ਨਵੰਬਰ 09, 2026

writingDetail.created_by
By: ਨਾਦਰਾ ਸਜਾਦ ਅਨਵਰ

ਮੇਰੇ ਬਾਬਾ ਜਾਨ

ਅਨਵਰ ਸਜਾਦ ‘ਅਨਵਰ’ ਸਿਰਫ਼ ਇੱਕ ਵੱਡੇ ਸ਼ਾਇਰ ਤੇ ਅਦੀਬ ਹੀ ਨਹੀਂ ਸਨ, ਬਲਕਿ ਨਿਹਾਇਤ ਆਲ੍ਹਾ ਜ਼ਰਫ਼, ਨਫ਼ੀਸ ਮਿਜ਼ਾਜ ਤੇ ਬਲੰਦ ਕਿਰਦਾਰ ਇਨਸਾਨ ਵੀ ਸਨ। ਉਹਨਾਂ ਦੀ ਸ਼ਖ਼ਸੀਅਤ ਇਲਮ, ਮੁਹੱਬਤ, ਸ਼ਾਇਸਤਗੀ ਤੇ ਇਨਸਾਨੀ ਦੋਸਤੀ ਦਾ ਹਸੀਨ ਸੰਗਮ ਸੀ। ਉਹ ਉਹਨਾਂ ਲੋਕਾਂ ਵਿੱਚੋਂ ਸਨ ਜੋ ਅਪਣੀ ਸ਼ਾਇਰੀ ਨਾਲ਼ ਦਿਲ ਜਿੱਤਣ ਦਾ ਹੁਨਰ ਜਾਣਦੇ ਸਨ ਤੇ ਅਪਣੇ ਕਿਰਦਾਰ ਨਾਲ਼ ਜ਼ਿੰਦਗੀਆਂ ਵੀ ਸੰਵਾਰਦੇ ਸਨ।

ਅੱਜ ਬਾਬਾ ਜਾਨ ਨੂੰ ਸਾਡੇ ਤੋਂ ਵਿੱਛੜਿਆਂ 20 ਸਾਲ ਹੋ ਚੁੱਕ ਨੇਂ, ਪਰ ਵਕਤ ਦੀ ਲੰਬੀ ਮੁਸਾਫ਼ਤ ਵੀ ਉਹਨਾਂ ਦੀਆਂ ਯਾਦਾਂ ਦੀ ਰੋਸ਼ਨੀ ਨੂੰ ਮੱਧਮ ਨਹੀਂ ਕਰ ਸਕੀ। ਉਹਨਾਂ ਦੀ ਆਵਾਜ਼ ਦੀ ਗੂੰਜ, ਮੁਹੱਬਤ ਦੀ ਹਰਾਰਤ, ਸ਼ਫ਼ਕਤ ਦੀ ਠੰਡਕ ਤੇ ਸ਼ਖ਼ਸੀਅਤ ਦਾ ਵਕਾਰ ਅੱਜ ਵੀ ਸਾਡੇ ਦਿਲਾਂ ਵਿੱਚ ਏਸ ਤਰ੍ਹਾਂ ਜ਼ਿੰਦਾ ਏ ਜਿਵੇਂ ਕੱਲ੍ਹ ਦੀ ਗੱਲ ਹੋਵੇ। ਕੁਦਰਤ ਕਈ ਵਾਰ ਅਪਣੇ ਚੁਣੇ ਹੋਏ ਬੰਦਿਆਂ ਨੂੰ ਏਹੋ ਜੇਹੀ ਬਕਾ ਬਖ਼ਸ਼ ਦੀ ਏ ਕਿ ਉਹਨਾਂ ਦੀ ਜੁਦਾਈ ਸਿਰਫ਼ ਜਿਸਮ ਦੀ ਜੁਦਈ ਹੀ ਰਹਿ ਜਾਂਦੀ ਏ।

ਬਾਬਾ ਅੱਜ ਅਗਰਚਿਹ ਸਾਡੇ ਵਿੱਚ ਮੌਜੂਦ ਨਹੀਂ, ਪਰ ਮੈਨੂੰ ਅਕਸਰ ਏਹ ਮਹਿਸੂਸ ਹੁੰਦਾ ਏ ਜਿਵੇਂ ਅੱਜ ਉਹ 20 ਸਾਲਾਂ ਦੇ ਹੋ ਗਏ ਨੇਂ … ਤੇ ਅਪਣੀ ਕਿਤਾਬਾਂ ਦੀ ਅਸ਼ਾਇਤ ਲਈ ਇੱਕ ਵਾਰੀ ਫ਼ੇਰ ਲੌਟ ਆਏ ਹੋਣ, ਤੇ ਏਸ ਵਾਰੀ ਅਨਮੋਲ ਦੇ ਰੂਪ ਵਿੱਚ ਸਾਡੇ ਵਿੱਚ ਮੌਜੂਦ ਹੋਣ। ਮੇਰੇ ਲਈ ਏਹ ਅਹਿਸਾਸ ਬਾਕਿਆ ਈ ਇੱਕ ਅਨਮੋਲ ਹਕੀਕਤ ਏ। ਮੈਂ ਏਹ ਅਹਿਸਾਸ ਅਪਣੇ ਦਿਲ ਦੀ ਪੂਰੀ ਸਚਾਈ ਨਾਲ਼ ਮਹਸੂਸ ਕੀਤਾ ਏ ਤੇ ਖ਼ੁਸ਼ ਆਂ ਕਿ ਅੱਜ ਮੈਂ ਉਹਨੂੰ ਪੂਰੀ ਦਿਆਨਤਦਾਰੀ ਨਾਲ਼ ਲਫ਼ਜ਼ਾਂ ਦੇ ਹਵਾਲੇ ਕਰ ਰਹੀ ਆਂ। ਓਹੋ ਜੇਹਾ ਅੰਦਾਜ਼, ਓਹੋ ਜੇਹੇ ਲਬੋ-ਲਹਿਜੇ ਦੀ ਸ਼ਾਇਸਤਗੀ, ਓਹੋ ਜਿਹੇ ਲਤੀਫ਼ ਮਜ਼ਾਹ ਤੇ ਸ਼ਖ਼ਸੀਅਤ ਦਾ ਵਕਾਰ, ਅਨਮੋਲ ਦੇ ਰੂਪ ਵਿੱਚ ਅੱਜ ਵੀ ਜ਼ਿੰਦਾ ਮਹਿਸੂਸ ਹੁੰਦਾ ਏ। ਏਹੋ ਜੇਹਾ ਲਗਦਾ ਏ ਜਿਵੇਂ ਵਕਤ ਨੇ ਉਹਨਾ ਦੇ ਵਜੂਦ ਨੂੰ ਓਝਲ ਤਾਂ ਕਰ ਦਿੱਤਾ,

18

ਪਰ ਉਹਨਾਂ ਦੀ ਤਹਿਜ਼ੀਬ, ਰੋਸ਼ਨੀ ਤੇ ਖ਼ੁਸ਼ਬੂ ਅਪਣੀ ਧੀ ਦੀ ਸ਼ਖ਼ਸੀਅਤ ਵਿੱਚ ਮਹਿਫ਼ੂਜ਼ ਕਰ ਦਿੱਤੀ ਹੋਵੇ।

ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਏ ਕਿ ਅਪਣੀ ਪਹਿਲੀ ਕਿਤਾਬ ‘ਖ਼ੌਫ਼ ਦੀ ਬਾਰਿਸ਼’ ਵਿੱਚ ਬਾਬਾ ਨੇ ਮੇਰਾ ਨਾਂ ਲਿਆ, ਮੇਰ ਜ਼ਿਕਰ ਕੀਤਾ ਤੇ ਮੇਰਾ ਸ਼ੁਕਰੀਆ ਅਦਾ ਕੀਤਾ, ਜਦੋਂ ਕਿ ਅਪਣੀ ਦੂਜੀ ਕਿਤਾਬ ‘ਬਰਫ਼ ਦਾ ਸੂਰਜ’ ਉਹਨਾਂ ਨੇ ਅਨਮੋਲ ਦੇ ਨਾਂ ਕਰ ਦਿੱਤੀ।

