਕਿ ਤੁਹਾਡੀ ਗ਼ਲਤੀ ਨਹੀਂ ਹੈ ਤਾਂ ਵੀ ਸਮੇਂ ਸਮੇਂ ਸਿਰ ਗ਼ਲਬਾਤ ਕਰਨ ਦੇ ਮਿਲੇ ਮੌਕਿਆਂ ਨੂੰ ਨਾ ਗੰਵਾਉ। ਚੰਗੇ ਸਬੰਧ ਜਿੰਨੇ ਦੂਜੀ ਧਿਰ ਤੇ ਨਿਰਭਰ ਕਰਦੇ ਹਨ ਉਸਤੋਂ ਵੀ ਵੱਧ ਉਹਨਾਂ ਦੀ ਜਿ਼ੰਮੇਵਾਰੀ ਤੁਹਾਡੇ ਉਤੇ ਹੈ। ਚੰਗੇ ਸਬੰਧਾਂ ਨੂੰ ਕਿਸਮਤ ਤੇ ਨਾ ਛੱਡੋ।

ਇੱਕ ਤਲਾਕ-ਸ਼ੁਦਾ ਭਾਰਤੀ ਇਸਤਰੀ ਇੱਕ ਦਫ਼ਤਰ ਵਿੱਚ ਕੰਮ ਕਰਦੀ ਸੀ। ਉਸਨੇ ਆਪਣੇ ਤਲਾਕ ਦੇ ਬਾਰੇ ਵਿੱਚ ਗੱਲ ਕਰਦਿਆਂ ਇੱਕ ਅਹਿਮ ਤੱਥ ਤੋਂ ਪਰਦਾ ਲਾਹਿਆ: ‘ਮੇਰੇ ਤਲਾਕ ਦਾ ਕਾਰਨ ਮੇਰੀ ਆਪਣੇ ਪਤੀ ਵਿੱਚ ਘੱਟ ਦਿਲਚਸਪੀ ਲੈਣਾ, ਆਪਣੇ ਦਫਤਰੀ ਕੰਮ ਨੁੰ ਜਿ਼ਆਦਾ ਤਰਜ਼ੀਹ ਦੇਣਾ ਅਤੇ ਕਿਸੇ ਵੀ ਮੌਕੇ ਤੇ ਆਪਣੇ ਪਤੀ ਨਾਲ ਗਲਬਾਤ ਦੀ ਸਾਂਝ ਨਾ ਪੈਦਾ ਕਰ ਸਕਣਾ, ਸੀ। ਅੱਜ ਮੈਂਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ।’ ਉਸਨੇ ਦੱਸਿਆ ਕਿ ਬਿਨਾਂ ਸ਼ੱਕ ਅੱਜ ਦੇ ਪਦਾਰਥਵਾਦੀ ਜੁੱਗ ਵਿੱਚ ਬਹੁਤ ਭੱਜ-ਦੌੜ ਹੈ ਅਤੇ ਕਾਹਲ ਭਰੇ ਜੀਵਨ ਵਿੱਚ ਤਿੜਕ ਰਹੇ ਰਿਸ਼ਤਿਆਂ ਦਾ ਪਤਾ ਹੀ ਨਹੀਂ ਚੱਲਦਾ। ਇਸ ਲਈ ਹਰ ਇੱਕ ਲਈ ਜ਼ਰੂਰੀ ਹੈ ਕਿ ਉਹ ਆਪਣੇ ਪਰਵਾਰ ਜਾਂ ਨੇੜੇ ਦੇ ਬੰਦਿਆਂ ਨਾਲ ਘੱਟੋ-ਘੱਟ ਹਰ ਦੂਜੇ ਤੀਜੇ ਦਿਨ ਖੁਲ੍ਹਕੇ ਗਲਬਾਤ ਕਰੇ।

ਕਿੰਨਾ ਸੱਚ ਹੈ ਉਪਰੋਕਤ ਗੱਲਾਂ ਵਿੱਚ? ਜੀਵਨ, ਚੀਕ ਚਿਹਾੜਾ ਪਾ ਕੇ ਅਸਮਾਨ ਸਿਰ ਤੇ ਚੁੱਕਣ ਦਾ ਨਾਂ ਨਹੀਂ। ਆਪਣੀਆਂ ਸਮੱਸਿਆਵਾਂ ਬਾਰੇ ਖੁਲ੍ਹਕੇ ਗੱਲ ਕਰਨ ਨਾਲ ਜੀਵਨ ਸੌਖਾ ਲੰਘ ਸਕਦਾ ਹੈ। ਸਾਡਾ ਸਭ ਦਾ ਇਹ ਸੰਕਲਪ ਵੀ ਹੋਣਾ ਲਾਜ਼ਮੀ ਹੈ।

ਗੁੱਥੀਆਂ ਸੁਲਝਾਉ, ਮੂੰਹ ਨਾ ਲਟਕਾਉ ਅਤੇ ਗੰਢਾਂ ਨਾ ਪਾਉ। ਇਹ ਕਥਨ ਹਰ ਸਥਿਤੀ ਅਤੇ ਹਰ ਇੱਕ ਲਈ ਲਾਗੂ ਹੋ ਸਕਦੇ ਹਨ। ਜੇ ਘਰ ਪਰਵਾਰ ਦੇ ਫਰੰਟ ਤੇ ਗੱਲ ਕਰਨੀ ਹੋਵੇ ਤਾਂ ਕੀ ਘਰ ਵਿੱਚ ਕੀਤੇ ਜਾਣ ਵਾਲੇ ਸਾਰੇ ਹੀ ਕੰਮਾਂ ਦੀ ਕੋਈ ਤਾਲਿਕਾ ਨਹੀਂ ਬਣਾਈ ਜਾ ਸਕਦੀ? ਕੀ ਘਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਪੂਰਿਆਂ ਕਰਨ ਦੀ ਜਿ਼ੰਮੇਵਾਰੀ ਲਈ ਵੱਖ ਵੱਖ ਪ੍ਰਤੀਨਿੱਧ ਨਹੀਂ ਚੁਣੇ ਜਾ ਸਕਦੇ? ਪਤੀ, ਪਤਨੀ ਅਤੇ ਸਰੀਰੋਂ ਸਸ਼ਕਤ ਕਿਰਿਆ-ਸ਼ੀਲ ਕੋਈ ਵੀ ਵਿਰਧ ਜਾਂ ਛੇ-ਸੱਤ ਵਰ੍ਹਿਆਂ ਤੋਂ ਵੱਡੀ ਉੱਮਰ ਦੇ ਕੋਈ ਵੀ ਬੱਚੇ ਨਿੱਕੇ ਮੋਟੇ ਕੰਮਾਂ ਦੀ ਜਿ਼ੰਮੇਵਾਰੀ ਆਪਣੇ ਸਿਰ ਲੈ ਸਕਦੇ ਹਨ।

ਭਾਰਤ ਦੀ ਗੱਲ ਕੁਝ ਹੋਰ ਹੈ। ਅਮੀਰ ਜਾਂ ਮਧ-ਵਰਗੀ ਪਰਵਾਰਾਂ ਵਿੱਚ, ਛੋਟੇ ਛੋਟੇ ਕੰਮਾਂ ਲਈ ਵੀ, ਨੌਕਰਾਂ ਦੀ ਹੇੜ ਲਾਉਣ ਵਿੱਚ ਇਜ਼ਤ ਸਮਝੀ ਜਾਂਦੀ ਹੈ।

ਪੱਛਮੀ ਦੇਸ਼ਾਂ ਵਿੱਚ ਵੀ, ਏਸਿ਼ਆਈ ਘਰਾਂ ਦੇ ਮੁਕਾਬਲੇ, ਘਰ ਦੇ ਕੰਮਾਂ ਲਈ ‘ਕੰਮ ਦੀ ਵੰਡ’ ਦਾ ਢੰਗ ਵਰਤਿਆ ਜਾਂਦਾ ਹੈ। ਸੂਜ਼ਨ, ਸਾਡੀ ਤਿੰਨ ਘਰ ਛੱਡ ਕੇ ਗਵਾਂਢਣ, ਆਪਣੇ ਘਰ ਦੇ ਸਾਰੇ ਕੰਮਾਂ ਵਿੱਚ ਆਪਣੇ ਸਕੂਲ ਜਾਂਦੇ ਤਿੰਨ ਪੁੱਤਰਾਂ ਅਤੇ ਪਤੀ ਨੂੰ ਸ਼ਾਮਲ ਕਰਦੀ ਹੈ। ਇਸ ਤਰ੍ਹਾਂ ਜਿੱਥੇ ਪੂਰੀ ਵਿਵਸਥਾ ਨਾਲ ਘਰ ਦਾ ਸਾਰਾ ਕੰਮ ਚੱਲਦਾ ਹੈ ਉਸਦੇ ਨਾਲ ਹੀ ਸੂਜ਼ਨ ਆਪਣੇ ਆਪ ਨੂੰ ਹੁਣ ਨਾਲੋਂ ਵੱਧ ਚੰਗਾ ਬਨਾਉਣ ਅਤੇ ਆਪਣੇ ਆਪ ਵਿੱਚ ਲੋੜੀਂਦਾ ਸੁਧਾਰ ਲਿਆਉਣ ਲਈ ਸੋਚ ਸਕਦੀ ਹੈ। ਅੰਗਰੇਜ਼ ਹੀ ਕਿਉਂ ਸਗੋਂ ਏਸਿ਼ਆਈ ਵੀ ਅਜਿਹੇ ਸੁਧਾਰ ਲਈ ਹੁਣ ਤੋਂ ਹੀ ਲੋੜੀਂਦੇ ‘ਨਿੱਜੀ ਮਤੇ’ ਅਰਥਾਤ ਰੈਜ਼ੂਲੇਸ਼ਨਸ ਪਾਸ ਕਰਕੇ ਉਹਨਾਂ ਤੇ ਪਹਿਰਾ ਦੇ ਸਕਦੇ ਹਨ।

ਹੱਸਣ ਵਿੱਚ ਕੋਈ ਖਰਚ ਨਹੀਂ ਆਉਂਦਾ, ਕੋਈ ਇਕੱਠਾ ਕੀਤਾ ਖਜ਼ਾਨਾ ਨਹੀਂ ਘੱਟਦਾ। ਕੋਈ ਉਚੇਚੀ ਖੇਚਲ ਵੀ ਨਹੀਂ ਕਰਨੀ ਪੈਂਦੀ ਅਤੇ ਨਾ ਹੀ ਸਾਡੇ ਸਰੀਰਕ ਅੰਗਾਂ ਨੂੰ ਕੋਈ ਤਕਲੀਫ਼ ਹੀ ਪੁੱਜਦੀ ਹੈ। ਪਰ ਫਿਰ ਵੀ ਵੇਖਣ ਵਿੱਚ ਆਉਂਦਾ ਹੈ ਕਿ ਲੋਕੀਂ ਹੱਸਣ ਵਿੱਚ ਕੰਜੂਸੀ ਕਰਦੇ ਹਨ। ਪਤਾ ਨਹੀਂ ਕਿਉਂ? ਹੱਸਣ ਦੇ ਸਬੰਧ ਵਿੱਚ ਵੀ ਨਿੱਜੀ ‘ਮਤਾ’ ਨਿਸਚੈ ਹੀ ਕੰਮ ਦੇਵੇਗਾ।

ਮੰਨ ਲਿਆ ਮੌਸਮ ਬਹੁਤ ਖਰਾਬ ਹੈ, ਜ਼ੋਰਾਂ ਦਾ ਮੀਂਹ ਪੈ ਰਿਹਾ ਹੈ। ਤੂਫ਼ਾਨ ਹੈ। ਤੇਜ਼ ਵੱਗਦੀ ਹਵਾ ਪੈਰ ਉਖਾੜ ਰਹੀ ਹੈ। ਟੀ.ਵੀ. ਤੇ ਖਬਰ ਨਸ਼ਰ ਹੋਈ ਹੈ ਕਿ ਲਾਗਲੇ ਸ਼ਹਿਰ ਦੇ ਕੁਝ ਮੁਹੱਲਿਆਂ ਵਿੱਚ ਪਾਣੀ ਆ ਗਿਆ। ਸੜਕ ਦੇ ਕੰਢੇ ਇੱਕ ਵੱਡਾ ਦਰਖਤ ਜੜ੍ਹੋਂ ਉੱਖੜ ਕੇ ਰਾਹ ਜਾਂਦੀ ਕਾਰ ਤੇ ਆ ਡਿੱਗਿਆ ਅਤੇ ਡਰਾਈਵਰ ਦੇ ਬਹੁਤ ਸੱਟਾਂ ਲੱਗੀਆਂ। ਕਾਰ ਪੂਰੀ ਤਰ੍ਹਾਂ ਟੁੱਟ ਭੱਜ ਗਈ। ਡਰਾਈਵਰ ਦੀ ਹਾਲਤ ਬਹੁਤ ਗੰਭੀਰ ਹੈ। ਬਿਨਾਂ ਸ਼ੱਕ ਇਹ ਸਥਿਤੀ ਚਿੰਤਾ ਵਾਲੀ ਹੈ। ਪਰ ਤੁਹਾਡੀ ਮੇਰੀ ਚਿੰਤਾ ਕੀ ਬਣਾਏਗੀ?

