ਅਕਤੂਬਰ 09, 2026

writingDetail.created_by
By: ਪ੍ਰਿੰਸੀਪਲ ਸਰਵਣ ਸਿੰਘ

ਸਪੇਨ ਨੇ ਜਿੱਤਿਆ ਆਲਮੀ ਕੱਪ, ਮੈਸੀ ਦੀਆਂ ਨਿਕਲੀਆਂ ਧਾਹਾਂ

ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰੌਂ ਵਿੱਚ ਕਿਹਾ ਸੀ ਕਿ 22 ਜਣੇ ਮੂਰਖ ਹਨ ਜਿਹੜੇ ਇੱਕ ਬਾਲ ਪਿੱਛੇ ਸਿਰਤੋੜ ਦੌੜੇ ਫਿਰਦੇ ਹਨ। 11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ ਹਨ ਤੇ 11 ਜਣੇ ਦੂਜੇ ਪਾਸੇ ਨੂੰ, ਕਮਲੇ ਨਾ ਹੋਣ ਕਿਤੋਂ ਦੇ!

ਉਹ 22 ਜਣੇ ਤਾਂ ਪਤਾ ਨਹੀਂ ਕਿੰਨੇ ਕੁ ਕਮਲੇ ਹੋਣਗੇ ਪਰ ਸਚਾਈ ਇਹੋ ਹੈ ਕਿ ਉਨ੍ਹਾਂ ਨੇ ਸਿਆਣੀ ਬਿਆਣੀ ਅੱਧੋਂ ਵੱਧ ਦੁਨੀਆ ਕਮਲੀ ਕੀਤੀ ਪਈ ਹੈ! ਕੋਈ ਮੰਨੇ ਨਾ ਮੰਨੇ, ਫੁੱਟਬਾਲ ਦੀ ਖੇਡ ਵਿੱਚ ਕਮਾਲ ਦੀ ਕਸ਼ਿਸ਼ ਹੈ। ਉਹ ਬਾਬੇ ਬਰਨਾਰਡ ਸ਼ਾਅ ਨੂੰ ਤਾਂ ਭਾਵੇਂ ਆਪਣੇ ਵੱਲ ਨਹੀਂ ਖਿੱਚ ਸਕੀ ਪਰ ਪੂਰੇ ਸੰਸਾਰ ਨੂੰ ਆਪਣੇ ਪੰਜਿਆਂ ਵਿੱਚ ਜਕੜੀ ਬੈਠੀ ਹੈ। ਆਲਮੀ ਕੱਪ ਦੇ ਮੈਚਾਂ ਵਿੱਚ ਇੱਕ ਇੱਕ ਕਿੱਕ ਨੇ ਲੱਖਾਂ ਨਿਗਾਹਾਂ ਬੰਨ੍ਹੀ ਰੱਖੀਆਂ। ਫੁੱਟਬਾਲ ਸੱਚਮੁੱਚ ਹੀ ਦੁਨੀਆਂ ਦੀ ਸਭ ਤੋਂ ਵੱਧ ਦਰਸ਼ਨੀ ਖੇਡ ਸਾਬਤ ਹੋਈ ਹੈ। ਤਦ ਹੀ ਇਹ ਦੁਨੀਆਂ ਦੇ ਸਾਰੇ ਹੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਫੁੱਟਬਾਲ ਦੀ ਕੌਮਾਂਤਰੀ ਫੈਡਰੇਸ਼ਨ ‘ਫੀਫਾ’ ਦੇ 211 ਦੇਸ਼ ਤੇ ਖੇਤਰ ਮੈਂਬਰ ਹਨ।

2022 ਦਾ 22ਵਾਂ ਆਲਮੀ ਕੱਪ 5 ਅਰਬ ਲੋਕਾਂ ਨੇ ਦੇਖਿਆ ਸੀ ਤੇ 23ਵਾਂ ਕੱਪ 6 ਅਰਬ ਲੋਕਾਂ ਨੇ। ਅਰਬਾਂ ਖਰਬਾਂ ਰੁਪਏ, ਸਮਾਂ ਅਤੇ ਸਾਧਨ ਲੱਗ ਜਾਂਦੇ ਹਨ ਇਨ੍ਹਾਂ ਆਲਮੀ ਕੱਪਾਂ ਉੱਤੇ। ਜੂਨ-ਜੁਲਾਈ ਫੁੱਟਬਾਲ ਦੀ ਚਰਚਾ ਦੇ ਮਹੀਨੇ ਬਣੇ ਰਹੇ। ਤਿੰਨ ਮੁਲਕਾਂ, ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਲੇ 16 ਸ਼ਹਿਰਾਂ ਦੇ ਵਿਸ਼ਾਲ ਸਟੇਡੀਅਮ, ਪ੍ਰਬੰਧਕਾਂ, ਖਿਡਾਰੀਆਂ ਅਤੇ ਮੀਡੀਆਕਾਰਾਂ ਨਾਲ ਭਰਪੂਰ ਰਹੇ। ਕਰੋੜਾਂ, ਅਰਬਾਂ ਡਾਲਰਾਂ ਦੀਆਂ ਸ਼ਰਤਾਂ ਲੱਗੀਆਂ ਤੇ ਸੱਟਾ ਖੇਡਿਆ ਗਿਆ। ਜਿੱਤਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਹਾਰਾਂ ਦੇ ਹੰਝੂ ਵਹਾਏ ਗਏ।

ਕੱਪ ਜਿੱਤਣ ਪਿੱਛੋਂ ਜੋ ਜਲੌਅ ਸਪੇਨੀਆਂ ਨੇ ਵਿਖਾਇਆ ਉਹਦੀਆਂ ਕਿਆ ਰੀਸਾਂ। ਕਿਆ ਕਮਾਲ ਦੇ ਨਜ਼ਾਰੇ ਬੱਝੇ ਉਨ੍ਹਾਂ ਦੀ ਰਾਜਧਾਨੀ ਮੈਡਰਿਡ ਵਿੱਚ! ਫੀਫਾ ਕੱਪ ਜਿੱਤਣ ਦੀ ਖਬਰ ਤੋਂ ਵੱਡੀ ਖਬਰ ਕੇਵਲ ਤੀਜੀ ਆਲਮੀ ਜੰਗ ਹੀ ਹੋ ਸਕਦੀ ਸੀ। ਡੇਢ ਮਹੀਨਾ ਰੇਡੀਓ, ਟੀ.ਵੀ, ਅਖਬਾਰ ਅਤੇ ਇੰਟਰਨੈੱਟ ਆਲਮੀ ਕੱਪ ਦੀਆਂ ਖਬਰਾਂ ਨਾਲ ਭਰੇ ਰਹੇ। 22 ਬੰਦਿਆਂ ਦੇ ਪੈਰਾਂ ਅਤੇ ਸਿਰਾਂ ਦੀ ਖੇਡ ਨੇ ਕਰੋੜਾਂ ਲੋਕਾਂ ਦੇ ਸਿਰ ਘੁਮਾਈ ਰੱਖੇ ਤੇ ਫੁੱਟਬਾਲ ਦੇ ਦੀਵਾਨਿਆਂ ਨੂੰ ਪਹਿਲੇ ਤੋੜ ਦਾ ਨਸ਼ਾ ਚਾੜ੍ਹੀ ਰੱਖਿਆ! ਉਨ੍ਹਾਂ ਦੀ ਹਾਤ-ਹੂਤ ਦੀਆਂ ਕਿਲਕਾਰੀਆਂ ਪੂਰੇ ਜੱਗ ਜਹਾਨ ਦੀ ਹਵਾ ਵਿੱਚ ਗੂੰਜਦੀਆਂ ਰਹੀਆਂ।

