ਅੱਜ ਦੇ ਤੇਜ਼ ਰਫਤਾਰ ਅਤੇ ਮੁਕਾਬਲੇ ਭਰੇ ਜੁੱਗ ਵਿੱਚ ਡਿਪਰੈਸ਼ਨ ਸਿਰਫ ਆਮ ਉਦਾਸੀ ਨਹੀਂ ਰਹਿ ਗਿਆ, ਸਗੋਂ ਇੱਕ ਗੰਭੀਰ ਮਾਨਸਿਕ ਬਿਮਾਰੀ ਦੇ ਰੂਪ ਵਿੱਚ ਫੈਲ ਰਿਹਾ ਹੈ। ਇਹ ਇਨਸਾਨ ਦੀ ਸੋਚ, ਨੀਂਦ, ਕੰਮ, ਰਿਸ਼ਤਿਆਂ ਅਤੇ ਜੀਵਨ ਪ੍ਰਤੀ ਨਜ਼ਰੀਏ ਨੂੰ ਹੌਲੀ-ਹੌਲੀ ਪ੍ਰਭਾਵਿਤ ਕਰਦਾ ਹੈ। ਕਈ ਵਾਰ ਇਸਦਾ ਨਤੀਜਾ ਆਤਮ-ਹਾਨੀ ਜਾਂ ਖੁਦਕੁਸ਼ੀ ਦੇ ਰੂਪ ਵਿੱਚ ਵੀ ਨਿਕਲਦਾ ਹੈ, ਜਿਸ ਨਾਲ ਇੱਕ ਪਰਿਵਾਰ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਇਸ ਲਈ ਇਸ ਵਿਸ਼ੇ ਉੱਤੇ ਖੁੱਲ੍ਹ ਕੇ ਗੱਲ ਕਰਨਾ ਅਤੇ ਸਮੇਂ ਸਿਰ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ।
ਡਿਪਰੈਸ਼ਨ ਕੀ ਹੈ?
ਡਿਪਰੈਸ਼ਨ ਇੱਕ ਅਜਿਹੀ ਮਾਨਸਿਕ ਸਥਿਤੀ ਹੈ ਜਿਸ ਵਿੱਚ ਵਿਅਕਤੀ ਲੰਬੇ ਸਮੇਂ ਤਕ ਉਦਾਸ, ਖਾਲੀ ਜਾਂ ਬੇਚੈਨ ਮਹਿਸੂਸ ਕਰਦਾ ਹੈ। ਉਸ ਨੂੰ ਪਹਿਲਾਂ ਜਿਨ੍ਹਾਂ ਕੰਮਾਂ ਵਿੱਚ ਖੁਸ਼ੀ ਮਿਲਦੀ ਸੀ, ਉਨ੍ਹਾਂ ਵਿੱਚ ਦਿਲਚਸਪੀ ਖਤਮ ਹੋ ਜਾਂਦੀ ਹੈ। ਜੇ ਇਹ ਲੱਛਣ ਦਿਨ ਦੇ ਜ਼ਿਆਦਾਤਰ ਸਮੇਂ ਅਤੇ ਲਗਭਗ ਹਰ ਰੋਜ਼ ਘੱਟੋ-ਘੱਟ ਦੋ ਹਫਤੇ ਰਹਿਣ ਤਾਂ ਇਸ ਨੂੰ ਡਿਪਰੈਸਿਵ ਐਪੀਸੋਡ ਕਿਹਾ ਜਾ ਸਕਦਾ ਹੈ। ਇਹ ਕੋਈ “ਮਨ ਕਮਜ਼ੋਰ ਹੋਣਾ” ਜਾਂ “ਸਿਰਫ ਚਿੰਤਾ” ਨਹੀਂ ਹੈ; ਇਹ ਦਿਮਾਗ, ਸਰੀਰ, ਮਾਹੌਲ ਅਤੇ ਜੀਵਨ-ਹਾਲਤਾਂ ਦੇ ਜੁੜੇ ਹੋਏ ਪ੍ਰਭਾਵ ਨਾਲ ਪੈਦਾ ਹੋਣ ਵਾਲੀ ਇੱਕ ਅਜਿਹੀ ਬਿਮਾਰੀ ਹੈ, ਜਿਸਦਾ ਸਹੀ ਇਲਾਜ ਸੰਭਵ ਹੈ।
