You are here:ਮੁਖ ਪੰਨਾ»ਲੇਖ਼»ਜੁਝਾਰੂ ਤੇ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦਿਆਂ

ਲੇਖ਼ਕ

Tuesday, 23 December 2025 12:40

ਜੁਝਾਰੂ ਤੇ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦਿਆਂ

Written by
Rate this item
(0 votes)

ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ...

ਅਵਤਾਰ ਸਿੰਘ ਪਾਸ਼ ਇੱਕ ਜਝਾਰੂ ਤੇ ਇਨਕਲਾਬੀ ਕਵੀ ਸੀ, ਜਿਸ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਵਿੱਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ, ਜੋ ਰਹਿੰਦੀ ਦੁਨੀਆਂ ਤਕ ਰਹਿਣਗੀਆਂ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਦੀ ਧਰਤੀ ’ਤੇ ਉੱਗੇ ਇਸ ਬੂਟੇ ਨੇ ਬਹੁਤ ਸਾਰੀਆਂ ਇਨਕਲਾਬੀ ਰਚਨਾਵਾਂ ਦੇ ਜ਼ਰੀਏ ਲੋਕਾਂ ਦਾ ਰਾਹ ਦਸੇਰਾ ਬਣਕੇ ਮਾਰਗ ਦਰਸ਼ਨ ਕੀਤਾ।

ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਹੋਇਆ। ਉਸ ਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ। ਜਿਸ ਤਰ੍ਹਾਂ ਹਰ ਮਾਂ-ਬਾਪ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ ਆਰਥਿਕ ਤੌਰ ’ਤੇ ਸੁਰੱਖਿਅਤ ਹੋਵੇ ਤੇ ਚੰਗਾ ਪੜ੍ਹੇ, ਲਿਖੇ; ਠੀਕ ਉਸੇ ਤਰ੍ਹਾਂ ਪਾਸ਼ ਦੇ ਪਿਤਾ ਨੇ ਵੀ ਪਾਸ਼ ਨੂੰ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਜੂਨੀਅਨ ਟੈਕਨੀਕਲ ਸਕੂਲ ਕਪੂਰਥਲਾ ਵਿਖੇ ਪੜ੍ਹਨ ਲਾ ਦਿੱਤਾ। ਪਰ ਪਾਸ਼ ਤਾਂ ਹੋਰ ਹੀ ਵਿਚਾਰਧਾਰਾ ਦਾ ਪਾਂਧੀ ਸੀ। ਕਪੂਰਥਲੇ ਰਹਿੰਦੇ ਹੀ ਉਹ ਉਸ ਵੇਲੇ ਦੇ ਇਨਕਲਾਬੀ ਰਾਹਾਂ ਦਾ ਪਾਂਧੀ ਬਣ ਗਿਆ। ਉਸ ਨੇ ਬੀ.ਏ., ਗਿਆਨੀ ਅਤੇ ਜੇ.ਬੀ.ਟੀ. ਕਰਨ ਉਪਰੰਤ ਕੁਝ ਸਮਾਂ ਪੱਤਰਕਾਰੀ ਕੀਤੀ। ਪਾਸ਼ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆ। ਪਰ ਆਰਥਿਕ ਮੁਸ਼ਕਿਲਾਂ ਅਤੇ ਰਾਜਨੀਤਿਕ ਸਰਗਰਮੀਆਂ ਕਾਰਨ ਇਹ ਸਕੂਲ ਬਹੁਤਾ ਚਿਰ ਨਾ ਚੱਲ ਸਕਿਆ। ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਅਤੇ ਜੁਝਾਰਵਾਦੀ ਕਵੀ ਸਾਬਤ ਹੋਇਆ ਹੈ। ਉਸ ਦੀ ਕਵਿਤਾ ਸੱਚ ਦੀ ਪ੍ਰਤੀਕ ਸੀ। ਪਾਸ਼ ਪੰਜਾਬੀ ਵਿੱਚ ਤੱਤੇ ਲਹੂ ਦੀ ਕਵਿਤਾ ਸਿਰਜਣ ਵਾਲਾ ਪ੍ਰਮੁੱਖ ਕਵੀ ਹੋਣ ਕਰਕੇ ਲੋਕਾਂ ਵਿੱਚ ਜੋਸ਼ ਭਰਨ ਵਾਲਾ ਵਿਅਕਤੀ ਸੀ। ਉਸ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸੱਚ ਸਾਹਮਣੇ ਲਿਆਉਣ ਵਾਲੀ ਅਤੇ ਨਵੀਂ ਚੇਤਨਾ ਭਰਨ ਵਾਲੀ ਸੀ। ਪਾਸ਼ ਨੇ ਕਾਫ਼ੀ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਭੇਂਟ ਕੀਤੇ ਹਨ, ਜਿਨ੍ਹਾਂ ਵਿੱਚ ਲੋਹ ਕਥਾ, ਉਡਦਿਆਂ ਬਾਜ਼ਾਂ ਮਗਰ, ਸਾਡੇ ਸਮਿਆਂ ਵਿੱਚ, ਖਿਲਰੇ ਹੋਏ ਵਰਕੇ, ਅਸੀਂ ਲੜਾਂਗੇ ਸਾਥੀ ਅਤੇ ਇੱਕ ਜੀਵਨੀ ਫਲਾਇੰਗ ਸਿੱਖ ਵੀ ਲਿਖੀ। ਉਸ ਦੀ ਹਰੇਕ ਕਵਿਤਾ ਕਲਾਤਮਕਤਾ ਭਰਪੂਰ ਹੈ। ਉਹ ਲਿਖਦਾ ਹੈ-

ਅਸੀਂ ਚਾਹੁੰਦੇ ਹਾਂ ਆਪਣੀ ਤਲੀ ’ਤੇ

ਕੋਈ ਇਸ ਤਰ੍ਹਾਂ ਦਾ ਸੱਚ

ਜਿਵੇਂ ਗੁੜ ਦੀ ਪੱਤ ਵਿੱਚ ਕਣ ਹੁੰਦਾ ਹੈ ...

ਪਾਸ਼ ਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਅਤੇ ਇਨਕਲਾਬ ਪ੍ਰਤੀ ਚੇਤਨਾ ਦਾ ਪਸਾਰ ਹੈ।ਉਹ ਆਪਣੇ ਆਲੇ-ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਵੀ ਕਾਵਿਕ ਸ਼ੈਲੀ ਦੁਆਰਾ ਕਰਦਾ ਹੈ, ਜਿਸ ਕਾਰਨ ਉਸ ਦੀ ਕਾਵਿ-ਧਾਰਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਵੀ ਮੈਦਾਨ ਵਿੱਚ ਆਏ। ਆਪਣੀ ਇੱਕ ਕਵਿਤਾ ‘ਇਨਕਾਰ’ ਵਿੱਚ ਉਸ ਸੁਹਜਵਾਦੀ ਤੇ ਪ੍ਰਗਤੀਵਾਦੀ ਰੁਮਾਂਟਿਕਤਾ ਨੂੰ ਰੱਦ ਕਰਦਾ ਹੈ, ਜਿਸਦਾ ਜੀਵਨ ਦੇ ਸੱਚ ਜਾਂ ਯਥਾਰਥ ਨਾਲ ਕੋਈ ਸਰੋਕਾਰ ਨਹੀਂ। ਪਾਸ਼ ਲਿਖਦਾ ਹੈ:

ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ

ਤੁਹਾਡੇ ਚਗਲ਼ੇ ਹੋਏ ਸਵਾਦਾਂ ਦੀ ਗੱਲ ਕਰਾਂਗਾ

ਜਿਨ੍ਹਾਂ ਦੇ ਹੜ੍ਹ ਵਿੱਚ ਰੁੜ੍ਹ ਜਾਂਦੀ ਹੈ

ਸਾਡੇ ਬੱਚਿਆਂ ਦੀ ਤੋਤਲੀ ਕਵਿਤਾ

ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।

ਪਾਸ਼ ਦੇ ਪ੍ਰੇਰਨਾ ਸਰੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਸਨ, ਜਿਸ ਕਾਰਨ ਉਸਦੀਆਂ ਰਚਨਾਵਾਂ ਵੀ ਕ੍ਰਾਂਤੀਕਾਰੀ ਸੁਰ ਵਿੱਚ ਹਨ, ਉਹ ਲਿਖਦਾ ਹੈ:

ਜਦੋਂ ਬੰਦੂਕ ਨਾ ਹੋਈ, ਉਦੋਂ ਤਲਵਾਰ ਹੋਵੇਗੀ

ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਂਚ ਨਾ ਹੋਈ, ਲੜਨ ਦੀ ਲੋੜ ਹੋਵੇਗੀ