ਫੁੱਟਬਾਲ ਦੇ ਸ਼ੈਦਾਈ ਮੁਲਖਈਏ ਨੇ ਤਾਂ ਸ਼ਰਤਾਂ ਲਾਉਣੀਆਂ ਹੀ ਸਨ, ਅਰਜਨਟੀਨਾ ਅਤੇ ਸਪੇਨ ਦੇ ਹਿਮਾਇਤੀਆਂ ਨੇ ਵੀ ਜਿੱਤ ਹਾਰ ਦਾ ਜੂਆ ਖੇਡਣਾ ਸੀ, ਹੈਰਾਨੀ ਇਸ ਗੱਲ ਦੀ ਸੀ ਕਿ ਬਠਿੰਡੇ ਦੇ ਬਾਣੀਏਂ, ਜਿਨ੍ਹਾਂ ਦਾ ਫੁੱਟਬਾਲ ਨਾਲ ਕੋਈ ਲੈਣ ਦੇਣ ਨਹੀਂ ਸੀ, ਉਨ੍ਹਾਂ ਨੇ ਵੀ ਅਰਜਨਟੀਨਾ ਜਾਂ ਸਪੇਨ ਦੀ ਹਾਰ ਜਿੱਤ ਉੱਤੇ ਲੱਖਾਂ ਦਾ ਸੱਟਾ ਖੇਡਿਆ।

90 ਮਿੰਟਾਂ ਦੇ ਮੈਚ ਪਿੱਛੋਂ ਵਾਧੂ ਸਮੇਂ ਵਿੱਚ ਆਖਰ ਸਪੇਨ ਨੇ 1-0 ਗੋਲ ਨਾਲ 2026 ਦਾ ਆਲਮੀ ਕੱਪ ਜਿੱਤ ਲਿਆ ਜੋ ਉਸਦਾ ਦੂਜਾ ਵਿਸ਼ਵ ਕੱਪ ਹੈ। ਗੋਲਡਨ ਟਰਾਫੀ ਦੇ ਨਾਲ ਗੋਲਡਨ ਬਾਲ ਅਤੇ ਗੋਲਡਨ ਗਲੱਬਜ਼ ਦੇ ਵਕਾਰੀ ਅਵਾਰਡ ਵੀ ਸਪੇਨੀ ਖਿਡਾਰੀਆਂ ਨੇ ਹੀ ਜਿੱਤੇ। ਫਰਾਂਸ ਦਾ ਕਿਲੀਅਨ ਅਮਬਾਪੇ ਇਸ ਆਲਮੀ ਕੱਪ ਵਿੱਚ 10 ਗੋਲ ਕਰ ਕੇ ਗੋਲਡਨ ਬੂਟ ਦਾ ਅਵਾਰਡ ਜਿੱਤਿਆ। ਲਿਓਨਲ ਮੈਸੀ, ਜਿਸਦੀ ਵਰ੍ਹਿਆਂ ਤੋਂ ਫੁੱਟਬਾਲ ਦੀ ਖੇਡ ਵਿੱਚ ਸਰਦਾਰੀ ਸੀ, 8 ਗੋਲਾਂ ਨਾਲ ਉਸ ਤੋਂ ਪਿੱਛੇ ਰਹਿ ਗਿਆ। ਕੁੱਲ ਆਲਮੀ ਕੱਪਾਂ ਵਿੱਚ ਵੀ 21 ਗੋਲ ਕਰਨ ਦੇ ਬਾਵਜੂਦ ਉਹ ਕਿਲੀਅਨ ਅਮਬਾਪੇ ਦੇ 22 ਗੋਲ ਹੋ ਜਾਣ ਨਾਲ ਦੂਜੀ ਥਾਂ ਜਾ ਪਿਆ। ਮੈਸੀ ਦੀ ਜਿੰਨੀ ਚੜ੍ਹਾਈ ਸੀ, ਮਹਿਮਾ ਸੀ, ਪਈ ਮੈਸੀ ਮੈਸੀ ਹੁੰਦੀ ਸੀ, ਫਾਈਨਲ ਮੈਚ ਵਿੱਚ ਹੋਈ ਹਾਰ ਨਾਲ ਉਹਦੀਆਂ ਧਾਹਾਂ ਨਾ ਨਿਕਲਦੀਆਂ ਤਾਂ ਹੋਰ ਕੀ ਨਿਕਲਦਾ!

ਰਿਸ਼ਤਾ ਅਰਜਨਟੀਨਾ ਅਤੇ ਸਪੇਨ ਦੇ ਸ਼ਰੀਕ ਹੋਣ ਦਾ ਵੀ ਸੀ। ਕਿਹਾ ਜਾਂਦਾ ਹੈ ਕਿ ਸ਼ਰੀਕ ਮੋਹ ਵੀ ਸਭ ਤੋਂ ਵੱਧ ਕਰਦਾ ਹੈ ਤੇ ਖੋਰ (ਖਾਰ) ਵੀ ਸਭ ਤੋਂ ਵੱਧ ਰੱਖਦਾ ਹੈ। ਫਾਈਨਲ ਮੈਚ ਦੇ ਖੇਡ ਮੈਦਾਨ ਦੀ ਭਾਸ਼ਾ ਅਰਜਨਟੀਨਾ ਅਤੇ ਸਪੇਨ ਦੇ ਖਿਡਾਰੀਆਂ ਦੀ ਇੱਕੋ ਸੀ: ਸਪੈਨਿਸ਼। ਐਨ ਉਵੇਂ ਜਿਵੇਂ ਹਾਕੀ ਦੇ ਓਲੰਪਿਕ ਤੇ ਹੋਰ ਮੈਚਾਂ ਵਿੱਚ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਖੇਡ ਭਾਸ਼ਾ ‘ਲਈਂ ਨੂਰਿਆ, ਦੇਈਂ ਬੀਰਿਆ’ ਬੋਲਦਿਆਂ ਪੰਜਾਬੀ ਹੁੰਦੀ ਹੈ। ਜਿਵੇਂ ਭਾਰਤੀ ਅਤੇ ਪਾਕਿਸਤਾਨੀ ਸ਼ਰੀਕ ਹੋਣ ਦੇ ਨਾਤੇ ਕਦੇ ਮੋਹ ਪਾਲ਼ ਲੈਂਦੇ ਤੇ ਕਦੇ ਭਿੜ ਪੈਂਦੇ ਹਨ, ਉਵੇਂ ਅਰਜਨਟੀਨੀਏ ਤੇ ਸਪੇਨੀਏ ਵੀ ਮੈਚ ਪਿੱਛੋਂ ਆਪਸ ਵਿੱਚ ਭਿੜੇ।

