ਕੁੱਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ (11 ਅਕਤੂਬਰ 2026) ਵਿੱਚ ਵਿਦਵਾਨ ਲੇਖਕ ਸਵਰਾਜਵੀਰ ਨੇ ‘ਦਲਿਤ ਹੋ… ਚੁੱਪ ਰਹੋ’ ਸਿਰਲੇਖ ਹੇਠ ਲਿਖਿਆ ਸੀ; ‘ਸਨੇਹਾ ਇਹ ਹੈ ਕਿ ਭਾਵੇ ਤੁਸੀਂ ਸਨਮਦੀਪ ਦਾ ਪਰਵਾਰ ਹੋ ਜਾਂ ਗੁਲਜਾਰ ਸਿੰਘ ਦਾ ਪਰਿਵਾਰ ਜਾਂ ਸ਼ਾਮਲਾਟ ਦਾ ਹਿੱਸਾ ਮੰਗਦੇ ਦਲਿਤ ਜਾਂ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਸਮਾਜ ਵਿੱਚ ਆਪਣਾ ਦਰਜਾ ਪਛਾਣੋ ਆਪਣੀ ਹਸਤੀ ਤੇ ਔਕਾਤ ਪਛਾਣੋ, ਰੌਲਾ ਨਾ ਪਾਓ, ਰੋਸ ਨਾ ਪ੍ਰਗਟਾਓ, ਵਿਦਰੋਹ ਨਾ ਕਰੋ, ਚੁੱਪ ਰਹੋ, ਤੁਸੀਂ ਦਲਿਤ ਹੋ। ਸੱਤਾ ਦਾ ਸੁਨੇਹਾ ਹੈ, “ਕੀ ਹੋਇਆ ਤੁਹਾਡੇ ਕੋਲ ਅੰਬੇਡਕਰ ਦੇ ਬੋਲ ਹਨ, ਸਾਡੇ ਕੋਲ ਅੰਬੇਡਕਰ ਦੀ ਤਸਵੀਰ ਹੈ, ਸੱਤਾ ਦੀ ਤਹਿਰੀਰ ਹੈ… ਤੁਸੀਂ ਚੁੱਪ ਰਹੋ! ਤੁਸੀਂ ਚੁੱਪ ਰਹੋ।”
ਸਨਮਦੀਪ, ਗੁਲਜ਼ਾਰ ਸਿੰਘ ਅਤੇ ਹਰਮੇਸ਼ ਮਾਲੜੀ ਸਭ ਦਲਿਤ ਹਨ। ਉਹ ਸਮਾਜਿਕ ਦੁਰਵਿਵਹਾਰ ਤੋਂ ਤੰਗ ਆ ਕੇ ਖੁਦਕਸ਼ੀ ਕਰ ਗਏ। ਗੁਲਜ਼ਾਰ ਸਿੰਘ ਇੱਕ ਮੰਤਰੀ ਨੂੰ ਨਸ਼ਿਆਂ ਦੇ ਬੰਦ ਨਾ ਹੋਣ ਬਾਰੇ ਸਵਾਲ ਪੁੱਛ ਬੈਠਿਆ ਤੇ ਉਹ ਮੰਤਰੀ ਦੇ ਉੱਚ ਜਾਤੀ ਚਹੇਤਿਆਂ ਦੀ ਨਫਰਤ ਅਤੇ ਗਾਲੀ ਗਲੋਚ ਦਾ ਸ਼ਿਕਾਰ ਹੋ ਗਿਆ। ਹਰਮੇਸ਼ ਮਾਲੜੀ ਖੇਤ ਮਜ਼ਦੂਰਾਂ ਦਾ ਆਗੂ ਹੈ ਅਤੇ ਉਸ ਨੂੰ ਪਾਸ-ਹੰਸ ਰਾਜ ਕੰਪਲੈਕਸ ਵਿੱਚ ਜਾਤੀ ਸੂਚਕ ਸ਼ਬਦ ਵਰਤ ਕੇ ਬੇਇੱਜ਼ਤ ਕੀਤਾ ਗਿਆ। ਪੰਜਾਬ ਵਿੱਚ ਨਸ਼ਿਆਂ ਨਾਲ ਸਿਰਫ ਦਲਿਤ ਹੀ ਨਹੀਂ, ਬਲਕਿ ਸਾਰਾ ਸਮਾਜ ਹੀ ਪ੍ਰਭਾਵਿਤ ਹੋ ਰਿਹਾ ਹੈ। ਗੁਲਜ਼ਾਰ ਸਿੰਘ ਪੂਰੇ ਸਮਾਜ ਦੇ ਹਿਤ ਲਈ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ, ਉਹ ਕੇਵਲ ਆਪਣੇ ਲਈ ਨਹੀਂ ਬੋਲ ਰਿਹਾ। ਸਟੇਟ ਨੂੰ ਸਵਾਲ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਪਾਸ਼-ਹੰਸ ਰਾਜ ਨੂੰ ਸਮਾਜ ਨਾਇੱਕ ਮੰਨ ਚੁੱਕਿਆ ਹੈ ਪਰ ਉਨ੍ਹਾਂ ਪ੍ਰਤੀ ਯਾਦਗਾਰ ਨੂੰ ਹੋਏ ਲੈਕੇ ਵਿਵਾਦ ਤੇ ਦਲਿਤ ਹਰਮੇਸ਼ ਮਾਲੜੀ ਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ। ਅਖੌਤੀ ਉੱਚ ਜਾਤੀਏ ਉਸ ਦਾ ਨਿਰਾਦਰ ਕਰਦੇ ਹਨ ਕਿ ਉਹ ਆਤਮਹੱਤਿਆ ਕਰ ਜਾਂਦਾ ਹੈ। ਕੀ ਸਮਾਜ ਦੇ ਨਾਇਕਾਂ ਬਾਰੇ ਵੀ ਦਲਿਤ ਨਹੀਂ ਬੋਲ ਸਕਦੇ? ਇਹ ਉਸ ਪੰਜਾਬੀ ਸਮਾਜ ਵਿੱਚ ਹੋ ਰਿਹਾ ਹੈ ਜਿਸ ਨੂੰ ਬਹੁਤ ਉਦਾਰਵਾਦੀ ਮੰਨਿਆ ਜਾ ਰਿਹਾ ਹੈ ਅਤੇ ਇਹ ਉਦਾਰਤਾ ਸਿੱਖ ਗੁਰੂ ਸਹਿਬਾਨ ਦੀ ਸਿੱਖਿਆ ਦਾ ਪ੍ਰਭਾਵ ਮੰਨੀ ਜਾਂਦੀ ਹੈ। ਫਿਰ ਜਾਤ-ਪਾਤ ਦੇ ਜਨਮਦਾਤੇ ਉਸ ਸਮਾਜ ਵਿੱਚ ਦਲਿਤ ਭਾਈਚਾਰੇ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ ਹੋਵੇਗਾ ਜਿਥੇ ਸਿੱਖੀ ਦਾ ਕੋਈ ਪ੍ਰਭਾਵ ਹੀ ਨਹੀਂ ਹੈ, ਵੱਡਾ ਸਵਾਲ ਹੈ।