ਡਾਕਟਰਾਂ ਦੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਚੰਗਾ ਖੁਲ੍ਹਾ-ਠੁਲ੍ਹਾ ਹਾਸਾ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ। ਕਿਸੇ ਮੋਟਰ-ਵੇ ਤੇ ਹੋਈ ਕਾਰ ਦੁਰਘਟਨਾ ਸਮੇਂ ‘ਐਂਬੂਲੈਂਸ’ ਵਾਲਿਆਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਤੁਸੀਂ ਵੇਖੋਗੇ ਕਿ ਅਜਿਹੇ ਮੌਕਿਆਂ ਤੇ ਵੀ ਉਹ ਆਪਣਾ ਸੰਤੁਲਨ ਨਹੀਂ ਗੰਵਾਉਂਦੇ। ਹੱਸਦੇ, ਮੁਸਕਰਾਂਦੇ ਰਹਿੰਦੇ ਹਨ ਪਰ ਪੂਰੀ ਤਨ-ਦੇਹੀ ਅਤੇ ਫੁਰਤੀ ਨਾਲ ਸਾਰੀ ਸਥਿਤੀ ਨੂੰ ਸੰਭਾਲਦੇ ਹਨ। ਜੇਕਰ ਉਹ ਫਿਕਰਮੰਦ ਜਾਂ ਚਿੰਤਤ ਹੋ ਕੇ ਘਬਰਾ ਜਾਣ ਤਾਂ ਉਹ ਕਿਸੇ ਦੂਜੇ ਦੀ ਕੀ ਸਹਾਇਤਾ ਕਰ ਸਕਣਗੇ? ਇਸ ਲਈ ਹਰ ਸਥਿਤੀ ਵਿੱਚ ਹਾਸੇ ਵਿਖਾਰਨ ਤੇ ਹਾਸੇ ਲਿਆਉਣ ਲਈ ਤਿਆਰ ਰਹੋ। ਆਪਣੇ ਆਪ ਤੇ ਅਤੇ ਆਪਣਿਆਂ ਨਾਲ ਹੱਸੋ, ਰੱਜ਼ ਕੇ ਹੱਸੋ ਪਰ ਕਿਸੇ ਦੂਜੇ ਤੇ ਨਾ ਹੱਸੋ।

ਆਪਣੇ ਆਪ ਨੂੰ ਹੀ ਚੁੱਟਕਲੇ ਸੁਨਾਉਣ ਦਾ ਅਭਿਆਸ ਕਰੋ। ਭੈੜੀ ਤੋਂ ਭੈੜੀ, ਖਤਰਨਾਕ ਤੋਂ ਖਤਰਨਾਕ ਅਤੇ ਗੰਭੀਰ ਤੋਂ ਗੰਭੀਰ ਸਥਿਤੀ ਨੂੰ ਚੁੱਟਕਲੇ ਦੀ ਲਪੇਟ ਵਿੱਚ ਲਿਆਂਦਾ ਜਾ ਸਕਦਾ ਹੈ।