ਫੀਫਾ ਦਾ ਫੁੱਟਬਾਲ ਕੱਪ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਇਹ ਓਲੰਪਿਕ ਖੇਡਾਂ ਦੇ ਅੱਧ ਵਿਚਾਲੇ ਹਰ ਚਹੁੰ ਸਾਲੀਂ ਹੁੰਦਾ ਹੈ। ਆਧੁਨਿਕ ਓਲੰਪਿਕ ਖੇਡਾਂ 1896 ਤੋਂ ਸ਼ੁਰੂ ਹੋਈਆਂ ਸਨ ਤੇ ਫੀਫਾ ਆਲਮੀ ਕੱਪ 1930 ਤੋਂ ਸ਼ੁਰੂ ਹੋਇਆ। 2018 ਦਾ 21ਵਾਂ ਆਲਮੀ ਕੱਪ 3.57 ਬਿਲੀਅਨ ਭਾਵ 357 ਕਰੋੜ ਦਰਸ਼ਕਾਂ ਨੇ ਦੇਖਿਆ ਸੀ। 2022 ਦਾ ਕੱਪ 500 ਕਰੋੜ ਯਾਨੀ ਦੁਨੀਆ ਦੀ ਅੱਧੋਂ ਵੱਧ ਅਬਾਦੀ ਨੇ ਦੇਖਿਆ। 11 ਜੂਨ 2026 ਤੋਂ ਸ਼ਰੂ ਹੋਏ ਤੇ 19 ਜੁਲਾਈ ਨੂੰ ਸਮਾਪਤ ਹੋਏ ਅਜੋਕੇ 23ਵੇਂ ਆਲਮੀ ਕੱਪ ਦੇ ਦਰਸ਼ਕਾਂ ਦੀ ਗਿਣਤੀ ਦਾ ਹਿਸਾਬ ਲਾਇਆ ਜਾ ਰਿਹਾ ਹੈ, ਜੋ ਹੋ ਸਕਦਾ ਹੈ 600 ਕਰੋੜ ਤੋਂ ਵੀ ਟੱਪ ਜਾਵੇ! 2022 ਦੇ ਕੱਪ ਦਾ ਫਾਈਨਲ ਮੈਚ ਦੁਨੀਆ ਦੇ ਲਗਭਗ 150 ਕਰੋੜ ਲੋਕਾਂ ਨੇ ਦੇਖਿਆ ਸੀ।

ਅਜੋਕੇ ਆਲਮੀ ਕੱਪ ਵਿੱਚ ਪਹਿਲੇ ਸਾਰੇ ਵਿਸ਼ਵ ਕੱਪਾਂ ਨਾਲੋਂ ਵਧੇਰੇ ਕੁੱਲ 104 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ ਫੀਫਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਹੋਏ ਹਨ। 211 ਦੇਸ਼ਾਂ/ਟੈਰੇਟਰੀਆਂ ਵਿੱਚੋਂ 48 ਦੇਸ਼ਾਂ ਦੀਆਂ ਕੌਮੀ ਟੀਮਾਂ ਆਲਮੀ ਕੱਪ ਲਈ ਕੁਆਲੀਫਾਈ ਕੀਤੀਆਂ ਸਨ। ਚਾਰ ਸਾਲਾਂ ਬਾਅਦ ਹੁੰਦੇ ਆ ਰਹੇ 23 ਆਲਮੀ ਕੱਪਾਂ ਵਿੱਚ ਹੁਣ ਤਕ 80 ਮੁਲਕਾਂ ਦੀਆਂ ਨੈਸ਼ਨਲ ਟੀਮਾਂ ਭਾਗ ਲੈ ਚੁੱਕੀਆਂ ਹਨ। ਉਨ੍ਹਾਂ ਵਿੱਚ 5 ਲੱਖ ਦੀ ਅਬਾਦੀ ਵਾਲਾ ਅਫਰੀਕਨ ਦੇਸ਼ ਕੇਪ ਵਾਰਡੇ ਵੀ ਹੈ ਜਿਸ ਨੂੰ ਅਰਜਨਟੀਨਾ ਦੀ ਵਿਸ਼ਵ ਚੈਂਪੀਅਨ ਟੀਮ ਮੈਚ ਦੇ ਪੂਰੇ ਸਮੇਂ ਵਿੱਚ ਨਹੀਂ ਸੀ ਹਰਾ ਸਕੀ। ਵਾਧੂ ਸਮੇਂ ਵਿੱਚ ਵੀ ਮਸੀਂ 1 ਗੋਲ ਨਾਲ ਹਰਾ ਸਕੀ।

ਕੇਪ ਵਾਰਡੇ ਦੇ ਉਲਟ ਜਨਸੰਖਿਆ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਭਾਰਤ ਦੀ ਕੌਮੀ ਟੀਮ, ਫੀਫਾ ਕੱਪ ਦੇ 96 ਸਾਲਾ ਇਤਿਹਾਸ ਵਿੱਚ ਇੱਕ ਵਾਰ ਵੀ ਇਹ ਕੱਪ ਖੇਡਣ ਦੇ ਯੋਗ ਨਹੀਂ ਹੋ ਸਕੀ। ਐਵੇਂ ਹਵਾ ਵਿੱਚ ਹੀ ਵਿਸ਼ਵ ਗੁਰੂ ਬਣ ਜਾਣ ਦੀਆਂ ਸ਼ੇਖੀਆਂ ਮਾਰੀ ਜਾਣ ਦੀ ਗੱਲ ਹੋਰ ਹੈ। ਇੰਡੀਆ ਅਥਵਾ ਭਾਰਤ ਨੇ ਫੁੱਟਬਾਲ ਦਾ ਆਲਮੀ ਕੱਪ ਤਾਂ ਕੀ ਕਰਾਉਣਾ ਸੀ, ਓਲੰਪਿਕ ਖੇਡਾਂ ਦੇ 130 ਸਾਲਾਂ ਇਤਿਹਾਸ ਵਿੱਚ ਇੱਕ ਵਾਰ ਵੀ ਓਲੰਪਿਕ ਖੇਡਾਂ ਨਹੀਂ ਕਰਵਾ ਸਕਿਆ। ਜੇਕਰ 2036 ਜਾਂ 2040 ਦੀਆਂ ਓਲੰਪਿਕ ਖੇਡਾਂ ਵੀ ‘ਭਾਰਤ ਮਹਾਨ’ ਆਪਣੀ ਭੋਏਂ ਉੱਤੇ ਕਰਾ ਜਾਵੇ ਤਾਂ ਵਾਹ ਭਲੀ।

