You are here:ਮੁਖ ਪੰਨਾ»ਸਫ਼ਰਨਾਮਾ»ਨਹੀਂ ਭੁੱਲਦੇ ਮਾਸਟਰ ਵੇਦ ਪ੍ਰਕਾਸ਼ ਜੀ ...
Coming soon: A new and improved Global Punjabi site!!!

ਲੇਖ਼ਕ

Wednesday, 10 December 2025 09:51

ਨਹੀਂ ਭੁੱਲਦੇ ਮਾਸਟਰ ਵੇਦ ਪ੍ਰਕਾਸ਼ ਜੀ ...

Written by
Rate this item
(0 votes)

ਉਹ ਕੱਚੀ ਪਹਿਲੀ ਜਮਾਤ, ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ, ਅੱਜ ਵੀ ਮੇਰੇ ਜ਼ਹਿਨ ਵਿੱਚ ਹੈ। ਸੱਚੀ ਮੁੱਚੀ ਵੇਦ ਪ੍ਰਕਾਸ਼ ਮਾਸਟਰ ਮੈਨੂੰ ਅੱਜ ਵੀ ਉਸੇ ਤਰ੍ਹਾਂ ਯਾਦ ਹੈ ਭਾਵੇਂ ਕੇ ਮੈਂ ਅੱਜ ਖੁਦ ਅਧਿਆਪਕ ਲੱਗ ਕੇ ਸੇਵਾ ਮੁਕਤ ਹੋਣ ਦੇ ਨੇੜੇ ਪੁੱਜ ਚੁੱਕਾ ਹਾਂ। ਸਕੂਲ ਵਿੱਚ ਖੜ੍ਹਾ ਉਹ ਪਿੱਪਲ ਦਾ ਦ੍ਰਖਤ ਤੇ ਉਸਦੀ ਠੰਢੀ ਸੰਘਣੀ ਛਾਂ ਮੈਨੂੰ ਅੱਜ ਵੀ ਚੇਤੇ ਹਨ, ਜੋ ਉਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਖੰਨੇ ਵਿੱਚ ਹੋਇਆ ਕਰਦਾ ਸੀ। ਭਾਵੇਂ ਉਸ ਸਕੂਲ ਦੀ ਇਮਾਰਤ ਦੀ ਦਿੱਖ ਵਕਤ ਮੁਤਾਬਕ ਬਦਲ ਚੁੱਕੀ ਹੈ ਪਰ ਜਗ੍ਹਾ ਉਹੀ ਹੈ, ਜੋ ਮਨ ਵਿੱਚ ਖੁਸ਼ੀ ਜਿਹੀ ਮਹਿਸੂਸ ਕਰਵਾਉਂਦੀ ਹੈ। ਅੱਜ ਵੀ ਜਦੋਂ ਕਦੇ ਕਦਾਈਂ ਸਕੂਲ ਕੋਲੋਂ ਗੁਜ਼ਰਦਾ ਹਾਂ ਤਾਂ ਸਕੂਲ ਦੀਆਂ ਉਹ ਮੁਢਲੀਆਂ ਯਾਦਾਂ ਮੱਲੋਮੱਲੀ ਯਾਦ ਆ ਜਾਂਦੀਆਂ ਹਨ। ਜਦੋਂ ਮੈਂ ਪਹਿਲੀ ਵਾਰ ਸਕੂਲ ਵਿੱਚ ਦਾਖਲ ਹੋਣ ਗਿਆ ਸਾਂ ਤਾਂ ਉਸ ਵੇਲੇ ਦਾ ਕਿੱਸਾ ਹੁਣ ਵੀ ਮੈਨੂੰ ਧੁੰਦਲਾ ਧੁੰਦਲਾ ਯਾਦ ਹੈ। ਘਰਦੇ ਦਾਖਲ ਕਰਵਾਉਣ ਗਏ ਤਾਂ ਉਮਰ ਘੱਟ ਹੋਣ ਕਰਕੇ ਵੇਦ ਪ੍ਰਕਾਸ਼ ਮਾਸਟਰ ਜੀ ਨੇ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਦੋਂ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਨਿਯਮਾਂ ਮੁਤਾਬਕ ਸਕੂਲ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਸੀ ਤੇ ਮਾਪੇ ਅਕਸਰ ਅੱਟੇ ਸੱਟੇ ਨਾਲ ਉਮਰ ਦੱਸ ਕੇ ਬੱਚੇ ਨੂੰ ਦਾਖਲ ਕਰਵਾਇਆ ਕਰਦੇ ਸਨ। ਪਰ ਕੁਝ ਦਿਨਾਂ ਪਿੱਛੋਂ ਮੇਰੇ ਭੂਆ ਜੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਉਮਰ ਵਧ ਦੱਸ ਕੇ ਸਕੂਲ ਦਾਖਲ ਕਰਵਾ ਆਏ।