ਮੁੱਖ ਲੱਛਣ
• ਲੰਬੇ ਸਮੇਂ ਤਕ ਉਦਾਸੀ, ਖਾਲੀਪਣ ਜਾਂ ਚਿੜਚਿੜਾਪਣ ਮਹਿਸੂਸ ਹੋਣਾ।
• ਕੰਮ, ਪੜ੍ਹਾਈ, ਖੇਡ, ਸੰਗੀਤ ਜਾਂ ਪਰਿਵਾਰ ਵਿੱਚ ਦਿਲਚਸਪੀ ਘਟ ਜਾਣਾ।
• ਨੀਂਦ ਦੀ ਪਰੇਸ਼ਾਨੀ - ਬਹੁਤ ਘੱਟ ਜਾਂ ਬਹੁਤ ਜ਼ਿਆਦਾ ਸੌਣਾ।
• ਭੁੱਖ ਘਟਣਾ ਜਾਂ ਵਧ ਜਾਣਾ, ਜਿਸ ਨਾਲ ਸਰੀਰਕ ਭਾਰ ਵਿੱਚ ਤਬਦੀਲੀ ਆ ਸਕਦੀ ਹੈ।
• ਥਕਾਵਟ, ਧਿਆਨ ਨਾ ਟਿਕਣਾ, ਫੈਸਲਾ ਲੈਣ ਵਿੱਚ ਮੁਸ਼ਕਿਲ ਆਉਣੀ ਅਤੇ ਯਾਦਦਾਸ਼ਤ ਕਮਜ਼ੋਰ ਹੋਣਾ।
• ਆਪਣੇ ਆਪ ਨੂੰ ਬੇਕਾਰ, ਦੋਸ਼ੀ ਜਾਂ ਨਕਾਰਾ ਸਮਝਣਾ।
• ਭਵਿੱਖ ਬਾਰੇ ਨਿਰਾਸ਼ਾ ਅਤੇ ਮਰਨ ਜਾਂ ਖੁਦਕੁਸ਼ੀ ਦੇ ਵਿਚਾਰ ਆਉਣਾ।
ਡਿਪਰੈਸ਼ਨ ਦੇ ਕਾਰਨ ਕੀ ਹੁੰਦੇ ਹਨ?
ਡਿਪਰੈਸ਼ਨ ਦਾ ਇੱਕੋ ਕਾਰਨ ਨਹੀਂ ਹੁੰਦਾ। ਕਈ ਵਾਰ ਪਰਿਵਾਰਕ ਝਗੜੇ, ਰਿਸ਼ਤਿਆਂ ਦੀ ਟੁੱਟ-ਭੱਜ, ਨੌਕਰੀ ਦਾ ਦਬਾਅ, ਪੜ੍ਹਾਈ ਦਾ ਮੁਕਾਬਲਾ, ਆਰਥਿਕ ਤੰਗੀ, ਕਰਜ਼ਾ, ਨਸ਼ਿਆਂ ਦੀ ਲਤ, ਸਰੀਰਕ ਬਿਮਾਰੀ ਜਾਂ ਕਿਸੇ ਪਿਆਰੇ ਦੀ ਮੌਤ ਇਸ ਨੂੰ ਜਨਮ ਦਿੰਦੇ ਹਨ। ਸੋਸ਼ਲ ਮੀਡੀਆ ਉੱਤੇ ਦੂਜਿਆਂ ਨਾਲ ਲਗਾਤਾਰ ਤੁਲਨਾ ਵੀ ਨੌਜਵਾਨਾਂ ਵਿੱਚ ਘਾਟ ਅਤੇ ਨਿਰਾਸ਼ਾ ਪੈਦਾ ਕਰ ਸਕਦੀ ਹੈ। ਇਸਦੇ ਨਾਲ ਹੀ ਕੁਝ ਲੋਕਾਂ ਵਿੱਚ ਪਰਿਵਾਰਕ ਇਤਿਹਾਸ, ਦਿਮਾਗ ਦਾ ਰਸਾਇਣਿਕ ਅਸੰਤੁਲਨ ਅਤੇ ਲੰਮੇ ਸਮੇਂ ਦੇ ਤਣਾਅ ਕਾਰਨ ਡਿਪਰੈਸ਼ਨ ਦਾ ਖਤਰਾ ਵਧ ਸਕਦਾ ਹੈ।
ਭਾਰਤ ਵਿੱਚ ਸਥਿਤੀ
ਭਾਰਤ ਵਿੱਚ ਮਾਨਸਿਕ ਸਿਹਤ ਦੀ ਸਮੱਸਿਆ ਵੱਡੀ ਹੈ, ਪਰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਆਦਤ ਅਜੇ ਵੀ ਘੱਟ ਹੈ। ਨਿਮਹਾਨਜ਼ (NIMHANS) ਵੱਲੋਂ ਕੀਤੇ ਗਏ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ ਮੁਤਾਬਿਕ ਭਾਰਤ ਵਿੱਚ ਲਗਭਗ 10.6 ਫੀਸਦੀ ਬਾਲਗ - ਯਾਨੀ ਹਰ 100 ਵਿੱਚੋਂ ਲਗਭਗ 11 ਲੋਕ; ਕਿਸੇ ਪਛਾਣੇ ਜਾ ਸਕਣ ਵਾਲੇ ਮਾਨਸਿਕ ਵਿਕਾਰ ਤੋਂ ਪ੍ਰਭਾਵਿਤ ਸਨ। ਇਸੇ ਸਰਵੇਖਣ ਵਿੱਚ ਪਾਇਆ ਗਿਆ ਕਿ ਲਗਭਗ ਹਰ 20 ਵਿੱਚੋਂ ਇੱਕ ਵਿਅਕਤੀ ਉਸ ਸਮੇਂ ਡਿਪਰੈਸ਼ਨ ਤੋਂ ਪੀੜਿਤ ਸੀ, ਅਤੇ ਇਨ੍ਹਾਂ ਵਿੱਚੋਂ ਲਗਭਗ 39 ਫੀਸਦੀ ਲੋਕਾਂ ਨੂੰ ਗੰਭੀਰ ਡਿਪਰੈਸ਼ਨ ਸੀ। ਲਗਭਗ 1 ਫੀਸਦੀ ਅਬਾਦੀ ਖੁਦਕੁਸ਼ੀ ਦੇ ਉੱਚ ਜੋਖਮ ਵਿੱਚ ਸੀ।
ਸਾਲ 2023 ਵਿੱਚ ਭਾਰਤ ਵਿੱਚ 1,71,418 ਖੁਦਕੁਸ਼ੀਆਂ ਦਰਜ ਹੋਈਆਂ। ਇਹ ਅੰਕੜਾ ਦੱਸਦਾ ਹੈ ਕਿ ਮਾਨਸਿਕ ਸਿਹਤ ਸਿਰਫ ਹਸਪਤਾਲਾਂ ਦਾ ਮਾਮਲਾ ਨਹੀਂ ਸਗੋਂ ਪਰਿਵਾਰ, ਸਕੂਲ, ਪੰਚਾਇਤ, ਮੁਹੱਲਾ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਪੰਜਾਬ ਦਾ ਸੰਦਰਭ
ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਾ, ਬੇਰੁਜ਼ਗਾਰੀ, ਕਰਜ਼ਾ, ਖੇਤੀ ਦਾ ਆਰਥਿਕ ਦਬਾਅ, ਪਰਵਾਸ ਦੀ ਇੱਛਾ ਅਤੇ ਸਮਾਜਿਕ ਮੁਕਾਬਲੇ ਨੇ ਮਾਨਸਿਕ ਤਣਾਅ ਵਧਾਇਆ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਸਾਲ 2016 ਵਿੱਚ ਮੌਜੂਦਾ ਮਾਨਸਿਕ ਬਿਮਾਰੀ ਦੀ ਦਰ 13.42 ਫੀਸਦੀ ਸੀ, ਜਦਕਿ ਜੀਵਨ ਕਾਲ ਵਿੱਚ ਇਹ ਦਰ 17.94 ਫੀਸਦੀ ਸੀ।
ਪੰਜਾਬ ਵਿੱਚ ਬਿਮਾਰੀ ਨਾਲ ਜੁੜੀਆਂ ਖੁਦਕੁਸ਼ੀਆਂ ਵੀ ਇੱਕ ਚਿੰਤਾ ਦਾ ਵਿਸ਼ਾ ਹਨ। ਇੱਕ ਰਿਪੋਰਟ ਅਨੁਸਾਰ 2021 ਵਿੱਚ ਸੂਬੇ ਵਿੱਚ ਲਗਭਗ 45 ਫੀਸਦੀ ਖੁਦਕੁਸ਼ੀਆਂ ਬਿਮਾਰੀ ਨਾਲ ਜੁੜੀਆਂ ਸਨ, ਜੋ ਉਸ ਸਮੇਂ ਰਾਸ਼ਟਰੀ ਔਸਤ ਨਾਲੋਂ ਲਗਭਗ ਢਾਈ ਗੁਣਾ ਸੀ।
ਪੰਜਾਬੀ ਸਮਾਜ ਵਿੱਚ “ਮਰਦਾਂ ਨੂੰ ਰੋਣਾ ਨਹੀਂ ਆਉਂਦਾ”, “ਲੋਕ ਕੀ ਕਹਿਣਗੇ”, “ਘਰ ਦੀ ਇੱਜ਼ਤ ਦਾ ਸਵਾਲ ਹੈ” ਵਰਗੀਆਂ ਗੱਲਾਂ ਕਈ ਵਾਰ ਲੋਕਾਂ ਨੂੰ ਆਪਣੀ ਮਾਨਸਿਕ ਪੀੜ ਲੁਕਾਉਣ ਲਈ ਮਜਬੂਰ ਕਰਦੀਆਂ ਹਨ। ਇਹ ਚੁੱਪ ਹੀ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦੀ ਹੈ।
ਪੀੜਿਤ ਦੀ ਮਦਦ ਕਿਵੇਂ ਕਰੀਏ?