ਇਸ ਖੋਜ ਬਾਰੇ ਹਾਲਾਂ ਵੀ ਮੱਤਭੇਦ ਹਨ ਕਿ ਫੁੱਟਬਾਲ ਦੀ ਖੇਡ ਦਾ ਜਨਮ ਚੀਨ ਵਿੱਚ ਹੋਇਆ, ਇਟਲੀ ਜਾਂ ਅਫਰੀਕਾ ਵਿੱਚ ਹੋਇਆ? ਪਰ ਇਸ ਤੱਥ ਨਾਲ ਸਭ ਸਹਿਮਤ ਹਨ ਕਿ ਬਰਤਾਨੀਆਂ ਨੇ ਇਸ ਖੇਡ ਨੂੰ ਅਪਣਾਇਆ ਅਤੇ ਸੰਵਾਰਿਆ। ਫਿਰ ਫੀਫਾ ਬਣੀ ਜਿਸਦਾ ਮੁੱਖ ਮੰਤਵ ਫੁੱਟਬਾਲ ਦੀ ਖੇਡ ਨੂੰ ਕੁੱਲ ਦੁਨੀਆਂ ਵਿੱਚ ਮਕਬੂਲ ਕਰਨਾ ਸੀ। 1920 ਵਿੱਚ ਫਰਾਂਸ ਦਾ ਇੱਕ ਵਕੀਲ ਜੂਲਸ ਰੀਮੇ ਫੀਫਾ ਦਾ ਪ੍ਰਧਾਨ ਬਣਿਆ। ਉਹ 1954 ਤਕ ਇਸ ਅਹੁਦੇ ਉੱਤੇ ਰਿਹਾ। ਉਹਦੇ ਮਨ ਵਿੱਚ ਵਿਚਾਰ ਆਇਆ ਕਿ ਫੁੱਟਬਾਲ ਦੀ ਖੇਡ ਦਾ ਹਰ ਚਾਰ ਸਾਲ ਬਾਅਦ ਵਰਲਡ ਕੱਪ ਟੂਰਨਾਮੈਂਟ ਕਰਵਾਇਆ ਜਾਵੇ ਤਾਂ ਜੋ ਇਹ ਖੇਡ ਹੋਰ ਵਿਕਾਸ ਕਰੇ ਅਤੇ ਹੋਰ ਹਰਮਨ ਪਿਆਰੀ ਹੋਵੇ। ਫੁੱਟਬਾਲ ਦੀ ਆਲਮੀ ਸਰਦਾਰੀ ਦਾ ਚਿੰਨ੍ਹ 9 ਪੌਂਡ ਸ਼ੁੱਧ ਸੋਨੇ ਦਾ ਕੱਪ ਬਣਾਇਆ ਗਿਆ, ਜਿਸਦਾ ਨਾਂ ਜੂਲਸ ਰੀਮੇ ਟਰਾਫੀ ਰੱਖਿਆ। ਇਹ ਕੱਪ ਚਲੰਤ ਸੀ ਪਰ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ ਮੁਲਕ ਇਸ ਨੂੰ ਤਿੰਨ ਵਾਰ ਜਿੱਤ ਲਵੇਗਾ, ਹਮੇਸ਼ਾ ਲਈ ਉਹਦਾ ਹੋ ਜਾਵੇਗਾ।

ਪਹਿਲਾ ਵਰਲਡ ਕੱਪ ਕਰਾਉਣ ਲਈ ਉਰੂਗੁਏ, ਇਟਲੀ, ਹਾਲੈਂਡ, ਸਪੇਨ ਤੇ ਸਵੀਡਨ ਨੇ ਪੇਸ਼ਕਸ਼ ਕੀਤੀ ਸੀ। ਜਦੋਂ ਫੀਫਾ ਵੱਲੋਂ ਉਰੂਗੁਏ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਤਾਂ ਬਾਕੀ ਚਾਰੇ ਮੁਲਕ ਰੁੱਸ ਗਏ। ਉਨ੍ਹਾਂ ਨੇ ਪਹਿਲੇ ਆਲਮੀ ਕੱਪ ਵਿੱਚ ਆਪਣੀਆਂ ਟੀਮਾਂ ਨਾ ਭੇਜੀਆਂ। ਪਹਿਲੇ ਆਲਮੀ ਕੱਪ ਦਾ ਪਹਿਲਾ ਮੈਚ 13 ਜੁਲਾਈ 1930 ਨੂੰ ਫਰਾਂਸ ਅਤੇ ਮੈਕਸੀਕੋ ਦੀਆਂ ਟੀਮਾਂ ਵਿਚਾਲੇ ਉਰੂਗੁਏ ਦੇ ਸ਼ਤਾਬਦੀ ਸਟੇਡੀਅਮ ਵਿੱਚ ਖੇਡਿਆ ਗਿਆ ਜੋ ਫਰਾਂਸ ਨੇ ਜਿੱਤਿਆ। ਪਹਿਲਾ ਗੋਲ ਕਰਨ ਦਾ ਸਿਹਰਾ ਫਰਾਂਸੀਸੀ ਖਿਡਾਰੀ ਲੂਈ ਲਾਰੋਂ ਦੇ ਸਿਰ ਬੱਝਾ। ਉਦੋਂ 13 ਮੁਲਕਾਂ ਦੀਆਂ ਟੀਮਾਂ ਨੇ ਹੀ ਵਿਸ਼ਵ ਕੱਪ ਵਿੱਚ ਭਾਗ ਲਿਆ। ਫਾਈਨਲ ਮੈਚ ਉਰੂਗੁਏ ਅਤੇ ਅਰਜਨਟੀਨਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਨੂੰ ਉਰੂਗੁਏ ਨੇ 4-2 ਗੋਲਾਂ ਨਾਲ ਜਿੱਤ ਕੇ ਪ੍ਰਸਿੱਧ ਮੂਰਤੀਕਾਰ ਅਬੇਲ ਲਾਪਲੂ ਦੀ ਡਿਜ਼ਾਈਨ ਕੀਤੀ ਅਤਿ ਮਹਿੰਗੀ ਜੂਲਸ ਰੀਮੇ ਟਰਾਫੀ ਚਾਰ ਸਾਲ ਲਈ ਆਪਣੇ ਕਬਜ਼ੇ ਵਿੱਚ ਕਰ ਲਈ।

