You are here:ਮੁਖ ਪੰਨਾ»ਰਚਨਾ ਅਧਿਐਨ»ਇਹੋ ਜਿਹੇ ਲਾਪਰਵਾਹ ਡਾਕਟਰਾਂ ਬਾਰੇ ਤੁਸੀਂ ਕੀ ਆਖੋਗੇ ...

ਲੇਖ਼ਕ

Thursday, 01 January 2026 11:46

ਇਹੋ ਜਿਹੇ ਲਾਪਰਵਾਹ ਡਾਕਟਰਾਂ ਬਾਰੇ ਤੁਸੀਂ ਕੀ ਆਖੋਗੇ ...

Written by
Rate this item
(0 votes)

ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ। ਪਰ ਜੇ ਇਹੋ ਰੱਬ ਦਾ ਦੂਜਾ ਰੂਪ ਕੋਈ ਅਣਗਹਿਲੀ ਕਰੇ ਤਾਂ ਫਿਰ ਕੀ ਕੀਤਾ ਜਾਵੇ? ਇਹ ਵਾਕਿਆ 2017 ਦਾ ਹੈ। ਮੇਰੀ ਪਤਨੀ ਨੂੰ ਹਰਨੀਆ ਸੀ, ਇਲਾਜ ਲਈ ਮੈਂ ਉਸ ਨੂੰ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨਾਲ ਮੇਰਾ ਥੋੜ੍ਹਾ ਬਹੁਤ ਲਿਹਾਜ਼ ਸੀ। ਡਾਕਟਰ ਵੱਲੋਂ ਪਤਨੀ ਦਾ ਚੈੱਕਅਪ ਕੀਤਾ ਗਿਆ ਤੇ ਅਪਰੇਸ਼ਨ ਦੀ ਡੇਟ ਦੇ ਦਿੱਤੀ ਗਈ। ਅਪਰੇਸ਼ਨ ਹਸਪਤਾਲ ਵੱਲੋਂ ਹਾਇਰ ਕੀਤੇ ਡਾਕਟਰ ਦੁਆਰਾ ਕੀਤਾ ਜਾਣਾ ਸੀ, ਜਿਸ ਨੇ ਮੁਹਾਲੀ ਤੋਂ ਆਉਣਾ ਸੀ।

ਤੈਅ ਮਿਤੀ ਨੂੰ ਮੇਰੀ ਪਤਨੀ ਦਾ ਅਪਰੇਸ਼ਨ ਕਰ ਦਿੱਤਾ ਗਿਆ। ਕੁਝ ਦਿਨਾਂ ਪਿੱਛੋਂ ਸੰਬੰਧਿਤ ਦਵਾਈ ਅਤੇ ਜੋ ਪਰਹੇਜ਼ ਕੀਤਾ ਜਾਣਾ ਸੀ, ਉਸ ਬਾਰੇ ਦੱਸ ਕੇ ਸਾਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਸੀਂ ਘਰ ਵਾਪਸ ਆ ਗਏ।

ਕੁਝ ਦਿਨਾਂ ਬਾਅਦ ਮੇਰੀ ਪਤਨੀ ਦੇ ਪੇਟ ਵਿੱਚ ਮੁੜ ਦਰਦ ਹੋਣ ਲੱਗਾ। ਅਸੀਂ ਮੁੜ ਉਸੇ ਹਸਪਤਾਲ ਚਲੇ ਗਏ। ਹਸਪਤਾਲ ਦੇ ਡਾਕਟਰ ਨੇ ਚੈੱਕਅਪ ਕਰਨ ਪਿੱਛੋਂ ਕਿਹਾ, “ਇਨਫੈਕਸ਼ਨ ਹੈ, ਇਹ ਜਲਦੀ ਠੀਕ ਹੋ ਜਾਵੇਗੀ। ਇਸ ਵਾਸਤੇ ਕੁਝ ਦਿਨ ਹਸਪਤਾਲ ਵਿੱਚ ਰੱਖਿਆ ਜਾਵੇਗਾ।”

