ਦੂਰ ਦੁਮੇਲੋਂ ਦੂਰ
ਸੰਧਿਆ ਵੇਲੇ
ਰੁੱਖਾਂ ਨਾਲ ਘਿਰੇ ਘਰ ਵਿਚੋਂ
ਬਾਹਰ ਬੂਹੇ ਉਤੇ ਖੜ੍ਹ ਕੇ
ਮੈਨੂੰ ਅਜ ਉਡੀਕੇ ਗੀ ਤੂੰ
“ਨੀ ਕੁੜੀਏ ਕੀ ਕਰਦੀ ਐਂ ਤੂੰ
ਵੇਖ ਅਨ੍ਹੇਰਾ ਉਤਰ ਆਇਆ
ਚੁੱਲ੍ਹੇ ਵਿਚ ਧੁਖਾ ਲੈ ਅਗਨੀ“
ਆਟਾ ਗੁੰਨ੍ਹਦੀ ਮਾਂ ਬੋਲੇ ਗੀ
ਡੁਬਦੀ ਸੰਧਿਆ ਦਾ ਹੱਥ ਫੜ ਕੇ
ਅੱਖਾਂ ਦੇ ਵਿਚ ਤਾਰੇ ਭਰ ਕੇ
ਮੂੰਹ ਵਿਚ ਚੁੰਨੀ ਦਾ ਲੜ ਫੜ ਕੇ
ਮੂਕ ਬਾਣੀ ਵਿਚ ਤੂੰ ਪੁੱਛੇਂ ਗੀ
ਦਸ ਅੜੀਏ ਉਹ ਕਿਉਂ ਨਹੀਂ ਆਇਆ
ਤੈਥੋਂ ਹੱਥ ਛੁਡਾ ਕੇ ਸੰਧਿਆ
ਲਹਿੰਦੇ ਸੂਰਜ ਵਲ ਨੱਸੇ ਗੀ
ਉਹਦੇ ਪਹੁੰਚਣ ਤੋਂ ਪਹਿਲਾਂ ਹੀ
ਸੂਰਜ ਬੂਹਾ ਭੀਚ ਲਵੇ ਗਾ
ਦਰ ਦੇ ਨਾਲ ਮਾਰ ਕੇ ਮੱਥਾ
ਸੰਧਿਆ ਥੱਲੇ ਕਿਰ ਜਾਵੇ ਗੀ
ਸਿੰਮ ਸਿੰਮ ਕੇ ਲਹੂ ਦੇ ਤੁਪਕੇ
ਬੱਦਲਾਂ ਨੂੰ ਰੰਗ ਚੜ੍ਹ ਜਾਵੇਗਾ
ਅੱਭੜਵਾਹੇ ਤੂੰ ਦੌੜੇਂ ਗੀ
ਚੁੱਲ੍ਹੇ ਦੇ ਵਿਚ ਅੱਗ ਬਾਲੇਂ ਗੀ
ਚੁੱਲ੍ਹੇ ਮੂਹਰੇ ਬੈਠੀ ਬੈਠੀ
ਬੁੱਕਲ ਵਿਚ ਲੁਕਾ ਕੇ ਦੀਵਾ
ਕੱਲਮ ਕੱਲੀ ਤੁਰੇਂ ਗੀ ਭਾਲਣ
..................................................................