1934 ਦਾ ਦੂਜਾ ਆਲਮੀ ਕੱਪ ਇਟਲੀ ਵਿੱਚ ਖੇਡਿਆ ਗਿਆ। ਉੱਥੇ ਉਰੂਗੁਏ ਗੈਂਰਹਾਜ਼ਰ ਰਿਹਾ। 17 ਟੀਮਾਂ ਦੇ ਭੇੜ ਵਿੱਚੋਂ ਇਟਲੀ ਅਤੇ ਚੈਕੋਸਲੋਵਾਕੀਆ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ। 55 ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਵਿੱਚ ਇਟਲੀ ਨੇ ਚੈਕੋਸਲੋਵਾਕੀਆ ਨੂੰ 2-1 ਗੋਲਾਂ ’ਤੇ ਹਰਾ ਕੇ ਜੂਲਸ ਰੀਮੇ ਟਰਾਫੀ ਹਾਸਲ ਕਰ ਲਈ। 1938 ਦੇ ਤੀਜੇ ਆਲਮੀ ਕੱਪ ਦਾ ਮੇਜ਼ਬਾਨ ਫਰਾਂਸ ਸੀ। ਉੱਥੇ ਉਰੂਗੁਏ ਅਤੇ ਅਰਜਨਟੀਨਾ ਦੀਆਂ ਟੀਮਾਂ ਨਾ ਪੁੱਜੀਆਂ। ਆਸਟ੍ਰੇਲੀਆ ਅਤੇ ਸਪੇਨ ਵੀ ਵੱਖੋ ਵੱਖਰੇ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਲਾਂਭੇ ਰਹੇ। ਤੀਜੇ ਆਲਮੀ ਕੱਪ ਦਾ ਸਭ ਤੋਂ ਵਧੀਆ ਮੈਚ ਬ੍ਰਾਜ਼ੀਲ ਅਤੇ ਪੋਲੈਂਡ ਵਿਚਕਾਰ ਖੇਡਿਆ ਗਿਆ ਜੋ ਬ੍ਰਾਜ਼ੀਲ ਨੇ 6-5 ਗੋਲਾਂ ਨਾਲ ਜਿੱਤਿਆ। ਬ੍ਰਾਜ਼ੀਲ ਦੇ ਲਿਓਨੀਦਾਸ ਨੇ ਨੰਗੇ ਪੈਰੀਂ ਖੇਡਦਿਆਂ 4 ਗੋਲ ਕੀਤੇ। ਅੰਤਿਮ ਮੈਚ ਇਟਲੀ ਅਤੇ ਹੰਗਰੀ ਵਿਚਾਲੇ ਹੋਇਆ। ਇਟਲੀ ਨੇ 4-2 ਗੋਲਾਂ ਨਾਲ ਦੂਜੀ ਵਾਰ ਜੂਲਸ ਰੀਮੇ ਟਰਾਫੀ ਜਿੱਤੀ। ਦੂਜੇ ਵਿਸ਼ਵ ਯੁੱਧ ਕਾਰਨ 1942 ਤੇ 46 ਦੇ ਵਿਸ਼ਵ ਕੱਪ ਖੇਡੇ ਹੀ ਨਾ ਜਾ ਸਕੇ।

1950 ਦਾ ਚੌਥਾ ਆਲਮੀ ਕੱਪ ਬ੍ਰਾਜ਼ੀਲ ਵਿੱਚ ਖੇਡਿਆ ਗਿਆ। ਉਰੂਗੁਏ ਦੀ ਟੀਮ 20 ਸਾਲਾਂ ਪਿੱਛੋਂ ਆਲਮੀ ਕੱਪ ਵਿੱਚ ਪਰਤੀ ਜਿਸਨੇ ਫਾਈਨਲ ਮੈਚ ਵਿੱਚ ਬ੍ਰਾਜ਼ੀਲ ਨੂੰ ਹਰਾ ਦਿੱਤਾ। ਜਿੱਤ ਦੇ ਜਸ਼ਨ ਤਾਂ ਮਨਾਏ ਹੀ ਜਾਂਦੇ ਹਨ, ਬ੍ਰਾਜ਼ੀਲ ਨੇ ਹਾਰ ਦਾ ਮਾਤਮ ਵੀ ਕੌਮੀ ਪੱਧਰ ’ਤੇ ਮਨਾਇਆ। ਬ੍ਰਾਜ਼ੀਲ ਨੂੰ ਹਾਰਦਿਆਂ ਦੇਖ 60 ਦਰਸ਼ਕ ਮਾਰਕੋਨਾ ਸਟੇਡੀਅਮ ਵਿੱਚ ਹੀ ਬੇਹੋਸ਼ ਹੋ ਗਏ ਸਨ ਤੇ ਕੁਝ ਇੱਕ ਘਰੀਂ ਬੈਠੇ ਕੁਮੈਂਟਰੀ ਸੁਣਦਿਆਂ ਚੱਲ ਵਸੇ ਸਨ। 1954 ਦਾ 5ਵਾਂ ਵਿਸ਼ਵ ਕੱਪ ਸਵਿਟਜ਼ਰਲੈਂਡ ਵਿੱਚ ਖੇਡਿਆ ਗਿਆ। ਹੰਗਰੀ ਦੀ ਟੀਮ ਚਾਰ ਸਾਲਾਂ ਤੋਂ 28 ਕੌਮਾਂਤਰੀ ਮੈਚਾਂ ਵਿੱਚ ਕਿਤੇ ਵੀ ਨਹੀਂ ਸੀ ਹਾਰੀ ਪਰ ਫਾਈਨਲ ਮੈਚ ਵਿੱਚ ਪੱਛਮੀ ਜਰਮਨੀ ਨੇ ਹੰਗਰੀ ਨੂੰ 3-2 ਗੋਲਾਂ ਨਾਲ ਹਰਾ ਕੇ ਸਨਸਨੀ ਫੈਲਾਅ ਦਿੱਤੀ। ਉਹ ਵੀ ਉਸ ਹਾਲਤ ਵਿੱਚ, ਜਦੋਂ ਹੰਗਰੀ ਪਹਿਲਾਂ ਹੀ 2 ਗੋਲ ਕਰ ਚੁੱਕਾ ਸੀ। ਉਦੋਂ ਦਾ ਖੁੰਝਿਆ ਹੰਗਰੀ ਅੱਜ ਤਕ ਵਿਸ਼ਵ ਕੱਪ ਨੂੰ ਤਰਸ ਰਿਹਾ ਹੈ।

ਸਵੀਡਨ ਵਿੱਚ ਖੇਡੇ 1958 ਦੇ ਆਲਮੀ ਕੱਪ ਵਿੱਚ ਬ੍ਰਾਜ਼ੀਲ ਦੇ ਪੇਲੇ ਦੀ ਪਹਿਲੀ ਚੜ੍ਹਤ ਹੋਈ। 18ਵੇਂ ਸਾਲ ਦੀ ਉਮਰੇ ਉਸਨੇ ਫਰਾਂਸ ਵਿਰੁੱਧ ਹੈਟ੍ਰਿਕ ਮਾਰਿਆ ਜਿਸਨੇ ਫੁੱਟਬਾਲ ਦੀ ਦੁਨੀਆਂ ਵਿੱਚ ਥਲਕਾ ਮਚਾ ਦਿੱਤਾ। ਫਾਈਨਲ ਮੈਚ ਬ੍ਰਾਜ਼ੀਲ ਅਤੇ ਸਵੀਡਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਬ੍ਰਾਜ਼ੀਲ ਦੀ ਟੀਮ ਨੇ 5-2 ਗੋਲਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।