ਇਲਾਜ ਦੌਰਾਨ ਇੱਕ ਦਿਨ ਸ਼ਾਮ ਨੂੰ ਜਦੋਂ ਮੇਰੀ ਪਤਨੀ ਦੀ ਸਿਹਤ ਜ਼ਿਆਦਾ ਵਿਗੜ ਗਈ, ਡਾਕਟਰ ਨੇ ਪਤਨੀ ਨੂੰ ਲੁਧਿਆਣੇ ਲੈ ਜਾਣ ਲਈ ਆਖ ਦਿੱਤਾ। ਲੁਧਿਆਣਾ ਹਸਪਤਾਲ ਦੇ ਡਾਕਟਰਾਂ ਨੇ ਪਤਨੀ ਨੂੰ 15 ਦਿਨਾਂ ਪਿੱਛੋਂ ਹਸਪਤਾਲ ਵਿੱਚੋਂ ਡਿਸਚਾਰਜ ਕਰ ਦਿੱਤਾ ਅਤੇ ਨਾਲ ਹੀ ਹਫ਼ਤੇ ਪਿੱਛੋਂ ਚੈੱਕ ਕਰਵਾਉਂਦੇ ਰਹਿਣ ਲਈ ਆਖ ਦਿੱਤਾ।

ਸਾਲ, ਡੇਢ ਸਾਲ ਆਰਾਮ ਰਹਿਣ ਪਿੱਛੋਂ ਪਤਨੀ ਦੇ ਮੁੜ ਦਰਦ ਸ਼ੁਰੂ ਹੋ ਗਿਆ। ਅਸੀਂ ਵੱਖ ਵੱਖ ਡਾਕਟਰਾਂ ਤੋਂ ਚੈੱਕਅਪ ਕਰਵਾਇਆ। ਉਹਨਾਂ ਸਾਨੂੰ ਲੁਧਿਆਣੇ ਜਾਂ ਚੰਡੀਗੜ੍ਹ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਸਾਨੂੰ ਸਮਝ ਨਾ ਆਵੇ ਕਿ ਕਿੱਥੋਂ ਇਲਾਜ ਕਰਵਾਇਆ ਜਾਵੇ। ਅਸੀਂ ਚੋਖੇ ਪ੍ਰੇਸ਼ਾਨ ਹੋ ਗਏ। ਸਮੱਸਿਆ ਸਮਝ ਨਹੀਂ ਆ ਰਹੀ ਸੀ, ਉੱਤੋਂ 10-15 ਲੱਖ ਰੁਪਇਆ ਖਰਚ ਆ ਚੁੱਕਾ ਸੀ। ਮਾਨਸਿਕ ਪਰੇਸ਼ਾਨੀ ਵੱਖਰੀ। ਮੈਂ ਆਪਣੇ ਇੱਕ ਡਾਕਟਰ ਦੋਸਤ ਨਾਲ ਗੱਲ ਕੀਤੀ। ਉਸਦੀ ਬੇਟੀ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਸਰਜਨ ਸੀ। ਉਸਦੇ ਦੋਸਤ ਦੇ ਕਹਿਣ ’ਤੇ ਮੈਂ ਆਪਣੀ ਪਤਨੀ ਨੂੰ ਚੰਡੀਗੜ੍ਹ ਹਸਪਤਾਲ ਲੈ ਗਿਆ।

