ਉਨ੍ਹਾਂ ਦਿਨਾਂ ਵਿੱਚ ਮੇਰੀ ਪੋਸਟਿੰਗ ਮੇਰੇ ਸਹੁਰੇ ਪਿੰਡ ਸੀ। ਰਿਹਾਇਸ਼ ਅਸੀਂ ਪਟਿਆਲਾ ਸ਼ਹਿਰ ਵਿੱਚ ਕਰ ਲਈ ਸੀ। ਮੈਂ ਆਪਣੀ ਇੱਕ ਹੋਰ ਸਹੇਲੀ ਨਾਲ ਪਟਿਆਲੇ ਤੋਂ ਰੋਜ਼ ਪੜ੍ਹਾਉਣ ਜਾਂਦੀ ਸੀ। ਮੇਰਾ ਸਟੇਸ਼ਨ ਪਟਿਆਲੇ ਤੋਂ 50-60 ਕਿਲੋਮੀਟਰ ਪੈਂਦਾ ਸੀ। ਵਾਪਸੀ ’ਤੇ ਦੋ ਬੱਸਾਂ ਬਦਲਕੇ ਅਸੀਂ ਪਟਿਆਲਾ ਚੁੰਗੀ ’ਤੇ ਪਹੁੰਚਦੀਆਂ। ਉੱਥੋਂ ਰਿਕਸ਼ੇ ਲੈ ਕੇ ਆਪੋ-ਆਪਣੇ ਘਰ ਪਹੁੰਚਦੀਆਂ। ਜੇ ਬੱਸ ਸਮੇਂ ਸਿਰ ਨਾ ਮਿਲਦੀ ਤਾਂ ਕਈ ਵਾਰੀ ਹਨੇਰਾ ਹੋ ਜਾਂਦਾ ਸੀ। ਫਿਰ ਘਰ ਦੇ ਆ ਕੇ ਚੁੰਗੀ ਤੋਂ ਘਰ ਲੈ ਕੇ ਜਾਂਦੇ।
ਵਾਪਸੀ ’ਤੇ ਘਰੋਂ ਮੈਂ ਦੁੱਧ ਦੀ ਕੇਨੀ ਭਰ ਕੇ ਲਿਆਉਂਦੀ। ਮੇਰੀ ਸੱਸ ਮਾਂ ਅਕਸਰ ਹੀ ਸਰਦੀਆਂ ਵਿੱਚ ਸਾਗ, ਕੜ੍ਹੀ-ਚਾਵਲ ਜਾਂ ਸਬਜ਼ੀ ਦਾ ਡੋਲੂ ਭਰ ਦਿੰਦੇ। ਅਕਸਰ ਹੀ ਮੇਥਿਆਂ ਵਾਲੀਆਂ ਰੋਟੀਆਂ ਦਾ ਡੱਬਾ ਭਰ ਦਿੰਦੇ। ਕਈ ਵਾਰੀ ਅਸੀਂ ਦੋਵੇਂ ਸਹੇਲੀਆਂ ਰਸਤੇ ਵਿੱਚ ਵੀ ਖਾ ਲੈਂਦੀਆਂ। ਕਈ ਵਾਰੀ ਭਾਰ ਚੁੱਕਣ ਦੀ ਮਾਰੀ ਮੈਂ ਸੱਸ ਮਾਂ ਨੂੰ ਮਨ੍ਹਾ ਵੀ ਕਰ ਦਿੰਦੀ ਕਿ ਰੋਜ਼ ਖਾ ਕੇ ਸਾਡਾ ਮਨ ਭਰ ਜਾਂਦਾ ਹੈ। ਉਹ ਕਹਿੰਦੇ, “ਹਨੇਰਾ ਹੋ ਜਾਂਦਾ ਹੈ ਤੈਨੂੰ ਜਾਂਦੀ ਨੂੰ। ਫਿਰ ਥੱਕ ਕੇ ਜਾਨੀ ਐ। ਮੇਰਾ ਪੁੱਤ ਤੇ ਪੋਤਾ ਖਾ ਲੈਂਦਾ ਹੋਣਾ ਹੈ। ਕਈ ਵਾਰੀ ਕਿਸੇ ਗਰੀਬ-ਗੁਰਬੇ ਦੇ ਮੂੰਹ ਪੈ ਜਾਂਦੀ ਐ। ਚੱਲ ਇਉਂ ਕਰ ਅੱਜ, ਅੱਜ ਲੈ ਜਾ, ਅੱਗੇ ਤੋਂ ਨਹੀਂ ਪਕਾਵਾਂਗੀ।”