1962 ਦਾ 7ਵਾਂ ਆਲਮੀ ਕੱਪ ਚਿਲੀ ਵਿੱਚ ਖੇਡਿਆ ਗਿਆ ਜਿਸਦਾ ਅੰਤਿਮ ਮੈਚ ਬ੍ਰਾਜ਼ੀਲ ਤੇ ਚੈਕੋਸਲੋਵਾਕੀਆ ਵਿਚਕਾਰ ਹੋਇਆ। ਪੇਲੇ ਦੇ ਜ਼ਖਮੀ ਹੋਣ ਦੇ ਬਾਵਜੂਦ ਬ੍ਰਾਜ਼ੀਲ ਨੇ ਜੂਲਸ ਰੀਮੇ ਟਰਾਫੀ ਆਪਣੇ ਕਬਜ਼ੇ ਵਿੱਚ ਰੱਖੀ। 1966 ਦਾ ਵਿਸ਼ਵ ਕੱਪ ਬਰਤਾਨੀਆਂ ਵਿੱਚ ਹੋਇਆ ਜਿੱਥੇ ਪੇਲੇ ਫੱਟੜ ਹੋ ਗਿਆ ਅਤੇ ਬ੍ਰਾਜ਼ੀਲ ਦੀ ਟੀਮ ਮੁਢਲੇ ਮੈਚਾਂ ਵਿੱਚ ਹੀ ਹਾਰ ਗਈ। ਫਾਈਨਲ ਮੈਚ ਇੰਗਲੈਂਡ ਅਤੇ ਜਰਮਨੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਇੰਗਲੈਂਡ ਨੇ ਜਿੱਤ ਲਿਆ। ਬਹੁਤੀ ਹੈਰਾਨੀ ਏਸ਼ੀਆ ਦੇ ਦੇਸ਼ ਉੱਤਰੀ ਕੋਰੀਆ ਨੇ ਪੈਦਾ ਕੀਤੀ ਜਦੋਂ ਇੱਕ ਮੈਚ ਵਿੱਚ ਉਸਨੇ ਦੋ ਵਾਰ ਵਿਸ਼ਵ ਕੱਪ ਜੇਤੂ ਇਟਲੀ ਨੂੰ ਹਰਾ ਕੇ ਕੁਆਟਰ ਫਾਈਨਲ ਦੀ ਪੌੜੀ ਨੂੰ ਜਾ ਹੱਥ ਪਾਏ।

ਨੌਂਵਾਂ ਵਿਸ਼ਵ ਕੱਪ ਮੈਕਸੀਕੋ ਵਿੱਚ ਹੋਇਆ ਜਿੱਥੇ ਬ੍ਰਾਜ਼ੀਲ ਅਤੇ ਇਟਲੀ ਦੀਆਂ ਟੀਮਾਂ ਫਾਈਨਲ ਵਿੱਚ ਭਿੜੀਆਂ। ਪੇਲੇ ਚੌਥੀ ਵਾਰ ਵਿਸ਼ਵ ਕੱਪ ਖੇਡਦਾ ਪੂਰੇ ਜਲੌਅ ਵਿੱਚ ਸੀ। ਇੱਕ ਲੱਖ ਦਰਸ਼ਕ ਮੈਕਸੀਕੋ ਦੇ ਸਟੇਡੀਅਮ ਵਿੱਚ ਪੱਬਾਂ ਭਾਰ ਸਨ। ਪੇਲੇ ਦੀ ਟੀਮ ਨੇ ਇਟਲੀ ਸਿਰ 4 ਗੋਲ ਕਰ ਕੇ ਬੰਬ ਬੁਲਾ ਦਿੱਤਾ। ਮੈਚ ਮੁੱਕਣ ਦਾ ਵਿਸਲ ਵੱਜਣ ਸਾਰ ਅਣਗਿਣਤ ਪੇਲੇ-ਪ੍ਰੇਮੀ ਉਹਦੇ ਵੱਲ ਵਧੇ ਤਾਂ ਮੌਕੇ ਦੀ ਨਜ਼ਾਕਤ ਦੇਖਦਿਆਂ ਉਹਨੇ ਆਪਣੀ ਜਰਸੀ ਉਹਨਾਂ ਵੱਲ ਵਗਾਹ ਮਾਰੀ ਜੋ ਨਿਸ਼ਾਨੀ ਵਜੋਂ ਉਹਨਾਂ ਦੇ ਹੱਥ ਲੀਰ ਲੀਰ ਆਈ। ਪੇਲੇ ਭੱਜ ਕੇ ਕਮਰੇ ਵਿੱਚ ਜਾ ਲੁਕਿਆ। ਉਸਨੇ ਸ਼ੁਕਰ ਕੀਤਾ ਕਿ ਮੈਕਸੀਕੋ ਦੇ ਦਰਸ਼ਕਾਂ ਕੋਲੋਂ ਉਹਦਾ ਕੱਛਾ ਬਚ ਗਿਆ ਸੀ!

ਪੇਲੇ ਦੇ ਜਨਮ ਸਮੇਂ ਉਹਦੇ ਫੁਟਬਾਲਰ ਪਿਉ ਨੇ ਪੁੱਤਰ ਦੇ ਪੱਟ ਤੇ ਪੈਰ ਟੋਂਹਦਿਆਂ ਕਿਹਾ ਸੀ, “ਲੱਗਦੈ ਫੁੱਟਬਾਲ ਚੰਗੀ ਖੇਡ ਲਏਗਾ।” ਮਾਂ ਨੇ ਟੋਕਿਆ ਸੀ, “ਇਹਨੂੰ ਫੁਟਬਾਲਰ ਬਣਨ ਦਾ ਸਰਾਪ ਨਾ ਦੇਹ। ਅੱਗੇ ਫੁੱਟਬਾਲ ਖੇਡ ਕੇ ਤੂੰ ਕੀ ਲੱਲ੍ਹਰ ਲਾਇਐ?”

ਬ੍ਰਾਜ਼ੀਲ ਦੇ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਨਾਲ ਜੂਲਸ ਰੀਮੇ ਟਰਾਫੀ ਪੱਕੇ ਤੌਰ ’ਤੇ ਬ੍ਰਾਜ਼ੀਲ ਦੀ ਬਣ ਗਈ ਸੀ। 1973 ਵਿੱਚ ਖਾਲਸ ਸੋਨੇ ਦੀ ਉਸ ਟਰਾਫੀ ਨੂੰ ਚੋਰਾਂ ਨੇ ਚੁਰਾ ਲਿਆ ਤੇ ਮਗਰੋਂ ਭੰਨ ਗਾਲ੍ਹ ਸੁੱਟਿਆ। ਚੋਰ ਬੇਸ਼ਕ ਫੜੇ ਗਏ ਪਰ ਟਰਾਫੀ ਨਾ ਲੱਭੀ। 1974 ਦੇ ਵਿਸ਼ਵ ਕੱਪ ਲਈ ਨਵੀਂ ਫੀਫਾ ਤਿਆਰ ਕਰਵਾਈ ਗਈ ਜੋ ਫਾਈਨਲ ਮੈਚ ਵਿੱਚ ਜਰਮਨੀ ਨੇ ਹਾਲੈਂਡ ਨੂੰ ਹਰਾ ਕੇ ਜਿੱਤੀ। ਨਵੀਂ ਟਰਾਫੀ ਖਾਲਸ ਸੋਨੇ ਦੀ ਹੈ ਜਿਸਦਾ ਬੇਸ ਹਰੇ ਕੀਮਤੀ ਪੱਥਰ ਦਾ ਹੈ। ਉਚਾਈ 36.5 ਸੈਂਟੀਮੀਟਰ, ਚੌੜਾਈ 12.5 ਸੈਂਟੀਮੀਟਰ ਤੇ ਭਾਰ 6.175 ਕਿਲੋਗ੍ਰਾਮ ਹੈ। ਸਿਰਫ ਸੋਨੇ ਅਤੇ ਸਮਗਰੀ ਦੀ ਕੀਮਤ ਹੀ 2,50,000 ਅਮਰੀਕਨ ਡਾਲਰ ਬਣਦੀ ਹੈ। ਮਾਹਿਰਾਂ ਨੇ ਇਸਦੀ ਇਤਿਹਾਸਕ ਅਤੇ ਪ੍ਰਤੀਕਆਤਮਿਕ ਕੀਮਤ 20 ਮਿਲੀਅਨ ਅਮਰੀਕਨ ਡਾਲਰ ਯਾਨੀ 2 ਕੁ ਕਰੋੜ ਰੁਪਏ ਅੰਕੀ ਹੈ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਖੇਡ ਟਰਾਫੀ ਹੈ ਜੋ ਦੁਨੀਆ ਭਰ ਵਿੱਚ ਫੁੱਟਬਾਲ ਦੀ ਏਕਤਾ ਅਤੇ ਮਹੱਤਤਾ ਦੀ ਪ੍ਰਤੀਕ ਹੈ।