• ਸੁਣੋ, ਹੱਲ ਨਾ ਥੋਪੋ: ਪਹਿਲਾਂ ਪ੍ਰਭਾਵਤ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੋ। “ਤੂੰ ਜ਼ਿਆਦਾ ਸੋਚਦਾ ਹੈਂ” ਜਾਂ “ਹਿੰਮਤ ਰੱਖ” ਕਹਿਣ ਦੀ ਬਜਾਏ ਕਹੋ, “ਮੈਂ ਤੇਰੇ ਨਾਲ ਹਾਂ, ਤੂੰ ਜੋ ਮਹਿਸੂਸ ਕਰ ਰਿਹਾ ਹੈਂ, ਉਹ ਮੈਨੂੰ ਦੱਸ ਸਕਦਾ ਹੈਂ।”
• ਆਪਣੀ ਸੋਚ ਥੋਪੋਨਾ, ਅਗਲੇ ਦੀ ਗੱਲ ਸੁਚੋ। ਉਸਦੀ ਉਦਾਸੀ, ਡਰ, ਗੁੱਸੇ ਜਾਂ ਨਿਰਾਸ਼ਾ ਨੂੰ ਛੋਟਾ ਨਾ ਸਮਝੋ। ਮਾਨਸਿਕ ਪੀੜ ਵੀ ਸਰੀਰਕ ਦਰਦ ਵਾਂਗ ਅਸਲ ਹੁੰਦੀ ਹੈ।
• ਸਿੱਧਾ ਪੁੱਛੋ: ਜੇ ਉਹ ਬਹੁਤ ਨਿਰਾਸ ਲੱਗੇ, ਤਾਂ ਸਾਫ ਪੁੱਛੋ, “ਕੀ ਤੈਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਮਰਨ ਦਾ ਵਿਚਾਰ ਆ ਰਿਹਾ ਹੈ?” ਇਹ ਸਵਾਲ ਖਤਰਾ ਵਧਾਉਂਦਾ ਨਹੀਂ, ਸਗੋਂ ਮਦਦ ਲਈ ਰਾਹ ਖੋਲ੍ਹਦਾ ਹੈ।
• ਇਕੱਲਾ ਨਾ ਛੱਡੋ: ਜੇ ਖੁਦਕੁਸ਼ੀ ਦਾ ਜ਼ਿਕਰ ਹੋਵੇ ਤਾਂ ਉਸ ਨੂੰ ਕਦੇ ਵੀ ਇਕੱਲਾ ਕਮਰ ਵਿੱਚ, ਛੱਤ ਉੱਤੇ ਜਾਂ ਕਿਸੇ ਖਤਰਨਾਕ ਚੀਜ਼ਾਂ ਦੇ ਨੇੜੇ ਨਾ ਛੱਡੋ। ਭਰੋਸੇਯੋਗ ਵਿਅਕਤੀ ਨੂੰ ਤੁਰੰਤ ਨਾਲ ਰੱਖੋ।
• ਮਾਹਿਰ ਦੀ ਮਦਦ ਲਵੋ: ਉਸ ਨੂੰ ਮਨੋਵਿਗਿਆਨੀ, ਮਨੋਚਿਕਿਤਸਕ ਜਾਂ ਸਰਕਾਰੀ ਮਾਨਸਿਕ ਸਿਹਤ ਸੇਵਾ ਨਾਲ ਜੋੜੋ। ਡਿਪਰੈਸ਼ਨ ਦਾ ਇਲਾਜ ਸੰਭਵ ਹੈ।
• ਰੁਜ਼ਾਨਾ ਦੀ ਛੋਟੀ ਮਦਦ ਕਰੋ: ਸੈਰ, ਸਮੇਂ ਸਿਰ ਖਾਣਾ, ਨੀਂਦ ਦਾ ਸਮਾਂ, ਦਵਾਈ ਲੈਣਾ ਜਾਂ ਡਾਕਟਰ ਕੋਲ ਜਾਣ ਵਿੱਚ ਸਾਥ ਦਿਓ। ਵੱਡੀਆਂ ਗੱਲਾਂ ਦੀ ਬਜਾਏ ਛੋਟੇ-ਛੋਟੇ ਕਦਮ ਵਧੇਰੇ ਅਸਰਦਾਰ ਹੁੰਦੇ ਹਨ।