ਪੰਜਾਬੀ ਪੇਂਡੂ ਸਮਾਜ ਵਿੱਚ ਖੇਤੀ ਕਰਦੇ ਜੱਟ ਭਾਈਚਾਰੇ ਦਾ ਦਬਦਬਾ ਹੈ। ਸਮਾਜ ਦੇ ਇਸ ਤਬਕੇ ਤੇ ਜੱਟਵਾਦ ਭਾਰੂ ਹੈ। ਮੈਂ ਜੱਟ ਹਾਂ … ਅਸੀਂ ਜੱਟ ਹੁੰਦੇ ਹਾਂ … ਵਗੈਰਾ ਵਗੈਰਾ ਅਲੰਕਾਰ ਵਰਤ ਕੇ ਆਪਣੀ ਪਹਿਚਾਣ ਕਰਵਾਈ ਜਾਂਦੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਹੈ; ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ। (ਪੰਨਾ 1127) ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਾਤ ਦਾ ਹੰਕਾਰ ਨਾ ਕਰੋ ਕਿਉਂਕਿ ਇਸ ਹੰਕਾਰ ਨਾਲ ਬਹੁਤ ਵਿਕਾਰ ਪੈਦਾ ਹੁੰਦੇ ਹਨ। ਜਾਤ-ਪਾਤ ਦੇ ਸਿਧਾਂਤਕ ਵਿਰੋਧੀ ਸਿੱਖ ਧਰਮ ਤੇ ਪੂਰਾ ਕਾਬਜ ਜੱਟ ਭਾਈਚਾਰਾ, ਗੁਰੂ ਦੇ ਫੁਰਮਾਨ ਦੀ ਵੀ ਪ੍ਰਵਾਹ ਨਾ ਕਰਦਾ ਹੋਇਆ ਜਾਤ ਅਭਿਮਾਨੀ ਹੈ। ਅਗਿਆਨਤਾ ਦੁਖਦਾਈ ਸਮਾਜਿਕ ਵਰਤਾਰਿਆਂ ਨੂੰ ਜਨਮ ਦਿੰਦੀ ਹੈ। ਜੱਟ ਭਰਾ ਇਸ ਗੱਲੋਂ ਅਣਜਾਣ ਹਨ ਕਿ ਹਿੰਦੂ ਵਰਨ ਵਿਵਸਥਾ ਅਨੁਸਾਰ ਜੱਟ ਵੀ ਸ਼ੂਦਰ ਹਨ। ਉਹ ਵਟਾਈ/ਪਟੇ ਤੇ ਖੇਤੀ ਕਰਦੇ ਸਨ। ਉਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਹੁੰਦੀ ਸੀ। ਲੇਖਕ ਪ੍ਰੀਤਮ ਸਿੰਘ ਐਮ ਏ ਮੁਤਾਬਿਕ ; “ਪਹਿਲੀ ਜਨ ਗਣਨਾ 1881 ਈ:, ਸਮੁੱਚੇ ਦੇਸ਼ ਵਿੱਚ ਚਾਰ ਪੜਾਵਾਂ ਵਿੱਚ ਹੁੰਦੀ ਹੋਈ ਕਈ ਸਾਲਾਂ ਵਿੱਚ ਸੰਪੰਨ ਹੋਈ ਜਿਸ ਦੀ ਰਿਪੋਰਟ ਡਾਇਰੈਕਟਰ ਸਰ ਈ. ਡੀ. ਇਬਟਸਨ ਨੇ, 1888 ਈ: ਵਿੱਚ ਤਿਆਰ ਕੀਤੀ ਜੋ 1892 ਵਿੱਚ ਛਪੀ ਸੀ। ਉਸ ਨੇ ਪੰਜਾਬ ਵਿੱਚ ਜਾਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਜੱਟ (JAT) Junior Agriculture Tenant ਭਾਵ ਜਮੀਨ ਨੂੰ ਖੋਦਣ ਅਤੇ ਵਾਹੁਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ, ਜਿਹਨਾਂ ਦਾ ਦਰਜਾ ਸਵਰਨ ਜਾਤਾਂ-ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼ ਤੋਂ ਵੀ ਨੀਵਾਂ ਹੈ ਅਤੇ ਜੱਟ ਨੂੰ ਸ਼ੁਦਰਾਂ ਵਿੱਚ ਸ਼ਾਮਲ ਕੀਤਾ ਹੈ। ਜੱਟਾਂ ਦੇ ਗੋਤ ਵੀ ਉੱਚ ਜਾਤਾਂ ਦੇ ਗੋਤਾਂ ਨਾਲ ਨਹੀਂ ਮਿਲਦੇ ਬਲਕਿ ਜੱਟਾਂ ਦੇ ਗੋਤ-ਸੰਧੂ, ਸਿੱਧੂ, ਢਿੱਲੋਂ, ਗਿੱਲ, ਰੰਧਾਵਾ ਅਤੇ ਚੌਹਾਨ ਆਦਿ ਸ਼ੂਦਰਾਂ ਨਾਲ ਮਿਲਦੇ ਹਨ। ਪਹਿਲਾਂ ਜ਼ਮੀਨ ਉੱਤੇ ਮਾਲਕੀ ਜੱਟ ਦੀ ਨਹੀਂ ਹੁੰਦੀ ਸੀ ਬਲਕਿ ਰਾਜੇ ਦੀ ਹੁੰਦੀ ਸੀ। ਜੱਟਾਂ ਨੂੰ ਜ਼ਮੀਨ ਦੀ ਮਾਲਕੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੌਰਾਨ 1710-1716 ਈ: ਦੌਰਾਨ ਹੀ ਦਿਤੀ ਸੀ। (ਦਲਿਤ ਸੰਘਰਸ਼ -ਉਦੇਸ਼ਕਾ-ਅਕਤੂਬਰ 2026) ਮੰਨੇ ਪ੍ਰਮੰਨੇ ਸਿੱਖ ਇਤਿਹਾਸਕਾਰ ਗੰਡਾ ਸਿੰਘ Life of Banda Singh Bahadur ਵਿੱਚ ਉਨ੍ਹਾਂ ਦਾ ਪਿਛੋਕੜ ਜੱਟ ਹੋਣ ਦਾ ਮੰਨਦੇ ਹਨ। ਇਬਿਟਸਨ ਵੀ ਬੰਦਾ ਸਿੰਘ ਬਹਾਦਰ ਦੇ ਪੈਰੋਕਾਰਾਂ ਨੂੰ ਜੱਟ ਹੋਣਾ ਮੰਨਦੇ ਹਨ। ਸੁਭਾਵਿਕ ਸੀ ਕਿ ਸਿੱਖ ਰਾਜ ਸਥਾਪਤ ਹੋਣ ਤੇ ਬੰਦਾ ਸਿੰਘ ਬਹਾਦਰ ਨੇ ਆਪਣੇ ਭਾਈਚਾਰੇ ਨੂੰ ਜ਼ਮੀਨ ਦੇ ਮਾਲਕੀ ਹੱਕ ਦੇ ਦਿੱਤੇ। ਹੈਰਾਨੀ ਹੈ ਕਿ ਇਹ ਜੱਟ ਭਾਈਚਾਰਾ, ਜੋ ਕਦੇ ਸ਼ੂਦਰ ਹੋਇਆ ਕਰਦਾ ਸੀ, ਦਲਿਤ ਭਾਈਚਾਰੇ ਨਾਲ ਦੁਰ ਵਿਵਹਾਰ ਕਰ ਰਿਹਾ ਹੈ।
ਇਹ ਵਰਤਾਰਾ ਪਿੰਡ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਪ੍ਰਤੱਖ ਦਿੱਖ ਰਿਹਾ ਹੈ ਪਰ ਸਾਡੀ ਦੁਨੀਆ ਦਾ ਇੱਕ ਅਜਿਹਾ ਕੋਨਾ ਵੀ ਹੈ ਜਿਥੇ ਹੋ ਰਿਹਾ ਜਾਤੀ ਭੇਦ-ਭਾਵ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ, ਉਹ ਕਰਿਆ ਹੀ ਇਸ ਤਰਾਂ ਜਾਂਦਾ ਹੈ ਕਿ ਉਹ ਸਮਾਜ ਦੇ ਦੂਸਰੇ ਕੋਨਿਆਂ ਵਿੱਚ ਭੇਦ-ਭਾਵ ਲਗਦਾ ਹੀ ਨਹੀਂ। ਇਹ ਕੋਨਾ ਸਰਕਾਰੀ ਅਫ਼ਸਰੀ ਅਤੇ ਹੋਰ ਜਨਤਕ ਅਦਾਰੇ ਹਨ। ਇਸ ਕੋਨੇ ਵਿੱਚ ਸਿੱਖਿਅਤ ਦਲਿਤਾਂ ਦਾ ਪ੍ਰਭਾਵਸ਼ਾਲੀ ਹੋਣਾ ਉੱਚ ਜਾਤੀਆਂ ਦੇ ਰੜਕਦਾ ਰਹਿੰਦਾ ਹੈ। ਇਸ ਅੰਦਰ ਭੇਦ-ਭਾਵੀ ਵਰਤਾਰੇ ਦੀ ਵਿਉਂਤਬੰਦੀ ਨੀਤੀਗਤ ਹੈ ਅਤੇ ਬੜੀ ਹੀ ਚਤੁਰਤਾ ਨਾਲ ਲਾਗੂ ਕੀਤੀ ਜਾਂਦੀ ਹੈ। ਪ੍ਰੋ. ਗੁਰਨਾਮ ਸਿੰਘ ਮੁਕਤਸਰ ਨੇ ਆਪਣੀ ਕ੍ਰਿਤ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਵਿੱਚ ਆਰ.ਐਸ.ਐੱਸ ਦਾ ਇੱਕ ਗੁਪਤ ਪੱਤਰ ਦਿੱਤਾ ਹੈ। ਇਸ ਦਸਤਾਵੇਜ ਮੁਤਾਬਿਕ ਦਲਿਤ ਵਰਗ ਦੇ ਅਫਸਰਾਂ/ਸਰਕਾਰੀ ਕਰਮਚਾਰੀਆਂ ਨੂੰ ਘਰੋਂ ਦੂਰ ਦਰਾਡੇ ਅਤੇ ਅਣਚਾਹੇ ਸਟੇਸ਼ਨਾਂ ਤੇ ਤਾਇਨਾਤ ਕੀਤਾ ਜਾਵੇ, ਉਨ੍ਹਾਂ ਨੂੰ ਆਰਥਿਕ ਤੌਰ ਤੇ ਪਛੜੇ ਰੱਖਿਆ ਜਾਵੇ, ਸਮਾਜਿਕ ਸਾਂਝ ਕਾਇਮ ਨਾ ਕਰਨ ਦਿੱਤੀ ਜਾਵੇ, ਉਨ੍ਹਾਂ ਦੀਆਂ ਸਲਾਨਾ ਰਿਪੋਰਟਾਂ ਖਰਾਬ ਕੀਤੀਆਂ ਜਾਣ… ਆਦਿ।
ਮੈਂ ਇੱਕ ਤਕਨੀਕੀ ਕਾਲਜ ਵਿੱਚ ਲੈਕਚਰਾਰ ਦੀ ਅਸਾਮੀ (1974) ਤੇ ਕੰਮ ਕਰ ਰਿਹਾ ਸੀ। ਪ੍ਰਿੰਸੀਪਲ ਸਾਹਿਬ ਗਰੈਜੂਏਟ ਹੋਣ ਦੇ ਨਾਲ-ਨਾਲ ਬੁਣਾਈ-ਕਢਾਈ ਦਾ ਤਕਨੀਕੀ ਡਿਪਲੋਮਾ ਹੋਲਡਰ ਸਨ। ਸਾਹਿਬ ਸਾਨੂੰ ਆਪਣਾ ਦੋਸਤ ਸਮਝਦੇ ਸਨ। ਉਨ੍ਹਾਂ ਲਈ ਦੋਸਤੀ ਦਾ ਅਰਥ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਉਣ ਤੋਂ ਸੀ। ਭਾਰਤ ਸਰਕਾਰ ਦੇ ਉਦਯੋਗ ਵਿਭਾਗ ਨੇ ਬੰਬਈ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਭਾਗ ਲੈਣ ਲਈ ਕੱਪੜੇ ਦੀ ਰੰਗਾਈ-ਛਪਾਈ ਦੇ ਮਾਹਿਰ, ਪ੍ਰੋਫੈਸਰ ਸਹਿਬਾਨ ਅਤੇ ਉਦਯੋਗਪਤੀ ਬੁਲਾਏ ਗਏ ਸਨ। ਸਾਹਿਬ ਨੇ ਬੰਬਈ ਦੇਖਣਾ ਸੀ (ਉਨ੍ਹੀਂ ਦਿਨੀਂ ਬੰਬੇ ਦੇਖਣ ਦਾ ਝੱਲ ਚੜ੍ਹਿਆ ਹੁੰਦਾ ਸੀ) … ਐਸਾ ਮੌਕਾ ਫਿਰ ਕਹਾਂ ਮਿਲੇਗਾ … ਨਾ ਹਿੰਗ ਲੱਗਣੀ ਸੀ ਨਾ ਫਟਕੜੀ। ਸਾਹਿਬ ਦਾ ਦੌਰਾ ਗੁਪਤ ਰੱਖਿਆ ਗਿਆ … ਗੁਪਤ ਹੀ ਰੱਖਣਾ ਬਣਦਾ ਸੀ ਕਿਉਂਕਿ ਭਾਸ਼ਨ ਲਿਖਣ ਵਾਲਾ ਲਾਇਬ੍ਰੇਰੀਅਨ ਸੀ। ਉਹ ਇਸ ਗੱਲੋਂ ਫੁੱਲਿਆ ਪਿਆ ਸੀ ਕਿ ਉਸ ਦਾ ਲਿਖਿਆ ਭਾਸ਼ਣ ਆਲ ਇੰਡੀਆ ਸੈਮੀਨਾਰ ਵਿੱਚ ਪੜ੍ਹਿਆ ਜਾਵੇਗਾ। ਉਸ ਨੇ ਆਪਣੀ ਖੁਸ਼ੀ ਮੇਰੇ ਨਾਲ ਸਾਂਝੀ ਕਰ ਲਈ ਸੀ। ਮੈਨੂੰ ਇਸ ਦਾ ਅਫਸੋਸ ਸੀ ਕਿ ਵਿਸ਼ੇ ਤੋਂ ਅਣਜਾਣ ਵਿਅਕਤੀ ਕੌਮੀ ਪੱਧਰ ਦੇ ਸੈਮੀਨਾਰ ਵਿੱਚ ਹਿੱਸਾ ਲੈਣ ਜਾ ਰਿਹਾ ਸੀ, ਉਹ ਭੀ ਭਾਸ਼ਣ ਲਾਇਬ੍ਰੇਰੀਅਨ ਤੋਂ ਲਿਖਵਾ ਕੇ ਜਿਸ ਨੂੰ ਵਿਸ਼ੇ ਦਾ ਊੜਾ ਆੜਾ ਵੀ ਨਹੀਂ ਆਉਂਦਾ ਸੀ। ਮੈਂ ਆਪਣਾ ਦੁੱਖ ਆਪਣੇ ਮਿੱਤਰਾਂ ਨਾਲ ਸਾਂਝਾ ਕਰਨ ਵੇਲੇ ਕਹਿ ਬੈਠਿਆ; ‘ਟੈਕਸਟਾਈਲ ਕੈਮਿਸਟਰੀ ਦੇ ਪ੍ਰੋਫੈਸਰ ਸਾਹਿਬ ਨੂੰ ਸੈਮੀਨਾਰ ਤੇ ਜਾਣਾ ਚਾਹੀਦਾ ਸੀ ਤਾਂ ਕਿ ਇਸ ਦਾ ਫਾਇਦਾ ਇੰਸਟੀਚਿਊਟ ਅਤੇ ਵਿਦਿਆਰਥੀਆਂ ਨੂੰ ਹੁੰਦਾ ਨਾ ਕਿ ਪ੍ਰਿੰਸੀਪਲ ਨੂੰ ਨਿੱਜੀ ਲਾਭ ਹੁੰਦਾ। ਗੱਲ ਸਾਹਿਬ ਦੇ ਕੰਨਾਂ ਤੱਕ ਪਹੁੰਚਾ ਦਿੱਤੀ ਗਈ। … ਚੁਗ਼ਲਖੋਰਾਂ ਨੇ ਆਪਣੇ ਕੰਮ ਵੀ ਤਾਂ ਕਰਵਾਉਣੇ ਸਨ। ਪ੍ਰਿੰਸੀਪਲ ਸਾਹਿਬ ਅਤੇ ਉਹਨਾਂ ਦੇ ਦਫਤਰ ਦਾ ਅਮਲਾ ਮੈਨੂੰ ਟੁੱਟ ਕੇ ਪੈ ਗਏ … ਤੁਸੀਂ ਕੌਣ ਹੋ ਦਫਤਰ ਦੇ ਕੰਮ ’ਚ ਬੋਲਣ ਵਾਲੇ … ਚੁੱਪ ਰਹੋ। ਉਸ ਦਿਨ ਤੋਂ ਬਾਅਦ ਲੰਬੀ ਦੁਖਦਾਈ ਕਹਾਣੀ ਸ਼ੁਰੂ ਹੋ ਗਈ ਸੀ।
ਟਰੇਨਿੰਗ ਖਤਮ ਹੋ ਚੁੱਕੀ ਸੀ। ਤਾਇਨਾਤੀ ਲਈ ਰਸਮ ਪੂਰਤੀ ਕਰਨ ਦੀ ਕਵਾਇਦ ਡਾਇਰੈਕਟਰ ਸਾਹਿਬ ਦੇ ਘਰ ਚਾਹ ਤੇ ਪੂਰੀ ਹੋ ਰਹੀ ਸੀ। ਸਭ ਨੇ ਆਪਨੀ ਲੋੜ ਮੁਤਾਬਿਕ ਤਜਵੀਜ਼ਾਂ ਅਤੇ ਦਲੀਲਾਂ ਨਾਲ ਤਰਲੇ ਮਿਨਤਾਂ ਕੀਤੀਆਂ। ਜਿਨ੍ਹਾਂ ਦੀ ਪਹੁੰਚ ਸੀ ਉਨ੍ਹਾਂ ਦੀ ਚਾਪਲੂਸੀ ਹੋ ਰਹੀ ਸੀ ਅਤੇ ਸਾਡੇ ਵਰਗਿਆਂ ਦੀ ਝਾੜ ਝੰਬ … ਉਸ ਵਕਤ ਬੰਬੇ ਸ਼ਹਿਰ ਵਿੱਚ ਰਿਹਾਇਸ਼ੀ ਮਕਾਨਾਂ ਦੀ ਬਹੁਤ ਕਿੱਲਤ ਸੀ, ਕੋਈ ਉੱਥੇ ਜਾਣ ਲਈ ਰਾਜੀ ਨਹੀਂ ਸੀ। ਪੂਰੀ ਤਨਖਾਹ ਵਿੱਚ ਰਹਿਣ ਲਈ ਇੱਕ ਖੋਲੀ ਵੀ ਕਿਰਾਏ ਤੇ ਨਹੀਂ ਮਿਲ ਸਕਦੀ ਸੀ। ਜਦ ਮੈਂ ਡਾਇਰੈਕਟਰ ਸਾਹਿਬ ਨੂੰ ਬੱਚਿਆਂ ਦਾ ਵਾਸਤਾ ਪਾ ਰਿਹਾ ਸੀ ਕਿ ਮੈਨੂੰ ਬੰਬੇ ਨਾ ਭੇਜਿਆ ਜਾਵੇ ਤਾਂ ਡਾਇਰੈਕਟਰ ਸਾਹਿਬ ਦੀ ਸ਼੍ਰੀਮਤੀ ਜੀ ਕੁੱਦ ਕੇ ਖਾਣ ਨੂੰ ਪਏ … ‘ਹੈਂ! ਤੂੰ ਬੰਬਈ ਨੀਂ ਜਾਣਾ ਚਾਹੁੰਦਾ … ਮੈਂ ਇਹਨੂੰ ਕਹੂੰਗੀ ਕਿ ਤੈਨੂੰ ਬੰਬੇ ਜਰੂਰ ਭੇਜੇ। ’ਉਸ ਦੀ ਕੜਕਵੀਂ ਅਤੇ ਕੁਸੈਲੀ ਅਵਾਜ ਨੇ ਸਭ ਨੂੰ ਭੈ-ਭੀਤ ਕਰ ਦਿੱਤਾ ਸੀ। ਮੇਰੇ ਸਮੇਤ ਬਹੁਤਿਆਂ ਨੂੰ ਬੰਬੇ ਤਾਇਨਾਤ ਕਰ ਦਿੱਤਾ ਗਿਆ, ਘਰ ਤੋਂ 2000 ਕਿਲੋਮੀਟਰ ਦੂਰ। ਗੁਪਤ ਚਿੱਠੀ ਦਾ ਇੱਕ ਮੱਦ ਅਮਲ ’ਚ ਆ ਰਿਹਾ ਸੀ। ਅਸੀਂ ਚਾਰ ਦਲਿਤ ਅਫਸਰਾਂ ਨੇ ਇੱਕ ਛੋਟੇ ਜਿਹੇ ਫਲੈਟ ਵਿੱਚ ਚਾਰ ਮਹੀਨੇ ਫਰਸ਼ ਤੇ ਸੌਂ ਕੇ ਕਿਵੇਂ ਕੱਢੇ, ਸਾਨੂੰ ਹੀ ਪਤਾ ਹੈ। ਜੇਕਰ ਸਾਨੂੰ ਸਾਡੇ ਘਰਾਂ ਦੇ ਨੇੜੇ ਤਾਇਨਾਤ ਕਰ ਦਿੱਤਾ ਜਾਂਦਾ ਤਾਂ ਸਾਡੇ ਪਰਿਵਾਰ ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ ਤੇ ਤਾਕਤਵਰ ਹੋ ਸਕਦੇ ਸਨ। ਸਾਡੀ ਕੋਈ ਸੁਣ ਨਹੀਂ ਰਿਹਾ ਸੀ … ਬਸ ਚੁੱਪ ਰਹੋ ਤੇ ਸੇਵਾ ਕਰੋ ਦਾ ਉਪਦੇਸ਼ ਸੁਣਾਉਂਦੇ ਰਹੇ ਸਨ।
ਭਾਰਤੀ ਰਾਜਸਵ ਸੇਵਾ (ਇੰਡੀਅਨ ਰੈਵੇਨਿਊ ਸਰਵਿਸ) ਵਿੱਚ ਕੰਮ ਕਰਨ ਦਾ ਅਰਥ, ਜੇਕਰ ਸੇਵਾ ਕਰਨੀ ਹੈ, ਤਦ ਇੱਕੋ ਹੋ ਸਕਦਾ ਹੈ ਕਿ ਇਸ ਦੇ ਮੈਂਬਰ ਵਜੋਂ ਭਾਰਤੀ ਸੰਵਿਧਾਨ ਦੇ ਤਹਿਤ ਕੰਮ ਕਰਦੇ ਹੋਏ ਤੁਸੀਂ ਕਾਨੂੰਨ ਮੁਤਾਬਿਕ ਜਾਇਜ ਮਾਲੀਆ ਸਰਕਾਰ ਲਈ ਇੱਕਠਾ ਕਰੋ। ਇਹ ਤਦ ਹੀ ਸੰਭਵ ਹੈ ਜੇਕਰ ਤੁਸੀਂ ਕ਼ਾਨੂਨ ਦੇ ਅੰਤਰੀਵ ਭਾਵ ਨੂੰ ਲਾਗੂ ਕਰੋਗੇ … ਬਣਦਾ ਟੈਕਸ ਲਵੋਗੇ ਅਤੇ ਵਾਧੂ ਦਾ ਕਰ-ਦਾਤਾ ਨੂੰ ਵਾਪਿਸ ਕਰੋਗੇ। ਸਰਵਿਸ ਦੇ ਪਹਿਲੇ ਮਹੀਨੇ ਦੌਰਾਨ ਹੀ ਇੱਕ ਮਾਮਲੇ ਵਿੱਚ ਕਾਨੂੰਨ ਦੀ ‘ਅੰਤਰੀਵ ਭਾਵਨਾ’ ਲਾਗੂ ਕਰ ਬੈਠਿਆ। ਸਾਰਾ ਮਹਿਕਮਾ ਕਹੇ … ਇਹ ਤਾਂ ਗਿਆ। ਵੱਡੇ ਸਾਹਿਬ ਨੇ ਮੇਰੇ ਬਾਸ ਨੂੰ ਮੇਰੇ ਸਾਹਮਣੇ ਕੁੱਝ ਇਸ ਤਰਾਂ ਕਿਹਾ; ‘ਇਹਨੂੰ ਕੁੱਝ ਸਮਝਾਓ!’ ਇਹਨੇ ਤਾਂ ਕਰ ਦਾਤਾ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਵੀ ਦੇ ਦਿੱਤਾ ਹੈ। ‘ਸੋਚ ਰਿਹਾ ਸੀ ਕਿਸੇ ਕਰਦਾਤਾ ਨੂੰ ਇਮਾਨਦਾਰ ਕਹਿਣਾ ਕੋਈ ਗੁਨਾਹ ਤਾਂ ਨਹੀਂ ਸੀ ਅਤੇ ਮੈਨੂੰ ਕੀ ਸਮਝਣ ਦੀ ਲੋੜ ਸੀ। ਸਮਝਣਾ ਇਹੀ ਸੀ ਕਿ … ਜਿਹੋ ਜਿਹਾ ਘਾਲਾ ਮਾਲਾ ਚੱਲ ਰਿਹੈ , ਤੂੰ ਵੀ ਉਮੇਂ ਜਿਵੇਂ ਕਰੀਂ ਜਾਇਆ ਕਰ। ਮੈਂ ਡਰਿਆ ਜਰੂਰ ਪਰ ਆਪਣੇ ਅਹਿਦ ਤੇ ਦ੍ਰਿੜ੍ਹ ਰਿਹਾ।
ਕੁੱਝ ਦਿਨਾਂ ਬਾਅਦ ਫਿਰ ਅਜਿਹੀ ਸਥਿਤੀ ਆ ਗਈ। ਇੱਕ ਘਰ ਦੀ ਤਲਾਸ਼ੀ ਮੁਹਿੰਮ ਦਾ ਇੰਚਾਰਜ ਸਾਂ। ਉਨ੍ਹਾਂ ਕੋਲ ਦਸਤਾਵੇਜ਼ੀ ਸਬੂਤ ਸਨ ਕਿ ਘਰ ਵਿੱਚ ਮੌਜੂਦ ਗਹਿਣੇ ਦੋ ਦਿਨ ਪਹਿਲਾਂ ਹੀ ਵਿਭਾਗ ਨੇ ਵਾਪਸ ਕੀਤੇ ਸਨ। ‘ਉੱਪਰੋਂ ਹੁਕਮ’ ਸਭ ਚੁੱਕ ਲਿਆਓ … ਅਖੇ ਸਾਰੇ ਇਨਾਮ (Reward) ਦੇ ਹੱਕਦਾਰ ਹੋ ਜਾਵਾਂਗੇ। ਮੈਂ ਨਾਂਹ ਕਰ ਦਿੱਤੀ। ਬਹੁਤਾ ਤੀਂਘਦੈਂ, ਨੌਕਰੀ ਤੋਂ ਛੁੱਟੀ ਕਰਵਾ ਦਿਆਂਗੇ … ਜੋ ਅਸੀਂ ਕਹਿੰਦੇ ਹਾਂ ਕਰੋ, ਸੁਣਨਾ ਪਿਆ। ਆਪਣੇ ਆਪ ਨੂੰ ਕਿਹਾ ਕਰ ਲੈ ਸੇਵਾ … ਉਹ ਚਾਹੁੰਦੇ ਹਨ … ਚੁੱਪ ਰਹਿ … ਸੇਵਾ ਕਰ ਸਾਡੀ। ਉਹ ਅਣਜਾਣ ਸਨ ਕਿ ਇਹ ਤੀਂਘ ਨਹੀਂ ਬਲਕਿ ਉਸ ਸੰਵਿਧਾਨ ਦੀ ਸੇਵਾ ਕਰਨ ਦੀ ਤਾਂਘ ਸੀ, ਜਿਸ ਦੀ ਸਰਕਾਰੀ ਨੌਕਰੀ ਜੁਆਇਨ ਕਰਨ ਵੇਲੇ ਹਰ ਸਰਕਾਰੀ ਕਰਮਚਾਰੀ ਸੌਂਹ ਚੁੱਕਦਾ ਹੈ।