1978 ਵਿੱਚ ਅਰਜਨਟੀਨਾ ਨੇ ਫਤਿਹ ਹਾਸਲ ਕੀਤੀ ਤੇ 1982 ਵਿੱਚ ਇਟਲੀ ਨੇ। ਇਟਲੀ ਦੇ ਖਿਡਾਰੀ ਪਾਵਲੋ ਰੌਸੀ ਨੂੰ ਜੱਕੋਤੱਕੀ ਵਿੱਚ ਖਿਡਾਇਆ ਗਿਆ ਸੀ ਪਰ ਉਸਨੇ ਫਾਈਨਲ ਮੈਚ ਵਿੱਚ ਜਰਮਨੀ ਸਿਰ 3 ਗੋਲ ਕਰ ਕੇ ਧੰਨ ਧੰਨ ਕਰਾ ਦਿੱਤੀ। 1986 ਦਾ ਵਿਸ਼ਵ ਕੱਪ ਅਰਜਨਟੀਨਾ ਨੇ ਜਿੱਤਿਆ, ਜਿਸ ਵਿੱਚ ਮਾਰਾਦੋਨਾ ਦੇ ਰੱਬੀ ਹੱਥ ਨਾਲ ਹੋਏ ਗੋਲ ਦੀ ਕਰਾਮਾਤ ਵਾਪਰੀ। 1990 ਵਿੱਚ ਇਟਲੀ, 1994 ਜਰਮਨੀ ਅਤੇ 1998 ਵਿੱਚ ਫਰਾਂਸ ਵਿਸ਼ਵ ਵਿਜੇਤਾ ਬਣੇ।

21ਵੀਂ ਸਦੀ ਦਾ ਪਹਿਲਾ ਉਂਜ 17ਵਾਂ ਵਿਸ਼ਵ ਕੱਪ ਪਹਿਲੀ ਵਾਰ ਏਸ਼ੀਆ ਦੀ ਧਰਤੀ ’ਤੇ ਖੇਡਿਆ ਗਿਆ। ਕੋਰੀਆ ਅਤੇ ਜਾਪਾਨ ਦੇ ਸ਼ਹਿਰ ਇਹਦੇ ਮੇਜ਼ਬਾਨ ਸਨ। ਸੰਸਾਰ ਦੇ ਲਗਭਗ 200 ਮੁਲਕਾਂ ਦੀਆਂ ਟੀਮਾਂ ਵਿੱਚ ਆਪਸ ਵਿੱਚੀਂ ਮੈਚ ਖਿਡਾ ਕੇ 32 ਟੀਮਾਂ ਨਿਤਾਰੀਆਂ ਗਈਆਂ ਜਿਨ੍ਹਾਂ ਨੂੰ ਅੱਗੇ 8 ਗਰੁੱਪਾਂ ਵਿੱਚ ਵੰਡਿਆ ਗਿਆ। 31 ਮਈ 2002 ਨੂੰ ਨਵੀਂ ਸਦੀ ਦੇ ਵਿਸ਼ਵ ਕੱਪ ਦਾ ਸ਼ਾਨਾਂਮੱਤਾ ਉਦਘਾਟਨ ਹੋਇਆ ਅਤੇ ਪਹਿਲਾ ਮੈਚ ਆਲਮੀ ਚੈਂਪੀਅਨ ਫਰਾਂਸ ਅਤੇ ਅਫਰੀਕੀ ਮੁਲਕ ਸੈਨੇਗਲ ਦੀ ਪਹਿਲੀ ਵਾਰ ਭਾਗ ਲੈ ਰਹੀ ਨਵੀਂ ਟੀਮ ਵਿਚਾਲੇ ਖੇਡਿਆ ਗਿਆ। ਇਹ ਗੱਲ ਕਿਸੇ ਦੇ ਖਾਬ ਖਿਆਲ ਵਿੱਚ ਵੀ ਨਹੀਂ ਸੀ ਕਿ ਸੈਨੇਗਲ ਛੁਪਿਆ ਰੁਸਤਮ ਨਿਕਲੇਗਾ ਜੋ ਵਿਸ਼ਵ ਕੱਪ ਦੇ ਤਕੜੇ ਦਾਅਵੇਦਾਰ ਫਰਾਂਸ ਦੀਆਂ ਗੋਡਣੀਆਂ ਲੁਆ ਦੇਵੇਗਾ।

ਕੁਆਟਰ ਫਾਈਨਲ ਵਿੱਚ ਕੋਰੀਆ ਨੇ ਸਪੇਨ ਨੂੰ, ਜਰਮਨੀ ਨੇ ਅਮਰੀਕਾ ਨੂੰ, ਤੁਰਕੀ ਨੇ ਸੈਨੇਗਲ ਨੂੰ ਅਤੇ ਬ੍ਰਾਜ਼ੀਲ ਨੇ ਜਾਪਾਨ ਨੂੰ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਪਾਇਆ। ਬ੍ਰਾਜ਼ੀਲ ਅਤੇ ਜਰਮਨੀ 7-7 ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜ ਚੁੱਕੇ ਸਨ ਪਰ ਆਪਸ ਵਿੱਚ ਕਦੇ ਨਹੀਂ ਸਨ ਟੱਕਰੇ। ਬ੍ਰਾਜ਼ੀਲ 4 ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਜਰਮਨੀ 3 ਵਾਰ। ਦੁਨੀਆਂ ਦੇ ਸਭ ਤੋਂ ਮਹਿੰਗੇ ਖਿਡਾਰੀ ਰੋਨਾਲਡੋ ਨੇ 2 ਗੋਲ ਦਾਗ ਕੇ 8 ਗੋਲਾਂ ਨਾਲ ਗੋਲਡਨ ਬੂਟ ਵੀ ਹਾਸਲ ਕੀਤਾ ਅਤੇ ਬ੍ਰਾਜ਼ੀਲ ਨੂੰ ਪੰਜਵੀਂ ਵਾਰ ਫੁੱਟਬਾਲ ਦਾ ਸ਼ਹਿਨਸ਼ਾਹ ਬਣਾਇਆ। 2006 ਦਾ ਕੱਪ ਇਟਲੀ ਨੇ ਫਰਾਂਸ ਨੂੰ, 2010 ਦਾ ਕੱਪ ਸਪੇਨ ਨੇ ਨੀਦਰਲੈਂਡ ਨੂੰ, 2014 ਦਾ ਕੱਪ ਜਰਮਨੀ ਨੇ ਅਰਜਨਟੀਨਾ ਨੂੰ, 2018 ਦਾ ਕੱਪ ਫਰਾਂਸ ਨੇ ਕ੍ਰੋਸ਼ੀਆ ਨੂੰ, 2022 ਦਾ ਕੱਪ ਅਰਜਨਟੀਨਾ ਨੇ ਫਰਾਂਸ ਨੂੰ ਅਤੇ 2026 ਦਾ ਕੱਪ ਸਪੇਨ ਨੇ ਅਰਜਨਟੀਨਾ ਨੂੰ ਫਾਈਨਲ ਮੈਚਾਂ ਵਿੱਚ ਹਰਾ ਕੇ ਜਿੱਤੇ।