ਤੇ ਅਸੀਂ ਲੜਾਂਗੇ ਸਾਥੀ, ਕਿ ਲੜਨ ਬਾਂਝੋ ਕੁਝ ਵੀ ਨਹੀਂ ਮਿਲਦਾ …

1988 ਦੇ ਅਰੰਭ ਵਿੱਚ ਪਾਸ਼ ਅਮਰੀਕਾ ਤੋਂ ਆਪਣੇ ਵੀਜ਼ੇ ਦੇ ਨਵੀਨੀਕਰਨ ਵਾਸਤੇ ਪੰਜਾਬ ਆਇਆ ਹੋਇਆ ਸੀ। ਦਿੱਲੀ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ 23 ਮਾਰਚ 1988 ਨੂੰ ਪੰਜਾਬ ਦੇ ਇਸ ਜੁਝਾਰੂ ਕਵੀ ਨੂੰ ਉਸਦੇ ਪਿੰਡ ਸਲੇਮਪੁਰ ਦੇ ਖੂਹ ਉੱਤੇ ਉਸਦੇ ਦੋਸਤ ਹੰਸ ਰਾਜ ਨਾਲ ਤਿੰਨ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਉਸ ਦੀ ਮੌਤ ਨੇ ਉਸ ਨੂੰ ‘ਸ਼ਹੀਦ ਕਵੀ’ ਦਾ ਦਰਜਾ ਦੇ ਕੇ ਸਦਾ ਲਈ ਅਮਰ ਕਰ ਦਿੱਤਾ। ਪਾਸ਼ ਆਪਣੀ ਕਵਿਤਾ ਵਿੱਚ ਖੁਦ ਵੀ ਲਿਖਦਾ ਹੈ:

“ਬੜੀ ਕੌੜੀ ਬੜੀ ਬੇਰਸ ਮੇਰੇ ਰੁਜ਼ਗਾਰ ਦੀ ਕਵਿਤਾ”

ਜੀਵਨ ਅਤੇ ਮੌਤ ਬਾਰੇ ਵੀ ਉਸਦੇ ਅਲੱਗ ਹੀ ਵਿਚਾਰ ਹਨ। ਮੌਤ ਬਾਰੇ ਉਹ ਲਿਖਦਾ ਹੈ:

ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ

ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ

ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ

ਸ਼ਰੇਆਮ ਬੇ-ਪਰਦ ਕਰ ਦੇਣਾ।

ਪਾਸ਼ ਦੀਆਂ ਬੋਲੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵਿਖਾਈ ਦਿੰਦਿਆਂ ਹਨ:

ਮੀਂਹ ਮੰਗਿਆ ਤੋਂ ਮੀਂਹ ਨਾ ਮਿਲਦਾ

ਸੁੱਕੀਆਂ ਸੜਨ ਜ਼ਮੀਨਾਂ।

ਤੇਲ ਦੇ ਘਾਟੇ ਇੰਜਣ ਖੜ੍ਹ ਗਏ

ਕੰਮ ਨਾ ਆਉਣ ਮਸ਼ੀਨਾਂ।

ਤੂੜੀ ਖਾਂਦੇ ਢੱਗੇ ਹਾਰ ਗਏ

ਗੱਭਰੂ ਲੱਗ ਗਏ ਫ਼ੀਮਾ।

ਮੜਕ ਤੇਰੀ ਨੂੰ ਕੌਣ ਖਾ ਗਿਆ

ਚੋਬਰ ਜੱਟ ਸ਼ਕੀਨਾ।

ਪਾਸ਼ ਦੀ ਮੌਤ ਮਗਰੋਂ ਉਸਦੀਆਂ ਕੁਝ ਪ੍ਰਕਾਸ਼ਤ ਅਤੇ ਅਣ ਪ੍ਰਕਾਸ਼ਤ ਰਚਨਾਵਾਂ ਵੀ ਮਿਲੀਆਂ ਹਨ, ਜੋ ਇਸ ਪ੍ਰਕਾਰ ਹਨ। ਪਾਸ਼ ਦੀਆਂ ਚਿੱਠੀਆਂ, ਪਾਸ਼ ਦੀ ਡਾਇਰੀ (ਅਣਪ੍ਰਕਾਸ਼ਤ), ਢਾਣੀ ਰਜਿਸਟਰ (ਅਣਪ੍ਰਕਾਸ਼ਿਤ), ਪਿਤਾ ਵੱਲੋਂ ਖ਼ਤ (ਅਣਪ੍ਰਕਾਸ਼ਿਤ), ਭੈਣ ਵੱਲੋਂ ਖ਼ਤ (ਅਣਪ੍ਰਕਾਸ਼ਿਤ), ਖਿਲਰੇ ਹੋਏ ਵਰਕੇ (ਕਾਵਿ ਸੰਗ੍ਰਹਿ)। ਇਸ ਤੋਂ ਇਲਾਵਾ ਪਾਸ਼ ਨੇ ਰੋਹੀਲੇ ਬਾਣ, ਸਿਆੜ ਅਤੇ ਐਂਟੀ 47 ਪਰਚੇ ਵੀ ਕੱਢੇ।

* * * * *

Read 240 times
ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)

Email: (ajitksingh054@gmail.com)