• ਨਸ਼ਿਆਂ ਤੋਂ ਬਚਾਓ: ਸ਼ਰਾਬ, ਨਸ਼ੇ ਜਾਂ ਬਿਨਾਂ ਡਾਕਟਰੀ ਸਲਾਹ ਦੀਆਂ ਗੋਲੀਆਂ ਅਸਥਾਈ ਰਾਹਤ ਦੇ ਕੇ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੀਆਂ ਹਨ।
• ਗੁਪਤਤਾ ਦਾ ਸਤਿਕਾਰ ਕਰੋ: ਉਸਦੀ ਗੱਲ ਸਮਾਜਿਕ ਹਾਸੇ ਠੱਠੇ ਵਜੋਂ ਨਾ ਫੈਲਾਓ। ਪਰ ਜਾਨ ਦਾ ਖਤਰਾ ਹੋਵੇ ਤਾਂ ਜ਼ਰੂਰੀ ਲੋਕਾਂ ਨੂੰ ਤੁਰੰਤ ਦੱਸਣਾ ਜ਼ਰੂਰੀ ਹੈ।
ਸਕੂਲ, ਪਰਿਵਾਰ ਅਤੇ ਸਮਾਜ ਦੀ ਭੂਮਿਕਾ
ਸਕੂਲਾਂ ਵਿੱਚ ਸਿਰਫ ਨੰਬਰਾਂ ਅਤੇ ਨਤੀਜਿਆਂ ਉੱਤੇ ਜ਼ੋਰ ਨਹੀਂ ਸਗੋਂ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਅਧਿਆਪਕ ਬੱਚਿਆਂ ਵਿੱਚ ਆਏ ਅਚਾਨਕ ਬਦਲਾਵ- ਜਿਵੇਂ ਚੁੱਪ ਹੋ ਜਾਣਾ, ਨਤੀਜੇ ਘਟਣਾ, ਅਕਸਰ ਗੈਰ-ਹਾਜ਼ਰ ਰਹਿਣਾ ਜਾਂ ਦੋਸਤਾਂ ਤੋਂ ਦੂਰ ਹੋ ਜਾਣਾ - ਨੂੰ ਗੰਭੀਰਤਾ ਨਾਲ ਲੈ ਸਕਦੇ ਹਨ।
ਪਰਿਵਾਰ ਨੂੰ ਬੱਚਿਆਂ ਨਾਲ ਰੁਜ਼ਾਨਾ ਬਿਨਾਂ ਫੈਸਲਾ ਸੁਣਾਏ ਗੱਲਬਾਤ ਕਰਨੀ ਚਾਹੀਦੀ ਹੈ। “ਤੂੰ ਕੀ ਸੋਚ ਰਿਹਾ ਹੈ?” “ਕੀ ਕੋਈ ਤੰਗ ਕਰ ਰਿਹਾ ਹੈ?” “ਕੀ ਤੂੰ ਥੱਕਿਆ ਹੋਇਆ ਹੈਂ?” ਵਰਗੇ ਸਾਦੇ ਸਵਾਲ ਬੱਚੇ ਨੂੰ ਸੁਰੱਖਿਅਤ ਮਹਿਸੂਸ ਕਰਵਾ ਸਕਦੇ ਹਨ। ਸਮਾਜ ਨੂੰ ਵੀ ਮਾਨਸਿਕ ਬਿਮਾਰੀ ਨੂੰ ਬਦਨਾਮੀ ਦੇ ਬਜਾਏ ਸਧਾਰਨ ਸਿਹਤ ਸਮੱਸਿਆ ਵਜੋਂ ਦੇਖਣਾ ਸਿੱਖਣਾ ਚਾਹੀਦਾ ਹੈ।
ਇਲਾਜ ਸੰਭਵ ਹੈ
ਡਿਪਰੈਸ਼ਨ ਦਾ ਇਲਾਜ ਸੰਭਵ ਹੈ ਅਤੇ ਸਹੀ ਸਮੇਂ ਸਹਾਇਤਾ ਮਿਲਣ ਨਾਲ ਬਹੁਤੇ ਲੋਕ ਸਿਹਤਮੰਦ ਜੀਵਨ ਜਿਊਂਦੇ ਹਨ। ਇਲਾਜ ਵਿੱਚ ਮਾਹਿਰ ਨਾਲ ਗੱਲਬਾਤ ਥੈਰੇਪੀ, ਕਾਉਂਸਲਿੰਗ, ਲੋੜ ਅਨੁਸਾਰ ਦਵਾਈਆਂ, ਨਿਯਮਤ ਸੌਣ-ਜਾਗਣ ਦਾ ਸਮਾਂ, ਸਰੀਰਕ ਸਰਗਰਮੀ ਅਤੇ ਪਰਿਵਾਰਕ ਸਹਿਯੋਗ ਸ਼ਾਮਲ ਹੋ ਸਕਦੇ ਹਨ।