ਮੇਰੇ ਬਾਬਾ, ਅਨਵਰ ਸਜਾਦ ‘ਅਨਵਰ’ ਬਹੁਤ ਹੀ ਚੰਗੇ, ਸੱਚੇ ਤੇ ਖਰੇ ਇਨਸਾਨ ਸਨ। ਉਹਨਾਂ ਨੇ ਅਪਣੀ ਸਾਰੀ ਜ਼ਿੰਦਗੀ ਮੁਹੱਬਤ ਨਾਲ਼ ਵਸਰ ਕੀਤੀ। ਉਹ ਸਿਰਫ਼ ਇੱਕ ਚੰਗੇ ਇਨਸਾਨ ਹੀ ਨਹੀਂ ਸਨ, ਸਗੋਂ ਇੱਕ ਸੱਚੇ ਦੋਸਤ, ਇੱਕ ਦਲੇਰ ਇਨਸਾਨ, ਇੱਕ ਵੱਡੇ ਸ਼ਾਇਰ, ਮਜ਼ਾਹ ਨਗਾਰ, ਕਾਲਮ ਨਗਾਰ ਤੇ ਇੱਕ ਅਜ਼ੀਮ ਉਸਤਾਦ ਵੀ ਸਨ।

ਉਹਨਾਂ ਦੀ ਸ਼ਾਇਰੀ ਸਿਰਫ਼ ਸਾਡੀ ਨਸਲ ਲਈ ਈ ਨਹੀਂ, ਸਗੋਂ ਆਵਣ ਵਾਲ਼ੀਆਂ ਸਾਰੀਆਂ ਨਸਲਾਂ ਲਈ ਵੀ ਇੱਕ ਅਨਮੋਲ ਤੁਹਫ਼ਾ ਏ। ਸਾਡੇ ਬਾਬਾ ਨੇ ਹਮੇਸ਼ਾ ਸਾਨੂੰ ਸਚਾਈ, ਫ਼ਰਮਾਬਰਦਾਰੀ ਤੇ ਚੰਗੇ ਇਖ਼ਲਾਕ ਦਾ ਰਾਹ ਦਿਖਾਇਆ। ਉਹਨਾਂ ਦੀ ਮੁਹੱਬਤ ਤੇ ਤਰਬੀਅਤ ਅੱਜ ਵੀ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਰਮਾਇਆ ਏ। ‘ਖ਼ੌਫ਼ ਦੀ ਬਾਰਿਸ਼’ ਤੇ ‘ਬਰਫ਼ ਦਾ ਸੂਰਜ’ ਉਹਨਾਂ ਦੇ ਅਹਿਸਾਸਾਂ ਤੇ ਸ਼ਖ਼ਸੀਅਤ ਦਾ ਹੁਸੀਨ ਅਕਸ ਨੇਂ।

ਮੈਨੂੰ ਅਪਣੇ ਬਾਬਾ ਉੱਤੇ ਫ਼ਖ਼ਰ ਏ। ਮੈਂ ਪੂਰੇ ਮਾਣ ਨਾਲ਼ ਏਹ ਆਖਦੀ ਆਂ ਕਿਹ ਮੈਂ ਇੱਕ ਅਜ਼ੀਮ ਇਨਸਾਨ ਦੀ ਧੀ ਆਂ, ਜਿਸ ਦਾ ਨਾਂ ਅਨਵਰ ਸਜਾਦ ‘ਅਨਵਰ’ ਏ।

ਸ਼ੁਕਰੀਆ!

ਨਾਦਰਾ ਸਜਾਦ ਅਨਵਰ

ਅਨਵਰ ਸਜਾਦ ਦੀ ਬੇਟੀ

ਲਿੱਪੀਆਂਤਰ ਵੱਲੋਂ: ਕਿਰਪਾਲ ਸਿੰਘ ਪੰਨੂੰ