ਇਕ ਦਿਨ ਬੱਸ ਨਾ ਮਿਲਣ ਕਾਰਨ ਸਾਨੂੰ ਪਟਿਆਲਾ ਪਹੁੰਚਣ ਤਕ ਹਨੇਰਾ ਪਸਰ ਗਿਆ। ਸਰਦੀ ਦੇ ਦਿਨ ਸਨ। ਥੋੜ੍ਹੀਆਂ-ਥੋੜ੍ਹੀਆਂ ਕਣੀਆਂ ਵੀ ਪੈ ਰਹੀਆਂ ਸਨ। ਅਸੀਂ ਆਪੋ-ਆਪਣੇ ਰਿਕਸ਼ੇ ਲਏ ਤੇ ਆਪਣੇ ਆਪਣੇ ਘਰਾਂ ਵੱਲ ਚੱਲ ਪਈਆਂ। ਅਸੀਂ ਸਿਆਣਾ ਜਿਹਾ ਬੰਦਾ ਦੇਖ ਕੇ ਹੀ ਰਿਕਸ਼ੇ ਵਿੱਚ ਬੈਠਦੀਆਂ ਸੀ …. ਕਿਉਂਕਿ ਹਨੇਰੇ ਵੇਲੇ ਸਾਨੂੰ ਰਿਕਸ਼ੇ ਵਾਲੇ ਤੋਂ ਵੀ ਭੈਅ ਆਉਂਦਾ ਸੀ।
ਰਿਕਸ਼ੇ ਵਾਲਾ ਰਿਕਸ਼ਾ ਬਹੁਤ ਹੌਲੀ ਚਲਾ ਰਿਹਾ ਸੀ। ਇੱਕ-ਦੋ ਵਾਰੀ ਮੈਂ ਉਸ ਨੂੰ ਕਿਹਾ, “ਬਾਬਾ ਜੀ, ਥੋੜ੍ਹਾ ਤੇਜ਼ ਚਲਾਵੋ ਰਿਕਸ਼ਾ। ਮੈਂ ਪਹਿਲਾਂ ਹੀ ਕਾਫ਼ੀ ਲੇਟ ਹੋ ਗਈ ਹਾਂ। ਮੇਰਾ ਵੀ ਪਿੱਛੇ ਛੋਟਾ ਜਿਹਾ ਬੱਚਾ ਹੈ ਜਿਸ ਨੂੰ ਸਵੇਰੇ ਛੇ ਵਜੇ ਦੀ ਛੱਡਕੇ ਮੈਂ ਸਕੂਲ ਗਈ ਹੋਈ ਸੀ। ਹੁਣ ਸ਼ਾਮ ਦੇ ਸੱਤ ਵੱਜਦੇ ਜਾ ਰਹੇ ਸਨ।”
ਪਹਿਲੀ ਵਾਰ ਤਾਂ ਉਹ ਕੁਛ ਨਾ ਬੋਲਿਆ। ਮੇਰੇ ਦੂਜੀ ਵਾਰੀ ਰਿਕਸ਼ਾ ਤੇਜ਼ ਕਰਨ ਲਈ ਕਹਿਣ ’ਤੇ ਉਸਨੇ ਰੋਣਹਾਕਾ ਹੋ ਕੇ ਕਿਹਾ, “ਬੇਟੀ ... ਤੇਜ਼ ਕੈਸੇ ਚਲਾਵਾਂ ਤਿੰਨ ਦਿਨਾਂ ਤੋਂ ਕੁਛ ਨਹੀਂ ਖਾਧਾ ... ਸਿਰਫ ਇੱਕ ਚਾਵਲ ਦੀ ਕੜਛੀ ਮਿਲ਼ੀ ਸੀ। ਸਵੇਰ ਦਾ ਤਾਂ ਬਿਲਕੁਲ ਪਾਣੀ ’ਤੇ ਹਾਂ।”
