ਡਾ. ਗੁਰਬਖ਼ਸ਼ ਭੰਡਾਲ ਕੱਚੇ ਤੇ ਪੱਕੇ ਦੋਹਾਂ ਤਰ੍ਹਾਂ ਦੇ ਰਾਹਾਂ ਦਾ ‘ਪਾਂਧੀ’ ਹੈ। ਉਸ ਦਾ ਇਹ ਸਫ਼ਰ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਭੰਡਾਲ ਬੇਟ ਤੋਂ ਆਰੰਭ ਹੁੰਦਾ ਹੈ। ਇਹ ਲੰਮਾ ਸਫ਼ਰ ਧਾਲੀਵਾਲ ਬੇਟ, ਕਪੂਰਥਲਾ, ਜਲੰਧਰ, ਗੁਰੂਸਰ ਸੁਧਾਰ ਤੇ ਗੁਰੂ ਕੀ ਕਾਂਸ਼ੀ ਦਾ ‘ਕੱਚਾ ਰਸਤਾ’ ਤੈਅ ਕਰਕੇ ਹੁਸ਼ਿਆਰਪੁਰ ਦੀ ‘ਪੱਕੀ ਸੜਕ’ ਤੋਂ ਹੁੰਦਾ ਹੋਇਆ ਮੁੜ ਕਪੂਰਥਲਾ ਜਿੱਥੇ ਉਹ 1970’ਵਿਆਂ ਵਿੱਚ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੋਂ ਬੀ.ਐੱਸ. ਸੀ. ਤੱਕ ਵਿਦਿਆਰਥੀ ਰਿਹਾ ਹੈ, ਵਿਚ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਤੋਂ ਬਾਅਦ ਕਨੇਡਾ ਦਾ ‘ਹਵਾਈ ਮਾਰਗ’ ਫੜ੍ਹਦਾ ਹੈ। 2003 ਵਿਚ ਕੈਨੇਡਾ ਪਹੁੰਚ ਬਰੈਂਪਟਨ ਦੀਆਂ ਅਖ਼ਬਾਰਾਂ ‘ਪਰਵਾਸੀ’ ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਵਿੱਚ ਕੰਮ ਕਰਕੇ ਥੋੜ੍ਹਾ ਜਿਹਾ ਸਾਹ ਲੈਣ ਤੋਂ ਬਾਅਦ ਲੰਮੇਂ ਸਫ਼ਰ ਦਾ ਇਹ ‘ਪਾਂਧੀ’ 2015 ਵਿਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਨੂੰ ਚੱਲ ਪੈਂਦਾ ਹੈ ਅਤੇ ਉੱਥੇ ਉਡੀਕ ਰਹੀ ਕਲੀਵਲੈਂਡ ਸਟੇਟ ਯੂਨੀਵਰਸਿਟੀ ‘ਚ 40 ਸਾਲ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪਣਾ ਸੁਨਹਿਰੀ ਸੁਪਨਾ ਪੂਰਾ ਕਰਦਾ ਹੈ। 

ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਹਥਲੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ: ਪਾਕਿਸਤਾਨ ਦੀ ਯਾਤਰਾ’ ਦੀ ਲੇਖਿਕਾ ਰਜਵੰਤ ਕੌਰ ਸੰਧੂ ਨੂੰ ਆਰਥਿਕ ਤੰਗੀ ਵਾਲਾ ਤਾਂ ਕੋਈ ਮਸਲਾ ਨਹੀਂ ਸੀ ਅਤੇ ਕੈਨੇਡਾ ਦੀ ਨਾਗਰਿਕ ਹੋਣ ਕਰਕੇ ਨਾ ਹੀ ਪਾਕਿਸਤਾਨ ਦਾ ਪਾਸਪੋਰਟ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਸੀ। ਉਨ੍ਹਾਂ ਦੇ ਪਤੀ-ਦੇਵ ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਇਸ ਤੋਂ ਪਹਿਲਾਂ ਦੋ ਵਾਰ ਇਕੱਲੇ ਹੀ ਪਾਕਿਸਤਾਨ ਜਾ ਵੀ ਆਏ ਸਨ। ਉਹ ਆਪਣੀ ਸ਼ਰੀਕੇ-ਹਯਾਤ ਰਜਵੰਤ ਕੌਰ ਨੂੰ ਨਾਲ ਨਹੀਂ ਸਨ ਲੈ ਕੇ ਗਏ, ਜਿਸਦਾ ਇਸ ਲੇਖਿਕਾ ਨੂੰ ਡਾਹਡਾ ਗਿਲ੍ਹਾ ਵੀ ਹੈ। ‘ਬਹਾਨਾ’ ਪਹਿਲੀ ਵਾਰ 2001 ਵਿੱਚ ਫ਼ਖਰ ਜ਼ਮਾਂ ਵੱਲੋਂ ਲਾਹੌਰ ਵਿੱਚ ਕਰਵਾਈ ਗਈ ਉਨ੍ਹਾਂ ਵੱਲੋਂ ਪਹਿਲੀ ਆਲਮੀ ਪੰਜਾਬੀ ਕਾਨਫ਼ਰੰਸ ਵਿੱਚ ਲੇਖਕਾਂ ਨੂੰ ਆਪਣੀਆਂ ਪਤਨੀਆਂ ਨੂੰ ਨਾਲ ਨਾ ਲਿਜਾਣ ਦਾ ਅਤੇ ਫਿਰ ਦੂਸਰੀ ਵਾਰ ਹਰਨੇਕ ਸਿੰਘ ਘੜੂੰਆਂ ਵੱਲੋਂ ਕੇਵਲ ਉਨ੍ਹਾ ਦਾ ਆਪਣਾ (ਵਰਿਆਮ ਸਿੰਘ ਸੰਧੂ ਦਾ) ਹੀ ਪਾਸਪੋਰਟ ਮੰਗੇ ਜਾਣ ਦਾ ਸੀ।