ਅਜ਼ਾਦੀ ਤੋਂ ਪਹਿਲਾਂ ਇੱਕੋ ਭਾਰਤ ਸੀ, ਜਿਸ ਵਿੱਚ ਵਸਦੇ ਲੋਕਾਂ ਦੇ ਮਨਾਂ ਵਿੱਚ ਇੱਕੋ ਗੱਲ ਬੈਠੀ ਹੋਈ ਸੀ ਕਿ ਉਨ੍ਹਾਂ ਦੇ ਦੇਸ਼ ਉੱਤੇ ਅੰਗਰੇਜ਼ੀ ਹਕੂਮਤ ਦਾ ਰਾਜ ਹੈ ਤੇ ਉਹ ਗੁਲਾਮ ਭਾਰਤ ਦੇ ਵਾਸੀ ਹਨ। ਇਸੇ ਸੋਚ ਨੇ ਉਨ੍ਹਾਂ ਨੂੰ ਜਾਤਾਂ, ਧਰਮਾਂ, ਨਸਲਾਂ, ਭਾਸ਼ਾਵਾਂ ਅਤੇ ਇਲਾਕਾਈ ਭੇਦ ਭਾਵ ਤੋਂ ਉੱਪਰ ਉੱਠਕੇ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਲੜਾਈ ਲੜਨ ਲਈ ਪ੍ਰੇਰਿਤ ਕੀਤਾ ਸੀ। ਇੱਕੋ ਭਾਰਤ ਦੇ ਲੋਕਾਂ ਨੇ ਉਸ ਲੜਾਈ ਦਾ ਟੀਚਾ ਮਿਥਿਆ ਹੋਇਆ ਸੀ ਕਿ ਉਨ੍ਹਾਂ ਨੂੰ ਗੁਲਾਮੀ ਤੋਂ ਛੁਟਕਾਰਾ ਮਿਲੇਗਾ, ਉਨ੍ਹਾਂ ਦਾ ਆਜ਼ਾਦ ਭਾਰਤ ਦੇ ਨਾਗਰਿਕ ਕਹਾਉਣ ਦਾ ਸੁਪਨਾ ਪੂਰਾ ਹੋਵੇਗਾ। ਉਨ੍ਹਾਂ ਦੇ ਦੇਸ਼ ਦਾ ਆਪਣਾ ਸੰਵਿਧਾਨ, ਵਿਧਾਨ, ਝੰਡਾ, ਫੌਜ, ਪੁਲਿਸ, ਕਾਨੂੰਨ ਅਤੇ ਸਰਕਾਰ ਹੋਣਗੇ। ਉਨ੍ਹਾਂ ਨੂੰ ਹਰ ਇੱਕ ਖੇਤਰ ਵਿੱਚ ਇੱਕੋ ਜਿਹੇ ਮੌਕੇ ਮਿਲਣਗੇ। ਉਨ੍ਹਾਂ ਨਾਲ ਕਿਸੇ ਵੀ ਅਧਾਰ ’ਤੇ ਕੋਈ ਅਨਿਆਂ ਅਤੇ ਭੇਦ ਭਾਵ ਨਹੀਂ ਹੋਵੇਗਾ। ਉਨ੍ਹਾਂ ਨੂੰ ਵੋਟ ਪਾਉਣ ਦੇ ਮਿਲੇ ਅਧਿਕਾਰ ਨਾਲ ਆਪਣੀ ਸਰਕਾਰ ਖੁਦ ਚੁਣਨ ਦਾ ਅਧਿਕਾਰ ਹੋਵੇਗਾ ਅਤੇ ਹਰ ਤਰ੍ਹਾਂ ਦੀ ਪੂਰਨ ਆਜ਼ਾਦੀ ਹੋਵੇਗੀ। ਪਰ ਦੇਸ਼ ਦੇ ਮੌਜੂਦਾ ਹਾਲਾਤ ਇਹ ਦਰਸਾ ਰਹੇ ਹਨ ਕਿ ਸਾਡੇ ਦੇਸ਼ ਵਿੱਚ ਇੱਕ ਨਹੀਂ, ਦੋ ਭਾਰਤ ਵਸ ਰਹੇ ਹਨ। ਦੂਜੇ ਭਾਰਤ ਦੇ ਲੋਕਾਂ ਉੱਤੇ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ ਅਤੇ ਹੁਣ ਅੰਗਰੇਜ਼ਾਂ ਵਰਗੇ ਹੀ ਭਾਰਤੀ ਸਰਮਾਏਦਾਰੀ ਜਮਾਤ ਦਾ ਰਾਜ ਹੈ। ਉਹ ਕੇਵਲ ਕਹਿਣ ਲਈ ਹੀ ਅਜ਼ਾਦ ਹੋਏ ਹਨ, ਉਨ੍ਹਾਂ ਲਈ ਕੁਝ ਨਹੀਂ ਬਦਲਿਆ ਹੈ। ਪਹਿਲਾਂ ਉਹ ਵਿਦੇਸ਼ੀਆਂ ਦੇ ਗੁਲਾਮ ਸਨ ਤੇ ਹੁਣ ਆਪਣਿਆਂ ਦੇ ਗੁਲਾਮ ਹਨ। ਸਾਡੇ ਦੇਸ਼ ਵਿੱਚ ਇੱਕ ਭਾਰਤ ਉਹ ਹੈ ਜਿਸ ਉੱਤੇ ਸਰਮਾਏਦਾਰ ਵਰਗ ਕਾਬਜ਼ ਹੈ। ਸਰਕਾਰ, ਸੰਵਿਧਾਨ, ਵਿਧਾਨ, ਨਿਜ਼ਾਮ, ਪੁਲਿਸ, ਕਾਨੂੰਨ, ਅਰਥਚਾਰਾ, ਅਫਸਰਸ਼ਾਹੀ, ਮੀਡੀਆ ਅਤੇ ਜੁਡੀਸ਼ਰੀ, ਸਭ ਕੁਝ ਉਨ੍ਹਾਂ ਦੀ ਮਰਜ਼ੀ ਨਾਲ ਚੱਲਦਾ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਉਨ੍ਹਾਂ ਦੇ ਮੁਤਾਬਿਕ ਹੀ ਚਲਦੀ ਹੈ। ਸਰਕਾਰ ਨੂੰ ਚਲਾਉਣ ਦੀਆਂ ਨੀਤੀਆਂ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਹੀ ਬਣਦੀਆਂ ਹਨ।
ਪਹਿਲੀ ਕਿਸਮ ਦੇ ਭਾਰਤ ਦੇ ਲੋਕਾਂ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ। ਉਹ ਮਨ ਮਰਜ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਪਹਿਲੀ ਕਿਸਮ ਦਾ ਭਾਰਤ ਦੂਜੀ ਕਿਸਮ ਦੇ ਭਾਰਤ ਦੇ ਲੋਕਾਂ ਉੱਤੇ ਰਾਜ ਕਰ ਰਿਹਾ ਹੈ। ਅਮੀਰਾਂ ਅਤੇ ਗ਼ਰੀਬਾਂ ਦੀ ਸਿੱਖਿਆ ਇਨ੍ਹਾਂ ਦੋ ਭਾਰਤਾਂ ਵਿੱਚ ਹੀ ਵੰਡੀ ਹੋਈ ਹੈ, ਜਿਸਦਾ ਪਾੜਾ ਵਧਦਾ ਹੀ ਜਾ ਰਿਹਾ ਹੈ। ਜੇਕਰ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਕਿਸਮ ਦੇ ਭਾਰਤ ਦੇ ਲੋਕ ਆਪਣੀ ਮਨ ਮਰਜ਼ੀ ਦਾ ਇਲਾਜ ਕਰਵਾ ਸਕਦੇ ਹਨ, ਇੱਥੋਂ ਤਕ ਕਿ ਵਿਦੇਸ਼ਾਂ ਵਿੱਚ ਜਾਕੇ ਵੀ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹਨ ਪਰ ਦੂਜੇ ਭਾਰਤ ਦੇ ਲੋਕਾਂ ਲਈ ਹਸਪਤਾਲਾਂ ਵਿੱਚ ਨਾ ਡਾਕਟਰ ਹਨ ਅਤੇ ਨਾ ਹੀ ਦਵਾਈ। ਉਨ੍ਹਾਂ ਨੂੰ ਹਾਸਲ ਹਾਲਤਾਂ ਵਿਚ ਹੀ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਾ ਪੈਂਦਾ ਹੈ। ਇਸੇ ਲਈ ਸਾਡੇ ਦੇਸ਼ ਵਿੱਚ ਲੱਖਾਂ ਲੋਕ ਬਿਮਾਰੀਆਂ ਦੇ ਇਲਾਜ ਤੋਂ ਬਿਨਾਂ ਹੀ ਮਰ ਜਾਂਦੇ ਹਨ। ਵੋਟ ਦਾ ਅਧਿਕਾਰ ਦੋਹਾਂ ਭਾਰਤਾਂ ਦੇ ਲੋਕਾਂ ਕੋਲ ਹੈ ਪਰ ਸਰਕਾਰ ਪਹਿਲੇ ਭਾਰਤ ਦੇ ਲੋਕ ਹੀ ਬਣਾਉਂਦੇ ਹਨ ਕਿਉਂਕਿ ਦੂਜੇ ਭਾਰਤ ਦੇ ਲੋਕਾਂ ਨੂੰ ਕੇਵਲ ਕਹਿਣ ਲਈ ਹੀ ਵੋਟ ਦਾ ਅਧਿਕਾਰ ਪ੍ਰਾਪਤ ਹੈ ਪਰ ਉਹ ਨਾ ਤਾਂ ਆਪਣੀ ਮਰਜ਼ੀ ਨਾਲ ਵੋਟ ਦੀ ਵਰਤੋਂ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਹਨ। ਪਹਿਲੇ ਭਾਰਤ ਦੇ ਸਰਮਾਏਦਾਰ ਨਿਜ਼ਾਮ ਦੇ ਲੋਕ ਕਦੇ ਮੁਫ਼ਤ ਬਿਜਲੀ, ਆਟਾ-ਦਾਲ, ਪਾਣੀ, ਹੋਰ ਕਈ ਕੁਝ ਮੁਫ਼ਤ ਦੇਣ ਦਾ ਲਾਲਚ ਦੇਕੇ ਅਤੇ ਹੋਰ ਕਈ ਢੰਗਾਂ ਨਾਲ ਦੂਜੇ ਭਾਰਤ ਦੇ ਲੋਕਾਂ ਤੋਂ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਖੋਹ ਲੈਂਦੇ ਹਨ। ਉਹ ਹਰ ਪੰਜ ਸਾਲ ਬਾਅਦ ਨਵੇਂ ਢੰਗਾਂ ਦੇ ਜਾਲ਼ ਵਿਛਾ ਕੇ ਦੂਜੇ ਭਾਰਤ ਦੇ ਲੋਕਾਂ ਨੂੰ ਅਜਿਹਾ ਹਿੱਪਨੋਟਾਈਜ਼ ਕਰਦੇ ਹਨ ਕਿ ਆਪ ਸੱਤਾ ਉੱਤੇ ਕਾਬਜ਼ ਰਹਿੰਦੇ ਹਨ। ਕੇਵਲ ਪਾਰਟੀਆਂ ਦੇ ਨਾਂ ਬਦਲਦੇ ਹਨ, ਏਜੰਡਾ ਸਭ ਦਾ ਦੂਜੇ ਭਾਰਤ ਦੇ ਲੋਕਾਂ ਉੱਤੇ ਰਾਜ ਕਰਨਾ ਹੀ ਹੈ।
