ਅੱਜ ਦਾ ਯੁਗ ਵਿਗਿਆਨ, ਤਕਨੀਕ ਅਤੇ ਵਿਸ਼ਵੀਕਰਨ ਦਾ ਯੁਗ ਹੈ। ਹਰ ਪਾਸੇ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਹਨ। ਦੇਸ਼ ਹੋਵੇ ਜਾਂ ਸੂਬਾ, ਸ਼ਹਿਰ ਹੋਵੇ ਜਾਂ ਪਿੰਡ; ਸਭ ਥਾਂਈਂ ਵਿਕਾਸ ਦੇ ਨਾਅਰੇ ਗੂੰਜ ਰਹੇ ਹਨ। ਪਰ ਇਸੇ ਵਿਕਾਸ ਦੀ ਦੌੜ ਵਿੱਚ ਕਿਤੇ ਅਸੀਂ ਆਪਣੀ ਸੱਭਿਆਚਾਰਕ ਪਛਾਣ ਤੋਂ ਤਾਂ ਨਹੀਂ ਟੁੱਟ ਰਹੇ? ਇਹ ਸਵਾਲ ਅੱਜ ਹਰ ਚਿੰਤਨਸ਼ੀਲ ਵਿਅਕਤੀ ਦੇ ਮਨ ਵਿੱਚ ਉੱਠਣਾ ਲਾਜ਼ਮੀ ਹੈ। ਵਿਕਾਸ ਜ਼ਰੂਰੀ, ਪ੍ਰੰਤੂ ਕੀਮਤ? ਕੋਈ ਸ਼ੱਕ ਨਹੀਂ ਕਿ ਆਧੁਨਿਕਤਾ ਨੇ ਸਾਡੇ ਜੀਵਨ ਨੂੰ ਸੁਖਾਲਾ ਬਣਾਇਆ ਹੈ। ਮੋਬਾਇਲ ਫੋਨ, ਇੰਟਰਨੈੱਟ, ਆਨਲਾਈਨ ਸਿੱਖਿਆ, ਡਿਜਿਟਲ ਸੇਵਾਵਾਂ; ਇਹ ਸਭ ਕੁਝ ਅੱਜ ਸਾਡੀ ਜ਼ਰੂਰਤ ਬਣ ਚੁੱਕੇ ਹਨ। ਪੰਜਾਬ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਿਹਾ। ਖੇਤੀ ਵਿੱਚ ਮਸ਼ੀਨੀਕਰਨ, ਸਿੱਖਿਆ ਦਾ ਪਸਾਰ, ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਰੁਜ਼ਗਾਰ; ਇਹ ਸਭ ਵਿਕਾਸ ਦੀਆਂ ਨਿਸ਼ਾਨੀਆਂ ਹਨ।
ਪਰ ਸਵਾਲ ਇਹ ਹੈ ਕਿ ਕੀ ਇਹ ਵਿਕਾਸ ਸਾਡੀਆਂ ਜੜ੍ਹਾਂ ਨੂੰ ਕਮਜ਼ੋਰ ਤਾਂ ਨਹੀਂ ਕਰ ਰਿਹਾ? ਕੀ ਅਸੀਂ ਆਧੁਨਿਕ ਬਣਨ ਦੇ ਚੱਕਰ ਵਿੱਚ ਆਪਣੇ ਸੱਭਿਆਚਾਰ ਨੂੰ ਭੁੱਲ ਤਾਂ ਨਹੀਂ ਰਹੇ? ਸੱਭਿਆਚਾਰ ਸਿਰਫ ਰਸਮਾਂ ਨਹੀਂ ਹੁੰਦਾ, ਸਭਿਆਚਾਰ ਸਿਰਫ ਨੱਚਣ-ਗਾਉਣ ਜਾਂ ਪਹਿਰਾਵੇ ਦਾ ਨਾਮ ਨਹੀਂ; ਇਹ ਤਾਂ ਸਾਡੀ ਆਤਮਾ ਹੈ, ਸਾਡੀ ਪਛਾਣ ਹੈ। ਪੰਜਾਬੀ ਸੱਭਿਆਚਾਰ ਹਜ਼ਾਰਾਂ ਸਾਲਾਂ ਦੀ ਵਿਰਾਸਤ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸੂਫੀ ਕਵੀਆਂ ਦਾ ਪੈਗਾਮ, ਕਿਸਾਨਾਂ ਦੀ ਮਿਹਨਤ, ਔਰਤਾਂ ਦੇ ਲੋਕ ਗੀਤ, ਬਜ਼ੁਰਗਾਂ ਦੀਆਂ ਕਹਾਣੀਆਂ ਅਤੇ ਸਾਂਝੀਵਾਲਤਾ ਦੀ ਭਾਵਨਾ। ਪਰ ਅੱਜ ਕੀ ਹੋ ਰਿਹਾ ਹੈ? ਘਰਾਂ ਵਿੱਚ ਪੰਜਾਬੀ ਭਾਸ਼ਾ ਘੱਟ ਬੋਲੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਅੰਗਰੇਜ਼ੀ ਜਾਂ ਹਿੰਦੀ ਨੂੰ ਵਧੇਰੇ ਅਹਿਮੀਅਤ ਦੇ ਰਹੀ ਹੈ। ਲੋਹੜੀ, ਵਿਸਾਖੀ ਵਰਗੇ ਤਿਉਹਾਰ ਹੁਣ ਸਿਰਫ ਖਰੀਦਦਾਰੀ ਅਤੇ ਦਿਖਾਵੇ ਤਕ ਸੀਮਿਤ ਹੋ ਗਏ ਹਨ। ਭੰਗੜੇ, ਗਿੱਧੇ ਦੀ ਥਾਂ ਬਾਲੀਵੁੱਡ ਅਤੇ ਪੱਛਮੀ ਸੰਗੀਤ ਨੇ ਲੈ ਲਈ ਹੈ।
ਦਾਗਿਸਤਾਨ ਦੇ ਮਹਾਨ ਕਵੀ ਰਸੂਲ ਹਮਜ਼ਾਤੋਵ ਨੇ ਆਪਣੀ ਕਿਤਾਬ “ਮੇਰਾ ਦਾਗਿਸਤਾਨ” ਵਿੱਚ ਲਿਖਿਆ ਹੈ।
“ਦਾਗਿਸਤਾਨੀਓ, ਇਨ੍ਹਾਂ ਬੰਜਰ, ਨੰਗੀਆਂ ਚਟਾਨਾਂ ਦੀ ਰੱਖਿਆ ਕਰੋ, ਕਿਉਂਕਿ ਇਨ੍ਹਾਂ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੁਝ ਵੀ ਨਹੀਂ ਹੈ!”
ਇਹ ਸਿਰਫ ਚਟਾਨਾਂ ਬਾਰੇ ਨਹੀਂ, ਸਗੋਂ ਸੱਭਿਆਚਾਰ, ਭਾਸ਼ਾ ਅਤੇ ਵਿਰਾਸਤ ਬਾਰੇ ਹੈ। ਉਨ੍ਹਾਂ ਦਾ ਇੱਕ ਹੋਰ ਮਸ਼ਹੂਰ ਕਥਨ ਹੈ:
“ਜੇਕਰ ਤੁਸੀਂ ਲੰਘ ਚੁੱਕੇ ਸਮੇਂ ’ਤੇ ਪਿਸਤੌਲ ਨਾਲ ਗੋਲੀ ਚਲਾਓਗੇ, ਤਾਂ ਭਵਿੱਖ ਤੁਹਾਡੇ ’ਤੇ ਤੋਪ ਨਾਲ ਗੋਲੀ ਚਲਾਏਗਾ।”
ਇਸਦਾ ਮਤਲਬ ਸਾਫ ਹੈ: ਜੇਕਰ ਅਸੀਂ ਆਪਣੇ ਪੂਰਵਜਾਂ, ਆਪਣੀ ਵਿਰਾਸਤ ਅਤੇ ਆਪਣੇ ਸੱਭਿਆਚਾਰ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਸਾਡਾ ਭਵਿੱਖ ਸਾਨੂੰ ਮੁਆਫ ਨਹੀਂ ਕਰੇਗਾ।
ਵਿਸ਼ਵੀਕਰਨ ਦਾ ਦੋਹਰਾ ਪੱਖ
ਖੋਜਾਂ ਦੱਸਦੀਆਂ ਹਨ ਕਿ ਵਿਸ਼ਵੀਕਰਨ ਨੇ ਪੰਜਾਬੀ ਸੱਭਿਆਚਾਰ ਨੂੰ ਦੁਹਰਾ ਧੱਕਾ ਦਿੱਤਾ ਹੈ। ਇੱਕ ਪਾਸੇ ਇਸਨੇ ਮੌਕੇ ਖੋਲ੍ਹੇ ਹਨ, ਦੂਜੇ ਪਾਸੇ ਸੱਭਿਆਚਾਰਕ ਪਛਾਣ ਨੂੰ ਕਮਜ਼ੋਰ ਕੀਤਾ ਹੈ। ਵਿਦੇਸ਼ਾਂ ਵਿੱਚ ਵਸੇ ਪੰਜਾਬੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੇ ਹਨ। ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਬਾਰੇ ਘੱਟ ਪਤਾ ਹੈ। ਪੰਜਾਬ ਵਿੱਚ ਵੀ ਹਾਲਾਤ ਵੱਖਰੇ ਨਹੀਂ। ਸੰਯੁਕਤ ਪਰਿਵਾਰ ਟੁੱਟ ਰਹੇ ਹਨ, ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ ਅਤੇ ਸਾਂਝੀਵਾਲਤਾ ਦੀ ਭਾਵਨਾ ਖਤਮ ਹੋ ਰਹੀ ਹੈ। ਪੰਜਾਬੀ ਭਾਸ਼ਾ ਸਾਡੇ ਸੱਭਿਆਚਾਰ ਦੀ ਰੀੜ੍ਹ ਹੈ। ਪਰ ਅੱਜ ਇਹ ਭਾਸ਼ਾ ਖਤਰੇ ਵਿੱਚ ਹੈ। ਸਕੂਲਾਂ ਵਿੱਚ ਪੰਜਾਬੀ ਨੂੰ ਦਰਜਾ ਨਹੀਂ ਮਿਲ ਰਿਹਾ। ਅਖਬਾਰ, ਚੈਨਲ ਅਤੇ ਸੋਸ਼ਲ ਮੀਡੀਆ ’ਤੇ ਅੰਗਰੇਜ਼ੀ ਅਤੇ ਹਿੰਦੀ ਦਾ ਬੋਲਬਾਲਾ ਹੈ। ਜੇਕਰ ਅੱਜ ਅਸੀਂ ਆਪਣੀ ਭਾਸ਼ਾ ਨੂੰ ਨਹੀਂ ਬਚਾਇਆ ਤਾਂ ਕੱਲ੍ਹ ਸਾਡਾ ਸੱਭਿਆਚਾਰ ਕਿਵੇਂ ਬਚੇਗਾ?
ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ
ਅੱਜ ਦੀ ਨੌਜਵਾਨ ਪੀੜ੍ਹੀ ਕੋਲ ਇੱਕ ਵੱਡੀ ਜ਼ਿੰਮੇਵਾਰੀ ਹੈ। ਉਹ ਆਧੁਨਿਕ ਦੁਨੀਆ ਵਿੱਚ ਜੀਅ ਸਕਦੇ ਹਨ, ਪਰ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟ ਸਕਦੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਘਰ ਅਤੇ ਸਮਾਜ ਵਿੱਚ ਪੰਜਾਬੀ ਭਾਸ਼ਾ ਬੋਲਣ। ਬਜ਼ੁਰਗਾਂ ਤੋਂ ਪੁਰਾਣੀਆਂ ਕਹਾਣੀਆਂ, ਗੀਤ ਅਤੇ ਕਹਾਵਤਾਂ ਸਿੱਖਣ। ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਸੱਭਿਆਚਾਰ ਬਾਰੇ ਪ੍ਰੋਜੈਕਟ ਬਣਾਉਣ। ਸੋਸ਼ਲ ਮੀਡੀਆ ’ਤੇ ਪੰਜਾਬੀ ਵਿਰਾਸਤ ਨੂੰ ਸਾਂਝਾ ਕਰਨ। ਤਿਉਹਾਰਾਂ ਨੂੰ ਅਸਲ ਭਾਵਨਾ ਨਾਲ ਮਨਾਉਣ।
ਸਰਕਾਰ ਅਤੇ ਸਮਾਜ ਦੀ ਭੂਮਿਕਾ
ਸਿਰਫ ਨੌਜਵਾਨ ਹੀ ਨਹੀਂ, ਸਰਕਾਰ ਅਤੇ ਸਮਾਜ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਕੂਲਾਂ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵਧੇਰੇ ਅਹਿਮੀਅਤ ਮਿਲਣੀ ਚਾਹੀਦੀ ਹੈ। ਲੋਕ ਕਲਾਵਾਂ ਨੂੰ ਹੁਲਾਰਾ ਦੇਣ ਲਈ ਸਰਕਾਰੀ ਸਹਾਇਤਾ ਵਧਾਈ ਜਾਵੇ। ਪੰਜਾਬੀ ਮੀਡੀਆ ਨੂੰ ਮਜ਼ਬੂਤ ਕੀਤਾ ਜਾਵੇ।
ਸਿੱਟਾ: ਸੰਤੁਲਨ ਹੀ ਹੱਲ ਹੈ
ਵਿਕਾਸ ਅਤੇ ਸੱਭਿਆਚਾਰ ਇੱਕ-ਦੂਜੇ ਦੇ ਵਿਰੋਧੀ ਨਹੀਂ; ਅਸੀਂ ਦੋਵਾਂ ਨੂੰ ਨਾਲ ਲੈ ਕੇ ਚੱਲ ਸਕਦੇ ਹਾਂ। ਆਧੁਨਿਕ ਬਣੋ, ਪਰ ਪੰਜਾਬੀ ਬਣਨਾ ਨਾ ਭੁੱਲੋ। ਤਕਨੀਕ ਅਪਣਾਓ, ਪਰ ਆਪਣੀ ਭਾਸ਼ਾ ਅਤੇ ਵਿਰਾਸਤ ਨੂੰ ਸੰਭਾਲੋ। ਵਿਦੇਸ਼ ਜਾਓ, ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ।
ਜੜ੍ਹਾਂ ਮਜ਼ਬੂਤ ਹੋਣ ’ਤੇ ਹੀ ਦ੍ਰਖਤ ਉੱਚਾ ਚੜ੍ਹਦਾ ਹੈ। ਆਉ, ਅਸੀਂ ਸਭ ਮਿਲ ਕੇ ਇਸ ਗੱਲ ਦਾ ਵਚਨ ਬਣਾਈਏ: ਅਸੀਂ ਆਧੁਨਿਕ ਬਣਾਂਗੇ, ਪਰ ਪੰਜਾਬੀ ਬਣਨਾ ਨਹੀਂ ਭੁੱਲਾਂਗੇ। ਸਾਡਾ ਵਿਕਾਸ ਸਾਡੀ ਪਛਾਣ ਨੂੰ ਮਿਟਾਏ, ਇਹ ਕਦੇ ਵੀ ਮਨਜ਼ੂਰ ਨਹੀਂ।
* * * * *