ਸਕੈਨ ਕੀਤੇ ਜਾਣ ਉੱਤੇ ਪੇਟ ਵਿੱਚ ਕਲਾਟਸ (Clots ਗੱਢਾਂ, ਗੱਠਾਂ) ਹੋਣ ਦੀ ਰਿਪੋਰਟ ਆਈ, ਜਿਸ ’ਤੇ ਡਾਕਟਰਾਂ ਵੱਲੋਂ ਅਪਰੇਸ਼ਨ ਦੀ ਸਲਾਹ ਦਿੱਤੀ ਗਈ। ਦੋ ਦਿਨ ਹੈੱਡ ਸਰਜਨ ਵੱਲੋਂ ਅਪਰੇਸ਼ਨ ਕੀਤਾ ਗਿਆ, ਜੋ ਤਕਰੀਬਨ 6 ਘੰਟੇ ਚੱਲਿਆ। ਅਪਰੇਸ਼ਨ ਕਰਨ ਵਾਲੀ ਟੀਮ ਵਿੱਚ ਮੇਰੇ ਦੋਸਤ ਦੀ ਬੇਟੀ ਵੀ ਸ਼ਾਮਲ ਸੀ। ਅਪਰੇਸ਼ਨ ਉਪਰੰਤ ਦੋਸਤ ਦੀ ਬੇਟੀ ਸਾਡੇ ਕੋਲ ਆਈ ਤੇ ਮੇਰੀ ਪਤਨੀ ਦੇ ਪੇਟ ਵਿੱਚੋਂ ਨਿਕਲਿਆ ਮਾਸ ਦਾ ਟੁਕੜਾ ਵਿਖਾਉਂਦੀ ਹੋਈ ਕਹਿਣ ਲੱਗੀ, “ਅੰਕਲ ਜੀ! ਆਂਟੀ ਦੇ ਪੇਟ ਵਿੱਚੋਂ ਗੌਜ਼ (Gauze, ਜਾਲ਼ੀਦਾਰ ਪੱਟੀ, ਜਿਹੜੀ ਜ਼ਖਮ ਨੂੰ ਸਾਫ ਕਰਨ ਜਾਂ ਖੂਨ ਸੋਖਣ ਲਈ ਜ਼ਖਮ ਦੇ ਉੱਪਰ ਲਾਈ ਜਾਂਦੀ ਹੈ।) ਨਿਕਲੀ ਹੈ। ਇਹ ਸ਼ਾਇਦ ਪਹਿਲਾਂ ਕਰਵਾਏ ਅਪਰੇਸ਼ਨ ਦੌਰਾਨ ਪੇਟ ਵਿੱਚ ਰਹਿ ਗਈ ਹੋਵੇ।”

ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਵਕਤ ਮੇਰਾ ਬੇਟਾ ਵੀ ਕੋਲ ਸੀ। ਅਪਰੇਸ਼ਨ ਉਪਰੰਤ ਪਤਨੀ ਦੇ ਪੇਟ ਵਿੱਚੋਂ ਨਿਕਲੇ ਮਾਸ ਦੇ ਟੁਕੜੇ ਨੂੰ ਲੈਬੌਟਰੀ ਭੇਜਿਆ ਗਿਆ। ਤਿੰਨ ਹਫਤੇ ਪਿੱਛੋਂ ਰਿਪੋਰਟ ਆਈ ਤਾਂ ਗੌਜ਼ ਦੀ ਪੁਸ਼ਟੀ ਹੋ ਗਈ ਹੈ। ਹਸਪਤਾਲ ਵਿੱਚੋਂ ਛੁੱਟੀ ਪਿੱਛੋਂ ਅਸੀਂ ਘਰ ਆ ਗਏ। ਜਦੋਂ ਇਸ ਸੰਬੰਧੀ ਅਸੀਂ ਉਸ ਹਸਪਤਾਲ ਦੇ ਡਾਕਟਰ ਕੋਲ (ਜਿਸ ਤੋਂ 2017 ਵਿੱਚ ਅਪਰੇਸ਼ਨ ਕਰਵਾਇਆ ਸੀ) ਜਾ ਕੇ ਦੱਸਿਆ ਕਿ ਤੁਹਾਡੇ ਡਾਕਟਰ ਨੇ ਅਪਰੇਸ਼ਨ ਸਮੇਂ ਲਾਪਰਵਾਹੀ ਕਰਦੇ ਹੋਏ ਪੇਟ ਵਿੱਚ ਗੌਜ਼ ਛੱਡ ਦਿੱਤੀ ਸੀ, ਪਹਿਲਾਂ ਤਾਂ ਉਹ ਸਾਫ਼ ਹੀ ਮੁੱਕਰ ਗਿਆ ਕਿ ਅਸੀਂ ਤਾਂ ਅਪਰੇਸ਼ਨ ਕੀਤਾ ਹੀ ਨਹੀਂ ਪਰ ਜਦੋਂ ਮੈਂ ਉਸ ਨੂੰ ਉਸ ਦੇ ਅਪਰੇਸ਼ਨ ਥੀਏਟਰ ਦੀ 10 ਹਜ਼ਾਰ ਫੀਸ ਵਾਲਾ ਬਿੱਲ ਵਿਖਾਇਆ ਗਿਆ ਤਾਂ ਉਹ ਕਹਿਣ ਲੱਗਾ ਕਿ ਜਿਸ ਡਾਕਟਰ ਨੇ ਅਪ੍ਰੇਸ਼ਨ ਕੀਤਾ ਹੈ, ਉਹ ਉਸ ਨੂੰ ਬੁਲਾਵੇਗਾ। ਫਿਰ ਕੀ ਸੀ, ਡਾਕਟਰ ਵੱਲੋਂ ਸਿਫਾਰਿਸ਼ਾਂ ਦੀ ਝੜੀ ਲੱਗ ਗਈ। ਮੀਟਿੰਗ ਕਰਨ ਲਈ ਸੁਨੇਹੇ ਆਉਣ ਲੱਗ ਪਏ। ਇੱਕ ਸਾਂਝੇ ਦੋਸਤ ਦੇ ਘਰ ਮੀਟਿੰਗ ਹੋਈ, ਜਿੱਥੇ ਉਹ ਡਾਕਟਰ, ਜਿਸਨੇ ਮੇਰੀ ਪਤਨੀ ਦਾ ਅਪਰੇਸ਼ਨ ਕੀਤਾ ਸੀ ਤੇ ਕੁਝ ਹੋਰ ਪਤਵੰਤੇ ਮੌਜੂਦ ਸਨ। ਬੜੀ ਹੈਰਾਨੀ ਹੋਈ ਜਦੋਂ ਡਾਕਟਰ ਆਪਣੀ ਗਲਤੀ ਮੰਨਣ ਦੀ ਥਾਂ ਇਹ ਕਹਿਣ ਲੱਗਾ ਕਿ ਸਟਿੱਚਿੰਗ ਵੇਲੇ ਮੇਰੇ ਸਹਾਇਕ ਕੋਲੋਂ ਗੌਜ਼ ਰਹਿ ਗਈ ਹੋਵੇਗੀ। ਡਾਕਟਰ ਦੇ ਮੂੰਹੋਂ ਇਹ ਗੱਲ ਮੈਨੂੰ ‘ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ’ ਵਾਲੀ ਗੱਲ ਲੱਗੀ। ਡਾਕਟਰ ਵੱਲੋਂ ਕੀਤੀ ਅਣਗਹਿਲੀ, ਅਣਗਹਿਲੀ ਨਹੀਂ ਸਗੋਂ ਇੱਕ ਬੱਜਰ ਗੁਨਾਹ ਜਾਪਿਆ ਕਿਉਂਕਿ ਡਾਕਟਰ ਦੀ ਉਸ ਲਾਹ ਪਰਵਾਹੀ ਦੀ ਵਜਾਹ ਕਰਕੇ ਮੇਰੀ ਪਤਨੀ ਨੇ ਤਿੰਨ ਵਰ੍ਹੇ ਦੋਜ਼ਖ ਭੁਗਤਿਆ।

ਡਾਕਟਰ ਦੀ ਉਸ ਅਣਗਹਿਲੀ ਕਾਰਨ ਮੇਰੀ ਪਤਨੀ ਦੀ ਸਿਹਤ ਨਾਲ ਜੋ ਖਿਲਵਾੜ ਹੋਇਆ, ਉਸ ਦਾ ਖ਼ਮਿਆਜ਼ਾ ਅਸੀਂ ਅੱਜ ਵੀ ਭੁਗਤ ਰਹੇ ਹਾਂ। ਡਾਕਟਰ ਵੱਲੋਂ ਪੇਟ ਵਿੱਚ ਗੌਜ਼ ਛੱਡੇ ਜਾਣ ਨੂੰ ਹਲਕੇ ਵਿੱਚ ਲੈਣਾ ਤੇ ਉਸਦੀ ਜ਼ਿੰਮੇਵਾਰੀ ਸਹਾਇਕ ’ਤੇ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਮੈਨੂੰ ਅੱਜ ਤਕ ਚੁੱਭਦਾ ਹੈ ਕਿਉਂਕਿ ਪੇਟ ਵਿੱਚ ਗੌਜ਼ ਸਦਕਾ ਮੇਰੀ ਪਤਨੀ ਮੌਤ ਦੇ ਮੂੰਹ ਵਿੱਚੋਂ ਬਚਕੇ ਨਿਕਲੀ ਹੈ।

* * * * *

Read 243 times
ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)

Email: (ajitksingh054@gmail.com)