ਉਸਦਾ ਨਾਮ ਰਾਮ ਗੋਪਾਲ ਬਲਾਨਾ ਹੈ। ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਅਤੇ ਲਾਡਲੇ ਇਸ ਵੀਰ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਕੌਲਗੜ੍ਹ ਵਿਖੇ ਪਿਤਾ ਦੇਸਰਾਜ ਅਤੇ ਮਾਤਾ ਪ੍ਰਕਾਸ਼ ਬਾਈ ਦੀ ਕੁੱਖੋਂ ਹੋਇਆ। ਇਸ ਅਣਭੋਲ ਬਾਲ ਨੇ ਆਪਣੇ ਨਿੱਕੇ-ਨਿੱਕੇ ਪੈਰਾਂ ਨਾਲ ਆਪਣੇ ਘਰ ਦੇ ਪੂਰੇ ਵਿਹੜੇ ਵਿੱਚ ਅਜੇ ਤੁਰ ਕੇ ਵੀ ਨਹੀਂ ਸੀ ਦੇਖਿਆ ਕਿ ਤਿੰਨ ਸਾਲ ਦੀ ਉਮਰ ਵਿੱਚ ਹੀ ਹੋਣੀ ਵਰਤ ਗਈ ਤੇ ਬੁਖਾਰ ਵਿੱਚ ਉਸਦੀਆਂ ਲੱਤਾਂ ਖੜ੍ਹ ਗਈਆਂ। ਥੋੜ੍ਹਾ ਵੱਡੇ ਹੋਣ ’ਤੇ ਜਦੋਂ ਉਸਨੂੰ ਆਪਣੀ ਇਸ ਹਾਲਤ ਦਾ ਅਹਿਸਾਸ ਹੋਇਆ ਤਾਂ ਉਸਦੇ ਅੰਦਰ ਇੱਕ ਚੀਸ ਉੱਠਦੀ।