ਉਸ ਸਮੇਂ ਅੱਜ ਵਾਂਗ ਕੇ ਜੀ, ਪ੍ਰੀ ਨਰਸਰੀ ਜਾਂ ਨਰਸਰੀ ਜਮਾਤਾਂ ਨਹੀਂ ਹੁੰਦੀਆਂ ਸਨ ਸਗੋਂ ਸਿੱਧਾ ਪਹਿਲੀ ਜਮਾਤ ਵਿੱਚ ਦਾਖਲ ਕਰ ਲਿਆ ਜਾਂਦਾ ਸੀ ਤੇ ਫਿਰ ਉਸ ਪਿੱਛੋਂ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਕਾਰਵਾਈ ਜਾਂਦੀ ਸੀ। ਉਦੋਂ ਪੰਜਾਂ ਜਮਾਤਾਂ ਨੂੰ ਇੱਕੋ ਅਧਿਆਪਕ ਹੀ ਪੜ੍ਹਾਇਆ ਕਰਦਾ ਸੀ, ਨਾ ਕਿ ਅੱਜ ਵਾਂਗ ਤਿੰਨ ਚਾਰ ਅਧਿਆਪਕ ਹੁੰਦੇ ਸਨ ਤੇ ਸਾਡਾ ਉਹ ਅਧਿਆਪਕ ਸੀ ਵੇਦ ਪ੍ਰਕਾਸ਼ ਮਾਸਟਰ। ਬਿਲਕੁਲ ਸਿੱਧਾ ਸਾਦਾ ਤੇ ਹਸੂੰ ਹਸੂੰ ਕਰਦਾ ਚਿਹਰਾ, ਮਿੱਠੀ ਬੋਲੀ, ਅਪਣੱਤ ਵੀ ਮਣਾਂ ਮੂੰਹੀਂ, ਮਿਹਨਤੀ ਹੱਦ ਦਰਜੇ ਦੇ, ਜੋ ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ।

ਪੰਜਵੀਂ ਜਮਾਤ ਤਲਾਅ ਵਾਲੇ ਸਕੂਲ ਵਿੱਚ ਮਾਸਟਰ ਵੇਦ ਪ੍ਰਕਾਸ਼ ਜੀ ਕੋਲੋਂ ਕਰਨ ਮਗਰੋਂ ਮੈਂ ਆਰੀਆ ਸਕੂਲ (ਏ ਐੱਸ ਸੀਨੀਅਰ ਸੈਕੰਡਰੀ ਸਕੂਲ) ਵਿੱਚ ਦਾਖਲਾ ਲਿਆ। ਪਰ ਅੱਠਵੀਂ ਕਲਾਸ ਵਿੱਚ ਘਰਦੇ ਖੰਨੇ ਤੋਂ ਜ਼ਮੀਨ ਵੇਚ ਕੇ ਪਟਿਆਲੇ ਦੇ ਪਿੰਡ ਨਿਜਾਮਨੀਵਾਲਾ ਚਲੇ ਗਏ, ਜਿਸ ਕਰਕੇ 9 ਵੀਂ ਜਮਾਤ ਵਿੱਚ ਘਰਦਿਆਂ ਨੇ ਸਰਕਾਰੀ ਹਾਈ ਸਕੂਲ ਕਰਹਾਲੀ ਸਾਹਿਬ ਦਾਖਲ ਕਰਵਾ ਦਿੱਤਾ। ਦਸਵੀਂ ਉੱਥੋਂ ਕੀਤੀ ਤੇ ਮੁੜ ਖੰਨੇ ਆ ਆਰੀਆ ਸਕੂਲ ਵਿੱਚ ਦਾਖਲਾ ਲਿਆ। ਗਿਆਰ੍ਹਵੀਂ ਖੰਨੇ ਤੋਂ ਕਰਨ ਉਪਰੰਤ ਫਿਰ ਬਾਰ੍ਹਵੀਂ ਕਰਨ ਲਈ ਡੀ ਏ ਵੀ ਕਾਲਜ ਸੈਕਟਰ-10 ਚੰਡੀਗੜ੍ਹ ਜਾ ਦਾਖਲ ਹੋ ਗਿਆ। ਉੱਥੇ ਮਨ ਨਾ ਲੱਗਾ ਤੇ ਇੱਕ ਸਾਲ ਉੱਥੇ ਪੜ੍ਹਾਈ ਕਰਨ ਮਗਰੋਂ ਫਿਰ ਗੌਰਮਿੰਟ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ। ਉਸ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੇ ਐੱਮਏ ਐੱਮਫਿਲ ਕੀਤੀ ਤੇ ਫਿਰ ਗੌਰਮਿੰਟ ਸਟੇਟ ਕਾਲਜ ਪਟਿਆਲਾ ਤੋਂ ਬੀ ਐੱਡ ਕਰਕੇ ਮਾਸਟਰ ਲੱਗ ਗਿਆ।

ਉਦੋਂ ਤਕ ਵੇਦ ਪ੍ਰਕਾਸ਼ ਮਾਸਟਰ ਰਿਟਾਇਰਡ ਹੋ ਚੁੱਕੇ ਸਨ। ਪਰ ਉਨ੍ਹਾਂ ਜਦੋਂ ਕਦੇ ਗਾਹੇ ਬਗਾਹੇ ਮਿਲਣਾ ਤਾਂ ਉਨ੍ਹਾਂ ਉਸੇ ਤਰ੍ਹਾਂ ਹੱਸਦੇ ਹੋਏ ਜ਼ਰੂਰ ਪੁੱਛਣਾ ਅਜੀਤ ਸਿੰਘ ਕੀ ਹਾਲ ਹੈ? ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾਉਣਾ, ਅਸ਼ੀਰਵਾਦ ਲੈਣਾ ਤੇ ਉਨ੍ਹਾਂ ਦਾ ਮੁੜਵਾਂ ਹਾਲ ਚਾਲ ਪੁੱਛਣਾ। ਬੜਾ ਚੰਗਾ ਲੱਗਣਾ ਉਨ੍ਹਾਂ ਨਾਲ ਮਿਲ ਕੇ ਤੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ। ਉਨ੍ਹਾਂ ਵੀ ਮੇਰੇ ਅਧਿਆਪਕ ਲੱਗਣ ’ਤੇ ਮਾਣ ਕਰਿਆ ਕਰਨਾ।

ਬੇਸ਼ੱਕ ਬਾਅਦ ਵਿੱਚ ਮੈਂ ਕਈ ਹੋਰ ਅਧਿਆਪਕਾਂ ਕੋਲੋਂ ਸਿੱਖਿਆ ਹਾਸਲ ਕੀਤੀ ਪਰ ਜੋ ਵੇਦ ਪ੍ਰਕਾਸ਼ ਜੀ ਤੋਂ ਸਿੱਖਿਆ ਹਾਸਲ ਕੀਤੀ, ਉਸ ਨੇ ਮੈਨੂੰ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਜਿਸ ਨੂੰ ਮੈਂ ਕਦੇ ਭੁਲਾ ਨਹੀਂ ਸਕਿਆ। ਮੈਂ ਹੁਣ ਵੀ ਸੋਚਦਾ ਹਾਂ ਕਿ ਕਿੰਨੇ ਸਾਦੇ, ਮਿਹਨਤੀ ਤੇ ਚੰਗੇ ਸਨ ਮੇਰੀ ਮੁਢਲੀ ਪੜ੍ਹਾਈ ਕਰਵਾਉਣ ਵਾਲੇ ਮਾਸਟਰ ਵੇਦ ਪ੍ਰਕਾਸ਼ ਜੀ। ਸੱਚੀ ਮੁੱਚੀ ਮੈਂ ਜੋ ਕੁਝ ਵੀ ਅੱਜ ਹਾਂ, ਉਸ ਵਿੱਚ ਉਨ੍ਹਾਂ ਦੀ ਭੂਮਿਕਾ ਇੱਕ ਗੁਰੂ ਵਾਲੀ ਰਹੀ ਹੈ।

* * * * *

Read 533 times
ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)

Email: (ajitksingh054@gmail.com)