ਝੂਠੀ ਸ਼ਿਕਾਇਤ ਨੂੰ ਬਹਾਨਾ ਬਣਾ ਕੇ ਅਣਚਾਹੀ ਤਾਇਨਾਤੀ ਕਰਨਾ, ਤਰੱਕੀ ਦੇ ਰਾਹ ’ਚ ਰੁਕਾਵਟਾਂ ਪੈਦਾ ਕਰਨਾ ਅਤੇ ਸੀਨੀਆਰਤਾ ਹੇਠਾਂ ਕਰ ਦੇਣਾ ਆਮ ਗੱਲ ਸੀ/ਹੈ। ਅਜਿਹੇ ਕੇਸ ਵੀ ਅੱਖੀਂ ਦੇਖੇ ਹਨ ਜਿੱਥੇ ਸੀ.ਬੀ.ਆਈ ਨੇ ਘਰ ਤਲਾਸ਼ਿਆ, ਨੋਟਾਂ ਦੀ ਬਰਸਾਤ ਵਿੱਚ ਬੱਚੇ ਨਹਾਏ ਪਰ ਵੀਹ ਸਾਲ ਬਾਦ ਸੱਜਣ ਬਾ-ਇੱਜਤ ਬਰੀ ਕੀਤੇ ਗਏ … ਸਰਵਿਸ ਵਿੱਚ ਸੀਨੀਆਰਤਾ, ਤਰੱਕੀ ਅਤੇ ਹੋਰ ਸਭ ਲਾਭ ਦਿੱਤੇ ਗਏ … ਉਹ ਉੱਚ ਜਾਤ ਦੇ ਸਨ, ਉਨ੍ਹਾਂ ਲਈ ਇਨਸਾਫ ਦੇ ਪੈਮਾਨੇ ਅਲੱਗ ਹਨ। ਸਾਡੇ ਕੁੱਝ ਅਫਸਰਾਂ ਨਾਲ ਜਿਆਦਤੀ ਹੋਈ। ਉਨ੍ਹਾਂ ਇਨਸਾਫ ਦੀ ਮੰਗ ਕੀਤੀ। ਰਾਤੋ ਰਾਤ ਸਭ ਨੂੰ ਅਣਚਾਹੀਆਂ ਪੋਸਟਾਂ ਅਤੇ ਥਾਵਾਂ ਤੇ ਤਬਦੀਲ ਕਰ ਦਿੱਤਾ ਗਿਆ। ਸੁਨੇਹਾ ਸਾਫ ਸੀ … ਐਨਾ ਥੋੜ੍ਹੇ ਤੁਹਾਨੂੰ ਤਰੱਕੀ ਦੇ ਦਿੱਤੀ … ਚੁੱਪ ਰਹੋ। ਅਜਿਹੇ ਸਟੇਸ਼ਨ ਦਿੱਤੇ ਜਿੱਥੇ ਕੋਈ ਭੀ ਜਾਣ ਨੂੰ ਤਿਆਰ ਨਹੀਂ ਸੀ … ਗੁਜਰਾਤ ਦੇ ਭਾਵਨਗਰ … ਪੰਜਾਬੀ ਸਰਦਾਰ ਨੂੰ ਕੋਈ ਮਕਾਨ ਦੇਣ ਨੂੰ ਤਿਆਰ ਹੀ ਨਹੀਂ ਸੀ। ਸ਼ਹਿਰ ਤੋਂ ਬਾਹਰ ਉੱਭਰ ਰਹੀ ਬਸਤੀ ਵਿੱਚ ਰਹਿਣਾ ਪਿਆ ਸੀ।
ਹੁਣ ਸਿਸਟਮ ਨੂੰ ਹੋਰ ਨੇੜਿਓਂ ਦੇਖ ਸਕਦਾ ਸੀ। ਤਾਲ-ਮੇਲ ਅਫਸਰ ਹੋਣ ਦੇ ਨਾਤੇ ਦੂਸਰੇ ਵਿਭਾਗਾਂ ਦੀ ਕਾਰਗੁਜ਼ਾਰੀ ਵੀ ਦੇਖ ਸਕਦੇ ਹੋ। ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿੱਚ ਇੱਕ ਰਾਖਵੇਂ ਕੋਟੇ ਦੇ ਉਮੀਦਵਾਰ ਦਾ ਬੰਦ ਲਿਫ਼ਾਫ਼ਾ ਪਿਛਲੇ ਸਾਲ ਤੋਂ ਸੀਲ ਬੰਦ ਹੀ ਪਿਆ ਸੀ। ਕਹਿਣ … ਇਹਦਾ ਕੀ ਦੇਖਣੈ … ਅੱਗੇ ਚੱਲੋ। ਸਾਡੇ ਫਿਰ ਸਿੰਗ ਫਸ ਗਏ, ਉਸ ਲਿਫਾਫੇ ਤੇ ਕਾਰਵਾਈ ਹੋਈ ਪਰ ਅੱਗੇ ਲਈ ਸਾਡਾ ਆਉਣਾ ਬੰਦ। ਸੁਨੇਹਾ ਓਹੀ ਸੀ … ਚੁੱਪ ਰਹੋ।
ਦੂਸਰੀ ਤਰੱਕੀ ਵੇਲੇ ਵੀ ਘਰ ਤੋਂ 2500 ਕਿਲੋਮੀਟਰ ਦੂਰ ਗੜਬੜ ਵਾਲੇ ਇਲਾਕੇ (Disturbed Area) ਗੁਹਾਟੀ (ਅਸਾਮ) ਤਾਇਨਾਤ ਕਰ ਦਿੱਤੇ ਗਏ। ਇਸ ਬੇਇਨਸਾਫ਼ੀ ਲਈ ਸੁਣਨਾ ਪਿਆ; “ਭਾਈ ਸਾਹਿਬ ਨੂੰ ਕਹੋ ਚੁੱਪ ਕਰਕੇ ਬੈਠਣ, ਬਹੁਤ ਉੱਚ ਪੱਧਰ ਤੋਂ ਬਦਲੀ ਦੇ ਹੁਕਮ ਹੋਏ ਹਨ, ਜਿਆਦਾ ਕੁੱਝ ਕਰਨਗੇ ਤਾਂ ਹੋਰ ਭੀ ਮੁਸੀਬਤ ਮੁੱਲ ਲੈ ਸਕਦੇ ਹਨ।” ਉਥੇ ਰਹਿਣ ਤੇ ਪਤਾ ਲੱਗਿਆ ਕਿ ਕੇਂਦਰ ਸਰਕਾਰ ਦੀ ਕੁੱਲ ਤਾਇਨਾਤੀ ਦੇ 60% ਅਫਸਰ ਅਨੁਸੂਚਿਤ ਜਾਤੀ/ਜਨ ਜਾਤੀ ਦੇ ਸਨ। ਇਹ ਕਿਹੋ ਜਿਹੀ ਮਾਨਸਿਕਤਾ ਹੈ … ਇੱਕ ਤਰਫ ਕਿਹਾ ਜਾਂਦਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਰਾਖਵੇਂਕਰਨ ਕਰਕੇ ਅਫਸਰ ਬਣੇ ਹੁੰਦੇ ਹਨ ਪਰ ਦੂਸਰੇ ਪਾਸੇ ਉਨ੍ਹਾਂ ਨੂੰ ਹੀ ਗੜਬੜ ਵਾਲੇ ਇਲਾਕਿਆਂ ਵਿੱਚ ਸਰਕਾਰ ਦਾ ਕੰਮ-ਕਾਜ ਕਰਨ ਲਈ ਤਾਇਨਾਤ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਥਾਵਾਂ ਤੇ ਤਾਂ ਸਰਕਾਰ ਦੇ ਆਹਲਾ ਅਫਸਰਾਂ ਦੀ ਲੋੜ ਹੁੰਦੀ ਹੈ ਤਾਂ ਕਿ ਹਾਲਾਤ ਨੂੰ ਸੁਧਾਰ ਕੇ ਜਨ-ਜੀਵਨ ਸੌਖਾ ਬਣਾਇਆ ਜਾ ਸਕੇ। ਇੱਥੇ ਇੱਕ ਮੀਟਿੰਗ ਦਾ ਜ਼ਿਕਰ ਕਰਦਾ ਹਾਂ। ਰਾਜਧਾਨੀ ਦਿੱਲੀ ਵਿਖੇ Central Board of Direct Taxes ਦੇ ਦਫਤਰ ਹਿੰਦੀ ਦੀ ਮੀਟਿੰਗ ਤੇ ਹਾਜ਼ਰੀ ਲਾਉਣਾ ਮੇਰੇ ਜਿੰਮੇਂ ਸੀ। ਮੀਟਿੰਗ ਖਤਮ ਹੋਈ। ਉਹੀ ਸੱਜਣ ਜਿਨ੍ਹਾਂ 1984 ਦੇ ਸਿੱਖ-ਕਤਲੇਆਮ ਵਾਲੇ ਹਾਲਾਤਾਂ ਦਰਮਿਆਨ ਮੇਰੀ ਛੁੱਟੀ (ਬੰਬੇ) ਲਈ ਹੀਲ ਹੁੱਜਤ ਕੀਤੀ ਸੀ ਅਤੇ ਹੁਣ ਚੀਫ ਕਮਿਸਨਰ ਬਣ ਚੁੱਕੇ ਸਨ, ਕਹਿਣ ਲੱਗੇ, ’ਜਗਰੂਪ, ਆ ਜਾ ਚਾਹ ਪੀ ਕੇ ਜਾਣਾ।’ ਚਾਹ ਪੀਣ ਵੇਲੇ ਉਨ੍ਹਾਂ ਦੀ ਨਜ਼ਰ ਪੁੱਛ ਰਹੀ ਸੀ; ਬਦਲੀ ਗੁਹਾਟੀ ਕਿਉਂ? ਮੈਂ ਕਿਹਾ; ‘ਸ਼੍ਰੀ ਮਾਨ ਜੀ ਅਸੀਂ ਪਿੰਡਾਂ ਦੇ ਸਕੂਲਾਂ ’ਚ ਪੜ੍ਹੇ ਹਾਂ ਜਿਨ੍ਹਾਂ ਦੀਆਂ ਦੀਵਾਰਾਂ ਤੇ ਲਿਖਿਆ ਹੁੰਦਾ ਸੀ; ਸਦਾ ਸੱਚ ਬੋਲੋ, ਮਿਹਨਤ ਕਰੋ, ਆਪਣਾ ਕੰਮ ਇਮਾਨਦਾਰੀ ਨਾਲ ਕਰੋ … ਤੇ ਇਹੀ ਮੈਂ ਕੀਤਾ, ਹੋਰ ਮੈਨੂੰ ਪਤਾ ਨਹੀਂ।’ ਕਹਿਣ ਲੱਗੇ; “ਜਗਰੂਪ ਤੂੰ ਬੜਾ ਭੋਲਾ ਹੈਂ, ਪਿੰਡਾਂ ਵਾਲੇ ਤਾਂ ਪੜ੍ਹਾਏ ਹੀ ਸ਼ਹਿਰਾਂ ਵਾਲਿਆਂ ਦੀ ਸੇਵਾ ਕਰਨ ਲਈ ਸਨ।” ਹੁਣ ਤੱਕ ਮੈਂ ਇਹ ਸਮਝ ਚੁੱਕਿਆ ਸੀ, ਬਸ ਸੁਣਨਾ ਬਾਕੀ ਸੀ। ਪਿੰਡਾਂ ਵਾਲਿਆਂ ਤੋਂ ਉਨ੍ਹਾਂ ਦਾ ਭਾਵ ਸ਼ਾਇਦ ਦਲਿਤਾਂ ਤੋਂ ਸੀ।
ਸਰਵਿਸ ਦਾ ਆਖਰੀ ਸਾਲ ਸੀ। ਹਰ ਸਰਕਾਰੀ ਨੌਕਰਸ਼ਾਹ ਅਤੇ ਹੋਰਨਾਂ ਸਭ ਲਈ ਇਹ ਅਜਿਹਾ ਸਾਲ ਹੁੰਦਾ ਹੈ ਜਦ ਉਹ ਆਪਣੇ ਇਸ਼ਟ ਅੱਗੇ ਦੁਆ ਕਰਨ ਲੱਗਦਾ ਹੈ ਕਿ ਸੁਖੀਂ ਸਾਂਦੀਂ ਰਿਟਾਇਰ ਹੋ ਜਾਵੇ … ਕਿਵੇਂ ਨਾ ਕਿਵੇਂ ਸਾਲ ਪੂਰਾ ਹੋ ਜਾਵੇ। ਮਾਰਚ 2007 ਵਿੱਚ ਵੱਡੇ ਸਾਹਿਬ ਮੀਟਿੰਗ ਬੁਲਾਉਂਦੇ ਹਨ। ਬਜਟ ਪੂਰਾ ਨਹੀਂ ਹੋ ਰਿਹਾ … ਸਾਰੇ ਹੱਥ ਖੜ੍ਹੇ ਕਰ ਜਾਂਦੇ ਹਨ … ਇੱਕ ਅਵਾਜ ਹੋਕੇ ਬੋਲਦੇ ਹਨ, ਜਗਰੂਪ ਜੇ ਤੂੰ ਫੇਲ ਹੋ ਗਿਆ ਤਾਂ ਅਸੀਂ ਸਾਰੇ ਫੇਲ ਹੋ ਜਾਵਾਂਗੇ … ਉਂਝ ਤਾਂ ਹਰ ਪਰਪੱਕ ਅਫਸਰ ਨੂੰ ਅਜਿਹਾ ਚੈਲੇਂਜ ਲੈਣਾ ਬਣਦਾ ਸੀ ਪਰ …। ਅਸੀਂ ਬਿਨਾਂ ਕਿਸੇ ਮੁਸੀਬਤ ਦੀ ਪ੍ਰਵਾਹ ਕਰੇ ਬਜਟ ਪਾਰ ਲੰਘਾ ਦਿੱਤਾ ਸੀ। ਇਹ ਮੇਰੀ ਉਸ ਸੰਵਿਧਾਨ ਪ੍ਰਤੀ ਵਚਨਵੱਧਤਾ ਸੀ ਜਿਸਨੇ ਮੈਨੂੰ ਸਕੂਲ, ਕਾਲਜ ਯੂਨੀਵਰਸਟੀ ਅਤੇ ਲੈਕਚ੍ਰਰਸ਼ਿਪ ਤੋਂ ਲੈ ਕੇ ਭਾਰਤੀ ਰਾਜਸ੍ਵ ਸੇਵਾ ਦਾ ਮੈਂਬਰ ਬਣਨ ਤੱਕ ਦਾ ਰਾਹ ਖੋਲ੍ਹਿਆ। ਸਮਾਜ ਦੇ ਉਹ ਤਬਕੇ ਨੂੰ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਜਿੱਥੇ ਸਾਡਾ ਦਾਖਲਾ ਵਰਜਿਤ ਸੀ … ਠੀਕ ਉਸੇ ਤਰਾਂ ਜਿਵੇਂ ਆਜ਼ਾਦੀ ਤੋਂ ਪਹਿਲਾਂ ਅੰਗਰੇਜ ਬੋਰਡ ਲਾ ਦਿੰਦੇ ਸਨ … ਭਾਰਤੀ ਅਤੇ ਕੁੱਤੇ ਨੂੰ ਅੰਦਰ ਆਉਣ ਦੀ ਇਜਾਜਤ ਨਹੀਂ ਹੈ।