ਸੁਣਕੇ ਮੇਰਾ ਦਿਲ ਦੁੱਖ ਨਾਲ ਭਰ ਗਿਆ। ਮੈਂ ਉਸ ਨੂੰ ਰਿਕਸ਼ਾ ਰੋਕਣ ਲਈ ਕਿਹਾ ਤਾਂ ਕਿ ਮੈਂ ਉੱਤਰ ਸਕਾਂ। ਪਰ ਉਹ ਇਸ ਲਈ ਵੀ ਰਾਜ਼ੀ ਨਾ ਹੋਇਆ ਕਿਉਂਕਿ ਉਸ ਨੂੰ ਸੀ ਕਿ ਸਵੇਰ ਦੀ ਮਸਾਂ ਤਾਂ ਸਵਾਰੀ ਮਿਲੀ ਸੀ, ਜੇ ਇਹ ਵੀ ਉੱਤਰ ਗਈ ਤਾਂ …। ਮੈਂ ਬਹੁਤ ਜ਼ੋਰ ਲਾਇਆ ਕਿ ਪੈਸੇ ਪੂਰੇ ਦੇਵਾਂਗੀ ਪਰ ਉਹ ਨਾ ਮੰਨਿਆ। ਉਹ ਤਾਂ ਜਿਵੇਂ ਮੈਨੂੰ ਘਰ ਤਕ ਛੱਡਕੇ ਆਉਣ ਦੀ ਜ਼ਿਦ ਕਰੀ ਬੈਠਾ ਸੀ। ਫਿਰ ਮੈਂ ਉਸ ਨੂੰ ਕਿਹਾ, “ਇਉਂ ਕਰ ਬਾਬਾ, ਪਹਿਲਾਂ ਰੋਟੀ ਖਾ ਲੈ। ਆਪਾਂ ਫਿਰ ਚਲੇ ਜਾਵਾਂਗੇ।”
ਮੈਂ ਇਹ ਵੀ ਸੋਚਿਆ ਕਿ ਲੇਟ ਤਾਂ ਹੋ ਹੀ ਗਈ ਹਾਂ, ਉੱਥੇ ਥੋੜ੍ਹਾ ਲੇਟ ਹੋਰ ਹੋ ਜਾਵਾਂਗੀ। ਰਸਤੇ ਵਿੱਚ ਰੁਕਣਾ ਵੀ ਉਸ ਬਜ਼ੁਰਗ ਨੇ ਮੁਨਾਸਿਬ ਨਾ ਸਮਝਿਆ।
ਘਰ ਪਹੁੰਚਣ ਸਾਰ ਪਹਿਲਾਂ ਮੈਂ ਉਸ ਨੂੰ ਸੱਸ ਮਾਂ ਦੀਆਂ ਦਿੱਤੀਆਂ ਚਾਰ ਮੇਥਿਆਂ ਵਾਲੀਆਂ ਰੋਟੀਆਂ ਦਿੱਤੀਆਂ। ਨਾਲ ਗਲਾਸ ਭਰਕੇ ਘਰੋ ਲਿਆਂਦਾ ਦੁੱਧ ਦਿੱਤਾ। ਪੈਸੇ ਤਾਂ ਦੇਣੇ ਹੀ ਸੀ। ਉਹ ਸੌ-ਸੌ ਅਸੀਸਾਂ ਦਿੰਦਾ ਆਪਣਾ ਪੇਟ ਭਰ ਕੇ ਅਹੁ ਗਿਆ, ਅਹੁ ਗਿਆ।
... ਉਸ ਦਿਨ ਤੋਂ ਬਾਅਦ ਮੈਂ ਸੱਸ ਮਾਂ ਦੀਆਂ ਪਕਾਈਆਂ ਰੋਟੀਆਂ ਲਿਆਉਣ ਤੋਂ ਕਦੇ ਮਨ੍ਹਾ ਨਹੀਂ ਕੀਤਾ।
* * *