ਕਿਸੇ ਵੀ ਹਾਸਾ-ਵਖੇਰੂ ਨੂੰ ਪੁੱਛ ਕੇ ਵੇਖੋ—ਉਹ ਇੱਕੋ ਜਿਹੀ ਹੀ ਗੱਲ ਆਖੇਗਾ—ਜਿਹੜੀ ਮਰਜ਼ੀ ਸਥਿਤੀ ਹੋਵੇ ਉਹ ਹਰ ਹਾਲ ਵਿੱਚ ਹਾਸੇ ਵਿਖੇਰਦਾ ਹੈ। ਹੱਸਦਾ ਹੈ। ਇੱਕ ਬਹੁਤ ਹੀ ਦਿਲਚਸਪ ਘਟਨਾ ਦਾ ਜਿ਼ਕਰ ਕਾਮੇਡੀਅਨ ਫੇਥ ਬਰਾਊਨ ਨੇ ਆਪਣੀ ਮਰੀ ਸੱਸ ਦੇ ‘ਫੀਊਨਰਿਲ’ ਸਬੰਧੀ ਜਿ਼ਕਰ ਕਰਦਿਆਂ ਦੱਸਿਆ: ਸੱਸ ਦੀ ਮੌਤ ਦਾ ਉਸਨੂੰ ਬੜਾ ਦੁੱਖ ਸੀ। ਪਰ ਜਿਸ ਦਿਨ ਮ੍ਰਿਤਕ ਦੀ ਅੰਤਿਮ ਕਿਰਿਆ ਹੋਣੀ ਸੀ ਸੂਰਜ ਪੂਰੇ ਜੋਬਨ ਤੇ ਚਮਕ ਰਿਹਾ ਸੀ ਅਤੇ ਦਿਨ ਬੜਾ ਹੀ ਸੁਹਾਵਣਾ ਸੀ। ਚੌਹੀਂ ਪਾਸੀਂ ਫੁੱਲ ਲਹਿ-ਲਹਾ ਰਹੇ ਸਨ। ਪਾਦਰੀ ਨੇ ਸਰਵਿਸ ਵੀ ਬੜੀ ਚੰਗੀ ਕੀਤੀ। ਸਾਰੀ ਰਸਮ ਮਗਰੋਂ ਚਰਚ ਦੇ ਬਾਹਰ ਨਿਕਲਦਿਆਂ ਉਸਨੇ ਆਪਣੇ ਨੇੜੇ ਦੇ ਇੱਕ ਮਿੱਤਰ ਨੂੰ ਸੰਬੋਧਿਤ ਹੋ ਕੇ ਆਖਿਆ: ‘ਕਿੰਨਾਂ ਚੰਗਾ ਵਿਆਹ ਹੋਇਆ।’ ਮੌਕੇ ਦੀ ਨਜ਼ਾਕਤ ਨੂੰ ਭੁੱਲਦਿਆਂ, ਆਪਣੇ ਮੂੰਹੋਂ ਨਿਕਲੇ ਸ਼ਬਦਾਂ ਦੀ ਬੇ-ਰਹਿਮੀ ਬਾਰੇ ਹਾਲਾਂ ਉਹ ਸੋਚ ਵੀ ਨਹੀਂ ਸੀ ਸਕਿਆ ਕਿ ਸਾਰੇ ਹੀ ਹੱਸਣ ਲੱਗ ਪਏ।

ਰੱਬ ਜਾਣੇ! ਸ਼ਾਇਦ ਉਸਦੀ ਮਰੀ ਸੱਸ ਨੂੰ ਵੀ ਉਹਨਾਂ ਸਭ ਦੇ ਹਾਸਿਆਂ ਨਾਲ ਤਸੱਲੀ ਹੋ ਗਈ ਹੋਵੇ।

ਹਾਂ, ਤੇ ਲੇਖਕ ਗੱਲ ਕਰ ਰਿਹਾ ਸੀ ਸੰਕਲਪ ਦੀ ਅਤੇ ਕੀਤੇ ਗਏ ਸੰਕਲਪਾਂ ਨੂੰ ਨੇਪਰੇ ਚਾੜ੍ਹਨ ਲਈ ਯਤਨ ਸ਼ੀਲ ਹੋਣ ਸਬੰਧੀ। ਆਪਣੇ ਰੂਪਾਂਤਰ ਲਈ ਯਤਨਸ਼ੀਲ ਹੋਣ ਲਈ ਜਿਹੜੇ ਕਦਮ ਵੀ ਉਠਾਏ ਜਾਣ ਉਹ ਬੜੀ ਦ੍ਰਿੜਤਾ ਨਾਲ ਪੁੱਟੇ ਜਾਣ ਤਾਂ ਜੋ ਆਪਣੇ ਮੰਤਵ ਵਿੱਚ ਪੂਰਿਆਂ ਉਤਰਿਆ ਜਾ ਸਕੇ।

***

Read 401 times
ਡਾ. ਗੁਰਦਿਆਲ ਸਿੰਘ ਰਾਏ

‘ਲਿਖਾਰੀ.ਨੈੱਟ’
likhari2001@gmail.com
+44 7814567077

    ਪ੍ਰਮੁੱਖ ਰਚਨਾਵਾਂ:
  • ਅੱਗ (ਕਾਵਿ ਸੰਗ੍ਰਹਿ)
  • ਮੋਏ ਪੱਤਰ (ਕਹਾਣੀ ਸੰਗ੍ਰਹਿ)
  • ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਹਿ)
  • ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
  • ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
  • ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
  • ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
  • ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
  • ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’—ਸੰਪਾਦਕ: ਹਰਮੀਤ ਸਿੰਘ ਅਟਵਾਲ