ਆਲਮੀ ਕੱਪ ਖੇਡਣ ਦੇ ਦਿਨ ਤਾਂ ਬੇਸ਼ਕ ਗਿਣਤੀ ਦੇ ਹੁੰਦੇ ਹਨ ਅਤੇ ਮੈਚ ਵੀ ਗਿਣਤੀ ਦੇ ਪਰ ਉਹਨਾਂ ਦੀਆਂ ਗੱਲਾਂ ਸਾਲਾਂ-ਬੱਧੀ ਚਲਦੀਆਂ ਰਹਿੰਦੀਆਂ ਹਨ। ਆਲਮੀ ਕੱਪਾਂ ਵਿੱਚ ਕਈ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਜੋ ਦੇਰ ਤਕ ਨਹੀਂ ਭੁੱਲਦੀਆਂ। ਜੇਤੂਆਂ ਦੀਆਂ ਖੁਸ਼ੀ ਵਿੱਚ ਖਿੜੀਆਂ ਵਰਾਛਾਂ ਅਤੇ ਹਾਰੂਆਂ ਦੇ ਗਮਗੀਨ ਚਿਹਰੇ! ਹਾਰਨ ਵਾਲਿਆਂ ਤੋਂ ਉੱਠਿਆ ਨਹੀਂ ਜਾਂਦਾ ਤੇ ਜਿੱਤਣ ਵਾਲਿਆਂ ਤੋਂ ਬੈਠਿਆ ਨਹੀਂ ਜਾਂਦਾ। ਟੀਮਾਂ ਦੇ ਕੋਚਾਂ ਦੀ ਪਰੇਸ਼ਾਨੀ ਅਤੇ ਖੁਸ਼ੀ ਦਾ ਵੀ ਕੋਈ ਅੰਤ ਨਹੀਂ ਰਹਿੰਦਾ। ਦਰਸ਼ਕਾਂ ਦੀ ਹਾਤ-ਹੂਤ ਦਾ ਤਾਂ ਕਾਹਦਾ ਹਿਸਾਬ ਕਿਤਾਬ ਹੋਣਾ ਸੀ? ਜਦੋਂ ਨੂੰ 23ਵੇਂ ਆਲਮੀ ਕੱਪ ਦੀਆਂ ਗੱਲਾਂ ਮੁੱਕਣਗੀਆਂ ਉਦੋਂ ਨੂੰ 24ਵੇਂ ਫੀਫਾ ਕੱਪ ਦੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ। ਇਹੋ ਜੀਵਨ ਦਾ ਗੇੜ ਹੈ ਤੇ ਇਹੋ ਖੇਡਾਂ ਦਾ ਫਲਸਫਾ। ਇੱਕ ਖੇਡ ਮੇਲੇ ਦੀ ਧੂੜ ਬਹਿੰਦੀ ਹੈ ਤੇ ਦੂਜੇ ਦੀ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਵੇਖਾਂਗੇ 2030 ਵਾਲਾ ਫੀਫਾ ਦਾ ਸ਼ਤਾਬਦੀ ਫੁੱਟਬਾਲ ਮੇਲਾ ਕਿਹੋ ਜਿਹਾ ਲਗਦਾ ਹੈ?

ਫੀਫਾ ਆਲਮੀ ਕੱਪਾਂ ਦੇ ਨਤੀਜੇ:

1930 ਉਰੂਗੁਏ, ਅਰਜਨਟੀਨਾ, ਅਮਰੀਕਾ।

1934 ਇਟਲੀ, ਚੈਕੋਸਲੋਵਾਕੀਆ, ਜਰਮਨੀ।

1938 ਇਟਲੀ, ਹੰਗਰੀ, ਬ੍ਰਾਜ਼ੀਲ।

1950 ਉਰੂਗੁਏ, ਬ੍ਰਾਜ਼ੀਲ, ਸਵੀਡਨ।

1954 ਪੱਛਮੀ ਜਰਮਨੀ, ਹੰਗਰੀ, ਆਸਟ੍ਰੇਲੀਆ।

1958 ਬ੍ਰਾਜ਼ੀਲ, ਸਵੀਡਨ, ਫਰਾਂਸ।

1962 ਬ੍ਰਾਜ਼ੀਲ, ਚੈਕੋਸਲੋਵਾਕੀਆ, ਚਿੱਲੀ।

1966 ਇੰਗਲੈਂਡ, ਵੈਸਟ ਜਰਮਨੀ, ਪੁਰਤਗਾਲ।

1970 ਬ੍ਰਾਜ਼ੀਲ, ਇਟਲੀ, ਵੈਸਟ ਜਰਮਨੀ।

1974 ਬ੍ਰਾਜ਼ੀਲ, ਨੀਦਰਲੈਂਡ, ਪੋਲੈਂਡ।

1978 ਅਰਜਨਟੀਨਾ, ਨੀਦਰਲੈਂਡ, ਬ੍ਰਾਜ਼ੀਲ।

1982 ਇਟਲੀ, ਵੈਸਟ ਜਰਮਨੀ, ਪੋਲੈਂਡ।

1986 ਅਰਜਨਟੀਨਾ, ਵੈਸਟ ਜਰਮਨੀ, ਫਰਾਂਸ।

1990 ਵੈਸਟ ਜਰਮਨੀ, ਅਰਜਨਟੀਨਾ, ਇਟਲੀ।

1994 ਬ੍ਰਾਜ਼ੀਲ, ਇਟਲੀ, ਸਵੀਡਨ।

1998 ਫਰਾਂਸ, ਬ੍ਰਾਜ਼ੀਲ, ਕ੍ਰੋਸ਼ੀਆ।

2002 ਬ੍ਰਾਜ਼ੀਲ, ਜਰਮਨੀ, ਟਰਕੀ।

2006 ਇਟਲੀ, ਫਰਾਂਸ, ਜਰਮਨੀ।

2010 ਸਪੇਨ, ਨੀਦਰਲੈਂਡ, ਜਰਮਨੀ।

2014 ਜਰਮਨੀ, ਅਰਜਨਟੀਨਾ, ਨੀਦਰਲੈਂਡ।

2018 ਫਰਾਂਸ, ਕ੍ਰੋਸ਼ੀਆ, ਬੈਲਜੀਅਮ।

2022 ਅਰਜਨਟੀਨਾ, ਫਰਾਂਸ, ਕ੍ਰੋਸ਼ੀਆ।

2026 ਸਪੇਨ, ਅਰਜਨਟੀਨਾ, ਇੰਗਲੈਂਡ।

*    *    *    *    *