ਮਾਨਸਿਕ ਸਿਹਤ ਸਹਾਇਤਾ
ਮਾਨਸਿਕ ਸਿਹਤ ਸੰਬੰਧੀ ਮੁਫਤ, ਗੁਪਤ ਅਤੇ 24 ਘੰਟੇ ਉਪਲਬਧ ਸਹਾਇਤਾ ਲਈ ਭਾਰਤ ਸਰਕਾਰ ਦੀ ਟੈਲੀ-ਮਾਨਸ ਹੈਲਪਲਾਈਨ 14416 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇ ਇਸ ਨੰਬਰ ਉੱਤੇ ਸੰਪਰਕ ਨਾ ਹੋਵੇ, ਤਾਂ ਟੈਲੀ-ਮਾਨਸ ਦਾ ਵਿਕਲਪਿਕ ਟੋਲ-ਫਰੀ ਨੰਬਰ 1800-891-4416 ਵੀ ਵਰਤਿਆ ਜਾ ਸਕਦਾ ਹੈ। ਇਹ ਸੇਵਾ ਡਿਪਰੈਸ਼ਨ, ਤਣਾਅ, ਚਿੰਤਾ, ਨੀਂਦ ਦੀ ਸਮੱਸਿਆ, ਪਰਿਵਾਰਕ ਝੰਜਟਾਂ ਅਤੇ ਖੁਦਕੁਸ਼ੀ ਦੇ ਵਿਚਾਰਾਂ ਨਾਲ ਜੂਝ ਰਹੇ ਲੋਕਾਂ ਲਈ ਕਾਉਂਸਲਰਾਂ ਅਤੇ ਮਾਨਸਿਕ ਸਿਹਤ ਮਾਹਿਰਾਂ ਦੀ ਸਹਾਇਤਾ ਉਪਲਬਧ ਕਰਵਾਉਂਦੀ ਹੈ।
ਇਸਦੇ ਨਾਲ ਹੀ, ਪੰਜਾਬ ਸਰਕਾਰ ਦੀ ਸਿਹਤ ਸਲਾਹ ਹੈਲਪਲਾਈਨ 104 ਉੱਤੇ ਵੀ ਸਿਹਤ ਸੰਬੰਧੀ ਸਲਾਹ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਰੂਰੀ ਸੁਨੇਹਾ
ਡਿਪਰੈਸ਼ਨ ਕਮਜ਼ੋਰੀ ਨਹੀਂ, ਇਹ ਇੱਕ ਬਿਮਾਰੀ ਹੈ ਅਤੇ ਬਿਮਾਰੀ ਦਾ ਇਲਾਜ ਹੁੰਦਾ ਹੈ। ਇੱਕ ਸੱਚੀ ਗੱਲ ਸੁਣਨਾ, ਇੱਕ ਸਹਿਯੋਗੀ ਮੌਜੂਦ ਹੋਣਾ ਅਤੇ ਸਹੀ ਸਲਾਹ ਲੈਣਾ ਕਈ ਜੀਵਨ ਬਚਾ ਸਕਦਾ ਹੈ। ਪੰਜਾਬ ਅਤੇ ਭਾਰਤ ਨੂੰ ਇਹ ਸਮਝਣਾ ਹੋਵੇਗਾ ਕਿ ਮਾਨਸਿਕ ਸਿਹਤ ਉੱਤੇ ਖੁੱਲ੍ਹ ਕੇ ਗੱਲ ਕਰਨਾ ਕਮਜ਼ੋਰੀ ਨਹੀਂ, ਸਗੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।
* * * * *