ਦੂਜੇ ਭਾਰਤ ਵਿੱਚ ਇੱਕ ਵਰਗ ਪ੍ਰਬੁੱਧ ਲੋਕਾਂ ਦਾ ਵੀ ਹੈ। ਉਹ ਗਿਣਤੀ ਵਿੱਚ ਆਟੇ ਵਿੱਚ ਨਮਕ ਦੇ ਬਰਾਬਰ ਹੈ। ਉਹ ਵਰਗ ਪਹਿਲੇ ਭਾਰਤ ਦੇ ਸਰਮਾਏਦਾਰੀ ਨਿਜ਼ਾਮ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਉਸ ਸਰਮਾਏਦਾਰੀ ਜਮਾਤ ਦੀਆਂ ਚਲਾਕੀਆਂ ਤੇ ਹੁਸ਼ਿਆਰੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਪਰ ਉਸ ਵਰਗ ਦੇ ਘੱਟ ਗਿਣਤੀ ਵਿੱਚ ਹੋਣ ਕਾਰਨ ਉਸਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਕਿਉਂਕਿ ਉਸੇ ਵਰਗ ਤੋਂ ਹੀ ਪਹਿਲੇ ਭਾਰਤ ਦੇ ਸਰਮਾਏਦਾਰ ਲੋਕਾਂ ਨੂੰ ਖਤਰਾ ਹੁੰਦਾ ਹੈ। ਜਦੋਂ ਪਹਿਲੇ ਪੂੰਜੀਪਤੀ ਭਾਰਤ ਨੂੰ ਦੂਜੇ ਭਾਰਤ ਤੋਂ ਕਿਸੇ ਤਰ੍ਹਾਂ ਦਾ ਖਤਰਾ ਲਗਦਾ ਹੈ ਤਾਂ ਜਾਤਾਂ, ਧਰਮਾਂ, ਭਾਸ਼ਾਵਾਂ, ਨਸਲਾਂ, ਇਲਾਕਿਆਂ ਪਾਣੀਆਂ ਦੇ ਨਾਂ ’ਤੇ ਦੰਗੇ ਫ਼ਸਾਦ ਕਰਵਾ ਦਿੰਦਾ ਹੈ, ਲੜਾਈਆਂ ਝਗੜੇ ਕਰਵਾ ਦਿੰਦਾ ਹੈ; ਅਦਾਲਤਾਂ ਵਿੱਚ ਮੁਕਦਮੇ ਚਲਵਾ ਦਿੰਦਾ ਹੈ। ਰਾਖਵੇਂਕਰਨ ਦੇ ਨਾਂ ਤੇ ਅੱਗਾਂ ਲਗਵਾ ਦਿੰਦਾ ਹੈ। ਆਪਣੀ ਹੋਂਦ ਨੂੰ ਪੇਤਲਾ ਪੈਂਦਾ ਵੇਖ ਸੰਵਿਧਾਨ ਦੀਆਂ ਕਾਪੀਆਂ ਫਾੜ ਦਿੰਦਾ ਹੈ ਤੇ ਉਸੇ ਸੰਵਿਧਾਨ ਦੀ ਸਹੁੰ ਚੁੱਕਦਾ ਹੈ, ਮੰਦਿਰਾਂ ਮਸਜਿਦਾਂ ਨੂੰ ਲੈਕੇ ਬਖੇੜੇ ਕਰਵਾ ਦਿੰਦਾ ਹੈ। ਜੇਕਰ ਚੋਣਾਂ ਦੌਰਾਨ ਹਾਲਤ ਆਪਣੇ ਹੱਕ ਵਿੱਚ ਨਾ ਲਗਦੇ ਹੋਣ ਤਾਂ ਅੱਤਵਾਦ ਫੈਲਾ ਦਿੰਦਾ ਹੈ ਅਤੇ ਕਰੋਨਾ ਦਾ ਖਤਰਾ ਪੈਦਾ ਕਰ ਦਿੰਦਾ ਹੈ। ਇਲਾਕਾਈ ਮਸਲਿਆਂ ਦਾ ਝਗੜਾ ਛੇੜ ਕੇ ਵੱਖਵਾਦ ਦੀ ਹਵਾ ਵੀ ਚਲਾ ਦਿੰਦਾ ਹੈ। ਸੱਤਾ ਲਈ ਇਹ ਪਹਿਲਾ ਭਾਰਤ ਕੁਝ ਵੀ ਕਰ ਸਕਦਾ ਹੈ। ਸਿਧਾਂਤਾਂ ਨੂੰ ਛਿੱਕੇ ਟੰਗਕੇ ਪਾਰਟੀਆਂ ਬਦਲ ਸਕਦਾ ਹੈ। ਵਿਰੋਧੀਆਂ ਨਾਲ ਹੱਥ ਮਿਲਾ ਸਕਦਾ ਹੈ। ਇਸ ਪਹਿਲੇ ਭਾਰਤ ਨੂੰ ਮਹਿੰਗਾਈ, ਬੇਰੋਜ਼ਗਾਰੀ, ਪੜ੍ਹਾਈ, ਦਵਾਈ, ਸਫਾਈ, ਆਰਥਿਕ ਮੰਦਹਾਲੀ ਅਤੇ ਦੂਜੇ ਭਾਰਤ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਫ਼ਿਕਰ ਨਹੀਂ। ਉਸ ਨੂੰ ਫ਼ਿਕਰ ਹੈ ਤਾਂ ਸਿਰਫ ਆਪਣੀ ਸੱਤਾ ਨੂੰ ਕਾਇਮ ਰੱਖਣ ਦਾ ਫ਼ਿਕਰ ਹੈ।
ਪਹਿਲੇ ਭਾਰਤ ਦੇ ਲੋਕਾਂ ਨੂੰ ਵੇਖਕੇ ਹੁਣ ਦੂਜੇ ਭਾਰਤ ਦੇ ਲੋਕ ਵੀ ਸਿਧਾਂਤਹੀਣਤਾ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਏ ਹਨ। ਉਹ ਵੀ ਉਸ ਪਾਰਟੀ ਨੂੰ ਵੋਟਾਂ ਦੇਣ ਲੱਗ ਪਏ ਹਨ ਜੋ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਫ਼ਤ ਦੀ ਸਹੂਲਤ ਦੇ ਸਕੇ ਅਤੇ ਉਨ੍ਹਾਂ ਨੂੰ ਨਾ ਕੋਈ ਟੈਕਸ ਦੇਣਾ ਪਵੇ ਤੇ ਨਾ ਹੀ ਉਨ੍ਹਾਂ ਨੂੰ ਕੋਈ ਕੰਮ ਕਰਨਾ ਪਵੇ। ਦੇਸ਼ ਦੀ ਮੌਜੂਦਾ ਸਥਿਤੀ ਨੇ ਦੇਸ਼ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦੇਸ਼ ਜਿਸ ਆਰਥਿਕ ਮੰਦਹਾਲੀ, ਅੱਤਵਾਦ, ਵੱਖਵਾਦ, ਨਸ਼ਿਆਂ, ਦੰਗੇ ਫਸਾਦਾਂ ਅਤੇ ਹੋਰ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ, ਉਸਦਾ ਪ੍ਰਬੁੱਧ ਵਰਗ ਨੂੰ ਫ਼ਿਕਰ ਹੈ ਕਿ ਸਾਡੇ ਮੁਲਕ ਦਾ ਭਵਿੱਖ ਕੀ ਹੋਵੇਗਾ?
* * * * *