ਦੇਸ਼ ਆਜ਼ਾਦ ਹੋਣ ਤੇ ਭਾਰਤੀ ਸੰਵਿਧਾਨ ਵਿੱਚ ਅਸੀਂ ਭਾਰਤੀਆਂ ਨੇ ਅਹਿਦ ਲਿਆ ਕਿ ਆਜ਼ਾਦ ਭਾਰਤ ਮਨੁੱਖੀ ਪ੍ਰਤਿਸ਼ਠਾ ਦੀ ਪ੍ਰਾਪਤੀ ਲਈ ਭਾਈਚਾਰਕ ਸਾਂਝ ਅਤੇ ਹਮਦਰਦੀ ਅਧਾਰਿਤ ਸਮਾਜ ਦਾ ਨਿਰਮਾਣ ਕਰਨ ਦਾ ਯਤਨ ਕਰੇਗਾ। ਸਵਾਰਾਜਵੀਰ ਹੁਰਾਂ ਦਾ ਅਜੋਕਾ ਅਤੇ ਮੇਰਾ ਬਿਰਤਾਂਤ ਤਾਂ ਇਹੋ ਸੁਝਾਅ ਰਿਹਾ ਹੈ ਕਿ ਅਸੀਂ ਇਸ ਟੀਚੇ ਦੇ ਨੇੜੇ ਜਾਣ ਦੀ ਬਜਾਏ ਦੂਰ ਹੋਈਂ ਜਾ ਰਹੇ ਹਾਂ।
ਕੋਈ ਪੰਦਰਾਂ ਕੁ ਸਾਲ ਪਹਿਲਾਂ, ਜਦ ਬ੍ਰਾਹਮਣਵਾਦੀ ਸੋਚ ਦੇ ਹੱਥ ਕੇਂਦਰੀ ਸੱਤਾ ਆ ਗਈ ਸੀ ਅਤੇ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਹਿੰਦੂ ਧਰਮ ਸ਼ਾਸ਼ਤਰਾਂ ਅਨੁਸਾਰ ਵਿਵਹਾਰ ਸ਼ੁਰੂ ਹੋ ਗਿਆ ਸੀ, ਇੱਕ ਕਵਿਤਾ ਲਿਖੀ ਸੀ ਜਿਸ ਦਾ ਇੱਕ ਬੰਦ ਇਸ ਤਰਾਂ ਸੀ;
ਜੱਜ, ਸਿਪਾਹੀ, ਸਾਹਿਬ ਡੀ.ਸੀ
ਸਾਡੇ ਆਪਣੇ ਬੰਦੇ ਨੇ।
ਕਰਵਾ ਦੇਵਾਂਗੇ ਥੋਡੀ ਘੀਸੀ
ਹੱਕ ਹਕੂਕ ਜੇ ਮੰਗੇ ਨੇ। …
ਹਰ ਕੌਮ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਿਦੇਸ਼ੀਆਂ ਵਿਰੁੱਧ ਹਰ ਕਿਸਮ ਦਾ ਹੱਥਕੰਡਾ ਅਪਣਾਉਂਦੀ ਹੈ ਪਰ ਸਾਡੇ ਦੇਸ਼ ਵਿੱਚ ਬਹੁ-ਗਿਣਤੀ ਧਰਮ ਦੇ ਪੈਰੋਕਾਰ ਆਪਣੇ ਹੀ ਧਰਮ ਦੇ ਇੱਕ ਵੱਡੇ ਹਿੱਸੇ ਨਾਲ ਬਦਸਲੂਕੀ ਕਰਨ ਤੇ ਤੁਲੇ ਰਹਿੰਦੇ ਹਨ, ਭਾਵੇਂ ‘ਉਹ ਹਿੱਸਾ’ ਸਾਰੇ ਸਮਾਜ ਦੇ ਭਲੇ ਲਈ ਹੀ ਕਿਉਂ ਨਾ ਸੋਚਦਾ ਹੋਵੇ। ਗੁਲਜ਼ਾਰ ਸਿੰਘ, ਸਨਮਦੀਪ ਸਿੰਘ ਅਤੇ ਹਰਮੇਸ਼ ਮਾਲੜੀ ਸਭ ਇਹੋ ਕਰ ਰਹੇ ਸਨ ਜਦਕਿ ਅਖੌਤੀ ਉੱਚ ਜਾਤੀਆ ਭਾਈਚਾਰਾ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦੇ ਰਿਹਾ ਸੀ। ਉਹ ਸਭ ਹੱਕ ਹੀ ਤਾਂ ਮੰਗ ਰਹੇ ਸਨ। ਹਾਲਾਂ ਕਿ ਉਹ ਸਭ ਦੇ ਹਿੱਤ ਦੀ ਗੱਲ ਕਰਦੇ ਸਨ ਪਰ ਉਹ ‘ਘੀਸੀ’ ਦੇ ਹੱਕਦਾਰ ਸਨ ਕਿਉਂਕਿ ਉਹ ਦਲਿਤ ਸਨ। ਉਨ੍ਹਾਂ ਨੂੰ ਜਹਾਨ ਤੋਂ ਹੀ ਰੁਖਸਤ ਹੋਣਾ ਪਿਆ।
ਜਾਪਦਾ ਹੈ ਕਿ ਸਮਾਜ ਦਾ ਹਾਸ਼ੀਏ ਤੇ ਧੱਕਿਆ ਤਬਕਾ ਭਾਵੇਂ ਉਹ ਜਮੀਂਦਾਰ ਹੈ ਜਾਂ ਦਲਿਤ ਸਾਰੇ ਹੀ ਅਮਿਤਾਵ ਘੋਸ਼ ਦੇ ਨਾਵਲ ‘The Glass Palace’ ਦੇ ‘ਮੁਕੁੰਦ’ ਹਨ, ਜੋ ਭਾੜੇ ਦਾ ਸਿਪਾਹੀ ਹੈ ਪਰ ਸਮਝ ਜਾਂਦਾ ਹੈ ਕਿ ਭਾਵੇਂ ਬੰਦੂਕ ਦਾ ਘੋੜਾ ਉਸ ਦੇ ਹੱਥ ਹੈ ਪਰ ਗੋਲੀ ਕਿਸੇ ਹੋਰ ਦੇ ਹੁਕਮ ਨਾਲ ਹੀ ਚਲਦੀ ਹੈ। ਉਸਦਾ ਕੰਮ ਹੁਕਮ ਮੰਨਣਾ … ‘ਚੁੱਪ ਰਹਿਣਾ’ … ਤੇ ਸੇਵਾ ਕਰਨਾ ਹੈ।

